ਕੁਲਮਿੰਦਰ ਕੌਰ
ਪਿਛਲੇ ਸਾਲ ਇਨ੍ਹੀਂ ਦਿਨੀਂ ਮੇਰੀ ਵੱਡੀ ਭਾਬੀ ਪੇਟ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਸੀ। ਜੋੜਾਂ ਦੇ ਦਰਦ ਤੇ ਬਲੱਡ ਪ੍ਰੈੱਸ਼ਰ ਨਾਲ ਪੀੜਤ ਹੋਣ ਦੇ ਬਾਵਜੂਦ ਉਹ ਦਵਾਈਆਂ ਖਾ ਕੇ ਹੁਣ ਤੱਕ ਆਪਣੀ ਜਿ਼ੰਮੇਵਾਰੀ ਨਿਭਾਉਂਦੇ ਅਤੇ ਘਰ ਦੇ ਕੰਮ ਕਿਸੇ ਦੀ ਮਦਦ ਲਏ ਬਗੈਰ ਹੀ ਕਰਨਾ ਪਸੰਦ ਕਰਦੇ ਰਹੇ ਪਰ ਹੁਣ ਬੇਵੱਸ ਤੇ ਲਾਚਾਰ ਹੋ ਗਏ। ਨਰਸ ਭਤੀਜੀ ਆਪਣੇ ਡਾਕਟਰ ਪਤੀ ਨਾਲ ਹਸਪਤਾਲ ਚਲਾ ਰਹੀ ਹੈ, ਭੂਆ ਦੀ ਬਿਮਾਰੀ ਵਿਚ ਉਹ ਦੋਵੇਂ ਆ ਕੇ ਇਲਾਜ ਅਤੇ ਸੇਵਾ ਕਰਦੇ ਰਹੇ। ਬੜਾ ਯਕੀਨ ਸੀ, ਇਨ੍ਹਾਂ ਦੇ ਇਲਾਜ ਤੇ। ਮੇਰੇ ਭਰਾ ਨੇ ਦਿਨ ਰਾਤ ਨਹੀਂ ਦੇਖਿਆ; ਹਰ ਡਾਕਟਰੀ ਇਲਾਜ, ਸਹੂਲਤ ਤੇ ਸਾਧਨ ਉਸ ਨੂੰ ਠੀਕ ਕਰਨ ਲਈ ਅਜ਼ਮਾਉਣ ਚ ਲੱਗ ਗਿਆ ਪਰ ਮੌਤ ਭਾਬੀ ਨੂੰ ਧੂਹ ਰਹੀ ਸੀ। ਆਖਿ਼ਰ ਜਿ਼ੰਦਗੀ ਹਾਰ ਗਈ ਤੇ 17 ਦਸੰਬਰ ਨੂੰ ਉਹ ਸਦੀਵੀ ਵਿਛੋੜਾ ਦੇ ਗਏ।
ਇਨ੍ਹਾਂ ਦਾ ਇਕਲੌਤਾ ਬੱਚਾ, ਪੁੱਤਰ ਸਿਡਨੀ (ਆਸਟਰੇਲੀਆ) ਦਾ ਨਾਗਰਿਕ ਹੈ। ਪੁੱਤਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮਾਂ ਉੱਥੇ ਉਨ੍ਹਾਂ ਕੋਲ ਰਹੇ ਪਰ ਉਸ ਨਾ ਮੰਨਿਆ; ਇਸੇ ਲਈ ਲੜਕਾ ਹਰ ਸਾਲ ਮਾਂ ਨੂੰ ਮਿਲਣ ਆਉਂਦਾ। ਕੁਦਰਤ ਦੀ ਕਰਨੀ ਕਿ ਕਰੋਨਾ ਕਾਲ ਦਾ ਜੋ ਸੰਤਾਪ ਸਾਰੀ ਖ਼ਲਕਤ ਨੇ ਭੋਗਿਆ, ਉਸੇ ਦੀ ਲਪੇਟ ਵਿਚ ਮਾਂ-ਪੁੱਤ ਦਾ ਇਹ ਰਿਸ਼ਤਾ ਵੀ ਆ ਗਿਆ। ਬੜਾ ਉਡੀਕਿਆ ਸੀ ਪੁੱਤ ਨੂੰ, ਉਸ ਨੂੰ ਲੱਗਣਾ ਕਿ ਉਹ ਆ ਗਿਆ ਹੈ ਤੇ ਪੁੱਛਣਾ, “ਕਿੱਥੇ ਹੈ ਘੋਲਾ? ਬਾਹਰ ਠੰਢ ਐ, ਉਹਨੂੰ ਕਹੋ, ਅੰਦਰ ਮੇਰੇ ਕੋਲ ਆ ਜਾਵੇ।” ਸੁਣਨ ਵਾਲਿਆਂ ਦੇ ਦਿਲ ਵਿੰਨ੍ਹੇ ਜਾਂਦੇ। ਮਨ ਅੰਦਰ ਵਿਚਾਰ ਉੱਠਦੇ- ‘ਕਾਸ਼! ਮੁਲਕ ਦੇ ਨਾਕਸ ਪ੍ਰਬੰਧਾਂ ਕਾਰਨ ਬੁੱਧੀਮਾਨ ਤੇ ਜ਼ਹੀਨ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਰੁਖ਼ ਨਾ ਕਰਨਾ ਪਵੇ।’ ਉਹ ਮਾਂ ਦੀ ਜਿ਼ੰਦਗੀ ਦੇ ਅੰਤਿਮ ਪਲਾਂ ਤੱਕ ਵੀ ਪਹੁੰਚ ਨਾ ਸਕਿਆ।
ਵਹਿਮਾਂ ਭਰਮਾਂ ਨੂੰ ਨਕਾਰਦੇ ਹੋਏ ਵਿਗਿਆਨਕ ਸੋਚ ਦੇ ਧਾਰਨੀ ਇਸ ਪਰਿਵਾਰ ਵਿਚ ਵੀਰ ਨੇ ਭਾਬੀ ਦੀ ਅੰਤਿਮ ਵਿਦਾਇਗੀ ਬਿਨਾ ਧਾਰਮਿਕ ਰਸਮਾਂ ਦੇ ਹੀ ਕੀਤੀ। ਵੱਡੇ ਭੈਣ ਜੀ ਦੀ ਛੋਟੀ ਧੀ ਸ਼ਰਨ ਨਾਲ ਭਾਬੀ ਜੀ ਮਾਂ-ਧੀ ਵਾਂਗ ਨੇੜਤਾ ਰੱਖਦੇ ਰਹੇ, ਤੇ ਉਸੇ ਨੇ ਮਾਮੀ ਨੂੰ ਅਗਨੀ ਭੇਂਟ ਕੀਤਾ। ਬੇਸ਼ੱਕ ਪਤਾ ਹੈ, ਜੀਣਾ ਝੂਠ ਤੇ ਮਰਨਾ ਸੱਚ ਹੈ ਪਰ ਆਪਣਿਆਂ ਦਾ ਦੁੱਖ ਜਰਨਾ ਸੌਖਾ ਨਹੀਂ ਹੁੰਦਾ। ਪਿਆਰ ਤੇ ਦੁੱਖ ਦੇ ਮਿਲੇ ਜੁਲੇ ਅਨੁਭਵ ਨਾਲ ਜਾਣ ਵਾਲੇ ਦਾ ਸਾਰਾ ਜਿ਼ੰਦਗੀਨਾਮਾ ਅੱਖਾਂ ਅੱਗੇ ਘੁੰਮਣ ਲੱਗਦਾ ਹੈ।
ਭਾਬੀ ਦੇ ਇੱਕ ਭਤੀਜੇ ਨੇ ਭਾਵੁਕ ਹੁੰਦਿਆਂ ਆਪਣੀ ਭੂਆ ਬਾਰੇ ਦੱਸਿਆ, “ਭੂਆ ਧੱਤਲ ਪਿੰਡ (ਤਰਨ ਤਾਰਨ) ਦੀ ਪਹਿਲੀ ਕੁੜੀ ਸੀ ਜੋ ਸਕੂਲ ਗਈ। ਛੇਵੀਂ ਜਮਾਤ ਤੋਂ ਬਾਅਦ ਹੀ ਹੋਸਟਲ ਵਿਚ ਰਹਿ ਕੇ ਪੜ੍ਹਾਈ ਕੀਤੀ। ਪਹਿਲੀ ਲੜਕੀ ਜੋ ਪ੍ਰੋਫੈਸ਼ਨਲ ਕੋਰਸ ਕਰਕੇ ਸਰਕਾਰੀ ਨੌਕਰੀ ਵਿਚ ਆਈ। ਉਹ ਸਿਹਤ ਵਿਭਾਗ ਵਿਚ ਐੱਲਐੱਚਵੀ ਦੀ ਪੋਸਟ ਤੇ ਸੀ। ਭਾਬੀ ਦੇ ਪਿਤਾ ਜੀ ਕਾਮਰੇਡ ਸਨ। ਸਾਡੇ ਪਿਤਾ ਜੀ ਦੇ ਹਮਖਿਆਲ ਅਤੇ ਦੋਸਤ ਹੋਣਾ ਹੀ ਇਨ੍ਹਾਂ ਦੇ ਰਿਸ਼ਤੇ ਦਾ ਸਬਬ ਬਣਿਆ। ਵੀਰ ਜੀ ਪਿੰਜੌਰ ਐੱਚਐੱਮਟੀ ਫੈਕਟਰੀ ਵਿਚ ਕੰਮ ਕਰਦੇ ਸਨ, ਤੇ ਇਨ੍ਹਾਂ ਦੀ ਪੋਸਟਿੰਗ ਲੁਧਿਆਣੇ ਸੀ। ਜਿ਼ੰਦਗੀ ਦਾ ਇਮਤਿਹਾਨ ਤਾਂ ਇੱਥੇ ਹੀ ਸ਼ੁਰੂ ਹੋ ਗਿਆ। ਭਾਬੀ ਨੇ ਨੌਕਰੀ ਛੱਡ ਦਿੱਤੀ ਤੇ ਦੋਵੇਂ ਜੀਅ ਇਕੱਠੇ ਰਹਿਣ ਲੱਗੇ। ਖੱਬੇ-ਪੱਖੀ ਸਿਧਾਂਤਾਂ ਦੀ ਹਾਮੀ ਭਰਦੇ, ਵੀਰ ਜੀ ਵਰਕਰ ਯੂਨੀਅਨ ਦੇ ਪ੍ਰਧਾਨ ਸਨ। ਯੂਨੀਅਨ ਦੇ ਹਰ ਤਰ੍ਹਾਂ ਦੇ ਕੰਮਾਂ ਤੇ ਸੰਘਰਸ਼ ਵਿਚ ਭਾਬੀ ਦਾ ਪੂਰਾ ਯੋਗਦਾਨ ਹੁੰਦਾ।
ਅੱਜ ਕੱਲ੍ਹ ਵੀਰ ਅਭੈ ਸਿੰਘ ਸਾਹਿਤਕ ਖੇਤਰ ਨਾਲ ਜੁੜੇ ਹੋਏ ਹਨ, ਲਗਾਤਾਰ ਲਿਖਦੇ ਨੇ, ਭਾਬੀ ਬਹੁਤ ਵਧੀਆ ਪਾਠਕ ਸੀ। ਜਦੋਂ ਵੀ ਵੀਰ ਦੀ ਰਚਨਾ ਛਪਦੀ, ਮੈਨੂੰ ਫੋਨ ਕਰਕੇ ਦੱਸਣਾ, “ਤੇਰੇ ਵੀਰ ਜੀ ਦਾ ਅੱਜ ਲੇਖ ਲੱਗਾ ਹੈ।” ਮੇਰਾ ਲੇਖ ਪੜ੍ਹ ਕੇ ਅਕਸਰ ਕਹਿੰਦੇ, “ਅੜਿਆ! ਤੂੰ ਤਾਂ ਵਧੀਆ ਲਿਖ ਲੈਂਦੀ ਏਂ।”
ਕਰੋਨਾ ਦਾ ਸੰਕਟ ਟਲਿਆ ਤਾਂ ਵਿਦੇਸ਼ਾਂ ਦੇ ਲਾਂਘੇ ਖੁੱਲ੍ਹ ਜਾਣ ਤੇ ਇਨ੍ਹਾਂ ਦਾ ਪੁੱਤਰ ਮਾਂ ਦੇ ਤੁਰ ਜਾਣ ਤੋਂ 11 ਮਹੀਨੇ ਬਾਅਦ ਮੁਲਕ ਆਇਆ। ਵੀਰ ਜੀ ਪੁੱਤਰ ਨੂੰ ਦਿੱਲੀ ਤੋਂ ਲੈ ਕੇ ਆਏ ਅਜੇ ਤਾਲਾ ਖੋਲ੍ਹ ਕੇ ਅੰਦਰ ਵੜੇ ਹੀ ਸੀ ਕਿ ਮੇਰਾ ਫੋਨ ਚਲਾ ਗਿਆ, “ਆ ਗਏ ਮੁੰਡੇ ਨੂੰ ਲੈ ਕੇ?” ਵੀਰ ਦੀ ਭੁੱਬ ਨਿਕਲ ਗਈ, “ਉਹ ਪੁੱਤ ਨੂੰ ਉਡੀਕਦਿਆਂ ਤੁਰ ਗਈ, ਹੁਣ ਇਹਨੂੰ ਮਾਂ ਨਹੀਂ ਮਿਲੀ।”
ਉਦੋਂ ਵੀਰ ਨੇ ਗੈਰ ਧਾਰਮਿਕ ਸੋਗ ਸਮਾਗਮ ਦੀ ਯੋਜਨਾ ਉਲੀਕੀ ਸੀ ਪਰ ਕਰੋਨਾ ਕਾਰਨ ਨੇਪਰੇ ਨਾ ਚੜ੍ਹੀ। ਹੁਣ ਪੁੱਤਰ ਦੇ ਆ ਜਾਣ ਤੇ 28 ਨਵੰਬਰ ਨੂੰ ਆਪਸੀ ਸਾਂਝ ਸਮਾਗਮ ਕਰਕੇ ਭਾਬੀ ਨੂੰ ਯਾਦ ਕਰ ਰਹੇ ਹਾਂ।
ਸੰਪਰਕ: 98156-52272