DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੰਮ੍ਰਿਤਸਰ, ਅਣਗਹਿਲੀ ਅਤੇ ਆਵਾਜਾਈ

ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦੇ 450 ਸਾਲ ਮੁਕੰਮਲ ਹੋਣ ਦੇ ਜਸ਼ਨ ਮਨਾਏ ਜਾ ਰਹੇ ਹਨ, ਪਰ ਇੱਥੋਂ ਦੇ ਵਸਨੀਕ ਅਤੇ ਸ਼ਰਧਾਲੂ ਅਜੇ ਵੀ ਇੱਕ ਭਰੋਸੇਯੋਗ ਜਨਤਕ ਆਵਾਜਾਈ ਪ੍ਰਣਾਲੀ ਦੀ ਉਡੀਕ ਕਰ ਰਹੇ ਹਨ। ਇਸ ਪਵਿੱਤਰ ਨਗਰੀ ਵਿੱਚ ਰੋਜ਼ਾਨਾ ਹਜ਼ਾਰਾਂ ਦੀ...

  • fb
  • twitter
  • whatsapp
  • whatsapp
Advertisement

ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦੇ 450 ਸਾਲ ਮੁਕੰਮਲ ਹੋਣ ਦੇ ਜਸ਼ਨ ਮਨਾਏ ਜਾ ਰਹੇ ਹਨ, ਪਰ ਇੱਥੋਂ ਦੇ ਵਸਨੀਕ ਅਤੇ ਸ਼ਰਧਾਲੂ ਅਜੇ ਵੀ ਇੱਕ ਭਰੋਸੇਯੋਗ ਜਨਤਕ ਆਵਾਜਾਈ ਪ੍ਰਣਾਲੀ ਦੀ ਉਡੀਕ ਕਰ ਰਹੇ ਹਨ। ਇਸ ਪਵਿੱਤਰ ਨਗਰੀ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ ਪਰ ਫਿਰ ਵੀ ਆਉਣ-ਜਾਣ ਲਈ ਆਟੋ, ਈ-ਰਿਕਸ਼ਾ ਅਤੇ ਨਿੱਜੀ ਵਾਹਨਾਂ ਦੇ ਬੇਤਰਤੀਬੇ ਜਾਲ ਨਾਲ ਜੂਝਣਾ ਪੈਂਦਾ ਹੈ। ਇਹ ਵੱਡੀ ਖ਼ਾਮੀ ਧਾਰਮਿਕ ਅਤੇ ਵਿਰਾਸਤੀ ਸੈਰ-ਸਪਾਟੇ ਦੇ ਇੱਕ ਵੱਡੇ ਕੇਂਦਰ ਵਜੋਂ ਇਸ ਸ਼ਹਿਰ ਦੇ ਸੁਪਨਿਆਂ ਨੂੰ ਢਾਹ ਲਾਉਂਦੀ ਹੈ। ਇਹ ਨਾਕਾਮੀ ਇਸ ਕਰਕੇ ਵੀ ਬਹੁਤ ਰੜਕਦੀ ਹੈ ਕਿਉਂਕਿ ਦੋ ਵੱਡੇ ਆਵਾਜਾਈ ਪ੍ਰੋਜੈਕਟਾਂ ਉੱਤੇ ਪਹਿਲਾਂ ਹੀ ਸਰਕਾਰੀ ਪੈਸਾ ਖ਼ਰਚਿਆ ਜਾ ਚੁੱਕਾ ਹੈ। ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰੀਨਿਊਅਲ ਮਿਸ਼ਨ ਤਹਿਤ 2014 ਵਿੱਚ 60 ਬੱਸਾਂ ਨਾਲ ਸ਼ੁਰੂ ਕੀਤੀ ਗਈ ਸ਼ਹਿਰੀ ਬੱਸ ਸੇਵਾ ਦੋ ਸਾਲਾਂ ਦੇ ਅੰਦਰ-ਅੰਦਰ ਹੀ ਘਾਟੇ ਵਿੱਚ ਪੈ ਗਈ। ਇਸੇ ਤਰ੍ਹਾਂ ਲਗਪਗ 600 ਕਰੋੜ ਰੁਪਏ ਦੀ ਲਾਗਤ ਨਾਲ 2016 ਵਿੱਚ ਸ਼ੁਰੂ ਕੀਤੀ ਗਈ ਬੱਸ ਰੈਪਿਡ ਟਰਾਂਸਪੋਰਟ ਸਿਸਟਮ (ਬੀ ਆਰ ਟੀ ਸੀ) ਵੀ ਫਲਾਪ ਹੋ ਗਈ ਅਤੇ ਜੁਲਾਈ 2023 ਵਿੱਚ ਇਸ ਨੇ ਕੰਮ ਕਰਨਾ ਬੰਦ ਕਰ ਦਿੱਤਾ। ਖ਼ਬਰਾਂ ਮੁਤਾਬਿਕ, ਜਦੋਂ ਸਫ਼ਰ ਮੁਫ਼ਤ ਸੀ ਤਾਂ ਇਸ ਵਿੱਚ ਰੋਜ਼ਾਨਾ 80,000 ਮੁਸਾਫ਼ਿਰ ਸਫ਼ਰ ਕਰਦੇ ਸਨ ਪਰ ਕਿਰਾਏ ਲਾਗੂ ਹੋਣ ਤੋਂ ਬਾਅਦ ਇਹ ਗਿਣਤੀ ਘਟ ਕੇ ਲਗਪਗ 20,000 ਰਹਿ ਗਈ। ਉੱਜੜਿਆ ਹੋਇਆ ਬੁਨਿਆਦੀ ਢਾਂਚਾ ਅਤੇ ਇਸ ਲਾਂਘੇ ਨੂੰ ਹਟਾਉਣ ਦੀਆਂ ਤਿਆਰੀਆਂ ਨੇ ਯੋਜਨਾਬੰਦੀ, ਵਿੱਤੀ ਪ੍ਰਬੰਧਨ ਅਤੇ ਜਵਾਬਦੇਹੀ ਉੱਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਨੌਂ ਰੂਟਾਂ ਉੱਤੇ 160 ਕਿਲੋਮੀਟਰ ਦੇ ਦਾਇਰੇ ਵਿੱਚ 100 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਾਜ਼ਾ ਤਜਵੀਜ਼ ਇੱਕ ਨਵਾਂ ਮੌਕਾ ਲੈ ਕੇ ਆਈ ਹੈ। ਧਾਰਮਿਕ ਅਸਥਾਨਾਂ, ਵਿੱਦਿਅਕ ਅਦਾਰਿਆਂ, ਹਸਪਤਾਲਾਂ, ਅਟਾਰੀ ਬਾਰਡਰ, ਹਵਾਈ ਅੱਡੇ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰਨਾਂ ਥਾਵਾਂ ਨੂੰ ਆਪਸ ਵਿੱਚ ਜੋੜਨਾ ਇੱਥੋਂ ਦੇ ਵਸਨੀਕਾਂ ਦੇ ਨਾਲ-ਨਾਲ ਸੈਲਾਨੀਆਂ ਲਈ ਵੀ ਸਫ਼ਰ ਨੂੰ ਸੁਖਾਲਾ ਬਣਾ ਸਕਦਾ ਹੈ। ਇਸ ਦੇ ਕਾਮਯਾਬ ਹੋਣ ਲਈ ਨਿਯਮਿਤ ਫੰਡਿੰਗ, ਲੋੜੀਂਦਾ ਸਟਾਫ਼, ਸਾਂਭ-ਸੰਭਾਲ, ਕਿਫ਼ਾਇਤੀ ਕਿਰਾਏ ਅਤੇ ਬੱਸਾਂ ਦੀਆਂ ਨਿਯਮਿਤ ਫੇਰੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਵੱਡੇ ਪੱਧਰ ਉੱਤੇ ਪ੍ਰਚਾਰੀ ਗਈ ਇੱਕ ਹੋਰ ਨਵੀਂ ਯੋਜਨਾ ਵੀ ਪਹਿਲੇ ਪ੍ਰੋਜੈਕਟਾਂ ਵਾਂਗ ਅਸਫ਼ਲ ਹੋਣ ਦਾ ਖ਼ਦਸ਼ਾ ਹੋ ਸਕਦਾ ਹੈ। ਅੰਮ੍ਰਿਤਸਰ ਲਈ ਇੱਕ ਅਜਿਹੀ ਸੰਪੂਰਨ ਸ਼ਹਿਰੀ ਆਵਾਜਾਈ ਯੋਜਨਾ ਦੀ ਲੋੜ ਹੈ, ਜਿਹੜੀ ਆਖ਼ਰੀ ਸਿਰੇ ਤੱਕ ਪਹੁੰਚ, ਪੈਦਲ ਚੱਲਣ ਵਾਲਿਆਂ ਲਈ ਸਹੂਲਤਾਂ ਅਤੇ ਟਰੈਫਿਕ ਪ੍ਰਬੰਧਨ ਨੂੰ ਵੀ ਹੱਲ ਕਰੇ। ਜਦੋਂ ਤੱਕ ਸੈਲਾਨੀ ਵੱਖ-ਵੱਖ ਥਾਵਾਂ ’ਤੇ ਆਉਣ-ਜਾਣ ਲਈ ਜੂਝਦੇ ਰਹਿਣਗੇ, ਉਦੋਂ ਤੱਕ ਅੰਮ੍ਰਿਤਸਰ ਦੀ ਸੈਰ-ਸਪਾਟਾ ਸਮਰੱਥਾ ਨੂੰ ਪੂਰੀ ਤਰ੍ਹਾਂ ਸਾਕਾਰ ਨਹੀਂ ਕੀਤਾ ਜਾ ਸਕਦਾ।

Advertisement

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਰਬਾਦ ਹੋਏ ਸਰਕਾਰੀ ਧਨ ਲਈ ਜਵਾਬਦੇਹੀ ਤੈਅ ਕਰੇ ਅਤੇ ਪ੍ਰਬੰਧਕੀ ਨਿਰੰਤਰਤਾ ਨੂੰ ਯਕੀਨੀ ਬਣਾਏ। ਅੰਮ੍ਰਿਤਸਰ ਵਰਗੇ ਇਤਿਹਾਸਕ ਅਤੇ ਧਾਰਮਿਕ ਅਹਿਮੀਅਤ ਵਾਲੇ ਸ਼ਹਿਰ ਨੂੰ ਇੱਕ ਭਰੋਸੇਯੋਗ ਜਨਤਕ ਆਵਾਜਾਈ ਪ੍ਰਣਾਲੀ ਜ਼ਰੂਰ ਮਿਲਣੀ ਚਾਹੀਦੀ ਹੈ। ਇਹ ਸੈਰ-ਸਪਾਟੇ ਨਾਲ ਜੁੜੀ ਅਜਿਹੀ ਸਹੂਲਤ ਹੈ, ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।

Advertisement

Advertisement
×