DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਨਪੜ੍ਹ ਮਾਈ ਨੇ ਕੰਪਿਊਟਰ ਵਾਹਣੀ ਪਾਇਆ!

ਦੇਸ਼ ’ਚ ਇਸ ਵੇਲੇ ਜਨਗਣਨਾ ਚੱਲ ਰਹੀ ਹੈ। ਇਹ ਗੱਲ ਸਾਰੇ ਜਾਣਦੇ ਹਨ ਕਿ ਅਧਿਆਪਕਾਂ ਦੀ ਮੁੱਢਲੀ ਡਿਊਟੀ ਬੱਚਿਆਂ ਨੂੰ ਪੜ੍ਹਾਉਣਾ ਹੈ ਪਰ ਵੋਟਾਂ, ਜਨਗਣਨਾ, ਆਰਥਿਕ ਸਰਵੇਖਣ ਆਦਿ ਕੋਈ ਵੀ ਵੱਡੇ ਪੱਧਰ ਦਾ ਕੰਮ ਹੋਵੇ ਤਾਂ ਸਭ ਤੋਂ ਵੱਧ ਡਿਊਟੀਆਂ...

  • fb
  • twitter
  • whatsapp
  • whatsapp
Advertisement

ਦੇਸ਼ ’ਚ ਇਸ ਵੇਲੇ ਜਨਗਣਨਾ ਚੱਲ ਰਹੀ ਹੈ। ਇਹ ਗੱਲ ਸਾਰੇ ਜਾਣਦੇ ਹਨ ਕਿ ਅਧਿਆਪਕਾਂ ਦੀ ਮੁੱਢਲੀ ਡਿਊਟੀ ਬੱਚਿਆਂ ਨੂੰ ਪੜ੍ਹਾਉਣਾ ਹੈ ਪਰ ਵੋਟਾਂ, ਜਨਗਣਨਾ, ਆਰਥਿਕ ਸਰਵੇਖਣ ਆਦਿ ਕੋਈ ਵੀ ਵੱਡੇ ਪੱਧਰ ਦਾ ਕੰਮ ਹੋਵੇ ਤਾਂ ਸਭ ਤੋਂ ਵੱਧ ਡਿਊਟੀਆਂ ਅਧਿਆਪਕਾਂ ਦੀਆਂ ਹੀ ਲੱਗਦੀਆਂ ਹਨ। ਪਿਛਲੇ ਸਮੇਂ ’ਚ ਤਾਂ ਅਧਿਆਪਕਾਂ ਕੋਲੋਂ ਕੋਵਿਡ ਦੌਰਾਨ ਵੀ ਕੰਮ ਲਿਆ ਗਿਆ। ਮੈਂ ਸਿੱਖਿਆ ਵਿਭਾਗ ਵਿੱਚ 36 ਸਾਲ ਡੀ ਪੀ ਈ ਮਾਸਟਰ ਵਜੋਂ ਸੇਵਾਵਾਂ ਨਿਭਾਉਣ ਦੌਰਾਨ ਕਈ ਚੋਣ ਡਿਊਟੀਆਂ ਸਮੇਤ 1981, 1991 ਤੇ 2001 ਵਿੱਚ ਪਿੰਡ ਚੀਮਾ (ਜੋਧਪੁਰ) ਦੀ ਜਨਗਣਨਾ ਕਰ ਚੁੱਕਾ ਹਾਂ। ਇਸ ਪਿੰਡ ਵਿੱਚ 32 ਸਾਲ ਪੜ੍ਹਾਉਣ ਅਤੇ ਪੰਜ ਸਾਲ ਰਹਿਣ ਕਰਕੇ ਪਿੰਡ ਨਾਲ ਬਹੁਤ ਅਪਣੱਤ ਸੀ ਅਤੇ ਚੱਪੇ-ਚੱਪੇ ਨਾਲ ਵਾਕਫ਼ੀਅਤ ਵੀ, ਜਿਸ ਕਾਰਨ ਮੈਨੂੰ ਕਈ ਜਾਣਕਾਰ ਸ਼ਹਿਣੇ ਦੀ ਬਜਾਏ ਚੀਮਿਆਂ ਆਲਾ ਆਖਦੇ ਹਨ। ਖ਼ੈਰ, ਜਨਗਣਨਾ ਦੌਰਾਨ ਹੋਏ ਖੱਟੇ-ਮਿੱਠੇ ਤਜਰਬਿਆਂ ’ਚੋਂ 1991 ਵਾਲੀ ਜਨਗਣਨਾ ਦੀ ਗੱਲ ਸਾਂਝੀ ਕਰਦਾ ਹਾਂ। ਉਦੋਂ ਜਿਹੜੇ ਫਾਰਮ ਛਾਪੇ ਗਏ, ਉਹ ਕੰਪਿਊਟਰ ਵਿੱਚ ਫੀਡ ਹੋਣੇ ਸਨ। ਫਾਰਮ ਦਾ ਅੰਤਲਾ ਕਾਲਮ ਵਿਆਹੀ ਹੋਈ ਇਸਤਰੀ ਵਾਸਤੇ ਸੀ, ਜਿਸ ਨੇ ਕਾਲਮ ’ਚ ਭਰਨਾ ਸੀ ਕਿ ਵਿਆਹ ਤੋਂ ਬਾਅਦ ਉਹ ਇਸ ਪਿੰਡ ’ਚ ਕਿੰਨੇ ਸਾਲ ਤੋਂ ਰਹਿ ਰਹੀ ਹੈ। ਕਾਲਮ ਵਿੱਚ ਸਿਰਫ਼ ਦੋ ਖਾਨੇ ਹੋਣ ਕਰਕੇ ਵੱਧ ਤੋਂ ਵੱਧ 99 ਭਰਿਆ ਜਾ ਸਕਦਾ ਸੀ। ਜਨਗਣਨਾ ਦਰਮਿਆਨ ਇੱਕ ਘਰ ’ਚ ਇੱਕ ਮਾਈ ਤੋਂ ਜਦੋਂ ਉਸ ਦੀ ਉਮਰ ਪੁੱਛੀ ਤਾਂ ਉਸ ਨੇ ਛੇ ਵੀਹਾਂ ਦੱਸਿਆ ਭਾਵ 120 ਸਾਲ। ਮੈਂ ਜਦੋਂ ਮਾਈ ਨੂੰ ਪੁੱਛਿਆ, ‘‘ਵਿਆਹ ਕਿਸ ਉਮਰ ’ਚ ਹੋਇਆ ਸੀ?’’ ਤਾਂ ਉਸ ਨੇ ਕਿਹਾ, ‘‘18 ਸਾਲ ਦੀ ਉਮਰ ’ਚ...!’’ ਘਰ ’ਚ ਕੋਈ ਪੜਿ੍ਹਆ-ਲਿਖਿਆ ਨਾ ਹੋਣ ਕਰਕੇ ਵਿਆਹ ਦੀ ਉਮਰ ਬਾਰੇ ਪੁਸ਼ਟੀ ਨਾ ਹੋ ਸਕੀ। ਉਸ ਗਲੀ ਦੇ ਨਾਲ ਹੀ ਭੰਗੂਆਂ ਦੇ ਕੋਠੇ ਹਨ, ਜਿਨ੍ਹਾਂ ਵਿੱਚ ਸਾਡੇ ਮਿੱਤਰ ਊਦਾ ਸਿੰਘ ਭੰਗੂ ਅਤੇ ਚੰਦ ਸਿੰਘ ਭੰਗੂ ਰਹਿੰਦੇ ਸਨ, ਜੋ ਪਿੰਡ ਦੇ ਮੋਹਤਬਰ ਸਨ। ਮੈਂ ਊਦਾ ਸਿੰਘ ਭੰਗੂ ਨੂੰ ਮਾਈ ਦੀ ਉਮਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਉਮਰ ਬਾਰੇ ਤਾਂ ਪੱਕਾ ਪਤਾ ਨਹੀਂ, ਪਰ ਮੈਂ ਜਦੋਂ ਦੀ ਸੁਰਤ ਸੰਭਾਲੀ ਹੈ, ਮਾਈ ਨੂੰ ਇਹੋ ਜਿਹੀ ਹੀ ਦੇਖਿਆ ਹੈ।’’ ਬੜਾ ਪੰਗਾ ਪਿਆ। ਫਿਰ ਜਨਗਣਨਾ ਦੇ ਕੰਮ ਦੀ ਪ੍ਰਗਤੀ ਅਤੇ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰਾਂ ਕਰਨ ਲਈ, ਜਿਸ ਦਿਨ ਤਹਿਸੀਲ ’ਚ ਸਾਡੀ ਮੀਟਿੰਗ ਸੀ ਤਾਂ ਮੈਂ ਸੁਪਰਵਾਈਜ਼ਰ ਨੂੰ ਕਿਹਾ, ‘‘ਸਰ, ਤੁਹਾਡੇ ਤਾਂ ਫਾਰਮ ਹੀ ਗ਼ਲਤ ਛਪੇ ਹਨ।’’ ਉਨ੍ਹਾਂ ਮੇਰੇ ਵੱਲ ਇੰਝ ਦੇਖਿਆ ਜਿਵੇਂ ਮੈਂ ਕੋਈ ਅਨੋਖੀ ਗੱਲ ਕੀਤੀ ਹੋਵੇ। ਮੈਂ ਆਖ਼ਰੀ ਕਾਲਮ ਦਾ ਹਵਾਲਾ ਦਿੰਦਿਆਂ ਦੱਸਿਆ, ‘‘ਮੇਰੇ ਪਿੰਡ ’ਚ ਇੱਕ ਮਾਈ ਨੂੰ ਵਿਆਹ ਤੋਂ ਬਾਅਦ ਪਿੰਡ ਰਹਿੰਦਿਆਂ 102 ਸਾਲ ਹੋ ਗਏ ਹਨ, ਪਰ ਫਾਰਮ ਵਿੱਚ 99 ਤੋਂ ਵੱਧ ਲਿਖਿਆ ਨਹੀਂ ਜਾ ਸਕਦਾ।’’ ਮੇਰੀ ਗੱਲ ਤੋਂ ਨਿਰੁੱਤਰ ਹੋਏ ਸੁਪਰਵਾਈਜ਼ਰ ਨੇ ਕਿਹਾ, ‘‘ਐਡਜਸਟ ਕਰ ਲਓ, ਜਾਂ ਤਾਂ ਉਮਰ ਘੱਟ ਲਿਖ ਲਓ, ਜਾਂ ਵਿਆਹ ਵੱਡੀ ਉਮਰ ਵਿੱਚ ਦਿਖਾ ਦਿਓ।’’

ਇਸੇ ਤਰ੍ਹਾਂ ਸਾਲ 2001 ਦੀ ਜਨਗਣਨਾ ’ਚ ਮੇਰੇ ਮਿੱਤਰ ਅਜੀਤ ਸਿੰਘ ਦੀ ਡਿਊਟੀ ਸਾਡੇ ਸਕੂਲ ਵਾਲੇ ਚੀਮਾ ਪਿੰਡ ਦੀ ਬਜਾਏ ਸੰਘੇੜਾ ਵਿੱਚ ਲਾਈ ਗਈ। ਜਿਵੇਂ ਪਿਛਲੇ ਸਮੇਂ ’ਚ ਜਦੋਂ ਹਾੜ੍ਹੀ ਹੱਥੀਂ ਵੱਢੀ ਜਾਂਦੀ ਸੀ ਤਾਂ ਲੋਕ ਬਿੜੀ ਕਰ ਲੈਂਦੇ ਸਨ। ਪਹਿਲਾਂ ਇੱਕ ਦੀ ਕਣਕ ਵੱਢ ਲੈਂਦੇ ਸਨ ਤੇ ਫਿਰ ਦੂਜੇ ਦੀ ਕਣਕ ਵੱਢਦੇ। ਉਸੇ ਤਰ੍ਹਾਂ ਅਜੀਤ ਸਿੰਘ ਕਹਿੰਦਾ ਪਹਿਲਾਂ ਦੋ ਦਿਨ ਉਹ ਮੇਰੇ ਨਾਲ ਚੀਮੇ ਕੰਮ ਕਰਾਵੇਗਾ, ਫਿਰ ਆਪਾਂ ਦੋ ਦਿਨ ਸੰਘੇੜੇ ਜਨਗਣਨਾ ਕਰਾਂਗੇ। ਜਨਗਣਨਾ ਤੋਂ ਪਹਿਲਾਂ ਵਸੋਂ ਵਾਲੇ ਘਰਾਂ ਦੀਆਂ ਸੂਚੀਆਂ ਬਣਦੀਆਂ ਹਨ। ਸੂਚੀਆਂ ਉੱਪਰ ਪਿੰਡ ਦੇ ਨਾਂ ਨਾਲ ਪੱਤੀ ਜਾਂ ਗੁਆਂਢ ਵੀ ਲਿਖ ਦਿੱਤਾ ਜਾਂਦਾ ਹੈ ਤਾਂ ਜੋ ਘਰ ਭਾਲਣ ਦੀ ਸਹੂਲਤ ਰਹੇ। ਅਜੀਤ ਸਿੰਘ ਨੂੰ ਮਿਲੀਆਂ ਸੂਚੀਆਂ ਉੱਪਰ ਸਿਰਫ਼ ਪਿੰਡ ਸੰਘੇੜਾ ਲਿਖਿਆ ਹੋਇਆ ਸੀ।

Advertisement

ਅਜੀਤ ਦੀ ਲਿਸਟ ’ਚ ਪਹਿਲਾ ਘਰ ਹੀ ਗੁਰਦੁਆਰਾ ਬੰਗਲਾ ਸਾਹਿਬ ਲਿਖਿਆ ਹੋਇਆ ਸੀ। ਸਾਨੂੰ ਉਮੀਦ ਸੀ ਕਿ ਕੰਮ ਸ਼ੁਰੂ ਕਰਨ ’ਚ ਕੋਈ ਦਿੱਕਤ ਨਹੀਂ ਆਵੇਗੀ ਪਰ ਜਦੋਂ ਅਸੀਂ ਦੁਪਹਿਰ ਬਾਅਦ ਸੰਘੇੜੇ ਗਏ ਤਾਂ ਪਤਾ ਲੱਗਾ ਕਿ ਸੰਘੇੜੇ ’ਚ ਤਾਂ ਗੁਰਦੁਆਰਾ ਬੰਗਲਾ ਸਾਹਿਬ ਹੈ ਹੀ ਨਹੀਂ। ਜਦੋਂ ਸੱਥ ’ਚ ਅਸੀਂ ਲਿਸਟ ’ਚੋਂ ਵੱਖੋ-ਵੱਖ ਵਿਅਕਤੀਆਂ ਦੇ ਨਾਂ ਪੜ੍ਹੇ ਤਾਂ ਪਤਾ ਲੱਗਾ ਕਿ ਇਹ ਸਭ ਤਾਂ ਖੇਤਾਂ ’ਚ ਵੱਖੋ-ਵੱਖ ਕੋਠਿਆਂ ਵਿੱਚ ਰਹਿੰਦੇ ਹਨ। ਕਿਸੇ ਥਾਂ ਚਾਰ-ਪੰਜ ਘਰ ਅਤੇ ਕਿਸੇ ਥਾਂ ਸੱਤ-ਅੱਠ ਘਰ ਹਨ, ਪਰ ਗੁਰਦੁਆਰਾ ਸਾਹਿਬ ਤਾਂ ਕਿਤੇ ਵੀ ਨਹੀਂ। ਹੌਲੀ-ਹੌਲੀ ਉੱਥੇ ਵਾਹਵਾ ਇਕੱਠ ਹੋ ਗਿਆ। ਜਿਹੜਾ ਕੰਮ ਸਾਨੂੰ ਸਭ ਤੋਂ ਸੁਖਾਲਾ ਲੱਗਦਾ ਸੀ ਕਿ ਗੁਰਦੁਆਰਾ ਸਾਹਿਬ ਬਾਰੇ ਤਾਂ ਹਰ ਕੋਈ ਜਾਣਦਾ ਹੋਵੇਗਾ, ਪਰ ਅਸਲ ਵਿੱਚ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਨਾ ਹੋਣ ਕਰਕੇ ਸਾਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ। ਸੱਥ ਵਿੱਚ ਅਚਾਨਕ ਇੱਕ ਸਾਬਕਾ ਫ਼ੌਜੀ ਆ ਗਿਆ, ਜੋ ਹਰ ਮਹੀਨੇ ਏਅਰ ਫੋਰਸ ਸਟੇਸ਼ਨ ’ਤੇ ਜਾਂਦਾ ਸੀ। ਉਸ ਨੇ ਦੱਸਿਆ ਕਿ ਠੀਕਰੀਵਾਲਾ-ਭੱਦਲਵੱਢ ਏਅਰ ਫੋਰਸ ਸਟੇਸ਼ਨ ਦੇ ਮੇਨ ਗੇਟ ਦੇ ਬਾਹਰ ਜਿਹੜਾ ਗੁਰਦੁਆਰਾ ਸਾਹਿਬ ਹੈ, ਉਸ ਦਾ ਨਾਂ ਬੰਗਲਾ ਸਾਹਿਬ ਹੈ, ਉੱਥੇ ਸੰਘੇੜਾ ਪਿੰਡ ਦੇ ਘਰ ਵੀ ਹਨ। ਸਾਨੂੰ ਹੀ ਪਤਾ ਹੈ ਕਿ ਅਸੀਂ ਵੱਖੋ-ਵੱਖ ਕੋਠੇ ਕਿਵੇਂ ਲੱਭੇ। ਕੁਝ ਕੋਠੇ ਇੱਕ ਜਥੇਦਾਰ ਦੇ ਨਾਂ ’ਤੇ ਟਰਾਈਡੈਂਟ ਦੇ ਪਿਛਲੇ ਪਾਸੇ ਮਿਲੇ, ਕੁਝ ਕੋਠੇ ਬਿਲਕੁਲ ਭੱਦਲਵੱਢ ਪਿੰਡ ਦੇ ਨਾਲ। ਜਲੂਰ ਪਿੰਡ ਨੂੰ ਜਾਂਦੀ ਸੜਕ ਦੇ ਖੱਬੇ ਅਤੇ ਸੱਜੇ ਧੁਰ ਜਲੂਰ ਤੱਕ, ਕੋਈ ਬਖਤਗੜ੍ਹ ਵਾਲੇ ਕੋਠੇ, ਕੋਈ ਰਾਮੇ ਵਾਲੇ ਕੋਠੇ, ਕੋਈ ਮੌੜਾਂ ਵਾਲੇ ਕੋਠੇ। ਕੁਝ ਦੇ ਤਾਂ ਹੁਣ ਨਾਮ ਵੀ ਭੁੱਲ ਗਏ। ਜੇਕਰ ਘਰਾਂ ਦੇ ਗਿਣਤੀਕਾਰ ਨੇ ਕੋਠਿਆਂ ਦੇ ਨਾਂ ਲਿਖੇ ਹੁੰਦੇ ਤਾਂ ਸਾਡਾ ਕੰਮ ਬਹੁਤ ਸੁਖਾਲਾ ਹੋ ਜਾਣਾ ਸੀ।

Advertisement

ਸੰਪਰਕ: +1-469-562-8290

Advertisement
×