ਅੱਬਾਸ ਧਾਲੀਵਾਲ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਸ਼ਵ ਪ੍ਰਸਿੱਧ ਹੈ। ਇਸ ਨੂੰ ਪਹਿਲਾਂ ਪਹਿਲ ਕਾਲਜ ਦੇ ਰੂਪ ’ਚ ਸ਼ੁਰੂ ਕਰਨ ਵਾਲੇ ਸਰ ਸੱਯਦ ਅਹਿਮਦ ਖ਼ਾਨ ਦਾ ਜਨਮ 17 ਅਕਤੂਬਰ 1817 ਨੂੰ ਦਿੱਲੀ ਵਿਖੇ ਹੋਇਆ। ਉਨ੍ਹਾਂ ਦੇ ਵਡੇਰੇ ਅਰਬ ਤੋਂ ਇਰਾਨ ਆਏ ਸਨ। ਉੱਥੋਂ ਉਹ ਅਕਬਰ ਦੇ ਜ਼ਮਾਨੇ ’ਚ ਅਫ਼ਗ਼ਾਨਿਸਤਾਨ ਦੇ ਹੇਰਾਤ ਆ ਵਸੇ ਅਤੇ ਸ਼ਾਹਜਹਾਂ ਦੇ ਜ਼ਮਾਨੇ ’ਚ ਹੇਰਾਤ ਤੋਂ ਹਿੰਦੋਸਤਾਨ ਆ ਗਏ। ਸੱਯਦ ਅਹਿਮਦ ਖ਼ਾਨ ਨੇ ਮੁੱਢਲੀ ਸਿੱਖਿਆ ਆਪਣੇ ਨਾਨਾ ਖਵਾਜ਼ਾ ਫ਼ਰੀਦ-ਉ-ਦੀਨ ਅਹਿਮਦ ਖ਼ਾਨ ਤੋਂ ਪ੍ਰਾਪਤ ਕੀਤੀ। ਸ਼ੁਰੂਆਤੀ ਸਿੱਖਿਆ ਦੇ ਰੂਪ ’ਚ ਕੁਰਾਨ ਦੀ ਤਾਲੀਮ ਹਾਸਲ ਕੀਤੀ। ਇਸ ਤੋਂ ਇਲਾਵਾ ਅਰਬੀ ਅਤੇ ਫ਼ਾਰਸੀ ਸਾਹਿਤ ਦਾ ਅਧਿਐਨ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਹਿਸਾਬ, ਚਿਕਿਤਸਾ ਅਤੇ ਇਤਿਹਾਸ ’ਚ ਵੀ ਮੁਹਾਰਤ ਹਾਸਲ ਕੀਤੀ। ਸੱਯਦ ਨੇ ਕਈ ਸਾਲ ਮੈਡੀਸਨ ਦੀ ਪੜ੍ਹਾਈ ਕੀਤੀ, ਪਰ ਕੋਰਸ ਪੂਰਾ ਨਾ ਕੀਤਾ।
ਸ਼ੁਰੂਆਤੀ ਸਿੱਖਿਆ ਪ੍ਰਾਪਤ ਕਰਨ ਮਗਰੋਂ ਉਨ੍ਹਾਂ ਨੇ ਆਪਣੇ ਮਾਸੜ ਮੌਲਵੀ ਖਲੀਲ ਅੱਲ੍ਹਾ ਕੋਲੋਂ ਕਾਨੂੰਨੀ ਕੰਮ ਸਿੱਖਿਆ ਅਤੇ 1837 ’ਚ ਆਗਰਾ ’ਚ ਕਮਿਸ਼ਨਰ ਦੇ ਦਫ਼ਤਰ ’ਚ ਬਤੌਰ ਨਾਇਬ ਮੁਨਸ਼ੀ ਕੰਮ ਕਰਨ ਲੱਗੇ। 1841 ਅਤੇ 1842 ’ਚ ਮੈਨਪੁਰੀ ਅਤੇ 1842 ਅਤੇ 1846 ਤੱਕ ਫ਼ਤਹਿਪੁਰ ਸੀਕਰੀ ’ਚ ਸਰਕਾਰੀ ਸੇਵਾਵਾਂ ਨਿਭਾਈਆਂ। ਮਿਹਨਤ ਅਤੇ ਇਮਾਨਦਾਰੀ ਨਾਲ ਤਰੱਕੀ ਕਰਦਿਆਂ 1846 ’ਚ ਦਿੱਲੀ ’ਚ ਸਦਰ ਅਮੀਨ ਨਿਯੁਕਤ ਹੋਏ। ਇੱਥੇ ਰਹਿੰਦਿਆਂ ਉਨ੍ਹਾਂ ਆਪਣੀ ਪ੍ਰਸਿੱਧ ਕਿਤਾਬ ‘ਆਸਾਰ-ਉਲ-ਸਨਾਦੀਦ’ ਲਿਖੀ।
1845 ’ਚ ਉਨ੍ਹਾਂ ਦਾ ਤਬਾਦਲਾ ਜ਼ਿਲ੍ਹਾ ਬਿਜਨੌਰ ਵਿਖੇ ਹੋ ਗਿਆ ਜਿੱਥੇ ਰਹਿੰਦਿਆਂ ਉਨ੍ਹਾਂ ਕਿਤਾਬ ‘ਸਰਕਸ਼ੀ ਜ਼ਿਲ੍ਹਾ ਬਿਜਨੌਰ’ ਲਿਖੀ। ਹਿੰਦ ਦੀ ਪਹਿਲੀ ਜੰਗ-ਏ-ਆਜ਼ਾਦੀ ਦੌਰਾਨ ਉਹ ਬਿਜਨੌਰ ਹੀ ਤਾਇਨਾਤ ਸਨ। ਇਸ ਖ਼ੂਨ ਖਰਾਬੇ ’ਚ ਉਨ੍ਹਾਂ ਨੇ ਕਈ ਅੰਗਰੇਜ਼ ਆਦਮੀਆਂ, ਔਰਤਾਂ ਅਤੇ ਬੱਚਿਆਂ ਦੀਆਂ ਜਾਨਾਂ ਬਚਾਈਆਂ। ਉਨ੍ਹਾਂ ਨੇ ਇਹ ਕੰਮ ਇਨਸਾਨੀ ਹਮਦਰਦੀ ਨਾਤੇ ਕੀਤਾ। ਅਮਨ-ਅਮਾਨ ਹੋ ਜਾਣ ਮਗਰੋਂ ਇਸ ਸੇਵਾ ਬਦਲੇ ਇਨਾਮ ਦੇਣ ਲਈ ਇਕ ਜਾਗੀਰ ਦੀ ਪੇਸ਼ਕਸ਼ ਹੋਈ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ। 1877 ’ਚ ਉਨ੍ਹਾਂ ਨੂੰ ਇੰਪੀਰੀਅਲ ਕੌਂਸਲ ਮੈਂਬਰ ਨਾਮਜ਼ਦ ਕੀਤਾ ਗਿਆ। 1888 ’ਚ ਉਨ੍ਹਾਂ ਨੂੰ ਸਰ ਦਾ ਖਿਤਾਬ ਦਿੱਤਾ ਗਿਆ ਅਤੇ 1889 ’ਚ ਇੰਗਲੈਂਡ ਦੀ ਯੂਨੀਵਰਸਿਟੀ ਐਡਨਬਰਾ ਨੇ ਉਨ੍ਹਾਂ ਨੂੰ ਐੱਲ.ਐੱਲ.ਡੀ. ਦੀ ਆਨਰੇਰੀ ਡਿਗਰੀ ਦਿੱਤੀ।
1862 ’ਚ ਗਾਜ਼ੀਪੁਰ ’ਚ ਉਨ੍ਹਾਂ ਨੇ ਸਾਇੰਟੇਫ਼ਿਕ ਸੋਸਾਇਟੀ ਦੀ ਸਥਾਪਨਾ ਕੀਤੀ। ਅਲੀਗੜ੍ਹ ਗਏ ਤਾਂ ਅਲੀਗੜ੍ਹ ਸੰਸਥਾਨ ਗਜ਼ਟ ਕੱਢਿਆ। ਇੰਗਲੈਂਡ ਤੋਂ ਪਰਤਣ ਉੱਤੇ 1870 ’ਚ ਰਿਸਾਲਾ ਤਹਿਜ਼ੀਬ-ਉਲ-ਖ਼ਲਾਕ ਜਾਰੀ ਕੀਤਾ। ਇਸ ਵਿਚਲੇ ਸਰ ਸੱਯਦ ਅਹਿਮਦ ਖ਼ਾਨ ਦੇ ਲੇਖਾਂ ਨੇ ਹਿੰਦੋਸਤਾਨੀ ਮੁਸਲਮਾਨਾਂ ਦੇ ਵਿਚਾਰਾਂ ’ਚ ਵੱਡਾ ਇਨਕਲਾਬ ਲਿਆਂਦਾ। ਸੱਯਦ ਅਹਿਮਦ ਖ਼ਾਨ ਦਾ ਵੱਡਾ ਕਾਰਨਾਮਾ ਅਲੀਗੜ੍ਹ ਕਾਲਜ ਸੀ। 1887 ’ਚ ਸੱਤਰ ਸਾਲ ਦੀ ਉਮਰ ’ਚ ਪੈਨਸ਼ਨ ਲੈ ਲਈ ਅਤੇ ਆਪਣੇ ਆਪ ਨੂੰ ਇਸ ਕਾਲਜ ਦੇ ਵਿਕਾਸ ਅਤੇ ਰਾਜਨੀਤੀ ਲਈ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਸਮਿਆਂ ਦੌਰਾਨ ਪੰਜਾਬ ਦੇ ਪੰਜ ਗੇੜੇ ਲਗਾਏ। ਇਨ੍ਹਾਂ ਪੰਜਾਬ ਫੇਰੀਆਂ ਦਾ ਜ਼ਿਕਰ ਉਨ੍ਹਾਂ ਦੇ ਉਰਦੂ ’ਚ ਪ੍ਰਕਾਸ਼ਿਤ ਸਫ਼ਰਨਾਮੇ ’ਚ ਵੀ ਮਿਲਦਾ ਹੈ।
ਸੱਯਦ ਅਹਿਮਦ ਖ਼ਾਨ ਨੇ ਮੁਸਲਿਮ ਭਾਈਚਾਰੇ ਨੂੰ ਆਧੁਨਿਕ ਸਿੱਖਿਆ ਵਿਸ਼ੇਸ਼ ਤੌਰ ’ਤੇ ਅੰਗਰੇਜ਼ੀ ਭਾਸ਼ਾ ਅਤੇ ਸਾਇੰਸ ਵਿਸ਼ਿਆਂ ਦਾ ਮਹੱਤਵ ਦੱਸਦਿਆਂ ਇਸ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ। ਪੱਛਮੀ ਸਿੱਖਿਆ ਪ੍ਰਾਪਤੀ ’ਚ ਸਭ ਤੋਂ ਵੱਡੀ ਰੁਕਾਵਟ ਭਾਈਚਾਰੇ ਦਾ ਸਮਾਜਿਕ ਅੰਧ-ਵਿਸ਼ਵਾਸ ਅਤੇ ਅੰਗਰੇਜ਼ੀ ਤੇ ਅੰਗਰੇਜ਼ਾਂ ਨਾਲ ਨਫ਼ਰਤ ਸੀ। ਅਕਸਰ ਮੁਸਲਮਾਨ ਅੰਗਰੇਜ਼ੀ ਸਿੱਖਿਆ ਨੂੰ ਇਸਾਈ ਬਣਾਉਣ ਦਾ ਇਕ ਜ਼ਰੀਆ ਸਮਝਦੇ ਸਨ।
1857 ਦੀ ਜੰਗ-ਏ-ਆਜ਼ਾਦੀ ਦੀ ਅਸਫ਼ਲਤਾ ਤੋਂ ਮੁਸਲਮਾਨਾਂ ਦੀ ਸਥਿਤੀ ਸਬੰਧੀ ਨਾਵੈਦ ਪਾਸ਼ਾ ਆਪਣੇ ਇਕ ਖੋਜ ਪੱਤਰ ‘ਸਰ ਸੱਯਦ ਅਹਿਮਦ ਖ਼ਾਨ ਅਤੇ ਮੈਗਜ਼ੀਨ ਤਹਿਜ਼ੀਬ ਉਲ ਇਖਲਾਕ ਦਾ ਮਹੱਤਵ’ ’ਚ ਲਿਖਦਾ ਹੈ ਕਿ “ਸਰ ਸੱਯਦ ਅਹਿਮਦ ਖ਼ਾਨ ਦੇ ਮੁਤਾਬਿਕ ਉੱਚ ਵਿੱਦਿਆ ਦੀ ਪ੍ਰਾਪਤੀ ਮੁਸਲਮਾਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਸੀ। 1857 ਦੇ ਸੁਤੰਤਰਤਾ ਸੰਗਰਾਮ ਦੀ ਨਾਕਾਮੀ ਉਪਰੰਤ ਮੁਸਲਮਾਨ ਆਰਥਿਕ ਪੱਖੋਂ ਬਰਬਾਦ ਹੋ ਗਏ ਸਨ। ਉਨ੍ਹਾਂ ਦੀਆਂ ਜਾਇਦਾਦਾਂ ਨਿਲਾਮ ਹੋ ਗਈਆਂ ਸਨ। ਉਨ੍ਹਾਂ ਦੀਆਂ ਜਾਗੀਰਾਂ ਜ਼ਬਤ ਹੋ ਗਈਆਂ ਅਤੇ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੂੰ ਬਦਲੇ ਦੀ ਭਾਵਨਾ ਅਧੀਨ ਫਾਂਸੀ ਚਾੜ੍ਹ ਦਿੱਤਾ ਗਿਆ ਸੀ ਜਦੋਂਕਿ ਲੱਖਾਂ ਲੋਕ ਦੋ ਵਕਤ ਰੋਟੀ ਖਾਣ ਲਈ ਵੀ ਮੁਹਤਾਜ ਹੋ ਗਏ ਸਨ। ਉਹ ਇਸ ਤੋਂ ਅੱਗੇ ਲਿਖਦਾ ਹੈ ਕਿ ਮੁਸਲਮਾਨ ਤਾਲੀਮੀ ਪੱਖੋਂ ਬਹੁਤ ਪਿੱਛੇ ਰਹਿ ਗਏ ਸਨ। ਸਰ ਸੱਯਦ ਅਹਿਮਦ ਖ਼ਾਨ ਦੇ ਸਮੇਂ ਕੋਲਕਾਤਾ ਯੂਨੀਵਰਸਿਟੀ ’ਚ ਦੋ ਸੌ ਉਮੀਦਵਾਰਾਂ ਨੇ ਬੀ.ਏ. ਦਾ ਇਮਤਿਹਾਨ ਪਾਸ ਕੀਤਾ ਤਾਂ ਉਨ੍ਹਾਂ ’ਚ ਸਿਰਫ਼ ਇਕ ਮੁਸਲਮਾਨ ਸੀ। ਜਦੋਂਕਿ ਸਰ ਸੱਯਦ ਅਹਿਮਦ ਖ਼ਾਨ ਲਿਖਦੇ ਹਨ ਕਿ ਉਸ ਸਮੇਂ ਮੁਸਲਮਾਨਾਂ ਨੂੰ ਪੱਖਾ (ਪੱਖਾ ਝੱਲਣ ਵਾਲੇ) ਕੁਲੀ, ਮਾਲੀ, ਘਸਿਆਰੇ ਅਤੇ ਕੋਚਵਾਨ ਤੋਂ ਇਲਾਵਾ ਕੋਈ ਵੀ ਨੌਕਰੀ ਨਹੀਂ ਸੀ ਮਿਲਦੀ। ਉਹ ਵਪਾਰਕ ਅਤੇ ਵਿੱਦਿਅਕ ਖੇਤਰਾਂ ’ਚ ਦੂਜੇ ਫ਼ਿਰਕਿਆਂ ਦੇ ਲੋਕਾਂ ਨਾਲੋਂ ਬਹੁਤ ਪਿੱਛੇ ਰਹਿ ਗਏ ਸਨ ਅਤੇ ਉਹ ਸਿਰ ਤੋਂ ਲੈ ਕੇ ਪੈਰਾਂ ਤਕ ਕਰਜ਼ੇ ’ਚ ਡੁੱਬੇ ਹੋਏ ਸਨ। ਉਹ ਫਜ਼ੂਲ ਰਸਮਾਂ ਪੂਰੀਆਂ ਕਰਨ ਲਈ ਮਹਾਜਨਾਂ ਤੋਂ ਵਿਆਜ ’ਤੇ ਵੱਡੀਆਂ-ਵੱਡੀਆਂ ਰਕਮਾਂ ਉਧਾਰ ਲੈ ਰਹੇ ਸਨ। ਉਹ ਕਰਜ਼ਾ ਵਾਪਸ ਨਾ ਕਰ ਸਕਦੇ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਮਹਾਜਨ ਜ਼ਬਤ ਕਰਾ ਲੈਂਦੇ। ਆਪਣੀ ਕੌਮ ਦੀ ਉਕਤ ਹਾਲਤ ਵੇਖ ਕੇ ਸਰ ਸੱਯਦ ਅਹਿਮਦ ਖ਼ਾਨ ਦੇ ਦਿਲ ’ਚੋਂ ਹੂਕ ਉੱਠਦੀ ਸੀ। ਉਨ੍ਹਾਂ ਦੀ ਫ਼ਿਕਰਮੰਦੀ ਦਾ ਅੰਦਾਜ਼ਾ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਤੋਂ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ: “ਜੋ ਹਾਲ ਉਸ ਵਕਤ ਕੌਮ ਦਾ ਸੀ ਉਹ ਮੈਥੋਂ ਵੇਖਿਆ ਨਹੀਂ ਜਾਂਦਾ ਸੀ। ਕੁਝ ਦਿਨ ਇਸੇ ਉਧੇੜ-ਬੁਣ ’ਚ ਰਿਹਾ। ਤੁਸੀਂ ਯਕੀਨ ਮੰਨੋਂ ਕਿ ਇਸ ਦੁੱਖ ਨੇ ਮੈਨੂੰ ਬੁੱਢਾ ਕਰ ਦਿੱਤਾ ਅਤੇ ਮੇਰੇ ਵਾਲ ਸਫ਼ੈਦ ਕਰ ਦਿੱਤੇ।’’ ਮੁਸਲਿਮ ਭਾਈਚਾਰੇ ਨੂੰ ਆਧੁਨਿਕ ਸਿੱਖਿਆ ਦੇਣ ਲਈ ਇਕ ਕਾਲਜ ਬਣਾਉਣ ਦੇ ਮਕਸਦ ਨਾਲ ਇਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦਾ ਉਦੇਸ਼ ਚੰਦਾ ਇਕੱਠਾ ਕਰਨਾ ਸੀ ਤੇ ਸਰ ਸੱਯਦ ਅਹਿਮਦ ਖ਼ਾਨ ਨੂੰ ਇਸ ਕਮੇਟੀ ਦਾ ਆਜੀਵਨ ਮੈਂਬਰ ਚੁਣਿਆ ਗਿਆ। ਕਮੇਟੀ ਮੈਂਬਰਾਂ ਦੇ ਬਹੁਮਤ ਨਾਲ ਇਹ ਕਾਲਜ ਅਲੀਗੜ੍ਹ ਵਿਖੇ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ।
ਕਮੇਟੀ ਮੈਂਬਰਾਂ ਅਨੁਸਾਰ ਅਲੀਗੜ੍ਹ ਵਾਤਾਵਰਨ ਅਤੇ ਸਿਹਤ ਦੇ ਪੱਖ ਤੋਂ ਵਧੇਰੇ ਚੰਗਾ ਸੀ। ਇਸ ਦੇ ਨਾਲ ਨਾਲ ਉੱਥੇ ਫ਼ੌਜੀ ਛਾਉਣੀ ਦੀ 74 ਏਕੜ ਜਗ੍ਹਾ ਵੀ ਪਈ ਸੀ। ਜ਼ਿਕਰਯੋਗ ਹੈ ਕਿ 1873 ’ਚ ਸੱਯਦ ਅਹਿਮਦ ਖ਼ਾਨ ਦੇ ਪੁੱਤਰ ਜਸਟਿਸ ਸੱਯਦ ਮਹਿਮੂਦ ਨੇ ਸੰਸਥਾ ਦੇ ਢਾਂਚੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ “ਅਸੀਂ ਇਕ ਕਾਲਜ ਨਹੀਂ ਸਗੋਂ ਯੂਨੀਵਰਸਿਟੀ ਦੀ ਸਥਾਪਨਾ ਕਰਾਂਗੇ। ਇਸ ’ਚ ਬ੍ਰਿਟਿਸ਼ ਸਰਕਾਰ ਦਾ ਕੋਈ ਦਖ਼ਲ ਨਹੀਂ ਹੋਵੇਗਾ ਅਤੇ ਮੈਰਿਟ ਦੇ ਆਧਾਰ ’ਤੇ ਵਿਦਿਆਰਥੀਆਂ ਦਾ ਦਾਖ਼ਲਾ ਹੋਵੇਗਾ। ਸਰ ਸੱਯਦ ਨੇ ਸੰਸਥਾ ਲਈ ਚੰਦਾ ਜਮ੍ਹਾ ਕਰਨ ਵਾਸਤੇ ਬਹੁਤ ਸਾਰੇ ਤਰੀਕੇ ਵਰਤੇ। ਦਾਨ ਲਿਆ, ਲਾਟਰੀ ਦੀਆਂ ਟਿਕਟਾਂ ਵੇਚੀਆਂ। ਬਜ਼ੁਰਗ ਹੁੰਦਿਆਂ ਵੀ ਸਰ ਸੱਯਦ ਅਹਿਮਦ ਨੇ ਆਪਣੀ ਸਿਹਤ ਦੀ ਪਰਵਾਹ ਕੀਤੇ ਬਿਨਾਂ ਚੰਦੇ ਲਈ ਬਹੁਤ ਦੂਰ-ਦੂਰ ਤੱਕ ਦਾ ਸਫ਼ਰ ਕੀਤਾ। ਇਸੇ ਸੰਦਰਭ ’ਚ ਉਹ ਪੰਜਾਬ ਵੀ ਆਏ। ਇੱਥੇ ਪਟਿਆਲੇ ਦੇ ਰਾਜਾ ਮਹਿੰਦਰ ਸਿੰਘ ਨੇ ਉਨ੍ਹਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ। ਸ਼ਾਇਦ ਇਹੋ ਵਜ੍ਹਾ ਹੈ ਕਿ ਸਰ ਸੱਯਦ ਅਹਿਮਦ ਖ਼ਾਨ ਅਕਸਰ ਪੰਜਾਬ ਨੂੰ ‘ਜ਼ਿੰਦਾਦਿਲ ਪੰਜਾਬ’ ਆਖਦੇ ਸਨ। ਜ਼ਿਕਰਯੋਗ ਹੈ ਕਿ 1884 ’ਚ ਜਦੋਂ ਉਹ ਪੰਜਾਬ ’ਚ ਕਾਲਜ ਲਈ ਚੰਦਾ ਇਕੱਠਾ ਕਰਨ ਆਏ ਤਾਂ ਸਾਰੇ ਧਰਮਾਂ ਦੇ ਲੋਕਾਂ ਨੇ ਉਨ੍ਹਾਂ ਦਾ ਦਿਲ ਖੋਲ੍ਹ ਕੇ ਸੁਆਗਤ ਕੀਤਾ ਸੀ।
8 ਜਨਵਰੀ 1877 ਨੂੰ ਵਾਇਸਰਾਏ ਹਿੰਦ ਲਾਰਡ ਲਿਟਨ ਨੇ ਮੁਹੰਮਦ ਐਂਗਲੋ ਓਰੀਐਂਟਲ (ਐੱਮਏਓ) ਕਾਲਜ ਦਾ ਨੀਂਹ ਪੱਥਰ ਰੱਖਿਆ ਸੀ। ਇੱਥੇ ਇਕ ਗੱਲ ਹੋਰ ਜ਼ਿਕਰਯੋਗ ਹੈ ਕਿ 27 ਜਨਵਰੀ 1884 ਨੂੰ ਗੁਰਦਾਸਪੁਰ ’ਚ ਸੱਯਦ ਅਹਿਮਦ ਖ਼ਾਨ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪੰਜਾਬ ਦੀਆਂ ਔਰਤਾਂ ਨੇ ਗੁਰਦਾਸਪੁਰ ਦੇ ਜੁਡੀਸ਼ੀਅਲ ਕਮਿਸ਼ਨਰ ਸਰਦਾਰ ਮੁਹੰਮਦ ਹਯਾਤ ਦੀ ਪਤਨੀ ਦੀ ਰਹਿਨੁਮਾਈ ’ਚ ਕੀਤਾ। ਕਿਹਾ ਜਾਂਦਾ ਹੈ ਕਿ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਔਰਤਾਂ ਨੇ ਆਪਣੇ ਲਈ ਆਵਾਜ਼ ਉਠਾਈ ਅਤੇ ਆਪਣੀਆਂ ਗੱਲਾਂ ਸਰ ਸੱਯਦ ਅਹਿਮਦ ਖ਼ਾਨ ਨਾਲ ਸਾਂਝੀਆਂ ਕੀਤੀਆਂ। 27 ਮਾਰਚ 1898 ਨੂੰ ਸੱਯਦ ਇਸ ਦਾਰੇ ਫਾਨੀ ਤੋਂ ਰੁਖ਼ਸਤ ਹੋਏ ਤਾਂ ਉਸ ਸਮੇਂ ਉੱਥੇ ਕਾਲਜ ਵਿਚ 285 ਮੁਸਲਮਾਨ ਅਤੇ 64 ਹਿੰਦੂ ਵਿਦਿਆਰਥੀ ਪੜ੍ਹ ਰਹੇ ਸਨ। ਅੰਤ ਵਿਚ ਉਨ੍ਹਾਂ ਦੀ ਸ਼ਖ਼ਸੀਅਤ ਦੇ ਸੰਦਰਭ ਵਿਚ ਇਹੋ ਕਹਿ ਸਕਦੇ ਹਾਂ:
ਦੇਤਾ ਰਹੂੰਗਾ ਰੌਸ਼ਨੀ ਬੁਝਨੇ ਕੇ ਬਾਅਦ ਭੀ।
ਮੈਂ ਬਜ਼ਮੇ ਫਿਕਰ-ਓ-ਫਨ ਕਾ ਵੋਹ ਤਨਹਾ ਚਿਰਾਗ਼ ਹੂੰ।
ਸੰਪਰਕ: 98552-59650