DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੰਮਾ ਜੀ ਦਾ ਸੰਦੂਕ

ਮੇਰੀ ਦਾਦੀ, ਜਿਨ੍ਹਾਂ ਨੂੰ ਅਸੀਂ ਸਾਰੇ ਭੈਣ-ਭਰਾ ਪਿਆਰ ਨਾਲ ਅੰਮਾ ਜੀ ਆਖਦੇ ਸੀ, ਮੇਰੇ ਛੋਟੇ ਹੁੰਦਿਆਂ ਹੀ ਵਿਧਵਾ ਹੋ ਗਏ ਸਨ। ਉਨ੍ਹਾਂ ਨੇ ਆਪਣੇ ਦੋਵੇਂ ਪੁੱਤਰਾਂ (ਮੇਰੇ ਪਿਤਾ ਜੀ ਅਤੇ ਤਾਇਆ ਜੀ) ਦੀ ਪਰਵਰਿਸ਼ ਖੇਤਾਂ ਵਿੱਚ ਮਿਹਨਤ ਕਰਕੇ ਕੀਤੀ। ਉਹ...

  • fb
  • twitter
  • whatsapp
  • whatsapp
Advertisement

ਮੇਰੀ ਦਾਦੀ, ਜਿਨ੍ਹਾਂ ਨੂੰ ਅਸੀਂ ਸਾਰੇ ਭੈਣ-ਭਰਾ ਪਿਆਰ ਨਾਲ ਅੰਮਾ ਜੀ ਆਖਦੇ ਸੀ, ਮੇਰੇ ਛੋਟੇ ਹੁੰਦਿਆਂ ਹੀ ਵਿਧਵਾ ਹੋ ਗਏ ਸਨ। ਉਨ੍ਹਾਂ ਨੇ ਆਪਣੇ ਦੋਵੇਂ ਪੁੱਤਰਾਂ (ਮੇਰੇ ਪਿਤਾ ਜੀ ਅਤੇ ਤਾਇਆ ਜੀ) ਦੀ ਪਰਵਰਿਸ਼ ਖੇਤਾਂ ਵਿੱਚ ਮਿਹਨਤ ਕਰਕੇ ਕੀਤੀ। ਉਹ ਬਹੁਤ ਹੀ ਧਾਰਮਿਕ ਖ਼ਿਆਲਾਂ ਵਾਲੇ ਸਨ। ਵਿਆਹ ਤੋਂ ਬਾਅਦ ਜਦੋਂ ਦੋਵੇਂ ਭਰਾ ਵੱਖ ਵੱਖ ਹੋਏ ਤਾਂ ਅੰਮਾ ਜੀ ਸਾਡੇ ਨਾਲ ਰਹਿਣ ਲੱਗੇ। ਸਾਡੇ ਕੱਚੇ ਮਕਾਨ ਵਿੱਚ ਇੱਕ ਛੋਟਾ ਕਮਰਾ ਅੰਮਾ ਜੀ ਦਾ ਹੁੰਦਾ ਸੀ। ਬਚਪਨ ਵਿੱਚ ਜਦੋਂ ਕਦੇ ਕਿਸੇ ਸ਼ਰਾਰਤ ਕਾਰਨ ਕੁੱਟ ਪੈਣ ਦਾ ਡਰ ਹੁੰਦਾ ਤਾਂ ਅਸੀਂ ਉਨ੍ਹਾਂ ਦੇ ਬਿਸਤਰੇ ਵਿੱਚ ਲੁਕ ਜਾਣਾ ਤੇ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਨ੍ਹਾਂ ਦੇ ਕਮਰੇ ਵਿੱਚ ਆ ਕੇ ਸਾਨੂੰ ਕੁਝ ਕਹਿ ਸਕੇ। ਕਈ ਵਾਰੀ ਉਨ੍ਹਾਂ ਰਾਤ ਨੂੰ ਸਾਨੂੰ ਕੋਈ ਕਹਾਣੀ ਸੁਣਾਉਣੀ ਤਾਂ ਅਸੀਂ ਕਹਾਣੀ ਸੁਣਦੇ ਸੁਣਦੇ ਉਨ੍ਹਾਂ ਦੇ ਬਿਸਤਰੇ ਵਿੱਚ ਹੀ ਸੌਂ ਜਾਣਾ।

ਉਨ੍ਹਾਂ ਦੇ ਕਮਰੇ ਵਿੱਚ ਅਨਾਜ ਸੰਭਾਲਣ ਲਈ ਇੱਕ ਕੋਠਰੀ (ਮਿੱਟੀ ਦਾ ਬਕਸਾਨੁਮਾ ਆਕਾਰ ਦਾ ਘਰ ਜਿਸ ਵਿੱਚ ਦੋ ਤਿੰਨ ਕੁਇੰਟਲ ਅਨਾਜ ਆ ਜਾਂਦਾ ਸੀ) ਉੱਪਰ ਇੱਕ ਲੱਕੜ ਦਾ ਸੰਦੂਕ ਪਿਆ ਹੁੰਦਾ ਸੀ ਜਿਸ ਨੂੰ ਹਮੇਸ਼ਾ ਤਾਲਾ ਲੱਗਿਆ ਰਹਿੰਦਾ ਸੀ। ਅਸੀਂ ਕਈ ਵਾਰ ਅੰਮਾ ਜੀ ਨੂੰ ਪੁੱਛਦੇ ਕਿ ਇਸ ਸੰਦੂਕ ਵਿੱਚ ਕੀ ਹੈ? ਦੱਸਣਾ ਤਾਂ ਦੂਰ, ਅੰਮਾ ਜੀ ਤਾਂ ਸਾਨੂੰ ਸੰਦੂਕ ਨੂੰ ਛੂਹਣ ਵੀ ਨਹੀਂ ਸੀ ਦਿੰਦੇ। ਮੈਨੂੰ ਇੱਕ ਸਵਾਲ ਹਮੇਸ਼ਾ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਕਿ ਆਖ਼ਰ ਅੰਮਾ ਜੀ ਦੇ ਸੰਦੂਕ ਵਿੱਚ ਅਜਿਹੀ ਕੀ ਚੀਜ਼ ਹੋ ਸਕਦੀ ਹੈ, ਜੋ ਉਹ ਸਾਨੂੰ ਸੰਦੂਕ ਨੂੰ ਛੂਹਣ ਵੀ ਨਹੀਂ ਦਿੰਦੇ।

Advertisement

1987 ਵਿੱਚ ਮੇਰੇ ਪਿਤਾ ਜੀ ਸਵਰਗ ਸਿਧਾਰ ਗਏ। ਪੁੱਤਰ ਦੇ ਵਿਛੋੜੇ ਵਿੱਚ ਅੰਮਾ ਜੀ ਅਕਸਰ ਉਦਾਸ ਰਹਿੰਦੇ ਸਨ। ਜਨਵਰੀ 1991 ਵਿੱਚ ਅੰਮਾ ਜੀ ਬਿਮਾਰ ਰਹਿਣ ਲੱਗੇ, ਉਨ੍ਹਾਂ ਨੂੰ ਪੀਲੀਆ ਹੋ ਗਿਆ ਸੀ। ਡਾਕਟਰ ਨੂੰ ਵਿਖਾ ਕੇ ਦਵਾ-ਦਾਰੂ ਸ਼ੁਰੂ ਕੀਤੀ। ਡਾਕਟਰ ਨੇ ਦਵਾ ਦੇ ਨਾਲ-ਨਾਲ ਮੂਲੀ ਦਾ ਪਾਣੀ ਅਤੇ ਗੰਨੇ ਦਾ ਰਸ ਪਿਆਉਣ ਦੀ ਸਲਾਹ ਦਿੱਤੀ। ਮੈਂ ਗੰਨੇ ਦਾ ਰਸ ਤਲਵਾੜੇ ਤੋਂ ਲੈ ਕੇ ਆਉਂਦਾ ਸੀ ਕਿਉਂਕਿ ਸਾਡੇ ਪਿੰਡਾਂ ਵੱਲ ਗੰਨੇ ਦੀ ਫ਼ਸਲ ਨਾਂ-ਮਾਤਰ ਹੁੰਦੀ ਸੀ। ਦਵਾਈ ਦਾ ਕੋਈ ਜ਼ਿਆਦਾ ਅਸਰ ਨਹੀਂ ਹੋ ਰਿਹਾ ਸੀ। 31 ਜਨਵਰੀ 1991 ਨੂੰ ਸਵੇਰ ਦਾ ਵੇਲਾ ਸੀ, ਅੰਮਾ ਜੀ ਨੇ ਮੈਨੂੰ ਕਿਹਾ ਕਿ ਜਾ ਕੇ ਆਪਣੇ ਤਾਏ ਨੂੰ ਬੁਲਾ ਲਿਆ। ਮੈਂ ਤਾਇਆ ਜੀ ਦੇ ਘਰ ਜਾ ਕੇ ਦੱਸਿਆ ਕਿ ਅੰਮਾ ਜੀ ਤੂਹਾਨੂੰ ਬੁਲਾ ਰਹੇ ਹਨ। ਤਾਇਆ ਜੀ ਜਦੋਂ ਉਨ੍ਹਾਂ ਦੇ ਕਮਰੇ ਵਿੱਚ ਆਏ ਤਾਂ ਅੰਮਾ ਜੀ ਨੇ ਸੰਦੂਕ ਵੱਲ ਇਸ਼ਾਰਾ ਕਰਕੇ ਮੈਨੂੰ ਕਿਹਾ, ‘‘ਇਸ ਨੂੰ ਹੇਠਾਂ ਉਤਾਰ।’’ ਮੈਂ ਸੰਦੂਕ ਹੇਠਾਂ ਉਤਾਰ ਦਿੱਤਾ। ਅੰਮਾ ਜੀ ਨੇ ਆਪਣੇ ਸਿਰਹਾਣੇ ਹੇਠੋਂ ਚਾਬੀ ਕੱਢ ਕੇ ਮੈਨੂੰ ਤਾਲਾ ਖੋਲ੍ਹਣ ਲਈ ਕਿਹਾ। ਤਾਲਾ ਖੋਲ੍ਹਦੇ ਵਕਤ ਮੈਂ ਇਹ ਜਾਣਨ ਲਈ ਬਹੁਤ ਉਤਸ਼ਾਹਿਤ ਸੀ ਕਿ ਆਖ਼ਰ ਸੰਦੂਕ ਦੇ ਅੰਦਰੋਂ ਕੀ ਨਿਕਲੇਗਾ? ਜਿਉਂ ਹੀ ਮੈਂ ਸੰਦੂਕ ਖੋਲ੍ਹਿਆ, ਸਭ ਤੋਂ ਉਪਰ ਖੱਦਰ ਦਾ ਬੁਣਿਆ ਇੱਕ ਸਫ਼ੇਦ ਕੱਪੜਾ ਤਹਿ ਲਾ ਕੇ ਰੱਖਿਆ ਹੋਇਆ ਸੀ। ਅੰਮਾ ਜੀ ਨੇ ਉਸ ਕੱਪੜੇ ਵੱਲ ਇਸ਼ਾਰਾ ਕਰਕੇ ਤਾਇਆ ਜੀ ਨੂੰ ਕਿਹਾ, ‘‘ਇਹ ਕੱਪੜਾ ਸੁੱਚਾ ਹੈ, ਮੈਂ ਇਹ ਕੱਪੜਾ ਕਾਫੀ ਸਮਾਂ ਪਹਿਲਾਂ ਜੁਲਾਹੇ ਤੋਂ ਬੁਣਵਾਇਆ ਸੀ। ਮੇਰੀ ਮੌਤ ’ਤੇ ਸਭ ਤੋਂ ਪਹਿਲਾਂ ਇਹ ਕੱਪੜਾ ਮੇਰੇ ਸਰੀਰ ’ਤੇ ਪਾਉਣਾ ਹੈ।’’ ਇਹ ਗੱਲ ਸੁਣਦਿਆਂ ਹੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਹੈਰਾਨ ਵੀ ਸਾਂ ਕਿ ਅੰਮਾ ਜੀ ਨੂੰ ਆਪਣੇ ਆਖ਼ਰੀ ਸਮੇਂ ਦਾ ਅਹਿਸਾਸ ਕਿਵੇਂ ਹੋ ਗਿਆ ਹੈ? ਫਿਰ ਅੰਮਾ ਜੀ ਨੇ ਕਿਹਾ, ‘‘ਸੰਦੂਕ ਦੇ ਕੋਨੇ ਵਿੱਚ ਇੱਕ ਥੈਲੀ ਪਈ ਹੈ, ਉਹ ਬਾਹਰ ਕੱਢ।’’ ਜਿਉਂ ਹੀ ਮੈਂ ਸੰਦੂਕ ਵਿੱਚ ਹੱਥ ਪਾਇਆ ਤਾਂ ਕੋਨੇ ’ਤੇ ਪਈ ਥੈਲੀ ਆਸਾਨੀ ਨਾਲ ਮਿਲ ਗਈ। ਜਦੋਂ ਮੈਂ ਥੈਲੀ ਖੋਲ੍ਹੀ ਤਾਂ ਉਸ ਵਿੱਚੋਂ ਸੱਤ ਚਾਂਦੀ ਦੇ ਸਿੱਕੇ ਨਿਕਲੇ। ਮੈਂ ਸਾਰੇ ਸਿੱਕੇ ਅੰਮਾ ਜੀ ਦੇ ਹੱਥ ਵਿੱਚ ਰੱਖ ਦਿੱਤੇ। ਅੰਮਾ ਜੀ ਨੇ ਇੱਕ ਸਿੱਕਾ ਮੈਨੂੰ ਦਿੱਤਾ ਤੇ ਤਾਇਆ ਜੀ ਨੂੰ ਕਿਹਾ, ‘‘ਮੇਰੇ ਇਸ ਪੋਤੇ ਨੇ ਮੇਰੀ ਬਹੁਤ ਸੇਵਾ ਕੀਤੀ ਹੈ, ਇਹ ਸਿੱਕਾ ਇਸ ਦਾ ਹੈ।’’ ਬਾਕੀ ਦੇ ਛੇ ਸਿੱਕੇ ਤਾਇਆ ਜੀ ਨੂੰ ਫੜਾਉਂਦਿਆਂ ਉਨ੍ਹਾਂ ਕਿਹਾ, ‘‘ਇਹ ਸਿੱਕੇ ਵੇਚ ਕੇ ਜਿੰਨੇ ਵੀ ਪੈਸੇ ਮਿਲਣ ਉਹ ਮੇਰੇ ਕਿਰਿਆ-ਕਰਮ ਵਾਸਤੇ ਵਰਤ ਲੈਣੇ।’’ ਉਸ ਤੋਂ ਬਾਅਦ ਅੰਮਾ ਜੀ ਨੇ ਸਾਨੂੰ ਬਾਹਰ ਜਾਣ ਦਾ ਇਸ਼ਾਰਾ ਕਰ ਦਿੱਤਾ।

Advertisement

ਤਾਇਆ ਜੀ ਤੇ ਮੈਂ ਉਦਾਸ ਮਨ ਨਾਲ ਬਾਹਰ ਆ ਗਏ। ਮੈਂ ਉਦਾਸ ਸੀ ਪਰ ਇੱਕ ਗੱਲ ’ਤੇ ਮਾਣ ਵੀ ਮਹਿਸੂਸ ਕਰ ਰਿਹਾ ਸੀ ਕਿ ਅੰਮਾ ਜੀ ਨੇ ਆਪਣੇ ਸੱਤ ਪੋਤਿਆਂ ਅਤੇ ਪੰਜ ਪੋਤੀਆਂ ਵਿੱਚੋਂ ਕੇਵਲ ਮੈਨੂੰ ਹੀ ਸਿੱਕਾ ਦਿੱਤਾ। ਥੋੜ੍ਹੀ ਦੇਰ ਬੇਚੈਨ ਬਾਹਰ ਘੁੰਮਦਾ ਰਿਹਾ। ਘੰਟੇ ਕੁ ਬਾਅਦ ਅੰਦਰ ਗਿਆ ਤਾਂ ਦੇਖਿਆ ਕਿ ਅੰਮਾ ਜੀ ਜ਼ੋਰ ਜ਼ੋਰ ਨਾਲ ਸਾਹ ਲੈ ਰਹੇ ਸਨ। ਤਾਇਆ ਜੀ ਨੂੰ ਆਵਾਜ਼ ਮਾਰੀ, ਉਹ ਵੀ ਦੌੜੇ ਦੌੜੇ ਅੰਦਰ ਆ ਗਏ। ਉਹ ਅੰਮਾ ਜੀ ਦੀ ਹਾਲਤ ਵੇਖ ਕਹਿਣ ਲੱਗੇ, ‘‘ਲੱਗਦੈ ਅੰਮਾ ਜੀ ਦਾ ਆਖ਼ਰੀ ਸਮਾਂ ਆ ਗਿਆ, ਇਨ੍ਹਾਂ ਨੂੰ ਮੰਜੀ ਤੋਂ ਹੇਠਾਂ ਲਾਹ ਦਿੰਦੇ ਹਾਂ।’’ ਮੈਂ ਭੁੰਜੇ ਚਾਦਰ ਵਿਛਾਈ ਤੇ ਅੰਮਾ ਜੀ ਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਕੇ ਹਾਲੇ ਹੇਠਾਂ ਲਾਹ ਹੀ ਰਿਹਾ ਸੀ ਕਿ ਉਨ੍ਹਾਂ ਨੇ ਮੇਰੇ ਹੱਥਾਂ ਵਿੱਚ ਹੀ ਪ੍ਰਾਣ ਤਿਆਗ ਦਿੱਤੇ। ਉਹ 86 ਸਾਲ ਦੀ ਉਮਰ ਭੁਗਤ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।

ਅੱਜ ਵੀ ਜਦੋਂ ਅੰਮਾ ਜੀ ਨੂੰ ਯਾਦ ਕਰਦਾ ਹਾਂ ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਉਨ੍ਹਾਂ ਨੇ ਆਖ਼ਰੀ ਸਾਹ ਮੇਰੇ ਹੱਥਾਂ ਵਿੱਚ ਲਏ। ਇੱਕ ਸਵਾਲ ਦਾ ਜਵਾਬ ਅੱਜ ਵੀ ਨਹੀਂ ਮਿਲ ਸਕਿਆ ਕਿ ਅੰਮਾ ਜੀ ਸੱਤ ਸਿੱਕਿਆਂ ਨੂੰ ਆਖ਼ਰ ਤੱਕ ਬਚਾਉਣਾ ਚਾਹੁੰਦੇ ਸਨ ਜਾਂ ਆਪਣੇ ਲਈ ਰੱਖੇ ਸੁੱਚੇ ਕਫ਼ਨ ਨੂੰ ਸਾਡੇ ਤੋਂ ਲੁਕਾਉਣਾ ਚਾਹੁੰਦੇ ਸਨ?

ਸੰਪਰਕ: 94647-30770

Advertisement
×