ਤੇ ਮਾਲੀ ਵਾਲਾ ਮਸਲਾ ਹੱਲ ਹੋ ਗਿਆ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਐੱਮ ਐੱਸਸੀ ਕਰਦਿਆਂ ਮੈਂ ਹੋਸਟਲ ਨੰਬਰ ਪੰਜ ਵਿੱਚ ਰਹਿੰਦਾ ਸੀ। ਹੋਸਟਲ ਦਾ ਮਾਲੀ ਕਈ ਦਿਨਾਂ ਤੋਂ ਆ ਨਹੀਂ ਸੀ ਰਿਹਾ। ਫੁੱਲਾਂ ਦੀਆਂ ਕਿਆਰੀਆਂ ਸੁੱਕਣ ਲੱਗੀਆਂ ਅਤੇ ਸੁੱਕਦੇ ਹੋਏ ਫੁੱਲਾਂ ਦੇ ਉੱਤੋਂ ਘਾਹ-ਫੂਸ ਸਿਰ ਕੱਢਣ ਲੱਗ...
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਐੱਮ ਐੱਸਸੀ ਕਰਦਿਆਂ ਮੈਂ ਹੋਸਟਲ ਨੰਬਰ ਪੰਜ ਵਿੱਚ ਰਹਿੰਦਾ ਸੀ। ਹੋਸਟਲ ਦਾ ਮਾਲੀ ਕਈ ਦਿਨਾਂ ਤੋਂ ਆ ਨਹੀਂ ਸੀ ਰਿਹਾ। ਫੁੱਲਾਂ ਦੀਆਂ ਕਿਆਰੀਆਂ ਸੁੱਕਣ ਲੱਗੀਆਂ ਅਤੇ ਸੁੱਕਦੇ ਹੋਏ ਫੁੱਲਾਂ ਦੇ ਉੱਤੋਂ ਘਾਹ-ਫੂਸ ਸਿਰ ਕੱਢਣ ਲੱਗ ਪਿਆ। ਇਸ ਨਾਲ ਹੋਸਟਲ ਦੀ ਦਿੱਖ ਭੱਦੀ ਲਗਦੀ ਸੀ। ਇਸ ਬਾਰੇ ਹੋਸਟਲ ਦੇ ਕਲਰਕ ਨੂੰ ਵੀ ਕਿਹਾ ਅਤੇ ਵਾਰਡਨ ਹੋਰਾਂ ਨੂੰ ਵੀ ਦੱਸਿਆ ਸੀ, ਪਰ ਮਸਲਾ ਕਈ ਦਿਨਾਂ ਤੋਂ ਉੱਥੇ ਦਾ ਉੱਥੇ ਖੜ੍ਹਾ ਸੀ। ਪਤਾ ਲੱਗਿਆ ਕਿ ਮਾਲੀ ਬਿਮਾਰ ਹੈ।
ਇੱਕ ਦਿਨ ਐਤਵਾਰ ਨੂੰ ਦੁਪਹਿਰ ਦਾ ਖਾਣਾ ਖਾ ਕੇ ਅਸੀਂ ਕੁਝ ਕੁ ਵਿਦਿਆਰਥੀ ਮਾਲੀ ਵਾਲੇ ਮਸਲੇ ’ਤੇ ਚਰਚਾ ਕਰਨ ਲੱਗੇ। ਸਭ ਦਾ ਵਿਚਾਰ ਸੀ ਕਿ ਇਸ ਬਾਰੇ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਨੂੰ ਮਿਲਣਾ ਚਾਹੀਦਾ ਏ ਤਾਂ ਜੋ ਕਿਆਰੀਆਂ ਦੀ ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਹੋ ਸਕੇ। ਅਸੀਂ ਉੱਥੇ ਬੈਠ ਕੇ ਅਰਜ਼ੀ ਲਿਖ ਲਈ ਤੇ ਸਭ ਨੇ ਦਸਤਖਤ ਕਰ ਦਿੱਤੇ। ਸੋਚਿਆ ਕਿ ਕੱਲ੍ਹ ਨੂੰ ਸਾਰੇ ਜਾਣੇ ਇਕੱਠੇ ਹੋ ਕੇ ਡਾਇਰੈਕਟਰ ਨੂੰ ਮਿਲਾਂਗੇ। ਭੰਗੜੇ ਵਾਲਾ ਭੱਠਲ ਆਖਣ ਲੱਗਾ, ‘‘ਕੱਲ੍ਹ ਕੀਹਨੇ ਦੇਖਿਐ, ਅੱਜ ਈ ਚਲਦੇ ਆਂ।’’ ਸਾਰੇ ਉਸ ਦੇ ਮੂੰਹ ਵੱਲ ਵੇਖਣ ਲੱਗੇ ਕਿ ਅੱਜ ਐਤਵਾਰ ਕਿਹੜਾ ਦਫ਼ਤਰ ਖੁੱਲ੍ਹਿਆ ਹੋਊ।’’ ਪਰ ਮੈਂ ਉਸ ਦੀ ਗੱਲ ਸਮਝ ਗਿਆ। ਮੈਂ ਕਿਹਾ, ‘‘ਠੀਕ ਐ ਅੱਜ ਈ ਚਲਦੇ ਆਂ। ਡਾਇਰੈਕਟਰ ਸਾਹਿਬ ਨੂੰ ਉਨ੍ਹਾਂ ਦੇ ਘਰੇ ਮਿਲਦੇ ਆਂ। ਨਾਲੇ ਦਫ਼ਤਰ ਵਿੱਚ ਤਾਂ ਉਹ ਬਹੁਤ ਬਿਜ਼ੀ ਹੁੰਦੇ ਐ। ਘਰੇ ਚੱਜ ਨਾਲ ਆਪਣੀ ਗੱਲ ਸੁਣ ਲੈਣਗੇ।’’ ਉਸੇ ਦਿਨ ਸ਼ਾਮ ਨੂੰ ਅਰਜ਼ੀ ਲੈ ਕੇ ਮੈਂ, ਫੁਲਵਿੰਦਰ, ਸੁਖਵਿੰਦਰ ਸੁੱਖੀ, ਭੱਠਲ ਤੇ ਤੇਜਪਾਲ ਭਿੰਡਰ- ਅਸੀਂ ਡਾਇਰੈਕਟਰ ਦੇ ਘਰ ਵੱਲ ਚੱਲ ਪਏ। ਉਸ ਵੇਲੇ ਯੂਨੀਵਰਸਟਿੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਮਲਵਿੰਦਰ ਸਿੰਘ ਸਨ, ਜੋ ਨੌਂ ਨੰਬਰ ਘਰ ਵਿੱਚ ਰਹਿੰਦੇ ਸਨ। ਹੋਸਟਲ ਤੋਂ ਤੁਰਨ ਲੱਗਿਆਂ ਅਸੀਂ ਪੂਰੀ ਵਿਉਂਤ ਬਣਾ ਲਈ ਕਿ ਕਿਸ ਨੇ ਕੀ ਤੇ ਕਿਵੇਂ ਕਹਿਣਾ ਹੈ। ਜਾਂਦਿਆਂ ਜਾਂਦਿਆਂ ਮੈਂ ਅਰਜ਼ੀ ਇੱਕ ਵਾਰ ਫਿਰ ਪੜ੍ਹੀ।
ਤੁਰੇ ਜਾਂਦਿਆਂ ਨੂੰ ਉਨ੍ਹਾਂ ਦੇ ਘਰ ਮੂਹਰੇ ਬਣੀ ਕਿਆਰੀ ਵਿੱਚ ਕੋਈ ਮਾਲੀ ਕੰੰਮ ਕਰਦਾ ਦੂਰੋਂ ਦਿਸ ਰਿਹਾ ਸੀ। ਅਸੀਂ ਸੋਚਿਆ ਕਿ ਡਾਇਰੈਕਟਰ ਸਾਹਿਬ ਮਿਹਰਬਾਨ ਹੋ ਜਾਣ ਤਾਂ ਇਸੇ ਮਾਲੀ ਨੂੰ ਕਹਿ ਦੇਣ ਬਈ ਦੋ-ਤਿੰਨ ਘੰਟੇ ਪੰਜ ਨੰਬਰ ਹੋਸਟਲ ’ਚ ਵੀ ਲਾ ਦਿਆ ਕਰੇ, ਜਿੰਨਾ ਚਿਰ ਸਾਡੇ ਵਾਲਾ ਮਾਲੀ ਠੀਕ ਨਹੀਂ ਹੁੰਦਾ। ਇਹੀ ਸੋਚਦੇ ਹੋਏ ਅਸੀਂ ਉਨ੍ਹਾਂ ਦੇ ਘਰ ਕੋਲ ਪਹੁੰਚੇ ਤਾਂ ਹੱਥ ਵਿੱਚ ਰੰਬਾ ਫੜੀ ਡਾ. ਮਲਵਿੰਦਰ ਸਿੰਘ ਖ਼ੁਦ ਫੁੱਲਾਂ ਦੀਆਂ ਕਿਆਰੀਆਂ ’ਚੋਂ ਘਾਹ-ਫੂਸ ਕੱਢ ਰਹੇ ਸਨ। ਸਾਡੇ ਬੋਲਣ ਤੋਂ ਪਹਿਲਾਂ ਹੀ ਆਖਣ ਲੱਗੇ, ‘‘ਆ ਬਈ ਨਿਰਮਲ ਸਿੰਹਾਂ। ਕਲਾਕਾਰਾਂ ਦੀ ਟੋਲੀ ’ਕੱਠੀ ਹੋਈ ਫਿਰਦੀ ਐ ਅੱਜ ਤਾਂ। ਕੋਈ ਪ੍ਰੋਗਰਾਮ ਕਰਨਾ ਲੱਗਦੈ।’’ ਫਿਰ ਉਹ ਰੰਬਾ ਥੱਲੇ ਰੱਖ ਕੇ ਡੱਬੇ ਨਾਲ ਫੁੱਲਾਂ ਨੂੰ ਪਾਣੀ ਦੇਣ ਲੱਗ ਪਏ, ‘‘ਦੋ ਮਿੰਟ ਰੁਕੋ ਯਾਰ, ਮੈਂ ਆਹ ਪਾਣੀ ਆਲਾ ਕੰਮ ਵੀ ਨਿਬੇੜਲਾਂ। ਫੇਰ ਤੁਹਾਡੀ ਗੱਲ ਸੁਣਦਾਂ, ਨਾਲੇ ਤੁਹਾਨੂੰ ਚਾਹ ਪਿਆਉਨਾਂ।’’ ਫੁੱਲਾਂ ਨੂੰ ਪਾਣੀ ਦੇ ਕੇ ਉਨ੍ਹਾਂ ਆਪਣੇ ਹੱਥ ਪੈਰ ਧੋਤੇ, ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ, ਪਰਨਾ ਠੀਕ ਕੀਤਾ, ‘‘ਆਜੋ ਅੰਦਰ।’’ ਅਸੀਂ ਉਨ੍ਹਾਂ ਨਾਲ ਹੀ ਅੰਦਰ ਚਲੇ ਗਏ। ਸਾਨੂੰ ਡਰਾਇੰਗ ਰੂਮ ਵਿੱਚ ਬੈਠਣ ਦਾ ਇਸ਼ਾਰਾ ਕਰਕੇ ਉਹ ਰਸੋਈ ਵਿੱਚੋਂ ਪਾਣੀ ਦਾ ਜੱਗ ਤੇ ਗਲਾਸ ਲਿਆਏ। ਪਾਣੀ ਪਿਆਉਣ ਲੱਗੇ ਤਾਂ ਤੇਜਪਾਲ ਨੇ ਉਨ੍ਹਾਂ ਕੋਲੋਂ ਜੱਗ ਅਤੇ ਗਲਾਸ ਫੜ ਲਏ, ‘‘ਸਰ, ਅਸੀਂ ਆਪੇ ਪੀ ਲੈਂਦੇ ਆਂ ਪਾਣੀ।’’
‘‘ਚਾਹ ਪੀਓਗੇ?’’ ਪੁੱਛਦੇ ਹੋਏ ਉਹ ਹੱਸ ਕੇ ਕਹਿਣ ਲੱਗੇ, ‘‘ਅਸਲ ਵਿੱਚ ਮੈਂ ਚਾਹ ਬਹੁਤ ਵਧੀਆ ਬਣਾਉਂਦਾਂ, ਪੰਜਾਂ ਮਿੰਟਾਂ ’ਚ ਬਣਜੂ।’’ ਅਸੀਂ ਚਾਹ ਪੀਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਹ ਸਾਡੇ ਸਾਹਮਣੇ ਬੈਠ ਗਏ। ਸਿਰ ਦੇ ਪਰਨੇ ਨੂੰ ਦੁਆਰਾ ਠੀਕ ਕਰਦਿਆਂ ਆਖਣ ਲੱਗੇ, ‘‘ਅਸਲ ਵਿੱਚ ਨਾ ਮੁੰਡਿਓ, ਪਾਣੀ ਧਾਣੀ ਤਾਂ ਮੈਂ ਰੋਜ਼ ਸ਼ਾਮ ਨੂੰ ਫੁੱਲਾਂ ਨੂੰ ਦਿੰਨਾਂ ਤੇ ਐਤਵਾਰ ਨੂੰ ਪੂਰੀ ਕਾਂਟ-ਛਾਂਟ ਵੀ ਕਰਦਾਂ ਮੈਂ ਇਨ੍ਹਾਂ ਕਿਆਰੀਆਂ ਦੀ। ਸਬਜ਼ੀਆਂ ਵੀ ਲਾਈਆਂ ਆਪਾਂ ਥੋੜ੍ਹੀਆਂ ਜਿਹੀਆਂ ਲੋੜ ਜੋਗੀਆਂ। ਨਾਲੇ ਤਾਂ ਹੱਥ ਪੈਰ ਚਲਦੇ ਰਹਿੰਦੇ ਐ ਨਾਲੇ ਕਿਆਰੀਆਂ ਸੋਹਣੀਆਂ ਬਣੀਆਂ ਰਹਿੰਦੀਆਂ ਨੇ।’’ ਡਰਾਇੰਗ ਰੂਮ ਵਿੱਚੋਂ ਉਹ ਬਾਹਰ ਫੁੱਲਾਂ ਦੀਆਂ ਕਿਆਰੀਆਂ ਵੱਲ ਵੇਖ ਕੇ ਖ਼ੁਸ਼ ਵੀ ਹੋ ਰਹੇ ਸਨ। ਅਸੀਂ ਇੱਕ-ਦੂਜੇ ਨਾਲ ਅੱਖਾਂ ਮਿਲਾਈਆਂ ਕਿ ਮਾਲੀ ਵਾਲੀ ਗੱਲ ਕਿਵੇਂ ਸ਼ੁਰੂ ਕਰੀਏ? ਡਾ. ਮਲਵਿੰਦਰ ਸਿੰਘ ਫਿਰ ਬੋਲ ਪਏ, ‘‘ਆਹ ਮੈਂ ਕਈਆਂ ਨੂੰ ਦੇਖਦਾਂ ਇੱਥੇ ਆਂਢ-ਗੁਆਂਢ ’ਚ, ਨਿੱਕੇ ਨਿੱਕੇ ਕੰਮਾਂ ਲਈ ਨੌਕਰ ਰੱਖੇ ਐ। ਕਿਆਰੀਆਂ ਲਈ ਮਾਲੀ ਰੱਖੇ ਐ, ਬਈ ਯਾਰ ਆਵਦਾ ਕੰੰਮ ਆਪ ਕਰੋ, ਤੰਦਰੁਸਤ ਵੀ ਰਹਿੰਦੈ ਬੰਦਾ।’’ ਉਨ੍ਹਾਂ ਆਪਣੀ ਖੱਬੀ ਬਾਂਹ ’ਤੇ ਲੱਗੇ ਘਾਹ ਨੂੰ ਸੱਜੇ ਹੱਥ ਨਾਲ ਝਾੜਦਿਆਂ ਅੱਗੇ ਕਿਹਾ, ‘‘ਆਪਾਂ ਪਿੰਡਾਂ ’ਚੋਂ ਆਏ ਆਂ, ਖੇਤਾਂ ’ਚ ਹੀ ਕੰੰਮ ਕਰਦੇ ਰਹੇ ਆਂ ਹੁਣ ਤੱਕ। ਉਹੀ ਕੰੰਮ ਜੇ ਹੁਣ ਇੱਥੇ ਕਰ ਲਵਾਂਗੇ ਤਾਂ ਕੀ ਹੋ ਜਾਊ। ਸੋ ਭਾਈ ਮੁੰਡਿਓ, ਮੈਂ ਤਾਂ ਕਦੇ ਕਿਸੇ ਕੰੰਮ ਤੋਂ ਸੰਗਿਆ ਨਹੀਂ। ਆਪਣੇ ਘਰਾਂ ਦੇ ਮਾਲੀ ਆਪ ਹੀ ਬਣਨਾ ਚਾਹੀਦੈ।’’ ਡਾ. ਮਲਵਿੰਦਰ ਸਿੰਘ ਦੀ ਗੱਲ ਸੁਣਦਿਆਂ ਮੈਂ ਆਪਣੇ ਹੱਥ ਵਿੱਚ ਫੜੀ ਅਰਜ਼ੀ ਹੌਲੀ ਕੁ ਦੇਣੇ ਮੋੜ ਕੇ ਜੇਬ ਵਿੱਚ ਪਾ ਲਈ। ਉਨ੍ਹਾਂ ਪੁੱਛਿਆ, ‘‘ਤੁਸੀਂ ਦੱਸੋ, ਕਿਵੇਂ ਆਏ ਅੱਜ?’’ ਸੁੱਖੀ ਨੇ ਗੱਲ ਮੋੜ ਦਿੱਤੀ, ਆਖਣ ਲੱਗਾ, ‘‘ਵੈਸੇ ਈ ਸਰ, ਇੱਧਰ ਸੈਰ ਕਰਦੇ ਫਿਰਦੇ ਸੀ, ਤੁਸੀਂ ਦਿਸਗੇ ਸੋਚਿਆ ਮਿਲ ਚੱਲੀਏ ਸਰ ਨੂੰ।’’ ‘‘ਜੀਅ ਆਇਆਂ ਨੂੰ ਮੁੰਡਿਓ!’’ ਉਹ ਖ਼ੁਸ਼ ਹੋਏ। ਅਸੀਂ ਉੱਠ ਕੇ ਖੜ੍ਹੇ ਹੋ ਗਏ। ‘‘ਅੱਜ ਘਰਦੇ ਜੀਅ ਬਾਹਰ ਗਏ ਹੋਏ ਐ। ਚਾਹ ਪੀਣੀ ਐ ਤਾਂ ਮੈਂ ਬਣਾ ਦਿੰਨਾਂ,’’ ਉਨ੍ਹਾਂ ਫਿਰ ਸਾਨੂੰ ਚਾਹ ਪੀਣ ਲਈ ਜ਼ੋਰ ਪਾਇਆ। ‘‘ਨਹੀਂ ਸਰ,’’ ਕਹਿ ਕੇ ਅਸੀਂ ਹੱਥ ਜੋੜ ਕੇ ਉਨ੍ਹਾਂ ਦਾ ਧੰਨਵਾਦ ਕਰਕੇ ਤੁਰ ਪਏ। ਰਸਤੇ ਵਿੱਚ ਫੁਲਵਿੰਦਰ ਕਹਿਣ ਲੱਗਾ, ‘‘ਹੋਸਟਲ ਵਿੱਚੋਂ ਮਾਲੀ ਵਾਲਾ ਸਮਾਨ ਲੱਭੋ। ਆਪਾਂ ਈ ਸ਼ਾਮ ਨੂੰ ਲਾ ਲਿਆ ਕਰਾਂਗੇ ਘੰਟਾ ਕਿਆਰੀਆਂ ’ਤੇ। ਆਪਣੇ ਹੋਸਟਲ ਦੇ ਮਾਲੀ ਆਪ ਬਣੀਏ, ਨਾਲੇ ਵਰਜ਼ਿਸ਼ ਹੋ ਜਾਇਆ ਕਰੂ।’’ ਟਹਿਲਦੇ ਟਹਿਲਦੇ ਅਸੀਂ ਹੋਸਟਲ ਪਹੁੰਚ ਗਏ ਜਿਵੇਂ ਮਾਲੀ ਵਾਲਾ ਮਸਲਾ ਹੱਲ ਹੋ ਗਿਆ ਹੋਵੇ।
ਸੰਪਰਕ: 98140-78799

