DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਅਜਮੇਰ ਰਤਨ’ ਵਿਕਿਆ ਨਹੀਂ...

ਪਿੰਡ ਵਿੱਚ ਭੂਰੇ ਦੇ ਘਰ ਨੂੰ ਅਸੀਂ ਆਪਣਾ ਸਮਝਦੇ ਸਾਂ। ਉਹਦੇ ਪਰਿਵਾਰ ਦੇ ਮੈਂਬਰਾਂ ਦਾ ਕੀ ਕਹਿਣਾ, ਸਾਰੇ ਹੀ ਮਿਲਣਸਾਰ। ਉਹਦੇ ਪਿਤਾ ਰਤਨ ਸਿੰਘ ਸਰਕਾਰੀ ਨੌਕਰ ਸਨ ਤੇ ਮਾਂ ਅਜਮੇਰ ਕੌਰ ਸੁਆਣੀ ਸੀ। ਭੂਰੇ ਦਾ ਭਰਾ ਅਤੇ ਭੈਣ ਸਾਡੇ ਸਕੂਲ...

  • fb
  • twitter
  • whatsapp
  • whatsapp
Advertisement

ਪਿੰਡ ਵਿੱਚ ਭੂਰੇ ਦੇ ਘਰ ਨੂੰ ਅਸੀਂ ਆਪਣਾ ਸਮਝਦੇ ਸਾਂ। ਉਹਦੇ ਪਰਿਵਾਰ ਦੇ ਮੈਂਬਰਾਂ ਦਾ ਕੀ ਕਹਿਣਾ, ਸਾਰੇ ਹੀ ਮਿਲਣਸਾਰ। ਉਹਦੇ ਪਿਤਾ ਰਤਨ ਸਿੰਘ ਸਰਕਾਰੀ ਨੌਕਰ ਸਨ ਤੇ ਮਾਂ ਅਜਮੇਰ ਕੌਰ ਸੁਆਣੀ ਸੀ। ਭੂਰੇ ਦਾ ਭਰਾ ਅਤੇ ਭੈਣ ਸਾਡੇ ਸਕੂਲ ਵਿੱਚ ਪੜ੍ਹਦੇ ਸਨ। ਅਸੀਂ ਭੂਰੇ ਦੇ ਜਮਾਤੀ ਸਾਂ। ਸਾਡੀ ਪੰਜ ਜਣਿਆਂ ਦੀ ਜੁੰਡਲੀ ਸੀ। ਅਸੀਂ ਉਸ ਦੇ ਸਾਰੇ ਰਿਸ਼ਤੇਦਾਰਾਂ ਨੂੰ ਜਾਣਨ ਲੱਗੇ ਸਾਂ। ਜਾਣਦੇ ਵੀ ਕਿਉਂ ਨਾ! ਸਾਰਾ ਦਿਨ ਤਾਂ ਉਸ ਦੇ ਘਰ ਰਹਿੰਦੇ। ਕਈ ਵਾਰ ਭੂਰੇ ਨਾਲ ਮੱਝਾਂ ਨੁਹਾਉਂਦੇ। ਡੰਗਰਾਂ ਦਾ ਕੱਖ-ਕੰਡਾ ਕਰਦੇ। ਕਦੇੇ ਟੋਕੇ ਵਾਲੀ ਮਸ਼ੀਨ ਚਲਾਉਣੀ ਤੇ ਕਦੇ ਰੁੱਗ ਲਗਾਉਂਦੇ। ਸਕੂਲੋਂ ਛੁੱਟੀ ਹੋਣ ਮਗਰੋਂ ਬਸਤੇ ਘਰੇ ਸੁੱਟ ਕੇ ਉਹਦੇ ਘਰ ਵੱਲ ਭੱਜਦੇ। ਉਹਦੀ ਮਾਂ ਸਾਨੂੰ ਵੀ ਬੜਾ ਪਿਆਰ ਕਰਦੀ। ਦੁੱਧ ਜਾਂ ਲੱਸੀ ਪੀਣ ਨੂੰ ਦਿੰਦੀ। ਮੱਝ ਸੂਣ ’ਤੇ ਬੌਲ਼ੀ ਬਣਾ ਕੇ ਦੇਣੀ। ਕਦੇ ਘਰ ਲਈ ਬੌਲ਼ੀ ਵਾਲਾ ਦੁੱਧ ਦੇਣਾ। ਸਾਡਾ ਆਪਣੇ ਘਰ ਘੱਟ ਤੇ ਉੱਥੇ ਜ਼ਿਆਦਾ ਜੀਅ ਲੱਗਦਾ। ਕਈ ਵਾਰ ਮਾਂ ਨੇ ਆਖਣਾ, ‘‘ਭੂਰੇ ਹੋਰੀਂ ਪਤਾ ਨਹੀਂ ਤੁਹਾਨੂੰ ਕੀ ਖੁਆਉਂਦੇ ਨੇ, ਸਾਰਾ ਦਿਨ ਉੱਥੇ ਹੀ ਵੜੇ ਰਹਿੰਦੇ ਹੋ।’’

ਸਮਾਂ ਆਪਣੀ ਤੋਰ ਤੁਰਦਾ ਗਿਆ। ਭੂਰੇ ਹੋਰਾਂ ਨੇ ਸ਼ਹਿਰ ਥਾਂ ਲੈ ਲਈ। ਥੋੜ੍ਹੇ ਚਿਰ ਮਗਰੋਂ ਉਨ੍ਹਾਂ ਉੱਥੇ ਮਕਾਨ ਬਣਾ ਲਿਆ। ਭਾਵੇਂ ਸ਼ਹਿਰ ਸਾਥੋਂ ਬਹੁਤਾ ਦੂਰ ਨਹੀਂ ਸੀ ਪਰ ਫਿਰ ਵੀ ਉਸਦੇ ਵਿਛੋੜੇ ਨੇ ਸਾਨੂੰ ਬਹੁਤ ਉਦਾਸ ਕੀਤਾ। ਅਸੀਂ ਮਿਲ ਕੇ ਉਨ੍ਹਾਂ ਦੇ ਘਰ ਦਾ ਸਾਮਾਨ ਸ਼ਹਿਰ ਢੋਇਆ। ਮਨ ਖ਼ੁਸ਼ ਸੀ, ਸਾਡੇ ਆੜੀ ਦੇ ਪਰਿਵਾਰ ਨੇ ਤਰੱਕੀ ਕਰ ਲਈ, ਪਰ ਵਿਛੋੜੇ ਦਾ ਦੁੱਖ ਵੀ ਸੀ। ਪਹਿਲਾਂ ਤਾਂ ਦੋ ਸਾਲ ਉਹ ਪਿੰਡ ਆਉਂਦੇ ਰਹੇ। ਮਗਰੋਂ ਉਹ ਪਸ਼ੂ ਵੀ ਸ਼ਹਿਰ ਲੈ ਗਏ। ਹੌਲੀ-ਹੌਲੀ ਉਨ੍ਹਾਂ ਦਾ ਪਿੰਡ ਆਉਣਾ ਘਟ ਗਿਆ। ਸਕੂਲ ਦੀ ਪੜ੍ਹਾਈ ਮਗਰੋਂ ਅਸੀਂ ਸਾਰੇ ਕਾਲਜਾਂ ਵਿੱਚ ਪੜ੍ਹਨ ਲੱਗੇ। ਕਦੇ ਕਦਾਈਂ ਇੱਕ ਦੂਜੇ ਦੇ ਘਰ ਜਾਂਦੇ। ਫਿਰ ਸਾਡੇ ਸਾਰਿਆਂ ਦੇ ਵਿਆਹ ਹੋ ਗਏ। ਭੂਰੇ ਹੋਰਾਂ ਦਾ ਪਿੰਡ ਵਾਲਾ ਮਕਾਨ ਸਾਡੇ ਘਰ ਦੇ ਨਾਲ ਲੱਗਦਾ ਸੀ। ਘਰ ਦੇ ਬਾਹਰ ਭੂਰੇ ਨੇ ਆਪਣੇ ਮਾਪਿਆਂ ਦਾ ਨਾਮ ‘ਅਜਮੇਰ ਰਤਨ’ ਲਿਖਵਾਇਆ ਹੋਇਆ ਸੀ। ਉਨ੍ਹਾਂ ਦੇ ਮਕਾਨ ਦੀ ਚਾਬੀ ਸਾਡੇ ਕੋਲ ਹੁੰਦੀ ਸੀ। ਮਹੀਨੇ ਦੋ ਮਹੀਨੇ ਪਿੱਛੋਂ ਕਦੇ ਕਦਾਈਂ ਭੂਰੇ ਹੋਰੀਂ ਗੇੜਾ ਮਾਰ ਜਾਂਦੇ। ਥੋੜ੍ਹੀ ਦੇਰ ਬਾਅਦ ਭੂਰੇ ਦੇ ਮਾਪੇ ਚਲਾਣਾ ਕਰ ਗਏ। ਕਈ ਵਾਰ ਮੈਂ ਅਤੇ ਮੇਰਾ ਭਰਾ ਭੂਰੇ ਦਾ ਘਰ ਖੋਲ੍ਹ ਲੈਂਦੇ। ਉਹ ਸਾਨੂੰ ਆਪਣਾ ਘਰ ਹੀ ਜਾਪਦਾ। ਮੈਂ ਕਈ ਵਾਰ ਮਾਂ ਨੂੰ ਆਖਦਾ, ‘‘ਜੇ ਕਦੇ ਭੂਰੇ ਹੋਰਾਂ ਨੇ ਇਹ ਘਰ ਵੇਚਿਆ ਤਾਂ ਆਪਾਂ ਲੈਣ ਦੀ ਕੋਸ਼ਿਸ਼ ਕਰਾਂਗੇ।’’ ਇੱਕ ਦਿਨ ਮਾਂ ਤੇ ਮੈਂ ਭੂਰੇ ਦੇ ਘਰ ਗਏ। ਚਾਹ-ਪਾਣੀ ਪੀਣ ਮਗਰੋਂ ਮੈਂ ਕਿਹਾ, ‘‘ਭੂਰੇ, ਜੇ ਤੁਸੀਂ ਸਾਨੂੰ ਪਿੰਡ ਵਾਲਾ ਘਰ ਦੇ ਦਿਓ ਤਾਂ ਸਾਡਾ ਘਰ ਖੁੱਲ੍ਹਾ ਹੋ ਜਾਵੇਗਾ।’’ ਭੂਰਾ ਆਖਣ ਲੱਗਿਆ, ‘‘ਤੁਹਾਨੂੰ ਕੋਈ ਨਾਂਹ ਨਹੀਂ।’’ ਮਾਂ ਆਖਣ ਲੱਗੀ, ‘‘ਜੇ ਇਹ ਮਕਾਨ ਮਿਲ ਜਾਵੇ ਤਾਂ ਅਸੀਂ ਤੁਹਾਡਾ ਅਹਿਸਾਨ ਨਹੀਂ ਭੁੱਲਾਂਗੇ, ਭੂਰੇ। ਨਾਲੇ ਨਾਲ ਦਾ ਕੱਪੜਾ ਅਤੇ ਜ਼ਮੀਨ ਮੁੜ ਕੇ ਨਹੀਂ ਮਿਲਦੀ।’’

Advertisement

ਭੂਰਾ ਆਖਣ ਲੱਗਿਆ, ‘‘ਤੁਸੀਂ ਇੰਝ ਕਰੋ, ਪੈਸੇ ਜਦੋਂ ਮਰਜ਼ੀ ਦੇ ਦਿਓ। ਮਕਾਨ ਅੱਜ ਤੋਂ ਤੁਹਾਡਾ ਹੋ ਗਿਆ। ਮੈਂ ਛੋਟੇ ਵੀਰ ਨਾਲ ਗੱਲ ਕਰ ਲਵਾਂਗਾ। ਉਹਨੇ ਵੀ ਨਾਂਹ ਨਹੀਂ ਕਰਨੀ।’’ ਥੋੜ੍ਹਾ ਰੁਕ ਕੇ ਭੂਰਾ ਆਖਣ ਲੱਗਿਆ, ‘‘ਘਰ ਦੇ ਬਾਹਰ ਜਿਹੜਾ ਮਾਂ ਅਤੇ ਪਿਤਾ ਦਾ ਨਾਮ ਲਿਖਿਆ ਹੈ, ਮਿਟਾਉਣਾ ਮਿਟਾ ਦਿਓ। ਉਹ ਤੁਹਾਡੀ ਮਰਜ਼ੀ ਹੈ।’’ ਮਾਂ ਆਖਣ ਲੱਗੀ, ‘‘ਪੁੱਤ, ਅਸੀਂ ਤੁਹਾਡਾ ਲੇਖਾ ਕਿੱਥੇ ਦੇਵਾਂਗੇ! ਮਰ ਗਏ ਤਾਂ ਵੀ ਨਾਮ ਅਸੀਂ ਜਿਉਂ ਦਾ ਤਿਉਂ ਰੱਖਾਂਗੇ।’’ ਮਾਂ ਦੀਆਂ ਅੱਖਾਂ ਨਮ ਹੋ ਗਈਆਂ। ਹੋਰ ਗੱਲਾਂ ਕਰਨ ਪਿੱਛੋਂ ਅਸੀਂ ਮਾਂ-ਪੁੱਤ ਸਾਈਕਲ ’ਤੇ ਘਰ ਆ ਗਏ। ਦੋ ਚਾਰ ਦਿਨਾਂ ਮਗਰੋਂ ਅਸੀਂ ਕੁਝ ਪੈਸੇ ਭੂਰੇ ਨੂੰ ਦੇ ਆਏ। ਮਕਾਨ ਲਾਲ ਲਕੀਰ ਦੇ ਅੰਦਰ ਸੀ। ਭੂਰੇ ਨੇ ਸਾਰੇ ਪੈਸੇ ਲਏ ਬਿਨਾਂ ਹੀ ਕਾਗਜ਼ ਮੇਰੇ ਨਾਮ ਦਾ ਬਣਾ ਦਿੱਤਾ। ਮਗਰੋਂ ਅਸੀਂ ਪੈਸੇ ਤਿੰਨ ਕਿਸ਼ਤਾਂ ਵਿੱਚ ਦਿੱਤੇ। ਹੁਣ ਮੇਰੇ ਮਾਪਿਆਂ ਦੇ ਜਾਣ ਮਗਰੋਂ ਜਦੋਂ ਬੱਚਿਆਂ ਨੇ ਘਰ ਢਾਹ ਕੇ ਨਵੇਂ ਸਿਰਿਓਂ ਉਸਾਰਿਆ ਤਾਂ ਸੁਭਾਵਿਕ ਸੀ ਕਿ ਬਾਹਰ ਲਿਖਿਆ ‘ਅਜਮੇਰ ਰਤਨ’ ਵੀ ਮਲਬੇ ’ਚ ਬਦਲ ਗਿਆ। ਜਦੋਂ ਮੇਰਾ ਧਿਆਨ ਇਸ ਪਾਸੇ ਗਿਆ ਤਾਂ ਮਨ ਬੜਾ ਉਦਾਸ ਹੋਇਆ। ਭੂਰੇ ਨਾਲ ਮੇਰਾ ਭਰਾਵਾਂ ਵਰਗਾ ਪਿਆਰ ਸੀ ਤੇ ਬੱਚਿਆਂ ਨੂੰ ਮੇਰੇ ਇਸ ਬਚਪਨ ਦੇ ਇਸ ਸਾਥੀ ਦੇ ਮੋਹ ਦਾ ਬਹੁਤਾ ਇਲਮ ਨਹੀਂ ਸੀ। ਘਰ ਦੇ ਬਾਹਰੋਂ ‘ਅਜਮੇਰ ਰਤਨ’ ਮਿਟਣ ਕਾਰਨ ਹੁਣ ਹਰ ਕੋਈ ਲੰਘਦਾ ਜਾਂਦਾ ਪੁੱਛਦਾ, ‘‘ਭੂਰੇ ਹੋਰਾਂ ਨੇ ਘਰ ਵੇਚ ਦਿੱਤਾ? ਕਿੰਨੇ ਦਾ ਲਿਆ?’’ ਮਨ ਰੋਣ ਨੂੰ ਕਰਦਾ। ਇੰਨੇ ਸਾਲ ਹੋ ਗਏ ਭੂਰੇ ਨੇ ਕਿਸੇ ਕੋਲ ਭਾਫ਼ ਨਹੀਂ ਸੀ ਕੱਢੀ ਕਿ ਉਨ੍ਹਾਂ ਪੁਰਾਣਾ ਘਰ ਸਾਨੂੰ ਵੇਚ ਦਿੱਤਾ ਹੈ। ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਮਨ ਉਦਾਸ ਹੋ ਜਾਂਦਾ। ਮਨ ਵਿੱਚ ਡਰ ਲੱਗਿਆ ਰਿਹਾ ਕਿ ਹੁਣ ਭੂਰੇ ਨਾਲ ਅੱਖਾਂ ਕਿਵੇਂ ਮਿਲਾਵਾਂਗਾ। ਇੱਕ ਦਿਨ ਭੂਰੇ ਦਾ ਪਰਿਵਾਰ ਪਿੰਡ ਆਪਣੇ ਪੁੱਤਰ ਦੇ ਵਿਆਹ ਦਾ ਕਾਰਡ ਲੈ ਕੇ ਆ ਗਿਆ। ਉਹ ਨਵਾਂ ਘਰ ਬਣਿਆ ਦੇਖ ਕੇ ਖ਼ੁਸ਼ ਹੋਇਆ।

Advertisement

ਮੈਂ ਉਸ ਅੱਗੇ ਸਿਰ ਝੁਕਾ ਕੇ ਬੈਠਾ ਸੀ। ਮੇਰੀਆਂ ਨਜ਼ਰਾਂ ਭੂਰੇ ਨਾਲ ਮਿਲ ਨਹੀਂ ਰਹੀਆਂ ਸਨ। ਚਾਹ ਪੀਣ ਮਗਰੋਂ ਭੂਰਾ ਆਖਣ ਲੱਗਿਆ, ‘‘ਵਿਆਹ ਵਿੱਚ ਸਾਰੇ ਜੀਆਂ ਨੇ ਆਉਣਾ ਹੈ।’’ ਮੈਂ ਤੇ ਪਤਨੀ ਉਨ੍ਹਾਂ ਨੂੰ ਗੇਟ ਤੱਕ ਛੱਡਣ ਗਏ। ਜਦੋਂ ਅਸੀਂ ਅੰਦਰ ਆਏ ਤਾਂ ਪੁੱਤਰ ਆਖਣ ਲੱਗਿਆ, ‘‘ਪਾਪਾ, ਤੁਸੀਂ ਉਂਝ ਹੀ ਮਨ ਨੂੰ ਲਗਾ ਲਿਆ। ਆਹ ਦੇਖੋ, ਕਾਰਡ ਦੇ ਅਖੀਰ ਵਿੱਚ ਲਿਖਿਐ ਕਿ ਤੁਸੀਂ ਸਾਡੇ ‘ਅਜਮੇਰ ਰਤਨ’ ਵਿੱਚ ਆ ਕੇ ਰੌਣਕਾਂ ਵਧਾਓ ਜੀ।’’ ਬੱਚੇ ਦੇ ਕਹੇ ਦਾ ਯਕੀਨ ਨਾ ਹੋਇਆ। ਜਦੋਂ ਕਾਰਡ ਪੜ੍ਹਿਆ ਤਾਂ ਮਨ ਬਾਗੋ-ਬਾਗ ਹੋ ਗਿਆ। ਹੁਣ ‘ਅਜਮੇਰ ਰਤਨ’ ਵਿਕਣ ਵਾਲੀ ਗੱਲ ’ਤੇ ਮਨ ਉਦਾਸ ਨਹੀਂ ਸੀ, ਸਗੋਂ ਨਵੇਂ ਬਣੇ ‘ਅਜਮੇਰ ਰਤਨ’ ਦੀ ਖ਼ੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਮੈਨੂੰ ਇਉਂ ਲੱਗਿਆ ਜਿਵੇਂ ਮੇਰੇ ਮਨੋਂ ਮਣਾਂ-ਮੂੰਹੀ ਭਾਰ ਉੱਤਰ ਗਿਆ ਹੋਵੇ।

ਸੰਪਰਕ: 98152-33232

Advertisement
×