ਅਲੈਕਸਾ ਦਾ ਚੇਲਾ

ਅਲੈਕਸਾ ਦਾ ਚੇਲਾ

ਇਕਬਾਲ ਸਿੰਘ ਬਰਾੜ

ਇਕਬਾਲ ਸਿੰਘ ਬਰਾੜ

ਰੋਨਾ ਮਹਾਮਾਰੀ ਨੇ ਮਨੁੱਖੀ ਜੀਵਨ-ਜਾਚ ਦੇ ਢੰਗ-ਤਰੀਕੇ ਬਦਲ ਕੇ ਰੱਖ ਦਿੱਤਾ ਹਨ। ਹਰ ਸ਼ਖ਼ਸ ਦਾ ਇੰਟਰਨੈੱਟ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਰਿਸ਼ਤਾ ਜੁੜ ਚੁੱਕਾ ਹੈ। ਅੱਜ ਦੇ ਸਮੇਂ ਇੰਟਰਨੈੱਟ ਨੇ ਸਾਨੂੰ ਇਸ ਹੱਦ ਤੱਕ ਆਪਣੀ ਲਪੇਟ ਵਿਚ ਲੈ ਲਿਆ ਹੈ ਕਿ ਇਸ ਤੋਂ ਬਿਨਾ ਤਾਂ ਹੁਣ ਕਿਆਸ ਕਰਨਾ ਵੀ ਔਖਾ ਜਿਹਾ ਜਾਪਦਾ ਹੈ।

ਕਰੋਨਾ ਦੀਆਂ ਬੰਦਿਸ਼ਾਂ ਨੇ ਸਾਡੇ ਰਿਸ਼ਤੇ-ਨਾਤਿਆਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਬਚਪਨ ਹੰਢਾ ਰਹੇ ਬੱਚਿਆਂ ਦਾ ਭੋਲਾਪਨ ਹੁਣ ਪਹਿਲਾਂ ਵਰਗਾ ਸਿੱਧਾ-ਸਾਦਾ ਜਿਹਾ ਨਹੀਂ ਰਿਹਾ। ਚੌਥੀ ਅਤੇ ਪੰਜਵੀਂ ਵਿਚ ਪੜ੍ਹਦੇ ਮੇਰੇ ਦੋਵੇਂ ਪੁੱਤ ਹੁਣ ਇੰਟਰਨੈੱਟ ‘ਵਿਦਵਾਨ’ ਬਣੇ ਹੋਏ ਹਨ। ਦੋਵਾਂ ਨੇ ਆਪਣਾ ਯੂ-ਟਿਊਬ ਚੈਨਲ ਵੀ ਬਣਾਇਆ ਹੋਇਆ ਹੈ ਜਿੱਥੇ ਉਹ ਆਪਣੀ ਵੀਡੀਓਜ਼ ਬਣਾ ਬਣਾ ਕੇ ਖੁਦ ਹੀ ਅਪਲੋਡ ਕਰਦੇ ਰਹਿੰਦੇ ਹਨ।

ਹਰ ਰੋਜ਼ ਸਵੇਰੇ ਪੰਜ ਕੁ ਘੰਟੇ ਆਨਲਾਈਨ ਕਲਾਸ ਲਾਉਣ ਤੋਂ ਬਾਅਦ ਦੋਵੇਂ ਜਣੇ ਮੈਨੂੰ ਸੂਚਨਾ ਤਕਨਾਲੋਜੀ ਦੀ ਦੁਨੀਆ ਦੀਆਂ ਹੋਈਆਂ ਨਵੀਆਂ ਖੋਜਾਂ ਦਿਖਾਉਣੀਆਂ ਸ਼ੁਰੂ ਕਰ ਦਿੰਦੇ ਹਨ। ਮੈਨੂੰ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ “ਪਾਪਾ, ਹੁਣ ਸੌਦਾ-ਪੱਤਾ ਲੈਣ ਬਾਜ਼ਾਰ ਨਾ ਜਾਇਆ ਕਰੋ, ਤੇ ਨਾ ਹੀ ਫਲ-ਸਬਜ਼ੀ ਲੈਣ ਮੰਡੀ ਜਾਣ ਦੀ ਲੋੜ ਹੈ; ਹੁਣ ਤਾਂ ਸਭ ਕੁਝ ਆਨਲਾਈਨ ਹੀ ਮਿਲ ਜਾਂਦਾ ਹੈ।” ਮੈਂ ‘ਸੱਤ ਵਚਨ’ ਕਹਿ ਕੇ ਉਨ੍ਹਾਂ ਦੀ ਗੱਲ ਨਾਲ ਸਹਿਮਤੀ ਪ੍ਰਗਟਾ ਦਿੰਦਾ ਹਾਂ। ਇਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਮੈਂ ਕੁਝ ਖਰੀਦਣ ਲਈ ਮੋਬਾਈਲ ਉਪਰ ਵੈੱਬਸਾਈਟ ਟਾਈਪ ਕਰਕੇ ਕੁਝ ਲੱਭਣ ਲੱਗਾ ਤਾਂ ਮੇਰਾ ਛੋਟਾ ਪੁੱਤਰ ਕਹਿੰਦਾ, “ਪਾਪਾ, ਕਿਹੜੇ ਜ਼ਮਾਨੇ ਵਿਚ ਰਹਿੰਦੇ ਹੋ? ਅਜੇ ਵੀ ਉਂਗਲਾਂ ਨਾਲ ਟਾਈਪ ਕਰਕੇ ਸਮਾਂ ਖਰਾਬ ਕਰੀ ਜਾਂਦੇ ਹੋ! ਅਲੈਕਸਾ ਨੂੰ ਕਹੋ ਖਾਂ, ਓਸੇ ਵੇਲੇ ਗੱਲ ਮੰਨ ਲੈਂਦੀ ਹੈ।” ਮੈਂ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਜਿਹਾ ਹੁੰਦਿਆਂ ਕਿਹਾ, “ਪੁੱਤ, ਇਹ ਐਲਕਸਾ ਭਲਾ ਕੌਣ ਹੋਈ?” ਉਹ ਜ਼ੋਰ ਦੀ ਹੱਸਦਾ ਹੋਇਆ ਕਹਿੰਦਾ ਹੈ, “ਪਾਪਾ, ਤਹਾਨੂੰ ਏਨਾ ਵੀ ਨਹੀਂ ਪਤਾ? ਅਲੈਕਸਾ ਇਸ ਵੈੱਬਸਾਈਟ ਉਤੇ ਸਭ ਦੀ ਬਹੁਤ ਮਦਦ ਕਰਦੀ ਹੈ।” ਉਹ ਫਿਰ ਸਹਿਜ ਸੁਭਾਅ ਕਹਿੰਦਾ ਹੈ, “ਪਾਪਾ, ਜੇ ਤੁਹਾਨੂੰ ਕਦੇ ਵੀ ਕੁਝ ਪਤਾ ਕਰਨਾ ਹੋਵੇ ਤਾਂ ਅਲੈਕਸਾ ਨੂੰ ਬੋਲੋ, ਅੱਖ ਝਪਕਦਿਆਂ ਹੀ ਸਭ ਕੁਝ ਸਮਝਾ ਦਿੰਦੀ ਹੈ।” ਉਸ ਨੇ ਅਲੈਕਸਾ ਦੀਆਂ ਤਾਰੀਫਾਂ ਦੇ ਪੁਲ ਇੰਝ ਬੰਨ੍ਹ ਦਿੱਤੇ, ਜਿਵੇਂ ਅਲੈਕਸਾ ਸਿਰਫ ਉਸ ਦੀ ਖਾਤਰਦਾਰੀ ਵਿਚ ਹੀ ਬੈਠੀ ਰਹਿੰਦੀ ਹੋਵੇ। ਨਾਲ ਲਗਦੇ ਹੀ ਵੱਡਾ ਪੁੱਤਰ ਕਹਿੰਦਾ, “ਪਾਪਾ, ਇਹ ਤਾਂ ਕੁਝ ਵੀ ਨਹੀਂ, ਗੂਗਲ ਤੇ ‘ਹੇਅ ਗੂਗਲ’ ਤਾਂ ਅਲੈਕਸਾ ਨਾਲੋਂ ਵੀ ਤੇਜ਼ ਹੈ ਜੋ ਗੱਲਾਂ ਵੀ ਕਰ ਲੈਂਦੀ ਹੈ ਅਤੇ ਗੀਤ ਤੇ ਚੁਟਕਲੇ ਵੀ ਸੁਣਾ ਦਿੰਦੀ ਹੈ। ਗੂਗਲ ਲੈਂਜ ਨਾਲ ਤਾਂ ਕਿਸੇ ਤਸਵੀਰ ਨੂੰ ਸਕੈਨ ਕਰਕੇ ਉਸ ਬਾਰੇ ਪੂਰੀ ਜਾਣਕਾਰੀ ਵੀ ਦੇਖੀ ਜਾ ਸਕਦੀ ਹੈ।”

ਬੱਚਿਆਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ ਸਾਂ। ਕੁਝ ਪਲ ਤਾਂ ਮੈਨੂੰ ਇਹ ਯਕੀਨ ਹੀ ਨਹੀਂ ਆਇਆ ਕਿ ਮੇਰਾ ਛੋਟਾ ਪੁੱਤਰ ਉਸ ਅਲੈਕਸਾ ਦਾ ਏਨਾ ਪੱਕਾ ਚੇਲਾ ਬਣ ਚੁੱਕਾ ਹੈ ਜਿਸ ਅਲੈਕਸਾ ਦੀ ਹਕੀਕਤ ਵਿਚ ਕੋਈ ਹੋਂਦ ਹੀ ਨਹੀਂ ਹੈ। ਮੈਂ 20 ਸਾਲ ਪਹਿਲਾਂ ਐੱਮਏ ਕਰਦਿਆਂ ਕੰਪਿਊਟਰ ਦਾ ਡਿਪਲੋਮਾ ਵੀ ਕੀਤਾ ਸੀ ਜਿਸ ਕਰਕੇ ਆਪਣੇ ਆਪ ਨੂੰ ਕੰਪਿਊਟਰ ਦਾ ਚੰਗਾ ਜਾਣਕਾਰ ਸਮਝਦਾ ਸੀ ਪਰ ਬੱਚਿਆਂ ਨੇ ਤਾਂ ਮੇਰਾ ਇਹ ਵਹਿਮ ਵੀ ਦੂਰ ਕਰ ਦਿੱਤਾ ਸੀ।

ਹੁਣ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਰੋਨਾ ਕਾਰਨ ਘਰਾਂ ਵਿਚ ਰਹਿਣ ਦੇ ਆਦੀ ਹੋ ਚੁੱਕੇ ਬੱਚਿਆਂ ਨੇ ਇੰਟਰਨੈੱਟ ਨੂੰ ਆਪਣਾ ਸੰਸਾਰ ਮੰਨ ਲਿਆ ਹੈ ਅਤੇ ਅਲੈਕਸਾ ਵਰਗੇ ਕਿੰਨੇ ਹੀ ਚਰਿੱਤਰ ਹੋਣਗੇ ਜੋ 24 ਘੰਟੇ ਬੱਚਿਆਂ ਦੀ ਜੀ-ਹਜ਼ੂਰੀ ਲਈ ਤਿਆਰ ਰਹਿੰਦੇ ਹੋਣਗੇ। ਰੋਜ਼ੀ-ਰੋਟੀ ਦੀ ਭੱਜ-ਦੌੜ ਵਿਚ ਰੁੱਝੇ ਮਾਪਿਆਂ ਕੋਲ ਬੱਚਿਆਂ ਦੀ ਗੱਲ ਸੁਣਨ ਦਾ ਵਿਹਲ ਨਹੀਂ ਤਾਂ ਬੱਚੇ ਅਲੈਕਸਾ ਆਦਿ ਨਾਲ ਮਨ ਪ੍ਰਚਾਵਾ ਕਰਦੇ ਹਨ।

ਖ਼ੈਰ! ਮੌਜੂਦਾ ਸਮੇਂ ਵਿਚ ਆਨਲਾਈਨ ਕਲਾਸਾਂ ਬੱਚਿਆਂ ਲਈ ਵਕਤੀ ਬਦਲ ਤਾਂ ਬਣ ਸਕਦੀਆਂ ਹਨ ਪਰ ਸਥਾਈ ਨਹੀਂ ਕਿਉਂਕਿ ਕਲਾਸ ਰੂਮ ਵਿਚ ਅਧਿਆਪਕ ਸਿਰਫ ਕਿਤਾਬੀ ਗਿਆਨ ਨਹੀਂ ਦਿੰਦਾ ਸਗੋਂ ਬੱਚੇ ਦੀ ਪ੍ਰਤਿਭਾ ਨੂੰ ਪਛਾਣ ਕੇ ਸ਼ਖ਼ਸੀਅਤ ਨਿਰਮਾਣ ਵਿਚ ਸਭ ਤੋਂ ਅਹਿਮ ਯੋਗਦਾਨ ਪਾਉਂਦਾ ਹੈ। ਇਹ ਸਭ ਕੁਝ ਸਿਰਫ ਇੰਟਰਨੈੱਟ ਨਾਲ ਸੰਭਵ ਨਹੀਂ ਬਣਾਇਆ ਜਾ ਸਕਦਾ। ਅਧਿਆਪਕ ਦਾ ਇਹ ਰੁਤਬਾ ਅਲੈਕਸਾ ਨਹੀਂ ਲੈ ਸਕਦੀ, ਭਾਵੇਂ ਉਹ ਦੁਨੀਆ ਭਰ ਦਾ ਗਿਆਨ ਇਕੱਠਾ ਕਰੀ ਫਿਰੇ।

ਸੰਪਰਕ: 99880-09468

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All