ਸਿਕੰਦਰ
ਸਵੇਰ ਤੋਂ ਸ਼ਾਮ ਤੱਕ ਹਰੇਕ ਮਨੁੱਖ ਖ਼ੁਸ਼ੀ ਤੇ ਸਕੂਨ ਲੋਚਦਾ ਹੈ। ਘਰੋਂ ਕੰਮ ’ਤੇ ਜਾਂਦਿਆਂ ਇੱਕੋ ਇੱਛਾ ਦਿਲ ਦੇ ਬੂਹੇ ਦਸਤਕ ਦਿੰਦੀ ਹੈ। ਅੱਜ ਦਾ ਦਿਨ ਖੁਸ਼ਗਵਾਰ ਰਹੇ, ਕੰਮਕਾਰ ਵਾਲੇ ਲੋਕਾਂ ਨਾਲ ਸੁਖਾਵਾਂ ਰਿਸ਼ਤਾ ਬਣਿਆ ਰਹੇ, ਦਫ਼ਤਰ ਦੇ ਮੁਖੀ ਦਾ...
ਸਵੇਰ ਤੋਂ ਸ਼ਾਮ ਤੱਕ ਹਰੇਕ ਮਨੁੱਖ ਖ਼ੁਸ਼ੀ ਤੇ ਸਕੂਨ ਲੋਚਦਾ ਹੈ। ਘਰੋਂ ਕੰਮ ’ਤੇ ਜਾਂਦਿਆਂ ਇੱਕੋ ਇੱਛਾ ਦਿਲ ਦੇ ਬੂਹੇ ਦਸਤਕ ਦਿੰਦੀ ਹੈ। ਅੱਜ ਦਾ ਦਿਨ ਖੁਸ਼ਗਵਾਰ ਰਹੇ, ਕੰਮਕਾਰ ਵਾਲੇ ਲੋਕਾਂ ਨਾਲ ਸੁਖਾਵਾਂ ਰਿਸ਼ਤਾ ਬਣਿਆ ਰਹੇ, ਦਫ਼ਤਰ ਦੇ ਮੁਖੀ ਦਾ ਸਹਿਯੋਗ ਮਿਲੇ ਤੇ ਅਜਿਹਾ ਹੀ ਹੋਰ ਬਹੁਤ ਕੁਝ। ਮੇਰੀ ਜਾਚੇ ਜੇਕਰ ਮਨੁੱਖ ਆਪਣੀ ਹਉਮੈ ਨੂੰ ਤਿਆਗ ਕੇ ਨਿਮਰਤਾ ਨੂੰ ਗਲ਼ ਲਾ ਲਵੇ ਤਾਂ ਉਸ ਨੂੰ ਇਹ ਸੁਖ ਸਹਿਜੇ ਹੀ ਪ੍ਰਾਪਤ ਹੋਣ ਲੱਗਦਾ ਹੈ। ਫਿਰ ਖ਼ੁਸ਼ੀ ਦਿਲ ਦੀ ਧੜਕਣ ਬਣਨ ਲਗਦੀ ਹੈ ਤੇ ਇਹੀ ਖ਼ੁਸ਼ੀ ਘਰ ਪਰਤਿਆਂ ਪਰਿਵਾਰ ਵਿਚਲੀ ਅਪਣੱਤ ਨੂੰ ਵੀ ਹੁਲਾਰਾ ਦਿੰਦੀ ਹੈ।
ਜ਼ਿੰਦਗੀ ਦੇ ਅਜਿਹੇ ਦਿਨ ਮਨ ਦਾ ਰੌਂਅ ਸੁਖਾਵੇਂ ਰੁਖ਼ ਕਰਦੇ ਹਨ। ਸੋਚਾਂ ਵਿੱਚ ਆਸਾਂ ਦਾ ਰੰਗ ਭਰਨ ਲਗਦਾ ਹੈ। ਬੇਗ਼ਾਨਗੀ ਸਨੇਹ ਵਿੱਚ ਤਬਦੀਲ ਹੋਣ ਲੱਗਦੀ ਹੈ। ਸੁਆਰਥ ਜ਼ਿੰਦਗੀ ਦੇ ਕਰਮ ਤੋਂ ਦੂਰ ਹੁੰਦਾ ਪ੍ਰਤੀਤ ਹੁੰਦਾ ਹੈ। ਸਕੂਲ, ਦਫ਼ਤਰ ਵਿੱਚ ਕੀਤਾ ਜਾਣ ਵਾਲਾ ਕੰਮ ਸਵੈ-ਮਾਣ ਦਾ ਸਬੱਬ ਬਣਨ ਲੱਗਦਾ ਹੈ। ਦੂਸਰਿਆਂ ਦੀ ਖ਼ੁਸ਼ੀ ਵਿੱਚੋਂ ਆਪਣੀ ਖ਼ੁਸ਼ੀ ਦਾ ਅਕਸ ਨਜ਼ਰ ਆਉਂਦਾ ਜਾਪਦਾ ਹੈ। ਕੰਮ ਵਿੱਚੋਂ ਬਹਾਨੇਬਾਜ਼ੀ ਤੇ ਸੁਆਰਥ ਮਨਫ਼ੀ ਹੋਣ ਲੱਗਦੇ ਹਨ। ਕਾਹਲੀ, ਖਿੱਝ ਤੇ ਗੁੱਸਾ ਕਿਨਾਰਾ ਕਰਦੇ ਪ੍ਰਤੀਤ ਹੁੰਦੇ ਹਨ। ਜ਼ਿੰਦਗੀ ਦੇ ਪੱਲੇ ਵਿੱਚ ਆਇਆ ਇਹ ਸੁਹਜ ਜਿਊਣ ਤਾਂਘ ਨੂੰ ਪਰਵਾਜ਼ ਦਿੰਦਾ ਹੈ।
ਇਹ ਸੁਖਾਵਾਂ ਵਕਤ ਦੂਸਰੇ ਜਿਊਣ ਰਾਹ ਦੀ ਨਿਸ਼ਾਨਦੇਹੀ ਵੀ ਕਰਦਾ ਹੈ, ਜਿਹੜਾ ਨਿੱਜ ਤੇ ਸੁਆਰਥ ਦੀ ਕਦਮ ਤਾਲ ਨਾਲ ਅੱਗੇ ਤੁਰਦਾ ਹੈ ਤੇ ਜਿਸ ਦੀ ਮੰਜ਼ਿਲ ਧਨ ਦੌਲਤ, ਸ਼ੋਹਰਤ ਦਾ ਅੰਬਾਰ ਹੁੰਦੀ ਹੈ। ਕੁਝ ਅਜਿਹੇ ਵੀ ਹੁੰਦੇ ਹਨ, ਜੋ ਮੰਨਦੇ ਹਨ ਕਿ ਪੈਸਾ ਕੋਲ ਹੋਵੇ ਤਾਂ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ। ਪੈਸਾ ਹੀ ਜ਼ਿੰਦਗੀ ਦੀ ਸ਼ਾਹਰਗ ਹੁੰਦੀ ਹੈ। ਪੈਸਾ ਕਿਸੇ ਵੀ ਢੰਗ ਨਾਲ ਆਵੇ, ਉਸ ਨੂੰ ‘ਜੀ ਆਇਆਂ’ ਆਖਣਾ ਚਾਹੀਦਾ ਹੈ। ਪੈਸੇ ਨਾਲ ਹੀ ਪੁੱਛ ਪਰਤੀਤ ਹੁੰਦੀ ਹੈ, ਆਦਿ। ਅਜਿਹੇ ਲੋਕਾਂ ਲਈ ਪੈਸਾ ਰਿਸ਼ਤੇ-ਨਾਤਿਆਂ ਤੋਂ ਉੱਪਰ ਹੁੰਦਾ ਹੈ। ਉਹ ਪੈਸੇ ਬਦਲੇ ਭਾਵਨਾਵਾਂ ਨੂੰ ਵੀ ਵਿਸਾਰ ਦਿੰਦੇ ਹਨ। ਹਮਦਰਦੀ, ਸਹਿਯੋਗ, ਸਾਂਝ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਰੱਖਦੇ। ਇਸ ਰਾਹ ਤੋਂ ਵੱਖਰੇ ਤੁਰਨ ਵਾਲਿਆਂ ਨੂੰ ਕਦਮ ਕਦਮ ’ਤੇ ਕੰਡੇ ਮਿਲਦੇ ਹਨ।
ਮੇਰੇ ਵੱਡੇ ਮਾਮਾ ਜੀ ਖ਼ਜ਼ਾਨਾ ਦਫ਼ਤਰ ਦੇ ਮੁਲਾਜ਼ਮ ਸਨ। ਆਪਣੇ ਅਸੂਲਾਂ ਦੇ ਪੱਕੇ। ਜਦ ਅਸੀਂ ਬੀਬੀ ਨਾਲ ਨਾਨਕੇ ਜਾਂਦੇ ਤਾਂ ਵੱਡੀ ਮਾਮੀ ਅਕਸਰ ਕਹਿੰਦੀ, ‘‘ਮੇਰਾ ਵੀ ਬਹੁਤ ਦਿਲ ਕਰਦਾ ਹੈ। ਤੁਹਾਡੀ ਜੀਅ ਜਾਨ ਨਾਲ ਆਓ ਭਗਤ ਕਰਾਂ। ਤੁਹਾਡਾ ਭਰਾ ਤਾਂ ਦੁਨੀਆ ਤੋਂ ਵੱਖਰੀ ਤੋਰ ਤੁਰਦਾ ਹੈ। ਇਸ ’ਤੇ ਹੱਕ ਦੀ ਕਮਾਈ ਖਾਣ ਦਾ ਭੂਤ ਨਾ ਸਵਾਰ ਹੋਵੇ ਤਾਂ ਘਰ ਦੀ ਕਾਇਆ ਕਲਪ ਹੋ ਜਾਵੇ। ਪਰਿਵਾਰ ਸੁਖ ਦੀ ਰੋਟੀ ਖਾਣ ਲੱਗੇ। ਸਕੂਲ ਪੜ੍ਹਦੇ ਧੀਆਂ ਪੁੱਤ ਮਨਚਾਹਿਆ ਖਾਣ-ਪਹਿਨਣ। ਵਿਆਹ ਸ਼ਾਦੀਆਂ ’ਤੇ ਜਾਂਦਿਆਂ ਹੱਥ ਘੁੱਟ ਕੇ ਨਾ ਖਰਚ ਕਰਨਾ ਪਵੇ। ਨਹੀਂ ਤਾਂ ਬੰਦਾ ਆਪਣੇ ਘਰ ਦੀ ਹਾਲਤ ਵੇਖ ਕੇ ਹੀ ਸਮਝੌਤਾ ਕਰ ਲੈਂਦਾ ਹੈ। ਸਾਡੇ ਘਰਦਿਆਂ ਨੂੰ ਤਾਂ ਆਪਣੇ ਦਫ਼ਤਰ ਵਿਚਲੇ ਮੁਲਾਜ਼ਮਾਂ ਨੂੰ ਵੇਖ ਕੇ ਵੀ ਸਮਝ ਨ੍ਹੀਂ ਆਈ। ਜਿਹੜੇ ਰਲ ਮਿਲ ਖਾਂਦੇ ਤੇ ‘ਰੰਗੀਂ ਵਸਦੇ’ ਹਨ।’’
ਇਹ ਸੁਣ ਮਾਮਾ ਜੀ ਮੁਸਕਰਾਉਂਦੇ ਹੋਏ ਆਖਦੇ, ‘‘ਭਾਗਵਾਨੇ! ਇੱਕ ਮਾਂ ਵਜੋਂ ਤੇਰਾ ਇਤਰਾਜ਼ ਠੀਕ ਹੋ ਸਕਦਾ ਹੈ, ਪਰ ਜ਼ਿੰਦਗੀ ਵਿੱਚ ਧਨ ਦੌਲਤ ਤੇ ਸੁਖ ਸਹੂਲਤ ਹੀ ਸਭ ਕੁਝ ਨ੍ਹੀਂ ਹੁੰਦੇ। ਬੰਦੇ ਦੀ ਜ਼ਮੀਰ ਤੇ ਅਸੂਲ ਉੱਚਾ ਦਰਜਾ ਰੱਖਦੇ ਹਨ। ਇਨ੍ਹਾਂ ਦਾ ਕੋਈ ਸਾਨੀ ਨ੍ਹੀਂ ਹੁੰਦਾ! ਤੈਨੂੰ ਭਲੀਭਾਂਤ ਪਤਾ ਹੈ, ਆਪਣੇ ਘਰ ਦੇ ਵੱਡ ਵਡੇਰੇ ਢੁੱਡੀਕਿਆਂ ਆਲੇ ਦੇਸ਼ਭਗਤਾਂ ਕੋਲ ਬਹਿੰਦੇ ਉੱਠਦੇ ਰਹੇ ਨੇ। ਜਿਨ੍ਹਾਂ ਹੱਕ, ਸੱਚ ਤੇ ਅਸੂਲ ਲਈ ਆਪਣਾ ਸਭ ਕੁਝ ਵਾਰਿਆ। ਕੁੱਲ ਲੋਕਾਈ ਦਾ ਭਲਾ ਲੋਚਦੇ ਉਹ ਦੇਸ਼ ਲਈ ਕੁਰਬਾਨ ਹੋ ਗਏ। ਮੇਰੇ ਮਨ ’ਤੇ ਬਾਪ ਦਾ ਦਿੱਤਾ ਸਬਕ ਅਜੇ ਵੀ ਉੱਕਰਿਆ ਹੋਇਆ ਹੈ, ‘ਪੁੱਤ! ਭੁੱਖ ਕੱਟ ਲਵੀਂ, ਤੰਗੀ ਤੁਰਸ਼ੀ ਵਿੱਚ ਵਕਤ ਗੁਜ਼ਾਰ ਲਵੀਂ ਪਰ ਕਦੇ ਵੀ ਅਸੂਲਾਂ ਨਾਲ ਸਮਝੌਤਾ ਨਾ ਕਰੀਂ। ਅਸੂਲ ਜ਼ਿੰਦਗੀ ਦਾ ਮਾਣ ਹੁੰਦੇ ਹਨ। ਅਸੂਲਾਂ ’ਤੇ ਚੱਲਣ ਵਾਲੇ ਸਿਰ ਉਠਾ ਕੇ ਜਿਊਣ ਦੀ ਆਪਣੀ ਵਿਰਾਸਤ ਨੂੰ ਜਿਊਂਦਾ ਰੱਖਦੇ ਹਨ। ਬਿਨਾਂ ਅਸੂਲਾਂ ਤੋਂ ਜ਼ਿੰਦਗੀ ਟਕੇ ਦੇ ਮੁੱਲ ਦੀ ਨ੍ਹੀਂ ਹੁੰਦੀ’।’’
ਮਾਮਾ ਜੀ ਦੇ ਅਸੂਲ ਤੇ ਮਿਹਨਤ ਰੰਗ ਲਿਆਈ। ਤਿੰਨੇਂ ਧੀ-ਪੁੱਤਰ ਸਫਲਤਾ ਦੀ ਮੰਜ਼ਿਲ ’ਤੇ ਪਹੁੰਚ ਪਰਿਵਾਰ ਨੂੰ ਬੁਲੰਦੀ ’ਤੇ ਲੈ ਗਏ। ਆਖ਼ਰੀ ਉਮਰੇ ਹਰੇਕ ਸੁਖ ਸਹੂਲਤ ਮਾਣਦੇ ਮਾਮੀ ਜੀ ਨੂੰ ਅਸੂਲਾਂ ਦੀ ਕੀਮਤ ਦਾ ਅਹਿਸਾਸ ਹੋਇਆ। ਹੁਣ ਉਹ ਆਖਦੇ ਹਨ, ‘‘ਘਰ ਦੀਆਂ ਤੰਗੀਆਂ ਨੇ ਹੀ ਬੱਚਿਆਂ ਨੂੰ ਮਿਹਨਤ ਦੇ ਲੜ ਲਾਇਆ ਹੈ। ਆਪਣੇ ਬਾਪ ਦੇ ‘ਸੱਚੇ ਸੁੱਚੇ ਅਸੂਲ’ ਇਨ੍ਹਾਂ ਲਈ ਸਬਕ ਬਣੇ, ਜਿਨ੍ਹਾਂ ’ਤੇ ਚੱਲਦਿਆਂ ਇਨ੍ਹਾਂ ਸਫਲਤਾ ਹਾਸਲ ਕੀਤੀ ਹੈ।’’
ਅਥਾਹ ਧਨ ਦੌਲਤ ਕਮਾ ਕੇ ਪਲ ਭਰ ਦੀਆਂ ਖ਼ੁਸ਼ੀਆਂ ਨੂੰ ਤਰਸਦੇ, ਔਲਾਦ ਦੀ ਬੇਰੁਖ਼ੀ ਦਾ ਸੰਤਾਪ ਭੋਗਦੇ, ਆਪਣੇ ਪਰਿਵਾਰ ਤੇ ਬੱਚਿਆਂ ਦੀ ਖ਼ੁਸ਼ੀ ਲਈ ਹਰ ਜਾਇਜ਼-ਨਾਜ਼ਾਇਜ਼ ਕੰਮ ਕਰਕੇ ਆਖ਼ਰੀ ਉਮਰੇ ਬਿਰਧ ਆਸ਼ਰਮਾਂ ਵਿੱਚ ਰੁਲਦੇ ਮਾਂ-ਬਾਪ ਗ਼ਲਤ ਢੰਗ ਤਰੀਕਿਆਂ ਨਾਲ ਕਮਾਈ ਧਨ ਦੌਲਤ ਦਾ ਸ਼ੀਸ਼ਾ ਪ੍ਰਤੀਤ ਹੁੰਦੇ ਹਨ। ਉਨ੍ਹਾਂ ਕੋਲ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਬਚਦਾ। ਦੂਸਰੇ ਪਾਸੇ ਦਸਾਂ ਨਹੁੰਆਂ ਦੀ ਕਿਰਤ ਨਾਲ ਆਪਣੇ ਹੱਕ ਹਲਾਲ ਦੀ ਕਮਾਈ ਤੇ ਸਿਦਕ ਸਬਰ ਨਾਲ ਜਿਊਂਦੇ ਲੋਕ ਰਲਮਿਲ ਕੇ ਰਹਿੰਦੇ ਹਨ, ਸਾਂਝਾਂ ਦੀ ਤੰਦ ਬੁਣਦੇ, ਹੱਕ, ਅਸੂਲ ਲਈ ਜਿਊਂਦੇ ਤੇ ਚੰਗੀ ਜ਼ਿੰਦਗੀ ਲਈ ਸੰਘਰਸ਼ ਕਰਦੇ ਹਨ। ਇਹ ਲੋਕ ਮੈਨੂੰ ਜ਼ਿੰਦਗੀ ਦੇ ‘ਸਿਕੰਦਰ’ ਜਾਪਦੇ ਹਨ, ਜੋ ਸੁਨਹਿਰੇ ਭਵਿੱਖ ਲਈ ਜ਼ਿੰਦਗੀ ਦੀ ਔਖੇਰੀ ਮੰਜ਼ਿਲ ’ਤੇ ਸਾਬਤ ਕਦਮੀਂ ਤੁਰਦੇ ਹਨ।
ਈ-ਮੇਲ: rashpinderpalkaur@gmail.com

