DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਇੱਕ ਅਭੁੱਲ ਯਾਦ

ਮਈ ਮਹੀਨੇ ਦਾ ਉਹ ਆਖਰੀ ਦਿਨ ਸੀ। ਹਵਾ ਵਿੱਚ ਗਰਮੀ ਦੇ ਨਾਲ-ਨਾਲ ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਦੀ ਬੇਸਬਰੀ ਵੀ ਸੀ। ਬੱਚਿਆਂ ਦੇ ਚਿਹਰਿਆਂ ’ਤੇ ਇੱਕ ਅਨੋਖਾ ਚਾਅ ਸਾਫ਼ ਝਲਕ ਰਿਹਾ ਸੀ। ਬਲੈਕਬੋਰਡ ’ਤੇ ਗਰਮੀ ਦੀਆਂ ਛੁੱਟੀਆਂ ਦਾ...

  • fb
  • twitter
  • whatsapp
  • whatsapp
Advertisement

ਮਈ ਮਹੀਨੇ ਦਾ ਉਹ ਆਖਰੀ ਦਿਨ ਸੀ। ਹਵਾ ਵਿੱਚ ਗਰਮੀ ਦੇ ਨਾਲ-ਨਾਲ ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਦੀ ਬੇਸਬਰੀ ਵੀ ਸੀ। ਬੱਚਿਆਂ ਦੇ ਚਿਹਰਿਆਂ ’ਤੇ ਇੱਕ ਅਨੋਖਾ ਚਾਅ ਸਾਫ਼ ਝਲਕ ਰਿਹਾ ਸੀ। ਬਲੈਕਬੋਰਡ ’ਤੇ ਗਰਮੀ ਦੀਆਂ ਛੁੱਟੀਆਂ ਦਾ ਕੰਮ ਲਿਖਵਾਉਣ ਤੋਂ ਬਾਅਦ ਮੈਂ ਮੁਸਕਰਾਉਂਦਿਆਂ ਆਪਣੀ ਛੇਵੀਂ ਜਮਾਤ ਦੇ ਬੱਚਿਆਂ ਵੱਲ ਦੇਖਿਆ ਅਤੇ ਪੁੱਛਿਆ, ‘‘ਬੱਚਿਓ, ਦੱਸੋ ਇਨ੍ਹਾਂ ਛੁੱਟੀਆਂ ਵਿੱਚ ਤੁਸੀਂ ਕਿੱਥੇ-ਕਿੱਥੇ ਜਾਵੋਗੇ?’’

ਮੇਰਾ ਸਵਾਲ ਸੁਣਦਿਆਂ ਹੀ ਜਮਾਤ ਵਿੱਚ ਖੁਸ਼ੀ ਦੀ ਇੱਕ ਲਹਿਰ ਦੌੜ ਗਈ। ਹਰ ਬੱਚਾ ਆਪਣੀਆਂ ਰਿਸ਼ਤੇਦਾਰੀਆਂ ਨਾਲ ਜੁੜੀਆਂ ਮਿੱਠੀਆਂ ਯਾਦਾਂ ਅਤੇ ਯੋਜਨਾਵਾਂ ਸਾਂਝੀਆਂ ਕਰਨ ਲਈ ਉਤਾਵਲਾ ਹੋ ਗਿਆ। ਕੋਈ ਉਤਸ਼ਾਹ ਨਾਲ ਕਹਿ ਰਿਹਾ ਸੀ ਕਿ ਉਹ ਆਪਣੀ ਭੂਆ ਦੇ ਪਿੰਡ ਜਾਵੇਗਾ, ਜਿੱਥੇ ਸਾਰੇ ਰਲ-ਮਿਲ ਕੇ ਖੇਡਦੇ ਹਨ ਅਤੇ ਪਿੰਡ ਵਿੱਚ ਬਹੁਤ ਸਾਰੇ ਝੂਟੇ ਲੱਗੇ ਹੋਏ ਹਨ। ਕੋਈ ਦੱਸ ਰਿਹਾ ਸੀ ਕਿ ਉਹ ਆਪਣੀ ਮਾਸੀ ਦੇ ਘਰ ਜਾਵੇਗਾ, ਜਿੱਥੇ ਉਹ ਆਪਣੇ ਮਾਸੀ ਦੇ ਮੁੰਡੇ ਨਾਲ ਖੇਤਾਂ ਵਿੱਚ ਘੁੰਮੇਗਾ, ਮੋਟਰ ’ਤੇ ਨਹਾਵੇਗਾ ਅਤੇ ਖੂਬ ਮੌਜ-ਮਸਤੀ ਕਰੇਗਾ। ਇਸ ਤਰ੍ਹਾਂ ਹਰ ਬੱਚਾ ਆਪੋ-ਆਪਣੇ ਸੁਪਨਿਆਂ ਅਤੇ ਖੁਸ਼ੀਆਂ ਦੀਆਂ ਗੱਲਾਂ ਬੜੇ ਚਾਅ ਨਾਲ ਕਰ ਰਿਹਾ ਸੀ।

Advertisement

ਪਰ ਇਸੇ ਰੌਲੇ-ਰੱਪੇ ਅਤੇ ਹਾਸਿਆਂ ਦੇ ਵਿਚਕਾਰ ਮੇਰੀ ਨਿਗਾਹ ਅਚਾਨਕ ਸਭ ਤੋਂ ਪਿੱਛੇ ਬੈਠੇ ਜਗਦੀਪ ’ਤੇ ਪਈ। ਮੈਂ ਉਸ ਨੂੰ ਪਿਆਰ ਨਾਲ ਪੁੱਛਿਆ, ‘‘ਜਗਦੀਪ, ਤੂੰ ਕੁਝ ਨਹੀਂ ਬੋਲਿਆ। ਦੱਸ, ਤੂੰ ਇਨ੍ਹਾਂ ਛੁੱਟੀਆਂ ਵਿੱਚ ਕਿੱਥੇ ਜਾਵੇਂਗਾ?’’

Advertisement

ਉਹ ਹੌਲੀ ਦੇਣੀ ਖੜ੍ਹਾ ਹੋਇਆ, ਢਿੱਲਾ ਜਿਹਾ ਮੂੰਹ ਬਣਾਉਂਦਿਆਂ ਬੜੀ ਸਾਦਗੀ ਨਾਲ ਬੋਲਿਆ, ‘‘ਸਰ ਜੀ, ਮੈਂ ਤਾਂ ਜੂਨ ਦੀਆਂ ਛੁੱਟੀਆਂ ਵਿੱਚ ਆਪਣੇ ਬੇਬੇ-ਬਾਪੂ ਨਾਲ ਝੋਨਾ ਲਵਾਵਾਂਗਾ। ਮੇਰੇ ਬੇਬੇ-ਬਾਪੂ ਖੇਤਾਂ ਵਿੱਚ ਝੋਨਾ ਲਾਉਣਗੇ ਤੇ ਮੈਂ ਉਨ੍ਹਾਂ ਨੂੰ ਪਨੀਰੀ ਦੀਆਂ ਗੁੱਟੀਆਂ ਫੜਾਵਾਂਗਾ।’’ ਉਸ ਨੇ ਥੋੜ੍ਹੀ ਮੁਸਕੁਰਾਹਟ ਨਾਲ ਕਿਹਾ, ‘‘ਸਰ ਜੀ, ਝੋਨੇ ਵਾਲੇ ਪਾਣੀ ਵਿੱਚ ਨਹਾਉਣ ਦਾ ਬਹੁਤ ਮਜ਼ਾ ਆਉਂਦਾ ਹੈ।’’ ਜਗਦੀਪ ਦੇ ਮੂੰਹੋਂ ਨਿਕਲੇ ਇਹ ਸਧਾਰਨ ਜਿਹੇ ਸ਼ਬਦ ਮੇਰੇ ਦਿਲ ਨੂੰ ਅੰਦਰ ਤੱਕ ਝੰਜੋੜ ਗਏ। ਮੈਂ ਕੁਝ ਪਲਾਂ ਲਈ ਬਿਲਕੁਲ ਸੁੰਨ ਹੋ ਗਿਆ। ਜਿੱਥੇ ਜਮਾਤ ਦੇ ਬਾਕੀ ਬੱਚੇ ਝੂਲੇ, ਨਾਨਕੇ, ਮੌਜ-ਮਸਤੀ ਅਤੇ ਖੇਡਾਂ ਦੇ ਸੁਫ਼ਨੇ ਬੁਣ ਰਹੇ ਸਨ, ਉੱਥੇ ਇਸ ਨਿੱਕੇ ਜਿਹੇ ਬੱਚੇ ਦੀਆਂ ਛੁੱਟੀਆਂ ਆਪਣੇ ਮਾਪਿਆਂ ਦਾ ਹੱਥ ਵਟਾਉਣ ਲਈ ਸਨ। ਫਿਰ ਵੀ ਉਸ ਨੇ ਆਪਣੀ ਮਜਬੂਰੀ ਦਾ ਕੋਈ ਗਿਲਾ ਨਹੀਂ ਕੀਤਾ। ਉਹ ਤਾਂ ਖੇਤਾਂ ਦੇ ਪਾਣੀ ਵਿੱਚ ਨਹਾਉਣ ਨੂੰ ਹੀ ਆਪਣੀ ਸਭ ਤੋਂ ਵੱਡੀ ਖੁਸ਼ੀ ਸਮਝ ਰਿਹਾ ਸੀ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਬਚਪਨ ਦੇ ਰੰਗ ਹਰ ਬੱਚੇ ਲਈ ਇੱਕੋ ਜਿਹੇ ਨਹੀਂ ਹੁੰਦੇ। ਕਿਸੇ ਲਈ ਛੁੱਟੀਆਂ ਸੈਰ-ਸਪਾਟੇ, ਖੇਡਾਂ ਤੇ ਰਿਸ਼ਤੇਦਾਰੀਆਂ ਦੀ ਰੌਣਕ ਲੈ ਕੇ ਆਉਂਦੀਆਂ ਹਨ, ਜਦਕਿ ਕਿਸੇ ਲਈ ਇਹ ਮਾਪਿਆਂ ਦੇ ਮੋਢਿਆਂ ਦਾ ਭਾਰ ਹਲਕਾ ਕਰਨ ਦਾ ਸਮਾਂ ਬਣ ਜਾਂਦੀਆਂ ਹਨ। ਜਗਦੀਪ ਦੀ ਉਹ ਮਾਸੂਮ ਗੱਲ ਅੱਜ ਵੀ ਮੇਰੇ ਮਨ ਵਿੱਚ ਇੱਕ ਅਮਿਟ ਛਾਪ ਵਾਂਗ ਦਰਜ ਹੈ। ਜਦੋਂ ਵੀ ਗਰਮੀ ਦੀਆਂ ਛੁੱਟੀਆਂ ਦਾ ਜ਼ਿਕਰ ਹੁੰਦਾ ਹੈ, ਉਸ ਦਾ ਭੋਲਾ ਚਿਹਰਾ ਅਤੇ ਇਹ ਸ਼ਬਦ ਮੇਰੇ ਕੰਨਾਂ ਵਿੱਚ ਗੂੰਜ ਉੱਠਦੇ ਹਨ, ‘‘ਸਰ ਜੀ, ਝੋਨੇ ਵਾਲੇ ਪਾਣੀ ਵਿੱਚ ਨਹਾਉਣ ਦਾ ਬਹੁਤ ਮਜ਼ਾ ਆਉਂਦਾ ਹੈ।’’ ਉਸ ਦਿਨ ਇੱਕ ਅਧਿਆਪਕ ਹੋਣ ਨਾਤੇ ਮੈਂ ਸਿਰਫ਼ ਇੱਕ ਬੱਚੇ ਦਾ ਜਵਾਬ ਨਹੀਂ ਸੁਣਿਆ ਸੀ, ਸਗੋਂ ਪੇਂਡੂ ਪੰਜਾਬ ਦੀ ਉਸ ਹਕੀਕਤ ਨੂੰ ਮਹਿਸੂਸ ਕੀਤਾ ਸੀ, ਜਿੱਥੇ ਕਈ ਬੱਚਿਆਂ ਦੀਆਂ ਛੁੱਟੀਆਂ ਕਿਤਾਬਾਂ ਤੋਂ ਨਹੀਂ, ਸਗੋਂ ਖੇਤਾਂ ਦੀ ਮਿੱਟੀ ਅਤੇ ਮਿਹਨਤ ਨਾਲ ਜੁੜੀਆਂ ਹੁੰਦੀਆਂ ਹਨ।

ਸੰਪਰਕ: 70098-98044

Advertisement
×