...ਐਂਬੂਲੈਂਸ ਨਹੀਂ ਵੈਂਟੀਲੇਟਰ

...ਐਂਬੂਲੈਂਸ ਨਹੀਂ ਵੈਂਟੀਲੇਟਰ

ਸੁਪਿੰਦਰ ਸਿੰਘ ਰਾਣਾ

ਪਿੰਡੋਂ ਨਵੇਂ ਨਵੇਂ ਸ਼ਹਿਰ ਆਏ ਸਾਂ। ਨਾ ਕੋਈ ਬਹੁਤਾ ਜਾਣਦਾ ਸੀ, ਨਾ ਹੀ ਕਿਸੇ ਨੂੰ ਬੁਲਾਉਣ ਨੂੰ ਚਿਤ ਕਰਦਾ ਸੀ। ਪਿਤਾ ਜੀ ਨੇ ਕਈ ਵਾਰ ਕਹਿਣਾ, ਗੁਆਂਢੀਆਂ ਨਾਲ ਮਿਲ ਕੇ ਰਹਿਣ ਦੀ ਜਾਚ ਸਿੱਖੋ। ਕਈ ਵਾਰ ਤਾਂ ਸਾਡਾ ਤਿੰਨਾਂ ਭੈਣ-ਭਰਾਵਾਂ ਦਾ ਜੀਅ ਹੀ ਨਾ ਲੱਗਣਾ। ਸਾਹ ਲੈਣਾ ਵੀ ਔਖਾ ਜਾਪਦਾ ਸੀ। ਸੋਚਦੇ ਸੀ, ਕਦੋਂ ਆਪਣੇ ਪਿੰਡ ਨੂੰ ਮੁੜ ਚੱਲੀਏ। ਕਈ ਵਾਰ ਮਾਪਿਆਂ ਨੂੰ ਆਖਿਆ ਵੀ ਕਿ ਇੱਥੇ ਨਾਲੋਂ ਤਾਂ ਪਿੰਡ ਹੀ ਚੰਗੇ ਸੀ। ਖ਼ੈਰ! ਫਿਰ ਅੱਜ ਹੋਰ, ਤੇ ਕੱਲ੍ਹ ਹੋਰ! ਥੋੜ੍ਹੇ ਚਿਰ ਮਗਰੋਂ ਗੁਆਂਢੀ ਟੱਕਰ ਗਏ। ਉਹ ਤਪਾ ਮੰਡੀ ਤੋਂ ਆਏ ਸਨ। ਉਨ੍ਹਾਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਕਾਰਨ ਅਸੀਂ ਛੇਤੀ ਹੀ ਆਪਸ ਵਿਚ ਘੁਲਮਿਲ ਗਏ। ਗੁਆਂਢੀ ਬਲਦੇਵ ਸਿੰਘ ਵ੍ਹੀਲਚੇਅਰ ਤੇ ਆਉਂਦੇ-ਜਾਂਦੇ ਸਨ। ਵਧੇਰੇ ਕਰ ਕੇ ਨ੍ਹਾਂ ਦਾ ਛੋਟਾ ਭਰਾ ਬੀਰਾ ਉਨ੍ਹਾਂ ਦੀ ਵ੍ਹੀਲਚੇਅਰ ਨੂੰ ਸਹਾਰਾ ਦੇ ਕੇ ਉਨ੍ਹਾਂ ਨੂੰ ਟਰੱਕ ਯੂਨੀਅਨ ਅਤੇ ਹੋਰ ਕੰਮਾਂ ਲਈ ਲੈ ਕੇ ਜਾਂਦਾ। ਕਈ ਵਾਰ ਉਨ੍ਹਾਂ ਦਾ ਛੋਟਾ ਭਰਾ ਜੱਸਾ ਵੀ ਇਹ ਸੇਵਾ ਕਰਦਾ। ਬਲਦੇਵ ਸਿੰਘ ਅਤੇ ਸਾਡੇ ਪਿਤਾ ਜੀ ਕਈ ਵਾਰ ਸ਼ਾਮ ਨੂੰ ਵਿਹੜੇ ਵਿਚ ਬੈਠ ਜਾਂਦੇ ਤੇ ਉੱਚੀ ਉੱਚੀ ਗੱਲਾਂ ਕਰਦੇ ਰਹਿੰਦੇ। ਜਦੋਂ ਅੰਦਰੋਂ ਖਾਣੇ ਲਈ ਆਵਾਜ਼ ਆਉਂਦੀ, ਉਦੋਂ ਹੀ ਉਹ ਅੰਦਰ ਜਾਂਦੇ।

ਹੌਲੀ ਹੌਲੀ ਸਾਂਝ ਇੰਨੀ ਪੱਕੀ ਹੋ ਗਈ ਕਿ ਉਨ੍ਹਾਂ ਦੇ ਰਿਸ਼ਤੇਦਾਰ ਵੀ ਸਾਨੂੰ ਜਾਣਨ ਲੱਗ ਪਏ ਤੇ ਸਾਡੇ ਉਨ੍ਹਾਂ ਦੇ ਪਰਿਵਾਰ ਨੂੰ। ਦੋਵਾਂ ਘਰਾਂ ਦੇ ਜੀਅ ਇੱਕ ਦੂਜੇ ਦੇ ਦੁੱਖ-ਸੁੱਖ ਵਿਚ ਭਾਈਵਾਲ ਬਣ ਗਏ। ਕਈ ਵਾਰ ਸਾਡੇ ਨਾਨਕਿਆਂ ਤੋਂ ਸੰਧਾਰਾ ਆਉਣਾ ਤਾਂ ਮਾਤਾ ਜੀ ਨੇ ਸਾਨੂੰ ਕੌਲੀਆਂ ਫੜਾ ਕੇ ਆਖਣਾ- ਤੂੰ ਫਲਾਣੇ ਘਰ, ਤੇ ਤੂੰ ਫਲਾਣੇ ਦੇ ਆ। ਕਈ ਵਾਰ ਬੀਰੇ ਹੋਰਾਂ ਦੇ ਨਿਆਣੇ ਸਾਡੇ ਨਾਨਕਿਆਂ ਤੋਂ ਆਏ ਬਿਸਕੁਟਾਂ ਦੀ ਹੋਰ ਮੰਗ ਕਰਦੇ। ਮਾਂ ਨੇ ਕਈ ਵਾਰ ਸਾਥੋਂ ਲੁਕਾ ਕੇ ਪੀਪੇ ਵਿਚ ਰੱਖੇ ਬਿਸਕੁਟਾਂ ਵਿਚੋਂ ਕੁਝ ਨ੍ਹਾਂ ਨੂੰ ਦੇ ਦੇਣੇ। ਉਹ ਸਾਡੇ ਘਰ ਆ ਕੇ ਬਹੁਤ ਖੁਸ਼ ਰਹਿੰਦੇ। ਕਈ ਵਾਰ ਉਹ ਸਾਡੇ ਘਰ ਰੋਟੀ ਖਾ ਕੇ ਉਥੇ ਹੀ ਸੌਂ ਜਾਂਦੇ। ਮਾਤਾ ਜੀ ਬੀਰੇ ਦੀ ਸੇਵਾ ਭਾਵਨਾ ਤੋਂ ਬਹੁਤ ਪ੍ਰਭਾਵਿਤ ਹੋਏ।

ਮਾਂ ਨੇ ਪਿੰਡ ਵਾਂਗ ਸਾਝਰੇ ਹੀ ਬਾਹਰ ਟੂਟੀ ਕੋਲ ਬੈਠ ਕੇ ਕੱਪੜੇ ਧੋਣ ਲੱਗ ਜਾਣਾ। ਸਵਖਤੇ ਮੋਗਰੀ ਦੀ ਆਵਾਜ਼ ਕਾਰਨ ਕਈ ਗੁਆਂਢੀ ਪ੍ਰੇਸ਼ਾਨ ਹੁੰਦੇ ਹੋਣਗੇ ਪਰ ਬਲਦੇਵ ਅਕਸਰ ਕਿਹਾ ਕਰਦਾ- ਬੀਬੀ, ਤੇਰੀ ਮੋਗਰੀ ਦੀ ਆਵਾਜ਼ ਕਾਰਨ ਸਾਨੂੰ ਹੁਣ ਕਦੇ ਅਲਾਰਮ ਲਾਉਣ ਦੀ ਲੋੜ ਨਹੀਂ ਪੈਂਦੀ। ਜਿੱਦਣ ਇਹ ਆਵਾਜ਼ ਸੁਣਾਈ ਨਹੀਂ ਦਿੰਦੀ, ਉਸ ਦਿਨ ਅਸੀਂ ਉਠਣ ਵਿਚ ਕੁਤਾਹੀ ਹੋ ਜਾਂਦੀ ਹੈ।

ਸਮੇਂ ਦਾ ਪਤਾ ਹੀ ਨਾ ਲੱਗਿਆ ਕਿ ਕਦੋਂ ਬੀਤ ਗਿਆ। ਬਲਦੇਵ ਹੁਰਾਂ ਦਾ ਪਰਿਵਾਰ ਸਾਥੋਂ ਕਰੀਬ ਪੰਜ ਕਿਲੋਮੀਟਰ ਦੂਰ ਵੱਡੇ ਘਰ ਵਿਚ ਚਲੇ ਗਿਆ। ਕਾਫ਼ੀ ਦੇਰ ਜੀਅ ਜਿਹਾ ਨਾ ਲੱਗਿਆ। ਉਹ ਆਨੇ ਬਹਾਨੇ ਸਾਨੂੰ ਯਾਦ ਕਰਦੇ ਰਹਿੰਦੇ, ਤੇ ਸਾਨੂੰ ਉਨ੍ਹਾਂ ਦੀ ਯਾਦ ਆਉਂਦੀ ਰਹਿੰਦੀ। ਉਨ੍ਹਾਂ ਦੇ ਨਿਆਣਿਆਂ ਨੂੰ ਮਾਂ ਕਈ ਵਾਰ ਆਨੀ-ਬਹਾਨੀ ਯਾਦ ਕਰ ਲੈਂਦੀ। ਕਈ ਵਾਰ ਅਸੀਂ ਉਨ੍ਹਾਂ ਦੇ ਘਰ ਵੀ ਗਏ। ਹੁਣ ਸਾਡੇ ਨੇੜੇ ਹੋਰ ਗੁਆਂਢੀ ਆ ਗਏ। ਹੁਣ ਅਸੀਂ ਉਨ੍ਹਾਂ ਨਾਲ ਘੁਲ-ਮਿਲ ਗੲੇ। ਦਿਨ ਬੀਤਦੇ ਗਏ। ਬੱਚੇ ਜਵਾਨ ਹੋ ਗਏ। ਕੁਝ ਸਮੇਂ ਬਾਅਦ ਮੇਰੇ ਮਾਤਾ ਜੀ ਦੀ ਮੌਤ ਹੋ ਗਈ ਤੇ ਮਗਰੋਂ ਪਿਤਾ ਜੀ ਵੀ ਗੁਜ਼ਰ ਗਏ।

ਉਧਰ, ਬੀਰੇ ਦਾ ਵੱਡਾ ਭਰਾ ਬਲਦੇਵ ਵੀ ਗੁਜ਼ਰ ਗਿਆ। ਹੁਣ ਬੀਰਾ ਮੰਤਰੀ ਹੈ। ਮੰਤਰੀ ਬਣਨ ਜਦੋਂ ਸਾਡੇ ਮੁਹੱਲੇ ਦੇ ਵਾਸੀ ਉਨ੍ਹਾਂ ਨੂੰ ਵਧਾਈ ਦੇਣ ਗਏ ਤਾਂ ਅਸੀਂ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਮਿਲਣ ਅੰਦਰ ਚਲੇ ਗਏ। ਉਨ੍ਹਾਂ ਸਾਰੇ ਮੁਹੱਲਾ ਵਾਸੀਆਂ ਦਾ ਧੰਨਵਾਦ ਕੀਤਾ। ਮੰਤਰੀ ਦੀ ਪਤਨੀ ਨੇ ਆਪਣੇ ਬੱਚਿਆਂ ਨੂੰ ਸਾਡੇ ਨਾਲ ਮਿਲਾਇਆ। ਉਹ ਆਪਣੇ ਨਿਆਣਿਆਂ ਨੂੰ ਸੰਬੋਧਨ ਕਰਦੇ ਹੋਏ ਮੇਰਾ ਨਾਮ ਲੈ ਕੇ ਕਹਿਣ ਲੱਗੇ: ਤੁਸੀਂ ਇਨ੍ਹਾਂ ਦੇ ਘਰ ਖਾ ਪੀ ਲੈਂਦੇ ਸਨ ਤੇ ਮੈਨੂੰ ਤੁਹਾਡੇ ਖਾਣ-ਪੀਣ ਦਾ ਪਤਾ ਹੀ ਨਾ ਲਗਦਾ; ਮੈਂ ਉਸ ਸਮੇਂ ਸੋਚੀ ਜਾਂਦੀ ਸੀ ਕਿ ਨਿਆਣਿਆਂ ਨੇ ਕੁਝ ਖਾਧਾ ਹੀ ਨਹੀਂ; ਭੁੱਖੇ ਹੀ ਸੌਂ ਗਏ। ... ਤੁਹਾਡੇ ਮਾਤਾ ਜੀ ਕਹਿੰਦੇ ਹੁੰਦੇ ਸਨ ਕਿ ਤੂੰ ਫਿਕਰ ਨਾ ਕਰ ਇਨ੍ਹਾਂ ਨੇ ਇਧਰ ਹੀ ਸਭ ਕੁਝ ਖਾ ਲਿਆ। ਉਸ ਸਮੇਂ ਤਾਂ ਗੁਆਂਢੀਆਂ ਕਰ ਕੇ ਮੈਨੂੰ ਬੱਚਿਆਂ ਦੇ ਪਾਲਣ ਪੋਸ਼ਣ ਦਾ ਪਤਾ ਹੀ ਨਾ ਲੱਗਾ, ਹੁਣ ਜਦੋਂ ਦੋਹਤੀ ਤੇ ਦੋਹਤਾ ਕੁਝ ਮੰਗਦੇ ਨੇ ਤਾਂ ਮਹਿਸੂਸ ਹੁੰਦਾ ਹੈ ਕਿ ਬੱਚਿਆਂ ਨੂੰ ਕੀ ਕੁਝ ਖਾਣ ਲਈ ਚਾਹੀਦਾ ਹੈ। ਉਨ੍ਹਾਂ ਦੇ ਬੱਚੇ ਭਾਵੇਂ ਸਾਡੇ ਵੱਲ ਦੇਖ ਕੇ ਕੁਝ ਯਾਦ ਕਰਨ ਦੀ ਕੋਸ਼ਿਸ ਕਰ ਰਹੇ ਸਨ ਪਰ ਉਨ੍ਹਾਂ ਨੂੰ ਪਿਛਲਾ ਸਮਾਂ ਧੁੰਦਲਾ ਧੁੰਦਲਾ ਜਿਹਾ ਜਾਪਦਾ ਸੀ। ਇਸੇ ਕਾਰਨ ਉਹ ਸਾਡੇ ਵੱਲ ਬਹੁਤੀ ਤਵੱਜੋ ਨਹੀਂ ਦੇ ਰਹੇ ਸਨ। ਚਾਹ ਪੀਣ ਤੋਂ ਬਾਅਦ ਅਸੀਂ ਆਪਣੇ ਘਰਾਂ ਨੂੰ ਤੁਰ ਪਏ।

ਹੁਣ ਜਦੋਂ ਵਿਦੇਸ਼ਾਂ ਵਿਚ ਬੈਠੇ ਬੱਚਿਆਂ ਅਤੇ ਭਰਾ ਨੂੰ ਗੁਆਂਢੀਆਂ ਨਾਲ ਮਿਲ ਕੇ ਰਹਿਣ ਦੀ ਨਸੀਹਤ ਦਿੰਦਾ ਹਾਂ ਤਾਂ ਉਹ ਅੱਗਿਓਂ ਕਹਿੰਦੇ ਹਨ ਕਿ ਇੱਥੇ ਕਿਸੇ ਨੂੰ ਕਿਸੇ ਨਾਲ ਕੋਈ ਲਾਗਾ-ਦੇਗਾ ਨਹੀਂ। ਲੋਕਾਂ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਉਹ ਇੱਕ-ਦੂਜੇ ਕੋਲ ਖੜ੍ਹ ਬੈਠ ਸਕਣ। ਕੁਝ ਦਿਨਾਂ ਬਾਅਦ ਸਾਡੇ ਗਆਂਢੀ ਦਾ ਮੁੰਡਾ ਟਿੰਕੂ ਕਹਿਣ ਲੱਗਿਆ- ਭਾਜੀ, ਗੁਆਂਢੀ ਤਾਂ ਐਂਬੂਲੈਂਸ ਦਾ ਕੰਮ ਕਰਦਾ ਹੈ, ਲੋਕ ਐਵੇਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਹਨ। ਰਿਸ਼ਤੇਦਾਰ ਤਾਂ ਦੇਰ ਨਾਲ ਪਹੁੰਚਣਗੇ ਪਰ ਗੁਆਂਢੀ ਤਾਂ ਹਾਕ ਮਾਰਨ ਤੇ ਝੱਟ ਹਾਜ਼ਰ ਹੋ ਜਾਣਗੇ। ਸੋਚਦਾ ਹਾਂ ਕਿ ਉਦੋਂ ਸਾਨੂੰ ਬੀਰੇ ਵਰਗੇ ਗੁਆਂਢੀ ਨਾ ਮਿਲਦੇ ਤਾਂ ਸ਼ਾਇਦ ਸ਼ਹਿਰ ਵਿਚ ਜੀਅ ਨਾ ਲਗਦਾ। ਇਨ੍ਹਾਂ ਦਿਨਾਂ ਵਿਚ ਜਦੋਂ ਬੱਚੇ, ਭੈਣ, ਭਰਾ ਤੇ ਹੋਰ ਰਿਸ਼ਤੇਦਾਰ ਵਿਦੇਸ਼ਾਂ ਵਿਚ ਚਲੇ ਗਏ ਹਨ ਤਾਂ ਗੁਆਂਢੀਆਂ ਦੇ ਤੰਦਰੁਸਤ ਹੋਣ ਕਰ ਕੇ ਉਹ ਮੈਨੂੰ ਐਂਬੂਲੈਂਸ ਨਹੀਂ ਸਗੋਂ ਵੈਂਟੀਲੇਟਰ ਜਿਹੇ ਜਾਪਦੇ ਨੇ।
ਸੰਪਰਕ: 98152-33232

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All