ਉਮਰ ਤੇ ਇਮਤਿਹਾਨ
ਚੜ੍ਹਦੇ ਸਾਲ ਜਿਉਂ ਹੀ ਸੁਣਨ ’ਚ ਆਇਆ ਕਿ ਅਧਿਆਪਕਾਂ ਲਈ ਅਧਿਆਪਕ ਯੋਗਤਾ ਟੈਸਟ ‘ਟੈੱਟ’ ਜ਼ਰੂਰੀ ਕਰ ਦਿੱਤਾ ਗਿਆ ਹੈ ਤਾਂ ਸਾਡੇ ਸਕੂਲ ਦੇ ਅਧਿਆਪਕਾਂ ਵਿੱਚੋਂ ਕਈਆਂ ਨੇ ਥੋੜ੍ਹੀ ਥੋੜ੍ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਨ੍ਹਾਂ ਨੂੰ ਪੜ੍ਹਦਿਆਂ ਦੇਖਦੀ...
ਚੜ੍ਹਦੇ ਸਾਲ ਜਿਉਂ ਹੀ ਸੁਣਨ ’ਚ ਆਇਆ ਕਿ ਅਧਿਆਪਕਾਂ ਲਈ ਅਧਿਆਪਕ ਯੋਗਤਾ ਟੈਸਟ ‘ਟੈੱਟ’ ਜ਼ਰੂਰੀ ਕਰ ਦਿੱਤਾ ਗਿਆ ਹੈ ਤਾਂ ਸਾਡੇ ਸਕੂਲ ਦੇ ਅਧਿਆਪਕਾਂ ਵਿੱਚੋਂ ਕਈਆਂ ਨੇ ਥੋੜ੍ਹੀ ਥੋੜ੍ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਨ੍ਹਾਂ ਨੂੰ ਪੜ੍ਹਦਿਆਂ ਦੇਖਦੀ ਤਾਂ ਮੇਰੇ ਮਨ ਵਿੱਚ ਵੀ ਇਹ ਖ਼ਿਆਲ ਆਉਂਦਾ ਕਿ ਮਨਾਂ, ਮੈਂ ਵੀ ਕਿਉਂ ਨਾ ਟੈਸਟ ਦੇ ਕੇ ਦੇਖਾਂ। ਭਲੇ ਹੀ ਮੈਂ ਲਗਪਗ 30 ਸਾਲਾਂ ਤੋ ਅਧਿਆਪਨ ਕਿੱਤੇ ਵਿੱਚ ਹਾਂ, ਪਰ ਜਦੋਂ ਟੈੱਟ ਬਾਰੇ ਸੁਣਦੀ ਸੀ ਤਾਂ ਡਰ ਜਿਹਾ ਲੱਗਦਾ ਸੀ ਨਾਲੇ ਕਾਫ਼ੀ ਸਾਲ ਹੋ ਗਏ ਪੜ੍ਹਾਈ ਛੱਡੀ ਨੂੰ। ਭਾਵੇਂ ਮੈਨੂੰ ਹੁਣ ਵੀ ਪੜ੍ਹਨ ਦਾ ਬਹੁਤ ਸ਼ੌਕ ਹੈ। ਇਸੇ ਸ਼ੌਕ ਕਰਕੇ ਤਾਂ ਮੈਨੂੰ ਪਿੰਡ ਦੀ ਪਹਿਲੀ ਕੁੜੀ ਬਣਨ ਦਾ ਮਾਣ ਪ੍ਰਾਪਤ ਹੋਇਆ, ਜਿਸ ਨੇ ਕਾਲਜ ’ਚ ਦਾਖ਼ਲਾ ਲਿਆ ਸੀ ਤੇ ਨੌਕਰੀ ਲੱਗਣ ਤੋਂ 15-16 ਸਾਲਾਂ ਬਾਅਦ ਤੱਕ ਪੜ੍ਹਾਈ ਕੀਤੀ ਸੀ।
ਆਲੇ-ਦੁਆਲੇ ਰੋਜ਼ਾਨਾ ਹੀ ਅਧਿਆਪਕ ਸਾਥੀਆਂ ਨੂੰ ਟੈੱਟ ਦੇ ਵਿਰੋਧ ਵਿੱਚ ਗੱਲਾਂ ਕਰਦਿਆਂ ਸੁਣਦੀ ਸੀ। ਉਨ੍ਹਾਂ ਦਾ ਵਿਰੋਧ ਜਾਇਜ਼ ਵੀ ਲਗਦਾ ਸੀ ਕਿਉਂਕਿ ਜਿਹੜਾ ਵੀ ਇਸ ਕਿੱਤੇ ਵਿੱਚ ਆਇਆ ਹੈ, ਸੂਈ ਦੇ ਨੱਕੇ ਵਿੱਚੋਂ ਲੰਘ ਕੇ ਭਾਵ, ਆਪਣੇ ਵੇਲੇ ਦੀਆਂ ਸਭ ਸ਼ਰਤਾਂ ਪੂਰੀਆਂ ਕਰਕੇ ਹੀ ਆਇਆ ਹੈ।
ਮੈਂ ਵੀ ਟੈੱਟ ਦੀ ਰਜਿਸਟਰੇਸ਼ਨ ਕਰਵਾ ਦਿੱਤੀ। ਇਹ ਗੱਲ ਜਦੋਂ ਮੇਰੇ ਸਹਿਕਰਮੀਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਵਿੱਚੋਂ ਕਈ ਹੈਰਾਨੀ ਨਾਲ ਪੁੱਛਦੇ, ‘‘ਰਾਜ ਮੈਡਮ, ਤੁਸੀਂ ਵੀ ਟੈੱਟ ਦਾ ਟੈਸਟ ਦੇਓਗੇ ? ਭਲਾ! ਤੁਹਾਨੂੰ ਕੀ ਲੋੜ ਪੈ ਗਈ?” ਮੇਰੀਆਂ ਕਈ ਸਾਥਣਾਂ ਮੈਨੂੰ ਛੇੜਦੀਆਂ, ‘‘ਹੁਣ ਤਾਂ ਘਰੇ ਨੂੰਹ ਨੇ ਆ ਜਾਣਾ ਹੈ, ਅਸੀਂ ਵੀ ਉਸ ਨੂੰ ਕਿਹਾ ਕਰਾਂਗੀਆਂ ਕਿ ਤੇਰੀ ਸੱਸ ਟੈੱਟ ਪਾਸ ਹੈ।’’ ਮੈਂ ਅਕਸਰ ਹੀ ਉਨ੍ਹਾਂ ਦੀਆਂ ਇਹ ਗੱਲਾਂ ਸੁਣ ਕੇ ਹੱਸ ਛੱਡਦੀ। ਪਰ ਕਦੇ ਮੈਨੂੰ ਇਸ ਗੱਲ ਦਾ ਖ਼ਦਸ਼ਾ ਵੀ ਹੁੰਦਾ ਕਿ ਕਿਤੇ ਮੈਂ ਫੇਲ੍ਹ ਹੀ ਨਾ ਹੋ ਜਾਵਾਂ। ਬੇਇੱਜ਼ਤੀ ਹੋ ਜਾਵੇਗੀ। ਮੈਂ ਆਪਣੇ ਨਵੇਂ ਆਏ ਸਹਿਕਰਮੀਆਂ ਨੂੰ ਅਕਸਰ ਹੱਸ ਕੇ ਆਖਿਆ ਕਰਦੀ ਸਾਂ ਕਿ ਜੇਕਰ ਮੇਰੇ 50 ਨੰਬਰ ਆਏ ਤਾਂ ਉਹ ਤੁਹਾਡੇ 100 ਨੰਬਰਾਂ ਦੇ ਬਰਾਬਰ ਗਿਣੇ ਜਾਣਗੇ। ਸਮਾਜਿਕ ਸਿੱਖਿਆ ਦੀ ਅਧਿਆਪਕਾ ਹੋਣ ਕਰਕੇ ਮੈਂ ਆਪਣੇ ਵਿਸ਼ੇ ਨਾਲ ਸਬੰਧਿਤ ਕਈ ਨੁਕਤੇ ਆਪਣੀਆਂ ਸਾਥਣਾਂ ਨੂੰ ਵੀ ਸਮਝਾਉਂਦੀ। ਜਦੋਂ ਅਸੀਂ ਸਾਰੇ ਇਕੱਠੇ ਬੈਠ ਕੇ ਵਿਚਾਰਾਂ ਕਰਦੇ ਤਾਂ ਬਹੁਤ ਹੀ ਆਨੰਦ ਆਉਂਦਾ। ਪੜ੍ਹਨ ਵੇਲੇ ਮੈਨੂੰ ਅਕਸਰ ਹੀ ਆਪਣੇ ਵਿਦਿਆਰਥੀ ਵੇਲੇ ਦੇ ਦਿਨ ਯਾਦ ਆਉਂਦੇ। ਇੱਕ ਦਿਨ ਜਦੋਂ ਅਸੀਂ ਅਕਬਰ ਤੇ ਹਮਾਯੂੰ ਦੇ ਮਕਬਰੇ ਬਾਰੇ ਪੜ੍ਹ ਰਹੇ ਸਾਂ ਤਾਂ ਮੇਰੀ ਇੱਕ ਸਹੇਲੀ ਨੇ ਹੱਸਦਿਆਂ ਕਿਹਾ, ‘‘ਭੈਣੋ! ਜੇ ਰਾਜ ਮੈਡਮ ਪਾਸ ਹੋ ਗਏ ਤੇ ਅਸੀਂ ਫੇਲ੍ਹ ਹੋ ਗਈਆਂ ਤਾਂ ਸਾਨੂੰ ਤਾਂ ਸਾਡੇ ਮਕਬਰੇ ਇੱਥੇ ਸਕੂਲ ’ਚ ਹੀ ਬਣਾਉਣੇ ਪੈ ਜਾਣਗੇ।’’ ਇਹ ਗੱਲ ਸੁਣ ਕੇ ਅਸੀਂ ਸਾਰੇ ਹੀ ਬਹੁਤ ਹੱਸੇ। ਪ੍ਰੀਖਿਆ ਦੇਣ ਦੀ ਗੱਲ ਸੁਣ ਕੇ ਵਿਦੇਸ਼ ਰਹਿੰਦਾ ਮੇਰਾ ਪੁੱਤਰ ਬਹੁਤ ਖ਼ੁਸ਼ ਹੋਇਆ। ਉਸ ਨੇ ਕਿਹਾ, ‘‘ਮੰਮਾ, ਪੜ੍ਹਾਈ ਪ੍ਰਤੀ ਤੁਹਾਡਾ ਲਗਾਅ ਦੇਖ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਗੱਲ ਪਾਸ ਜਾਂ ਫੇਲ੍ਹ ਦੀ ਨਹੀਂ, ਪਰ ਤੁਹਾਡਾ ਇਸ ਪਾਸੇ ਤੁਰਨਾ ਹੀ ਕਾਬਿਲ-ਏ-ਤਾਰੀਫ਼ ਹੈ। ਮੇਰਾ ਅਧਿਆਪਕ ਭਰਾ ਖ਼ੁਦ ਵੀ ਟੈੱਟ ਦੀ ਤਿਆਰੀ ਵਿੱਚ ਲੱਗਾ ਹੋਇਆ ਸੀ। ਉਸ ਨੇ ਤਿਆਰੀ ਵਿੱਚ ਮੇਰੀ ਮਦਦ ਕੀਤੀ। ਮੇਰੇ ਪਤੀ ਨੇ ਵੀ ਮੇਰਾ ਪੂਰਾ ਸਾਥ ਦਿੱਤਾ। ਸਾਡਾ ਸੈਂਟਰ ਮਸਤੂਆਣਾ ਸਾਹਿਬ ਬਣਿਆ। ਮੇਰੇ ਨਾਲ ਮੇਰੀਆਂ ਦੋ ਅਧਿਆਪਕ ਸਾਥਣਾਂ ਵੀ ਗਈਆਂ। ਸਾਡਾ ਸਾਰਿਆਂ ਦਾ ਪੇਪਰ ਵਧੀਆ ਹੋਇਆ। ਸੋ ਨਤੀਜੇ ਵਾਲੇ ਦਿਨ ਜ਼ਮੀਨ ’ਤੇ ਪੈਰ ਨਹੀਂ ਸੀ ਲੱਗ ਰਹੇ। 103 ਨੰਬਰ ਲੈ ਕੇ ਮੈਂ ਟੈੱਟ ਪਾਸ ਕੀਤਾ। ਸਭ ਦੇ ਪਿਆਰ, ਦੁਆਵਾਂ ਸਦਕਾ ਸਾਡੀ ਮਿਹਨਤ ਨੇ ਰੰਗ ਲਿਆਂਦਾ ਅਤੇ ਅਸੀਂ ਟੈੱਟ ਪਾਸ ਹੋ ਗਏ। ਪ੍ਰਿੰਸੀਪਲ ਮੈਡਮ ਤੇ ਬਾਕੀ ਸਾਰੇ ਸਟਾਫ ਨੇ ਵੀ ਵਧਾਈਆਂ ਦਿੱਤੀਆਂ। ਮੈਨੂੰ ਲੱਗਿਆ ਕਿ ਅੱਜ ਇਹ ਸਾਬਿਤ ਹੋ ਗਿਆ ਕਿ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ, ਬਸ ਗੱਲ ਤਾਂ ਤੁਹਾਡੇ ਪੱਕੇ ਇਰਾਦੇ ਦੀ ਹੈ।
ਸੰਪਰਕ: 94642-24314
