DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

... ਤੇ ਸਦਾ ਲਈ ਅਮਰ ਹੋ ਜਾਓ

ਕਈ ਵਾਰ ਜ਼ਿੰਦਗੀ ਦੀਆਂ ਵੱਡੀਆਂ ਸਿੱਖਿਆਵਾਂ ਕਿਤਾਬਾਂ ਵਿੱਚੋਂ ਨਹੀਂ ਸਗੋਂ ਸੜਕਾਂ ’ਤੇ ਤੁਰਦਿਆਂ ਹੀ ਮਿਲ ਜਾਂਦੀਆਂ ਹਨ। ਪਿਛਲੇ ਸਾਲ ਜੂਨ ਮਹੀਨੇ ਦੀ ਇੱਕ ਤਪਦੀ ਦੁਪਹਿਰ ਮੇਰੀ ਜ਼ਿੰਦਗੀ ਦੀਆਂ ਯਾਦਗਾਰ ਦੁਪਹਿਰਾਂ ਵਿੱਚ ਸ਼ਾਮਿਲ ਹੋ ਗਈ। ਕੁਦਰਤੀ ਸਬੱਬ ਐਸਾ ਬਣਿਆ ਕਿ ਮੈਨੂੰ...

  • fb
  • twitter
  • whatsapp
  • whatsapp
Advertisement

ਕਈ ਵਾਰ ਜ਼ਿੰਦਗੀ ਦੀਆਂ ਵੱਡੀਆਂ ਸਿੱਖਿਆਵਾਂ ਕਿਤਾਬਾਂ ਵਿੱਚੋਂ ਨਹੀਂ ਸਗੋਂ ਸੜਕਾਂ ’ਤੇ ਤੁਰਦਿਆਂ ਹੀ ਮਿਲ ਜਾਂਦੀਆਂ ਹਨ। ਪਿਛਲੇ ਸਾਲ ਜੂਨ ਮਹੀਨੇ ਦੀ ਇੱਕ ਤਪਦੀ ਦੁਪਹਿਰ ਮੇਰੀ ਜ਼ਿੰਦਗੀ ਦੀਆਂ ਯਾਦਗਾਰ ਦੁਪਹਿਰਾਂ ਵਿੱਚ ਸ਼ਾਮਿਲ ਹੋ ਗਈ। ਕੁਦਰਤੀ ਸਬੱਬ ਐਸਾ ਬਣਿਆ ਕਿ ਮੈਨੂੰ ਆਪਣੇ ਇੱਕ ਮਿੱਤਰ ਨਾਲ ਚੰਡੀਗੜ੍ਹ ਦੀਆਂ ਸੜਕਾਂ ’ਤੇ ਕੁਝ ਸਮਾਂ ਪੈਦਲ ਤੁਰਨਾ ਪਿਆ। ਸਿਖ਼ਰ ਦੁਪਹਿਰੇ ਸੂਰਜ ਦੇਵਤਾ ਅੱਗ ਵਰ੍ਹਾ ਰਹੇ ਸਨ, ਪਰ ਅਸੀਂ ਦੋਵੇਂ ਸੜਕ ਕਿਨਾਰੇ ਵਿਸ਼ਾਲ ਰੁੱਖਾਂ ਦੀ ਠੰਢੀ ਛਾਂ ਹੇਠ ਬੇਫ਼ਿਕਰੀ ਨਾਲ ਤੁਰ ਰਹੇ ਸਾਂ। ਮੈਂ ਸਹਿਜੇ ਹੀ ਕਿਹਾ, ‘‘ਯਾਰ, ਜੇ ਇਹ ਰੁੱਖ ਨਾ ਹੁੰਦੇ ਤਾਂ ਅੱਜ ਸਾਡਾ ਕੀ ਬਣਨਾ ਸੀ। ਸਾਨੂੰ ਇਨ੍ਹਾਂ ਰੁੱਖਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜੋ ਸਾਡੇ ਵਰਗੇ ਕਿੰਨੇ ਹੀ ਰਾਹਗੀਰਾਂ ਨੂੰ ਆਪਣੀ ਛਾਂ ਦੇ ਕਲਾਵੇ ਵਿੱਚ ਲੈ ਕੇ ਗਰਮੀ ਤੋਂ ਬਚਾਉਂਦੇ ਹਨ।’’ ਮੇਰੇ ਮਿੱਤਰ ਨੇ ਜਵਾਬ ਦਿੱਤਾ, ‘‘ਬਿਲਕੁਲ, ਪਰ ਇਨ੍ਹਾਂ ਰੁੱਖਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ, ਜਿਨ੍ਹਾਂ ਨੇ ਇਹ ਰੁੱਖ ਲਗਾਏ ਜਾਂ ਲਗਵਾਏ।’’ ਸਾਡੇ ਦੋਵਾਂ ਦੇ ਮੂੰਹੋਂ ਨਿਕਲਿਆ, “ਡਾ. ਮਹਿੰਦਰ ਸਿੰਘ ਰੰਧਾਵਾ ਜੀ, ਤੁਹਾਡਾ ਧੰਨਵਾਦ।” ਜ਼ੁਬਾਨ ’ਤੇ ਇਹ ਨਾਮ ਆਉਂਦਿਆਂ ਹੀ ਮੈਂ ਆਪਣੀ ਖ਼ਿਆਲਾਂ ਦੀ ਦੁਨੀਆ ਵਿੱਚ ਲਗਪਗ ਪੰਝੀ ਸਾਲ ਪਿੱਛੇ ਪਹੁੰਚ ਗਿਆ।

ਗੱਲ ਸਾਲ 2001 ਦੀ ਹੈ। ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਸਨ। ਮੈਂ ਚੰਡੀਗੜ੍ਹ ਰੈੱਡ ਕਰਾਸ ਦਫ਼ਤਰ ਵਿੱਚ ਇੱਕ ਮਹੀਨੇ ਦੇ ਫਸਟ ਏਡ ਕੋਰਸ ਵਿੱਚ ਦਾਖਲਾ ਲਿਆ ਹੋਇਆ ਸੀ। ਰੋਜ਼ਾਨਾ ਮੁਹਾਲੀ ਸਥਿਤ ਆਪਣੇ ਘਰ ਤੋਂ ਸਿਖ਼ਰ ਦੁਪਹਿਰੇ ਸਾਈਕਲ ’ਤੇ ਚੰਡੀਗੜ੍ਹ ਜਾਂਦਾ ਸੀ। ਜੂਨ ਦੀ ਧੁੱਪ ਵਿੱਚ ਜਦੋਂ ਵੀ ਮੈਂ ਸੜਕ ਕਿਨਾਰੇ ਲੱਗੇ ਇਨ੍ਹਾਂ ਵੱਡੇ ਰੁੱਖਾਂ ਦੀ ਛਾਂ ਹੇਠੋਂ ਲੰਘਦਾ, ਸਰੀਰ ਨੂੰ ਹੀ ਨਹੀਂ ਸਗੋਂ ਮੇਰੀ ਰੂਹ ਨੂੰ ਵੀ ਠੰਢਕ ਅਤੇ ਸਕੂਨ ਮਿਲਦਾ ਪਰ ਜਿੱਥੇ ਚੌਕਾਂ ਜਾਂ ਖੁੱਲ੍ਹੇ ਹਿੱਸਿਆਂ ਵਿੱਚ ਛਾਂ ਨਾ ਹੁੰਦੀ, ਉੱਥੇ ਸੂਰਜ ਦੀ ਤਪਸ਼ ਆਪਣਾ ਅਸਲ ਰੂਪ ਵਿਖਾਉਂਦੀ ਤੇ ਇਹੀ ਪਲ ਹੁੰਦਾ ਸੀ ਜਦੋਂ ਰੁੱਖਾਂ ਦੀ ਅਹਿਮੀਅਤ ਸਮਝ ਪੈਂਦੀ। ਉਨ੍ਹਾਂ ਦਿਨਾਂ ਵਿੱਚ ਮੇਰੇ ਜ਼ਿਹਨ ਵਿੱਚ ਅਕਸਰ ਇਹ ਖ਼ਿਆਲ ਆਉਂਦਾ ਕਿ ਉਹ ਕਿੰਨਾ ਮਹਾਨ ਇਨਸਾਨ ਹੋਵੇਗਾ, ਜਿਸ ਨੇ ਕਈ ਦਹਾਕੇ ਪਹਿਲਾਂ ਸਾਡੇ ਵਰਗੇ ਅਣਜਾਣ ਰਾਹਗੀਰਾਂ ਲਈ ਇਹ ਰੁੱਖ ਲਗਾਏ ਹੋਣਗੇ, ਪਰ ਉਸ ਵੇਲੇ ਮੈਨੂੰ ਉਸ ਸ਼ਖ਼ਸ ਬਾਰੇ ਕੁਝ ਵੀ ਪਤਾ ਨਹੀਂ ਸੀ।

Advertisement

ਦੋ-ਤਿੰਨ ਸਾਲਾਂ ਬਾਅਦ ਜਦੋਂ ਮੈਂ ਚੰਡੀਗੜ੍ਹ ਦੇ ਸੈਕਟਰ-11 ਸਥਿਤ ਸਰਕਾਰੀ ਕਾਲਜ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਸੀ ਤਾਂ ਪੰਜਾਬੀ ਪੜ੍ਹਾਉਣ ਵਾਲੇ ਸਾਡੇ ਇੱਕ ਪ੍ਰੋਫੈਸਰ ਨੇ ਦੱਸਿਆ ਕਿ ਚੰਡੀਗੜ੍ਹ ਨੂੰ ਹਰਿਆ-ਭਰਿਆ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਕੁਦਰਤ-ਪ੍ਰੇਮੀ ਅਤੇ ਬਾਗਬਾਨੀ ਵਿਸ਼ੇ ਦੇ ਮਾਹਿਰ ਡਾ. ਐੱਮ.ਐੱਸ. ਰੰਧਾਵਾ ਦਾ ਹੈ, ਜੋ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਰਹੇ ਹਨ। ਉਦੋਂ ਪਹਿਲੀ ਵਾਰ ਮੈਂ ਡਾ. ਰੰਧਾਵਾ ਦਾ ਨਾਮ ਸੁਣਿਆ ਸੀ ਤੇ ਮੈਨੂੰ ਆਪਣੇ ਉਸ ਪੁਰਾਣੇ ਸਵਾਲ ਦਾ ਜਵਾਬ ਮਿਲਿਆ ਸੀ। ਉਸ ਦਿਨ ਤੋਂ ਮੇਰੇ ਮਨ ਵਿੱਚ ਉਨ੍ਹਾਂ ਪ੍ਰਤੀ ਬੇਹੱਦ ਸਤਿਕਾਰ ਪੈਦਾ ਹੋ ਗਿਆ। ਸ਼ਾਇਦ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ ਜਦੋਂ ਮੈਂ ਆਪਣੇ ਸਿਲੇਬਸ ਤੋਂ ਬਾਹਰ ਕਿਸੇ ਵਿਅਕਤੀ ਬਾਰੇ ਜਾਣਨ ਲਈ ਖ਼ੁਦ ਲਾਇਬ੍ਰੇਰੀ ਵਿੱਚ ਕਿਤਾਬਾਂ ਲੱਭਣ ਲੱਗ ਪਿਆ।

Advertisement

ਉਨ੍ਹਾਂ ਬਾਰੇ ਪੜ੍ਹ ਕੇ ਪਤਾ ਲੱਗਿਆ ਕਿ ਡਾ. ਰੰਧਾਵਾ ਨੇ ਹੀ ਚੰਡੀਗੜ੍ਹ ਨੂੰ ਪੱਥਰਾਂ ਦੇ ਸ਼ਹਿਰ ਤੋਂ ਹਰਿਆ-ਭਰਿਆ ‘ਸਿਟੀ ਬਿਊਟੀਫੁੱਲ’ ਸ਼ਹਿਰ ਬਣਾਇਆ। ਉਹ ਬਾਗ਼ਬਾਨੀ ਦੇ ਨਾਲ-ਨਾਲ ਪੰਜਾਬ ਦੇ ਸੱਭਿਆਚਾਰ, ਕਲਾ ਅਤੇ ਇਤਿਹਾਸ ਦੇ ਵੀ ਉੱਘੇ ਵਿਦਵਾਨ ਸਨ। ਰੋਜ਼ ਗਾਰਡਨ ਨੂੰ ਵੀ ਉਨ੍ਹਾਂ ਦੀ ਹੀ ਦੇਣ ਸਮਝਿਆ ਜਾ ਸਕਦਾ ਹੈ। ਉਨ੍ਹਾਂ ਨੇ ਸ਼ਹਿਰ ਵਿੱਚ ਅਜਿਹੀਆਂ ਕਿਸਮਾਂ ਦੇ ਰੁੱਖ ਲਗਵਾਏ, ਜੋ ਹਰ ਰੁੱਤ ਵਿੱਚ ਚੰਡੀਗੜ੍ਹ ਨੂੰ ਨਵਾਂ ਰੰਗ ਬਖ਼ਸ਼ਦੇ ਹਨ।

ਮੇਰੇ ਖ਼ਿਆਲਾਂ ਦੀ ਲੜੀ ਨੂੰ ਤੋੜਦਿਆਂ ਮੇਰੇ ਮਿੱਤਰ ਨੇ ਹੱਸਦਿਆਂ ਕਿਹਾ, ‘‘ਯਾਰ, ਮੈਂ ਸੋਚਦਾਂ ਕਿ ਪੁਰਾਣੇ ਸਮਿਆਂ ਵਿੱਚ ਰਿਸ਼ੀ-ਮੁਨੀ ਅਮਰ ਹੋਣ ਲਈ ਐਵੇਂ ਸਾਲਾਂਬੱਧੀ ਤਪੱਸਿਆ ਕਰਦੇ ਰਹੇ ਸਨ। ਸਾਡੇ ਸਮੇਂ ਵਿੱਚ ਤਾਂ ਕੰਮ ਹੀ ਬੜਾ ਸੌਖਾ ਹੈ, ਰੁੱਖ ਲਗਾਓ ਤੇ ਸਦਾ ਲਈ ਅਮਰ ਹੋ ਜਾਓ।’’ ਉਸ ਦੇ ਮੂੰਹੋਂ ਸਹਿਜ-ਸੁਭਾਅ ਨਿਕਲੇ ਇਹ ਸ਼ਬਦ ਮੇਰੇ ਜ਼ਿਹਨ ਵਿੱਚ ਇਸ ਤਰ੍ਹਾਂ ਵੱਸ ਗਏ, ਜਿਵੇਂ ਕਿਸੇ ਨੇ ਜ਼ਿੰਦਗੀ ਦਾ ਕੋਈ ਡੂੰਘਾ ਭੇਤ ਸਮਝਾ ਦਿੱਤਾ ਹੋਵੇ। ਸੱਚਮੁੱਚ, ਜਿਹੜਾ ਇਨਸਾਨ ਬੂਟੇ ਲਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਛਾਂ, ਆਕਸੀਜਨ ਅਤੇ ਜੀਵਨ ਛੱਡ ਜਾਂਦਾ ਹੈ, ਉਹ ਹਰ ਉਸ ਰਾਹਗੀਰ ਦੀ ਦੁਆ ਵਿੱਚ ਜਿਊਂਦਾ ਰਹਿੰਦਾ ਹੈ, ਜੋ ਉਸ ਦੇ ਲਗਾਏ ਬੂਟੇ ਤੋਂ ਬਣੇ ਰੁੱਖ ਦੀ ਛਾਂ ਮਾਣਦਾ ਹੈ। ਉਸ ਦਿਨ ਅਸੀਂ ਦੋਵਾਂ ਨੇ ਖ਼ੁਦ ਨਾਲ ਇੱਕ ਵਾਅਦਾ ਕੀਤਾ ਕਿ ਜਿੰਨਾ ਸੰਭਵ ਹੋ ਸਕੇ, ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਤੇ ਮਨੁੱਖਤਾ ਪ੍ਰਤੀ ਆਪਣਾ ਇਖ਼ਲਾਕੀ ਫਰਜ਼ ਨਿਭਾਵਾਂਗੇ।

ਸੰਪਰਕ: 98782-24000

Advertisement
×