ਸਿਆਣਪ ਨਾਲ ਟਾਲੀ ਵਾਰਦਾਤ
ਗੱਲ 1989 ਦੀ ਹੈ। ਜਦੋਂ ਕੋਈ ਇਸ ਦਹਾਕੇ ਦਾ ਜ਼ਿਕਰ ਕਰਦਾ ਹੈ ਤਾਂ ਆਪਮੁਹਾਰੇ ਪੰਜਾਬ ਦਾ ਉਹ ਦੌਰ ਯਾਦ ਆ ਜਾਂਦਾ ਹੈ, ਜਿਸ ਨੂੰ ਆਮ ਤੌਰ ’ਤੇ ਕਾਲਾ ਦੌਰ ਆਖਦੇ ਹਨ। ਮੈਂ ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ ਦਾ ਵਿਦਿਆਰਥੀ ਸੀ।...
ਗੱਲ 1989 ਦੀ ਹੈ। ਜਦੋਂ ਕੋਈ ਇਸ ਦਹਾਕੇ ਦਾ ਜ਼ਿਕਰ ਕਰਦਾ ਹੈ ਤਾਂ ਆਪਮੁਹਾਰੇ ਪੰਜਾਬ ਦਾ ਉਹ ਦੌਰ ਯਾਦ ਆ ਜਾਂਦਾ ਹੈ, ਜਿਸ ਨੂੰ ਆਮ ਤੌਰ ’ਤੇ ਕਾਲਾ ਦੌਰ ਆਖਦੇ ਹਨ।
ਮੈਂ ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ ਦਾ ਵਿਦਿਆਰਥੀ ਸੀ। ਕਾਲਜ ਦੀ ਐੱਨ ਐੱਸ ਐੱਸ ਯੂਨਿਟ ਨੇ ਆਪਣੇ ਕੈਂਪ ਲਈ ਸਾਡੇ ਪਿੰਡ ਸੰਗਤ ਖੁਰਦ ਦੀ ਚੋਣ ਕੀਤੀ। ਸਥਾਨ ਦੀ ਚੋਣ ਦੇ ਦੋ ਕਾਰਨ ਸਨ। ਪਹਿਲਾ ਇਹ ਕਿ ਸਾਡਾ ਪਿੰਡ ਕਾਲਜ ਤੋਂ ਨਜ਼ਦੀਕ ਹੈ ਅਤੇ ਦੂਜਾ ਕਾਰਨ ਪਿੰਡ ਦੀ ਸਮੂਹ ਪੰਚਾਇਤ ਤੇ ਪੁਰਾਣੇ ਵਿਦਿਆਰਥੀਆਂ ਦਾ ਪੂਰਨ ਸਹਿਯੋਗ ਹੋਣਾ।
ਕੈਂਪ ਲਾਉਣ ਲਈ ਪਿੰਡ ਦੇ ਸਕੂਲ ਦੀ ਚੋਣ ਕੀਤੀ ਗਈ। ਕਮਰਿਆਂ ਦੀ ਵਰਤੋਂ ਦੇ ਨਾਲ-ਨਾਲ ਕੁਝ ਤੰਬੂ ਲਾਏ ਗਏ, ਜਿਨ੍ਹਾਂ ’ਚ ਵਿਦਿਆਰਥੀ ਆਰਾਮ ਕਰਦੇ ਸਨ। ਸਾਰਾ ਸਕੂਲ ਕੈਂਪ ਦੀ ਗਹਿਮਾ-ਗਹਿਮੀ ਕਰਕੇ ਵਿਆਹ ਵਾਲੇ ਘਰ ਵਾਂਗ ਸਜਿਆ ਹੋਇਆ ਸੀ।
ਆਉ-ਭਗਤ ਪਿੰਡਾਂ ਦੇ ਬਾਸ਼ਿੰਦਿਆਂ ਦੇ ਖ਼ੂਨ ’ਚ ਜਮਾਂਦਰੂ ਹੀ ਹੁੰਦੀ ਹੈ। ਸੋ ਅਸੀਂ ਪਿੰਡ ਦੇ ਕੁਝ ਮੁੰਡਿਆਂ ਨੇ ਸ਼ਾਮ ਨੂੰ ਸਕੂਲ ਜਾਣਾ ਤੇ ਕੈਂਪ ਦੇ ਇੰਚਾਰਜ ਪ੍ਰੋਫੈਸਰ ਸਾਹਿਬਾਨ ਲਈ ਦੁੱਧ ਲੈ ਕੇ ਜਾਣਾ, ਸ਼ਾਮ ਦੀਆਂ ਗਤੀਵਿਧੀਆਂ ਤੇ ਸੱਭਿਆਚਾਰਕ ਪ੍ਰੋਗਰਾਮ ਦੇਖਣਾ। ਅਸੀਂ ਕਾਫ਼ੀ ਦੇਰ ਤੱਕ ਆਪਣਾ ਸਮਾਂ ਕੈਂਪ ’ਚ ਗੁਜ਼ਾਰਦੇ। ਹਾਲੇ ਕੈਂਪ ਦਾ ਤੀਜਾ-ਚੌਥਾ ਦਿਨ ਸੀ ਕਿ ਅਸੀਂ ਪ੍ਰੋਫੈਸਰ ਸਾਹਿਬਾਨ ਕੋਲ ਬੈਠੇ ਗੱਲਬਾਤ ਕਰ ਰਹੇ ਸੀ। ਇੰਨੇ ਨੂੰ ਕੁਝ ਵਿਦਿਆਰਥੀਆਂ ਨੇ ਸਾਡੇ ਕੋਲ ਆ ਕੇ ਸ਼ਿਕਾਇਤ ਕੀਤੀ ਕਿ ਤੁਹਾਡੇ ਪਿੰਡ ਦੇ ਕੁਝ ਮੁੰਡੇ ਸਾਡੇ ਤੰਬੂ ’ਚੋਂ ਨਹੀਂ ਜਾ ਰਹੇ, ਅਸੀਂ ਆਰਾਮ ਕਰਨਾ ਚਾਹੁੰਦੇ ਹਾਂ; ਸੋ ਉਨ੍ਹਾਂ ਨੂੰ ਜਾਣ ਲਈ ਕਿਹਾ ਜਾਵੇ।
ਸੁਭਾਵਿਕ ਹੀ ਪ੍ਰੋਫੈਸਰ ਸਾਹਿਬਾਨ ਨੇ ਸਾਨੂੰ ਕਿਹਾ ਕਿ ਤੁਸੀਂ ਉਨ੍ਹਾਂ ਮੁੰਡਿਆਂ ਨੂੰ ਆਪਣੇ ਘਰਾਂ ਨੂੰ ਜਾਣ ਲਈ ਕਹੋ। ਮੈਂ ਤੰਬੂ ’ਚ ਦਾਖ਼ਲ ਹੋ ਕੇ ਉਨ੍ਹਾਂ ਦੇ ਚਿਹਰਿਆਂ ’ਤੇ ਝਾਤ ਮਾਰੀ। ਉਹ ਸਭ ਅਣਜਾਣ ਚਿਹਰੇ ਸਨ। ਅਸੀਂ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਸਾਡੇ ਪਿੰਡੋਂ ਨਹੀਂ। ਮੇਰੀ ਇਹ ਗੱਲ ਸੁਣ ਕੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਫੜ ਲਿਆ। ਉਨ੍ਹਾਂ ’ਚੋਂ ਇੱਕ ਦੀ ਬਾਂਹ ਮੈਂ ਵੀ ਫੜੀ ਹੋਈ ਸੀ। ਜਿਉਂ ਹੀ ਤੰਬੂ ’ਚੋਂ ਬਾਹਰ ਆਏ ਤਾਂ ਵਿਹੜੇ ’ਚ ਭਗਦੜ ਮੱਚ ਗਈ। ਜਿੱਧਰ ਕਿਸੇ ਦਾ ਮੂੰਹ ਹੋਇਆ ਦੌੜ ਗਿਆ। ਮੈਨੂੰ ਗੱਲ ਸਮਝ ਨਾ ਲੱਗੇ ਕਿ ਕੀ ਹੋਇਆ ਹੈ। ਜਿਸ ਮੁੰਡੇ ਨੂੰ ਮੈਂ ਫੜਿਆ ਹੋਇਆ ਸੀ, ਐਨ ਉਸੇ ਵਕਤ ਉਸ ਨੇ ਆਪਣਾ ਹਥਿਆਰ ਕੱਢ ਕੇ ਮੇਰੇ ’ਤੇ ਤਾਣ ਦਿੱਤਾ ਤੇ ਕਿਹਾ, ‘‘ਹੁਣ ਦੱਸ ਕੀ ਕਰਨਾ ਹੈ?’’
ਘਟਨਾ ਨੂੰ ਬਿਨਾਂ ਕਿਸੇ ਨੁਕਸਾਨ ਦੇ ਟਾਲਣ ਲਈ ਮੈਂ ਯਕਦਮ ਫ਼ੈਸਲਾ ਲਿਆ ਤੇ ਉਸ ਨੂੰ ਕਿਹਾ, ‘‘ਪਿੱਛੇ ਗੇਟ ਹੈ। ਤੁਸੀਂ ਉਧਰ ਜਾਓ ਤੇ ਮੈਂ ਅੱਗੇ ਜਾਂਦਾ ਹਾਂ।’’
ਸੰਪਰਕ: 95016-55113

