ਜਗਦੀਸ਼ ਕੌਰ ਮਾਨ
ਅੱਜ ਫਿਰ ਉਹ ਆਪਣੀ ਮਾਸੀ ਦੇ ਸਹੁਰਿਆਂ ਨੂੰ ਜਾਣ ਵਾਲੀ ਬੱਸ ‘ਚ ਬੈਠੀ ਸੀ। ਬੱਸ ਸਟੈਂਡ ਤੀਕ ਉਸ ਦਾ ਪਤੀ ਉਸ ਨੂੰ ਸਕੂਟਰ ‘ਤੇ ਛੱਡ ਗਿਆ ਸੀ। ਅੱਗੋਂ ਜੰਡਿਆਲਾ ਗੁਰੂ ਨੂੰ ਜਾਣ ਵਾਲੀ ਬੱਸ ਤਿਆਰ ਖੜ੍ਹੀ ਸੀ। ਪਹਿਲੀ ਬੱਸ ਹੋਣ ਕਰਕੇ ਭੀੜ ਵੀ ਕੋਈ ਬਹੁਤੀ ਨਹੀਂ ਸੀ। ਦੋ ਵਾਲੀ ਸੀਟ ‘ਤੇ ਉਹ ਇਕੱਲੀ, ਨਿਵੇਕਲੀ ਜਿਹੀ ਹੋ ਕੇ ਬੈਠ ਗਈ। ਦੂਰ ਦੁਰਾਡੇ ਵਸਦੀ ਆਪਣੀ ਮਾਸੀ ਨੂੰ ਉਹ ਇੱਕ ਜ਼ਰੂਰੀ ਸੁਨੇਹਾ ਦੇਣ ਜਾ ਰਹੀ ਸੀ। ਇਹ ਸੁਨੇਹਾ ਨਾ ਉਹਦੇ ਹਿਤ ਵਿੱਚ ਸੀ ਤੇ ਨਾ ਹੀ ਮਾਸੀ ਦੇ ਹਿਤ ਵਿੱਚ, ਪਰ ਪਤੀ ਦੇ ਹੁਕਮਾਂ ਦੀ ਬੱਝੀ, ਉਹ ਬੇਵੱਸ ਔਰਤ ਨਿੰਮੋਝੂਣੀ ਜਿਹੀ ਹੋਈ ਉਸ ਦੇ ਘਰ ਜਾ ਰਹੀ ਸੀ। ਬੱਸ ਵਿੱਚ ਬੈਠੀ ਉਹ ਆਪਣੇ ਆਪ ਨੂੰ ਜ਼ਬਤ ‘ਚ ਰੱਖਣ ਦਾ ਸਿਰਤੋੜ ਯਤਨ ਕਰ ਰਹੀ ਸੀ ਪਰ ਉਛਲ ਉਛਲ ਕੇ ਬਾਹਰ ਨੂੰ ਆਉਂਦੇ ਜਜ਼ਬਾਤ ਉਸ ਦੇ ਕਾਬੂ ਤੋਂ ਬਾਹਰ ਹੋ ਗਏ ਸਨ। ਮਿੰਟ ਕੁ ਬਾਅਦ ਉਸ ਦੀਆਂ ਅੱਖਾਂ ਛਲਕ ਪੈਂਦੀਆਂ। ਉਹ ਰੁਮਾਲ ਨਾਲ ਸਾਫ਼ ਕਰਦੀ ਤਾਂ ਕਤਾਰ ਬੰਨ੍ਹ ਕੇ ਤੁਰੇ ਆਉਂਦੇ ਹੋਰ ਹੰਝੂ ਆ ਟਪਕਦੇ ਜਿਵੇਂ ਇਨ੍ਹਾਂ ਨੇ ਅੱਜ ਨਾ ਰੁਕਣ ਦੀ ਸਹੁੰ ਹੀ ਖਾ ਲਈ ਹੋਵੇ। ਸਿਰ ਉਪਰ
ਲਏ ਸ਼ਾਲ ਨਾਲ ਢਕਿਆ ਚਿਹਰਾ ਉਸ ਦਾ ਪਰਦਾ ਰੱਖੀ ਜਾ ਰਿਹਾ ਸੀ, ਨਹੀਂ ਤਾਂ ਉਸ ਨੂੰ ਲਗਾਤਾਰ ਰੋਂਦੀ ਦੇਖ ਕੇ ਸਾਰੀਆਂ ਸਵਾਰੀਆਂ ਦੀਆਂ ਨਜ਼ਰਾਂ ਉਸੇ ਵੱਲ ਹੋ ਜਾਣੀਆਂ ਸਨ। ਹੋ ਸਕਦਾ ਹੈ ਕੋਈ ਦਾਨੀ ਬੁੜ੍ਹੀ ਉਸ ਦਾ ਸਿਰ ਬੁੱਕਲ ‘ਚ ਲੈ ਕੇ ਪੁੱਛਣ ਹੀ ਲੱਗ ਪੈਂਦੀ, ”ਕੀ ਹੋ ਗਿਆ ਧੀਏ! ਸੁੱਖ ਤਾਂ ਹੈ?”
ਨਿਰਮਲ ਨੂੰ ਉਹ ਦਿਨ ਯਾਦ ਆ ਗਏ ਜਦੋਂ ਉਸ ਦੇ ਵਿਆਹ ਦੇ ਦਿਨ ਧਰੇ ਹੋਏ ਸਨ। ਕਿੰਨਾ ਚਾਅ ਸੀ ਉਸ ਨੂੰ ਆਪਣੇ ਵਿਆਹ ਦਾ। ਇੱਕ ਇੱਕ ਕਰਕੇ ਪੂਰੇ ਦਸ ਸਾਲ ”ਅੱਜ ਵੀ, ਕੱਲ੍ਹ ਵੀ” ਕਰਦਿਆਂ ਲੰਘ ਗਏ ਸਨ ਪਰ ਉਸ ਦੀ ਕੁੱਖ ਹਰੀ ਨਹੀਂ ਸੀ ਹੋਈ। ਪਤੀ ਨੇ ਇਲਾਜ ਦੀ ਕੋਈ ਕਸਰ ਨਹੀਂ ਸੀ ਛੱਡੀ। ਵੱਡੇ ਤੇ ਮਸ਼ਹੂਰ ਹਸਪਤਾਲਾਂ ਦੇ ਸਿਰੇ ਦੇ ਗਾਇਨੀ ਮਾਹਿਰ ਡਾਕਟਰਾਂ ਨੇ ਜਦੋਂ ਦੋਵੇਂ ਜੀਆਂ ਦੀ ਮੈਡੀਕਲ ਜਾਂਚ ਕੀਤੀ ਤਾਂ ਜਾਂਚ ਵਿੱਚ ਆਇਆ ਕਿ ਪਤੀ ਦੀਆਂ ਰਿਪੋਰਟਾਂ ਤਾਂ ਬਿਲਕੁਲ ਠੀਕ ਸਨ, ਪਰ ਨਿਰਮਲ ਦੀ ਬੱਚੇਦਾਨੀ ਵਿੱਚ ਰਸੌਲੀਆਂ ਸਨ। ਨਾਲ ਹੀ ਦੋਵੇਂ ਪਾਸਿਆਂ ਦੀਆਂ ਫਿਲੋਪਿਨ ਟਿਊਬਾਂ ਵੀ ਖਰਾਬ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਬੱਚਾ ਨਾ ਹੋਣ ਬਾਰੇ ਸੂਚਿਤ ਕਰ ਦਿੱਤਾ ਸੀ। ਔਲਾਦ ਦੀ ਅਣਹੋਂਦ ਕਾਰਨ ਦੋਵੇਂ ਜੀਅ ਬੜੇ ਉਦਾਸ ਤੇ ਪ੍ਰੇਸ਼ਾਨ ਸਨ। ਬੱਚਾ ਗੋਦ ਲੈਣ ਖਾਤਰ ਕਈ ਨਜ਼ਦੀਕੀ ਸਾਕ ਸਕੀਰੀਆਂ ਵਾਲਿਆਂ ਦੀਆਂ ਮਿੰਨਤਾਂ ਕੀਤੀਆਂ, ਪਰ ਕਿਸੇ ਵੀ ਰਿਸ਼ਤੇਦਾਰ ਨੇ ਉਨ੍ਹਾਂ ਦੀ ਬਾਂਹ ਨਾ ਫੜੀ। ਸਾਰੇ ਰਿਸ਼ਤੇਦਾਰਾਂ ਦੇ ਘਰੀਂ ਬੱਸ ਇੱਕ ਇੱਕ ਜਾਂ ਦੋ ਦੋ ਬੱਚੇ ਹੀ ਸਨ। ਅੱਜ ਦੇ ਜ਼ਮਾਨੇ ਵਿੱਚ ਦੂਜੇ ਨੂੰ ਦੇਣ ਵਾਸਤੇ ਤੀਜਾ ਬੱਚਾ ਤਾਂ ਕਿਸੇ ਕੋਲ ਹੁੰਦਾ ਹੀ ਨਹੀਂ।
ਨਿਰਮਲ ਅੱਜ ਫੇਰ ਜਮੇਰੋ ਮਾਸੀ ਕੋਲ ਜਾ ਰਹੀ ਸੀ। ਜਮੇਰੋ ਦੇ ਦੋ ਨਿੱਕੇ ਨਿੱਕੇ ਬਾਲ ਸਨ। ਉਸ ਦੇ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਸੀ। ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਸੀ ਰਿਹਾ। ਨਿਰੰਜਨ ਦੀ ਮੌਤ ਤੋਂ ਬਾਅਦ ਦੋ ਵੇਲਿਆਂ ਦੀ ਰੋਟੀ ਦੇ ਵੀ ਲਾਲੇ ਪੈ ਗਏ ਸਨ। ਉਹ ਵਿਚਾਰੀ ਮਿਹਨਤ ਮਜ਼ਦੂਰੀ ਕਰਕੇ ਖ਼ੌਰੇ ਕਿਵੇਂ ਤਿੰਨ ਜੀਆਂ ਦਾ ਪੇਟ ਪਾਲ ਰਹੀ ਸੀ। ਕੁਦਰਤ ਦੀ ਮਾਰ! ਸਾਲ ਕੁ ਪਹਿਲਾਂ ਹੀ ਉਸ ਦੀ ਜਠਾਣੀ ਦੋ ਛੋਟੇ ਛੋਟੇ ਬੱਚੇ ਛੱਡ ਕੇ ਪੂਰੀ ਹੋ ਗਈ ਸੀ। ਦੋਵੇਂ ਭਰਾਵਾਂ ਦੇ ਘਰੀਂ ਹੋਣੀ ਨੇ ਕਹਿਰ ਵਰਤਾ ਦਿੱਤਾ ਸੀ। ਇੱਕ ਘਰ ਵਿੱਚ ਕਮਾਉਣ ਵਾਲਾ ਸੀ ਤਾਂ ਪਕਾਉਣ ਵਾਲੀ ਨਹੀਂ ਸੀ। ਦੂਜੇ ਘਰ ਪਕਾਉਣ ਵਾਲੀ ਸੀ ਤਾਂ ਕਮਾਉਣ ਵਾਲਾ ਕੋਈ ਨਹੀਂ ਸੀ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਸਲਾਹ ਮਸ਼ਵਰਾ ਕੀਤਾ ਕਿ ਇਹ ਕੁੜੀ ਜਮੇਰੋ ਉਸ ਦੇ ਜੇਠ ਬਲਵੰਤ ਸਿਹੁੰ ਦੇ ਸਿਰ ਧਰ ਦਿੱਤੀ ਜਾਵੇ, ਦੋਹਾਂ ਘਰਾਂ ਦੀ ਰੋਟੀ ਦਾ ਮਸਲਾ ਹੱਲ ਹੋ ਜਾਵੇਗਾ। ਬਲਵੰਤ ਸਿੰਘ ਵੀ ਦੋ ਨਿਆਣਿਆਂ ਦਾ ਪਿਉ ਸੀ। ਚਾਰੇ ਨਿਆਣੇ ਇੱਕੋ ਘਰ ਵਿੱਚ ਪਲਣ ਲੱਗ ਪਏ ਸਨ। ਦੋਵੇਂ ਜੀਆਂ ਦਾ ਸੋਹਣਾ ਨਿਭਾਅ ਹੋ ਰਿਹਾ ਸੀ। ਕਬੀਲਦਾਰੀ ਵੱਡੀ ਹੋ ਗਈ ਸੀ ਫਿਰ ਵੀ ਚੰਗਾ ਮਾੜਾ ਗੁਜ਼ਾਰਾ ਹੋ ਰਿਹਾ ਸੀ। ਇੱਕ ਦਿਨ ਜਮੇਰੋ ਨਿਰਮਲ ਦੀ ਮਾਂ ਸ਼ਾਂਤੀ ਕੋਲ ਆਈ ਤੇ ਉਸ ਨੂੰ ਨਵੀਂ ਬਣੀ ਸਮੱਸਿਆ ਬਾਰੇ ਦੱਸਿਆ। ਚਾਰ ਨਿਆਣੇ ਤਾਂ ਉਹ ਪਹਿਲਾਂ ਹੀ ਔਖੇ ਹੋ ਕੇ ਪਾਲ ਰਹੇ ਸਨ। ਦਿਹਾੜੀ ਦੱਪੇ ਵਾਲਾ ਬੰਦਾ ਘਰ ਦਾ ਖਰਚਾ ਮਸਾਂ ਹੀ ਚਲਾ ਰਿਹਾ ਸੀ ਕਿ ਉਨ੍ਹਾਂ ਦੇ ਘਰ ਪੰਜਵਾਂ ਬੱਚਾ ਵੀ ਆਉਣ ਦੀ ਤਿਆਰੀ ਵਿੱਚ ਸੀ। ਦੋਵੇਂ ਜੀਅ ਇਸ ਬੱਚੇ ਨੂੰ ਜੀ ਆਇਆਂ ਆਖਣ ਲਈ ਬਿਲਕੁਲ ਵੀ ਤਿਆਰ ਨਹੀਂ ਸਨ ਤੇ ਹਰ ਹਾਲਤ ਵਿੱਚ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਮਹਿੰਗਾਈ ਨੇ ਤਾਂ ਪਹਿਲਾਂ ਹੀ ਉਨ੍ਹਾਂ ਦਾ ਕਚੂੰਮਰ ਕੱਢਿਆ ਹੋਇਆ ਸੀ। ਪਤੀ ਨਾਲ ਸਲਾਹ ਕਰਕੇ ਇਸੇ ਮਕਸਦ ਨਾਲ ਉਹ ਆਪਣੀ ਵੱਡੀ ਭੈਣ ਕੋਲ ਆਈ ਸੀ ਕਿ ਉਹ ਕਿਸੇ ਨਰਸ/ਦਾਈ ਨਾਲ ਸੰਪਰਕ ਕਰਕੇ ਉਸ ਦਾ ਗਰਭਪਾਤ ਕਰਵਾ ਦੇਵੇ। ਇਤਫ਼ਾਕਵੱਸ ਉਸ ਦਿਨ ਨਿਰਮਲ ਵੀ ਪੇਕੀਂ ਗਈ ਹੋਈ ਸੀ। ਗੱਲ ਦਾ ਪਤਾ ਲੱਗਣ ‘ਤੇ ਉਹ ਥਰ ਥਰ ਕੰਬੀ ਜਾ ਰਹੀ ਸੀ। ਬੇਚੈਨੀ ਨਾਲ ਉਸ ਦੇ ਦਿਲ ਦੀ ਧੜਕਣ ਵਧ ਗਈ ਸੀ ਤੇ ਸਾਹ ਫੁੱਲਣ ਲੱਗ ਪਿਆ ਸੀ। ਕੁਦਰਤ ਦਾ ਇਹ ਨਿਆਰਾ ਰੰਗ ਦੇਖਣਾ ਉਸ ਵਾਸਤੇ ਮੁਸ਼ਕਿਲ ਹੋ ਗਿਆ ਸੀ। ਉਹ ਕੁੱਠੀ ਕੂੰਜ ਵਾਂਗ ਕੁਰਲਾਅ ਉੱਠੀ, ”ਮਾਸੀ! ਨਾ ਕਰਵਾ ਇਹ ਕੰਮ, ਇਹ ਤਾਂ ਪਾਪ ਐ ਮਾਸੀ! ਮੇਰੇ ਵੱਲੀਂ ਦੇਖ! ਕਿਵੇਂ ਕੰਧੀਂ ਕੌਲੀਂ ਵਜਦੀ ਫਿਰਦੀ ਆਂ ਔਲਾਦ ਖੁਣੋਂ।”
”ਹੋਰ ਪੁੱਤ! ਕੀ ਕਰਾਂ? ਰੱਬ ਵੀ ਜਾਇਖਾਣੇ ਦਾ, ਬੱਚੇ ਉੱਥੇ ਦਿੰਦਾ ਜਿੱਥੇ ਇਨ੍ਹਾਂ ਦੀ ਲੋੜ ਨਾ ਹੋਵੇ ਤੇ ਲੋੜਵੰਦਾਂ ਨੂੰ ਤਰਸਾਉਂਦਾ ਐਂ, ਨਿਆਰੀ ਖੇਡ ਆ ਭਾਈ, ਕੁਦਰਤ ਦੀ। ਕੌਣ ਬੁੱਝੇ ਉਹਦੀਆਂ ਖੇਡਾਂ ਨੂੰ!” ਗੰਭੀਰ ਬੈਠੀ ਨਿਰਮਲ ਕਈ ਕੁਝ ਸੋਚਣ ਲੱਗ ਪਈ ਸੀ।
ਅਚਾਨਕ ਹੀ ਉਸ ਦੇ ਦਿਮਾਗ਼ ਵਿੱਚ ਇੱਕ ਸਕੀਮ ਆਈ, ਰੌਸ਼ਨੀ ਦੀ ਇੱਕ ਕਿਰਨ ਉਸ ਦੇ ਸੁੰਨੇ ਵਿਹੜੇ ਨੂੰ ਰੁਸ਼ਨਾਉਂਦੀ ਹੋਈ ਨਜ਼ਰ ਆਈ। ਉਸ ਨੇ ਮੰਜੇ ਤੋਂ ਉੱਠ ਕੇ ਜਮੇਰੋ ਮਾਸੀ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਬੋਲੀ, ”ਲੈ ਮਾਸੀ! ਇਹ ਭਾਗਾਂ ਵਾਲਾ ਬੱਚਾ ਵੀ ਇਸ ਰੰਗਲੀ ਦੁਨੀਆਂ ਨੂੰ ਜ਼ਰੂਰ ਦੇਖੇਗਾ, ਮੈਂ ਕਿਧਰੇ ਨ੍ਹੀਂ ਜਾਣ ਦੇਣਾ ਇਸ ਬੱਚੇ ਨੂੰ, ਇਹ ਬੱਚਾ ਤੂੰ ਮੇਰੀ ਖਾਤਰ ਜੰਮ। ਮਾਸੀ! ਮੈਂ ਪਾਲਾਂਗੀ ਇਸ ਨੂੰ ਗੋਦ ਲੈ ਕੇ।” ਫਿਰ ਉਹ ਹੱਥ ਜੋੜਦੀ ਹੋਈ ਰੱਬ ਦਾ ਸ਼ੁਕਰਾਨਾ ਕਰਨ ਲੱਗ ਪਈ, ”ਅੱਛਾ ਮਾਲਕਾ! ਤੂੰ ਬੜਾ ਬੇਅੰਤ ਏਂ, ਜਿਸ ਨੂੰ ਤੂੰ ਰੱਖੇਂ ਉਸ ਦਾ ਤਾਂ ਕੋਈ ਵਾਲ ਵੀ ਵਿੰਗਾ ਨ੍ਹੀਂ ਕਰ ਸਕਦਾ। ਲੈ! ਦੇਖ ਲਓ! ਰੱਬ ਨੇ ਅੱਜ ਕੀ ਸਬੱਬ ਬਣਾਇਐ, ਕਿਵੇਂ ਅਸੀਂ ਮਾਸੀ ਭਾਣਜੀ ‘ਕੱਠੀਆਂ ਹੋਈਆਂ, ਇਸ ਕਰਮਾਂ ਵਾਲੇ ਨੇ ਹਰ ਹਾਲਤ ਵਿੱਚ ਇਹ ਦੁਨੀਆਂ ਦੇਖਣੀ ਸੀ, ਤਾਂ ਕਰਕੇ।”
ਮਾਸੀ ਜਮੇਰੋ ਨਿਰਮਲ ਦਾ ਵਾਰ ਵਾਰ ਸ਼ੁਕਰਾਨਾ ਕਰ ਰਹੀ ਸੀ। ਉਹ ਤਾਂ ਪਾਪ ਕਰਨ ਲੱਗੀ ਸੀ, ਪਰ ਨਿਰਮਲ ਢਾਲ ਬਣ ਕੇ ਮੂਹਰੇ ਖੜ੍ਹ ਗਈ ਸੀ। ਉਸ ਦੀ ਭਾਣਜੀ ਦੇ ਸੁੰਨੇ ਵਿਹੜੇ ‘ਚ ਵੀ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠਣਗੀਆਂ, ਕੁਦਰਤ ਬੜੀ ਕਰਾਮਾਤੀ ਏ।
ਨਿਰਮਲ ਬੜੀ ਖ਼ੁਸ਼ ਸੀ। ਉਸ ਦਾ ਤਾਂ ਚਾਅ ਹੀ ਨਹੀਂ ਸੀ ਚੁੱਕਿਆ ਜਾ ਰਿਹਾ। ਉਸ ਨੂੰ ਕਾਹਲੀ ਪਈ ਹੋਈ ਸੀ ਕਿ ਕਦੋਂ ਘਰ ਜਾਵੇ ਤੇ ਪਤੀ ਨੂੰ ਇਹ ਖੁਸ਼ਖ਼ਬਰੀ ਸੁਣਾਵੇ। ਹਰਪਾਲ ਵੀ ਉਸ ਦੀ ਗੱਲ ਸੁਣ ਕੇ ਖ਼ੁਸ਼ ਹੋ ਗਿਆ ਸੀ। ਪਤਨੀ ਦੇ ਫ਼ੈਸਲੇ ਦਾ ਉਸ ਸਮੇਂ ਉਹਨੇ ਭਰਵਾਂ ਸਵਾਗਤ ਕੀਤਾ ਸੀ। ਨਿਰਮਲ ਨੂੰ ਇਉਂ ਲੱਗਦਾ ਸੀ ਜਿਵੇਂ ਉਹ ਖ਼ੁਦ ਗਰਭਵਤੀ ਹੋਵੇ। ਉਹ ਰੋਜ਼ ਉਂਗਲਾਂ ‘ਤੇ ਦਿਨ/ਮਹੀਨੇ ਗਿਣਦੀ। ਹਰ ਰੋਜ਼ ਸਤਰੰਗੀ ਪੀਂਘ ਦੇ ਰੰਗਾਂ ਵਰਗੀਆਂ ਵਿਉਂਤਾਂ ਬਣਾਉਂਦੀ ਤੇ ਉਨ੍ਹਾਂ ਨੂੰ ਸਿਰੇ ਚਾੜ੍ਹਨ ਦੀਆਂ ਜੁਗਤਾਂ ਸੋਚਦੀ ਰਹਿੰਦੀ।
”ਲੈ! ਦੇਖ ਲਓ ਹੁਣ ਏਨੇ ਮਹੀਨੇ ਰਹਿਗੇ, ਆਪਣੇ ਦਰਵਾਜ਼ੇ ‘ਤੇ ਸ਼ਰੀਂਹ ਬੱਝਣ ‘ਚ। ਜੇ ਰੱਬ ਨੇ ਆਪਣੇ ਭਾਗਾਂ ਨੂੰ ਕੋਈ ਚੰਗੀ ਚੀਜ਼ ਦੇ ਦਿੱਤੀ,
ਆਪਾਂ ਅਖੰਡ ਪਾਠ ਕਰਾ ਕੇ ਮੁੰਡੇ ਦੀ ਛਟੀ ਕਰਾਂਗੇ, ਸਾਰੇ ਰਿਸ਼ਤੇਦਾਰਾਂ ਨੂੰ ਸੱਦਾਂਗੇ, ਖੁੱਲ੍ਹ ਕੇ ਖਰਚ ਕਰਾਂਗੇ। ਸਾਰੀ ਉਮਰ ਲੰਘ ਗਈ ਕਮਾਉਂਦਿਆਂ ਦੀ। ਮਸਾਂ ਤਾਂ ਕਿਤੇ ਖਰਚ ਕਰਨ ਦਾ ਵੇਲਾ ਆਇਐ,” ਉਹ ਸਾਰਾ ਦਿਨ ਇਹੀ ਵਿਉਂਤਾਂ ਬਣਾਉਂਦੀ ਰਹਿੰਦੀ।
ਹੁਣ ਉਸ ਦੀ ਮਾਸੀ ਨੂੰ ਅਣਗਿਣਤ ਮਹੀਨਾ (ਅੱਠਵਾਂ) ਚੱਲ ਰਿਹਾ ਸੀ। ਉਹ ਪੂਰੇ ਉਤਸ਼ਾਹ ਵਿੱਚ ਸੀ ਕਿ ਖੁਸ਼ਖ਼ਬਰੀ ਆਉਣ ਵਿੱਚ ਹੁਣ ਬੱਸ ਦਿਨ ਹੀ ਰਹਿ ਗਏ। ਉਸ ਦਾ ਦਿਲ ਕੀਤਾ ਕਿ ਨਵਜਾਤ ਬੱਚੇ ਦੇ ਪਾਉਣ ਵਾਲੇ ਢੇਰ ਸਾਰੇ ਕੱਪੜੇ, ਖਿਡੌਣੇ ਤੇ ਹੋਰ ਲੋੜੀਂਦੀਆਂ ਚੀਜ਼ਾਂ ਵਸਤਾਂ ਖਰੀਦ ਕੇ ਰੱਖ ਲਵੇ। ਫਿਰ ਸਿਆਣਿਆਂ ਦੀ ਗੱਲ ਯਾਦ ਆ ਗਈ ਸੀ ਕਿ ਚੀਜ਼ਾਂ ਵਸਤਾਂ ਪਹਿਲਾਂ ਖਰੀਦ ਕੇ ਰੱਖਣੀਆਂ ਚੰਗੀਆਂ ਨਹੀਂ ਹੁੰਦੀਆਂ।
ਉਹ ਦੇਖ ਰਹੀ ਸੀ ਕਿ ਜਿਵੇਂ ਜਿਵੇਂ ਜਣੇਪੇ ਦੇ ਦਿਨ ਨੇੜੇ ਆ ਰਹੇ ਸਨ, ਪਤੀ ਦਾ ਚਾਅ ਤੇ ਉਤਸ਼ਾਹ ਮੂਲੋਂ ਹੀ ਮੱਠਾ ਪੈਂਦਾ ਜਾ ਰਿਹਾ ਸੀ। ਉਹ ਜਦੋਂ ਵੀ ਕੋਈ ਗੱਲ ਛੇੜਦੀ ਉਹ ਮਾੜਾ ਮੋਟਾ ਹੀ ਹੁੰਗਾਰਾ ਭਰਦਾ ਜਿਵੇਂ ਮਨ ਵਿੱਚ ਕੋਈ ਤਕੜੀ ਘੁੰਡੀ ਲਈ ਬੈਠਾ ਹੋਵੇ।
”ਤੁਹਾਨੂੰ ਤਾਂ ਮੇਰੇ ਨਾਲੋਂ ਵੀ ਵੱਧ ਚਾਅ ਹੋਣਾ ਚਾਹੀਦੈ, ਮੈਂ ਕਈ ਦਿਨਾਂ ਤੋਂ ਵੇਖ ਰਹੀ ਹਾਂ, ਤੁਸੀਂ ਤਾਂ ਚੁੱਪ ਜਿਹੀ ਵੱਟੀ ਫਿਰਦੇ ਓਂ। ਆਖਰ ਗੱਲ ਕੀ ਐ? ਦੱਸੋਗੇ ਕੁਝ?” ਉਸ ਨੇ ਫ਼ਿਕਰਮੰਦ ਹੋ ਕੇ ਪੁੱਛਿਆ।
ਉਹ ਪੁੱਛਣੋਂ ਨਹੀਂ ਸੀ ਹਟ ਰਹੀ, ਪਰ ਉਹ ਆਪਣੀ ਸੋਚੀ ਹੋਈ ਸਕੀਮ ਬਾਰੇ ਦੱਸਣ ਲਈ ਤਿਆਰ ਨਹੀਂ ਸੀ। ਆਖ਼ਰ ਉਸ ਨੂੰ ਚੁੱਪੀ ਤੋੜਨੀ ਹੀ ਪਈ, ”ਤੂੰ ਮੇਰਾ ਇੱਕ ਕੰਮ ਕਰੇਂਗੀ?”
”ਮੈਂ ਤਾਂ ਇਕੋਤਰ ਸੌ ਕੰਮ ਕਰਨ ਲਈ ਤਿਆਰ ਹਾਂ, ਤੁਸੀਂ ਕੰਮ ਤਾਂ ਦੱਸੋ।”
”ਤੂੰ ਕੱਲ੍ਹ ਨੂੰ ਮਾਸੀ ਕੇ ਪਿੰਡ ਜਾ ਕੇ ਕਹਿ ਕੇ ਆ ਬਈ ਅਸੀਂ ਬੱਚਾ ਨਹੀਂ ਲੈਣਾ। ਜੇ ਹੋਰ ਕਿਸੇ ਨੂੰ ਲੋੜ ਏ ਤਾਂ ਉਸ ਨੂੰ ਦੇ ਦੇਣ।”
ਉਸ ਨੇ ਇੱਕੋ ਵਾਕ ਵਿੱਚ ਗੱਲ ਮੁੱਕਦੀ ਕਰ ਦਿੱਤੀ ਸੀ ਤੇ ਹੌਲਾ ਫੁੱਲ ਹੋ ਗਿਆ ਸੀ, ਪਰ ਪਤਨੀ ਦੇ ਸਿਰ ‘ਤੇ ਮਾਨੋਂ ਪਹਾੜ ਟੁੱਟ ਗਿਆ ਸੀ। ਉਸ ਨੂੰ ਇਉਂ ਲੱਗ ਰਿਹਾ ਸੀ ਜਿਵੇਂ ਧਰਤੀ ‘ਤੇ ਭੂਚਾਲ ਆ ਗਿਆ ਹੋਵੇ ਤੇ ਸਾਰੇ ਘਰ ਦੀ ਬਣੀ ਬਣਾਈ ਛੱਤ ਉਸ ਦੇ ਸਿਰ ‘ਤੇ ਆ ਡਿੱਗੀ ਹੋਵੇ।
”ਤੁਸੀਂ ਪਹਿਲਾਂ ਹਾਂ ਕਿਉਂ ਕੀਤੀ ਸੀ? ਹੁਣ ਮੈਂ ਉੱਥੇ ਕਿਹੜਾ ਮੂੰਹ ਲੈ ਕੇ ਜਾਵਾਂ? ਮੇਰੀ ਕੋਈ ਇੱਜ਼ਤ ਨਹੀਂ? ਜੇ ਮੈਂ ਜਾਣ ਤੋਂ ਨਾਂਹ ਕਰ ਦੇਵਾਂ ਫੇਰ…?” ਉਹ ਗੁੱਸੇ ਵਿੱਚ ਆ ਗਈ ਸੀ ਤੇ ਹਰ ਹਾਲਤ ਵਿੱਚ ਕਾਰਨ ਜਾਣਨਾ ਚਾਹੁੰਦੀ ਸੀ।
”ਤੈਨੂੰ ਜਾਣਾ ਈ ਪਵੇਗਾ, ਮੈਂ ਤੈਨੂੰ ਇੱਕ ਵਾਰ ਦੱਸ ਦਿੱਤਾ ਨਾ ਕਿ ਉਹ ਬਿਗਾਨਾ ਬੱਚਾ ਮੈਂ ਨਹੀਂ ਲੈਣਾ ਤਾਂ ਨਹੀਂ ਲੈਣਾ!! ਮੈਨੂੰ ਕੀ ਹਲਕੇ ਕੁੱਤੇ ਨੇ ਵੱਢਿਆ ਬਈ ਮੈਂ ਬਿਗਾਨੀ ਔਲਾਦ ਫਾਲਤੂ ‘ਚ ਈ ਪਾਲਦਾ ਫਿਰਾਂ, ਬੱਸ ਮੇਰੇ ਨਾਲ ਬਹੁਤੀਆਂ ਗੱਲਾਂ ਨਾ ਕਰ ਤੇ ਕੱਲ੍ਹ ਨੂੰ ਉਨ੍ਹਾਂ ਨੂੰ ਜਵਾਬ ਦੇਣ ਵਾਸਤੇ ਪਹਿਲੀ ਬੱਸ ਚੜ੍ਹ ਜਾ।”
”ਪਰ ਪਤਾ ਵੀ ਲੱਗੇ, ਜਨਾਬ ਦੇ ਇਰਾਦੇ ਕੀ ਨੇ?” ਉਸ ਨੇ ਤਲਖ਼ ਹੋ ਕੇ ਪੁੱਛਿਆ।
ਹੁਣ ਗੱਲ ਪੂਰੀ ਤਰ੍ਹਾਂ ਖੁੱਲ੍ਹ ਕੇ ਬਾਹਰ ਆ ਗਈ ਸੀ, ”ਤੈਨੂੰ ਯਾਦ ਹੈ ਨਾ, ਡਾਕਟਰਾਂ ਨੇ ਕਿਹਾ ਸੀ ਕਿ ਨੁਕਸ ਤੇਰੇ ‘ਚ ਐ, ਮੇਰੇ ‘ਚ ਨਹੀਂ। ਮੈਂ ਬੱਚੇ ਪੈਦਾ ਕਰਨ ਲਈ ਪੂਰੀ ਤਰ੍ਹਾਂ ਫਿੱਟ ਆਂ। ਮੈਂ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹਾਂ। ਕਿੰਨੇ ਹੀ ਦਿਨਾਂ ਦੀ ਸੋਚ ਵਿਚਾਰ ਤੋਂ ਬਾਅਦ ਮੈਂ ਇਹ ਫ਼ੈਸਲਾ ਪੱਕੇ ਤੌਰ ‘ਤੇ ਲੈ ਲਿਆ ਹੈ। ਕਈ ਬੰਦਿਆਂ ਨੂੰ ਰਿਸ਼ਤਾ ਲੱਭਣ ਲਈ ਮੈਂ ਕਿਹਾ ਹੋਇਐ। ਤੇਰੇ ਬਾਂਝਪਣ ਦਾ ਸਰਟੀਫਿਕੇਟ ਵੀ ਮੈਂ ਬਣਵਾ ਕੇ ਰੱਖਿਆ ਹੋਇਐ। ਜੇ ਕੋਈ ਪੁੱਛ-ਗਿੱਛ ਹੋਈ ਤਾਂ ਸਭਨਾਂ ਨੂੰ ਦਿਖਾ ਦੇਵਾਂਗਾ। ਜੇ ਫੇਰ ਵੀ ਤੂੰ ਮੇਰੇ ਦੂਜੇ ਵਿਆਹ ਵਿੱਚ ਕੋਈ ਟੰਗ ਅੜਾਈ ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗਾ। ਫੇਰ ਤੂੰ ਝਾਕੀ ਜਾਇਆ ਕਰੀਂ ਛੱਤ ਵੱਲ, ‘ਕੱਲੀ ਬੈਠੀ।” ਪਤੀ ਨੇ ਉਸ ਨੂੰ ਧਮਕੀਨੁਮਾ ਚਿਤਾਵਨੀ ਦਿੱਤੀ।
ਘੋਰ ਨਿਰਾਸ਼ਾ ਵਿੱਚ ਘਿਰੀ ਹੋਈ, ਰੋਂਦੀ ਕੁਰਲਾਉਂਦੀ ਅੱਜ ਉਹ ਮਾਸੀ ਦੇ ਪਿੰਡ ਨੂੰ ਬੱਚਾ ਗੋਦ ਨਾ ਲੈਣ ਬਾਰੇ ਦੱਸਣ ਜਾ ਰਹੀ ਸੀ ਤਾਂ ਕਿ ਉਸ ਦਾ ਆਪਣਾ ਘਰ ਵਸਦਾ ਰਹਿ ਜਾਵੇ।
ਸੰਪਰਕ: 78146-98117
* * *
ਕਾਲਾ ਸਮਾਂ
ਸੁਭਾਸ਼ ਨੀਰਵ
ਪ੍ਰੋਫੈਸਰ ਸ਼ਾਮ ਲਾਲ ਗੁਪਤਾ ਐਮਏ (ਸਾਹਿਤ) ਦੀ ਕਲਾਸ ਖ਼ਤਮ ਕਰਕੇ ਆਪਣੇ ਕਮਰੇ ਵਿੱਚ ਆਏ। ਏਸੀ ਔਨ ਕੀਤਾ, ਇੱਕ ਗਲਾਸ ਪਾਣੀ ਪੀਤਾ, ਮੋਬਾਈਲ ਨੂੰ ਸਾਈਲੈਂਟ ਮੋਡ ਤੋਂ ਹਟਾਇਆ ਅਤੇ ਕੁਰਸੀ ‘ਤੇ ਪਸਰ ਗਏ। ਸਾਹਮਣੇ ਮੇਜ਼ ‘ਤੇ ਆਈ ਡਾਕ ਦਾ ਢੇਰ ਲੱਗਾ ਹੋਇਆ ਸੀ। ਇਸ ਵਿੱਚ ਦੋ ਚਾਰ ਸਰਕਾਰੀ ਚਿੱਠੀਆਂ ਨੂੰ ਛੱਡ ਕੇ ਬਾਕੀ ਸਾਰੀ ਉਨ੍ਹਾਂ ਦੀ ਨਿੱਜੀ ਡਾਕ ਸੀ। ਪ੍ਰੋ. ਗੁਪਤਾ ਹਿੰਦੀ ਦੇ ਜਾਣੇ-ਪਛਾਣੇ ਲੇਖਕ ਤੇ ਆਲੋਚਕ ਹਨ ਅਤੇ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਹਨ। ਖ਼ੂਬ ਲਿਖਦੇ-ਛਪਦੇ ਰਹਿੰਦੇ ਹਨ। ਇਸ ਲਈ ਦੇਸ਼ ਭਰ ਦੇ ਰਸਾਲਿਆਂ, ਅਖ਼ਬਾਰਾਂ, ਸੰਪਾਦਕਾਂ ਦੀਆਂ ਚਿੱਠੀਆਂ, ਸੈਮੀਨਾਰਾਂ ਦੇ ਸੱਦਾ ਪੱਤਰ ਆਦਿ ਉਨ੍ਹਾਂ ਨੂੰ ਆਉਂਦੇ ਰਹਿੰਦੇ ਹਨ। ਕੁਰਸੀ ‘ਤੇ ਬੈਠਦਿਆਂ ਹੀ ਉਨ੍ਹਾਂ ਨੇ ਡਾਕ ‘ਚੋਂ ਸਰਕਾਰੀ ਚਿੱਠੀਆਂ ਛਾਂਟ ਕੇ ਅੱਡ ਕੀਤੀਆਂ। ਉਨ੍ਹਾਂ ਦਾ ਅਗਲਾ ਪੀਰੀਅਡ ਖਾਲੀ ਸੀ। ਆਰਾਮ ਨਾਲ ਡਾਕ ਵੇਖੀ ਜਾ ਸਕਦੀ ਸੀ। ਅਚਾਨਕ ਉਨ੍ਹਾਂ ਨੂੰ ਠੰਢ ਜਿਹੀ ਮਹਿਸੂਸ ਹੋਈ। ਉਨ੍ਹਾਂ ਨੇ ਰਿਮੋਟ ਨਾਲ ਏਸੀ ਬੰਦ ਕਰ ਦਿੱਤਾ। ਉਦੋਂ ਹੀ ਮੋਬਾਈਲ ਦੀ ਘੰਟੀ ਵੱਜੀ। ਸਕਰੀਨ ‘ਤੇ ਡਾ. ਰਘੂਰਾਜ ਦਾ ਨਾਂ ਸੀ। ਬਹੁਤ ਸਾਲ ਪਹਿਲਾਂ ਉਹ ਦੋਵੇਂ ਇੱਕੋ ਕਾਲਜ ਵਿੱਚ ਇਕੱਠੇ ਪੜ੍ਹਾਉਂਦੇ ਰਹੇ ਸਨ।
”ਹਾਂ ਰਘੂ, ਕੀ ਹਾਲਚਾਲ ਨੇ?”
”ਗੁਪਤਾ, ਤੂੰ ਤਾਂ ਯਾਰ ਛਾ ਗਿਆ ਹੈਂ!”
”ਓ ਬਈ, ਕੀ ਹੋਇਆ?” ਪ੍ਰੋ. ਗੁਪਤਾ ਕੁਰਸੀ ‘ਤੇ ਸਿੱਧੇ ਬੈਠਦਿਆਂ ਬੋਲੇ।
”ਕੀ ਹੋਇਆ…? ਇਹ ਪੁੱਛ, ਕੀ ਨਹੀਂ ਹੋਇਆ…! ਅੱਜ ਤਾਂ ਤੂੰ ਦੇਸ਼ ਦੇ ਦੋ ਵੱਡੇ ਅਖ਼ਬਾਰਾਂ ਵਿੱਚ ਛਾਇਆ ਹੋਇਆ ਹੈਂ।”
”ਕਿਹੜੇ ਕਿਹੜੇ ਅਖ਼ਬਾਰਾਂ ਵਿੱਚ? ਤੇ ਕੀ ਛਪ ਗਿਆ ਐਸਾ?” ਡਾ. ਗੁਪਤਾ ਦੀ ਬੇਚੈਨੀ ਵਧੀ।
”ਦੈਨਿਕ ਯੁਗ ਪ੍ਰਭਾਤ ਅਤੇ ਦੈਨਿਕ ਭਾਰਤ ਵਿੱਚ ਤੇਰੇ ਲੇਖ ਲੱਗੇ ਨੇ ਅੱਜ। ਦੈਨਿਕ ਭਾਰਤ ਵਿੱਚ ਤਾਂ ਵੀਰੇਸ਼ਵਰ ਦੇ ਨਾਵਲ ‘ਕਾਲਾ ਸਮਯ’ ਬਾਰੇ ਤੇਰੀ ਲੰਮੀ-ਚੌੜੀ ਸਮੀਖਿਆ ਹੈ ਅਤੇ ਯੁਗ ਪ੍ਰਭਾਤ ਵਿੱਚ ਸਮਕਾਲੀ ਹਿੰਦੀ ਨਾਵਲਾਂ ‘ਤੇ ਕਾਫ਼ੀ ਵੱਡਾ ਲੇਖ ਹੈ।” ਡਾ. ਰਘੂ ਨੇ ਵਿਸਥਾਰ ਨਾਲ ਦੱਸਿਆ।
”ਅੱਛਾ! ਛਪ ਗਏ? ਨੈੱਟ ‘ਤੇ ਵੇਖਦਾ ਹਾਂ, ਹੁਣੇ। ਤੂੰ ਪੜ੍ਹ ਲਏ? ਕਿਵੇਂ ਲੱਗੇ?”
”ਤੂੰ ਤਾਂ ਵੀਰੇਸ਼ਵਰ ਨੂੰ ਚੰਗੀ ਤਰ੍ਹਾਂ ਧੋ ਸੁੱਟਿਐ। ਬੜੇ ਤਰਕਪੂਰਨ ਢੰਗ ਨਾਲ ‘ਕਾਲਾ ਸਮਯ’ ਦੇ ਬਖੀਏ ਉਧੇੜੇ ਨੇ…।”
”ਹਾਂ ਯਾਰ, ਬੜਾ ਹਲਕਾ ਅਤੇ ਕਮਜ਼ੋਰ ਨਾਵਲ ਹੈ ਇਹ ਵੀਰੇਸ਼ਵਰ ਦzwj;ਾ।”
”ਪਰ ਲੋਕੀਂ ਤਾਂ ਬੜੀ ਤਾਰੀਫ਼ ਕਰ ਰਹੇ ਨੇ।”
”ਤਾਰੀਫ਼ ਕਰਨ ਵਾਲੇ ਕਿਹੜੇ ਲੋਕ ਹਨ, ਇਹ ਤਾਂ ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਰਘੂ। ਬੜਾ ਭੁਲੇਖਾ-ਪਾਊ ਨਾਵਲ ਹੈ ਇਹ। ਨਵੀਂ ਪੀੜ੍ਹੀ ਨੂੰ ਕੋਈ ਸਾਕਾਰਾਤਮਕ ਸੇਧ ਨਹੀਂ ਦਿੰਦਾ। ਇਹਦਾ ਵਿਰੋਧ ਹੋਣਾ ਚਾਹੀਦਾ ਹੈ।” ਡਾ. ਗੁਪਤਾ ਨੇ ਦਿਲ ਦੀ ਗੱਲ ਕਹੀ। ਕੁਝ ਰੁਕ ਕੇ ਉਹ ਫਿਰ ਬੋਲੇ, ”ਤੂੰ ਤਾਂ ਸੀ ਨਾ ਉਦੋਂ, ਦੋ ਮਹੀਨੇ ਪਹਿਲਾਂ ਹੋਈ ਗੋਸ਼ਟੀ ਵਿੱਚ। ਮੈਂ ਉੱਥੇ ਵੀ ਇਹਨੂੰ ਭੁਲੇਖਾ-ਪਾਊ ਤੇ ਬੇਹੱਦ ਕਮਜ਼ੋਰ ਨਾਵਲ ਕਿਹਾ ਸੀ। ਮੈਨੂੰ ਖ਼ੁਸ਼ੀ ਹੋਈ ਸੀ ਕਿ ਉੱਥੇ ਮੇਰੀ ਆਵਾਜ਼ ਇਕੱਲੀ ਨਹੀਂ ਸੀ। ਕੁਝ ਹੋਰ ਵਕਤਿਆਂ ਨੇ ਵੀ ਇਹਨੂੰ ਬੜਾ ਕਮਜ਼ੋਰ ਤੇ ਘਟੀਆ ਨਾਵਲ ਕਿਹਾ ਸੀ। ਅਤੇ ਉੱਥੇ ਕੀ ਹੋਇਆ ਸੀ, ਇਹ ਤਾਂ ਤੂੰ ਜਾਣਦਾ ਹੀ ਹੈਂ। ਵੀਰੇਸ਼ਵਰ-ਸਮਰਥਕ ਕੁਝ ਲੇਖਕਾਂ ਨੇ ਕਿੰਨਾ ਹੰਗਾਮਾ ਖੜ੍ਹਾ ਕਰ ਦਿੱਤਾ ਸੀ!”
”ਹਾਂ, ਉਹ ਸਭ ਸਾਹਿਤਕ ਗੋਸ਼ਟੀ ਦੀ ਮਰਿਆਦਾ ਦੇ ਵਿਰੁੱਧ ਸੀ।” ਡਾ. ਰਘੂ ਨੇ ਕਿਹਾ, ”ਪਰ ਯਾਰ, ਅਖ਼ਬਾਰ ਵਿੱਚ ਇੱਕ ਹੋਰ ਖ਼ਬਰ ਵੀ ਹੈ, ਬੜੀ ਹੈਰਾਨ ਕਰਨ ਵਾਲੀ।”
”ਕਿਹੜੀ?”
”ਖ਼ਬਰ ਇਹ ਹੈ ਕਿ ਵੀਰੇਸ਼ਵਰ ਦਾ ਨਾਵਲ ‘ਕਾਲਾ ਸਮਯ’ ਯੂਨੀਵਰਸਿਟੀ ਦੇ ਐਮਏ ਦੇ ਸਿਲੇਬਸ ਵਿੱਚ ਲੱਗ ਗਿਆ ਹੈ। ਹੁਣ ਤੈਨੂੰ ਆਪਣੇ ਐਮਏ ਦੇ ਵਿਦਿਆਰਥੀਆਂ ਨੂੰ ਇਹ ਪੜ੍ਹਾਉਣਾ ਪਵੇਗਾ। ਗੁਪਤਾ, ਤਿਆਰ ਹੋ ਜਾ! ਇਹ ਵੀਰੇਸ਼ਵਰ ਬੜੀ … ਚੀਜ਼ ਹੈ। ਤੂੰ ਇਹਨੂੰ ਨਹੀਂ ਸਮਝ ਸਕਦਾ!” ਕਹਿੰਦਿਆਂ ਡਾ. ਰਘੂ ਹੱਸਣ ਲੱਗਿਆ। ਉਹਦੇ ਹਾਸੇ ਵਿੱਚ ਡੂੰਘਾ ਵਿਅੰਗ ਸੀ। ”ਅੱਛਾ, ਸ਼ਾਮ ਨੂੰ ਮਿਲਦੇ ਹਾਂ, ਕੌਫ਼ੀ ਹਾਊਸ ਵਿੱਚ। ਉੱਥੇ ਹੀ ਗੱਲਾਂ ਕਰਾਂਗੇ।” ਤੇ ਡਾ. ਰਘੂ ਨੇ ਫੋਨ ਕੱਟ ਦਿੱਤਾ।
”ਕਾਲਾ ਸਮਯ…” ਡਾ. ਗੁਪਤਾ ਨੇ ਬੁੜਬੁੜਾਉਂਦਿਆਂ ਬੇਹੱਦ ਗਰਮ ਸਾਹ ਛੱਡਿਆ। ਉੱਠ ਕੇ ਇੱਕ ਗਲਾਸ ਪਾਣੀ ਪੀਤਾ। ਉਨ੍ਹਾਂ ਨੂੰ ਕਮਰਾ ਭੱਠੀ ਵਾਂਗ ਤਪਦਾ ਮਹਿਸੂਸ ਹੋਇਆ ਤਾਂ ਸੱਜਾ ਹੱਥ ਅਚਾਨਕ ਹੀ ਏਸੀ ਦੇ ਰਿਮੋਟ ‘ਤੇ ਜਾ ਪਿਆ।
ਸੰਪਰਕ: 98105-34373
ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015
* * *
ਕਾਰਡ
ਗੁਰਦਿੱਤ ਸਿੰਘ ਸੇਖੋਂ
ਕੁਲਦੀਪ ਆਪਣੇ ਵਿਆਹ ਦਾ ਕਾਰਡ ਦੇਣ ਆਪਣੇ ਦੋਸਤ ਦੇ ਘਰ ਗਿਆ। ”ਲਓ ਤਾਇਆ ਜੀ ਮੇਰੇ ਵਿਆਹ ਦਾ ਕਾਰਡ। ਤੁਸੀਂ ਜ਼ਰੂਰ ਆਉਣਾ,” ਕੁਲਦੀਪ ਨੇ ਆਪਣੇ ਦੋਸਤ ਦੇ ਪਿਤਾ ਨੂੰ ਕਾਰਡ ਫੜਾਉਂਦਿਆਂ ਕਿਹਾ। ”ਇਹ ਕੀ ਪੁੱਤ ਕੁਲਦੀਪ? ਕੀ ਗੱਲ ਤੂੰ ਇਹ ਕਾਰਡ ਮਰੀਕਾ ਕਨੇਡਾ ਭੇਜਣਾ?” ਕੁਲਦੀਪ ਦੇ ਦੋਸਤ ਦਾ ਪਿਤਾ ਕਾਰਡ ਖੋਲ੍ਹ ਕੇ ਪੁੱਛਣ ਲੱਗਿਆ। ”ਨਹੀਂ ਤਾਇਆ ਜੀ, ਆਪਣਾ ਕੌਣ ਆ ਭਲਾਂ ਅਮਰੀਕਾ ਕਨੇਡਾ? ਆਪਾਂ ਆਪਣੀ ਜਾਣ ਪਛਾਣ ਰਿਸ਼ਤੇਦਾਰੀਆਂ ਕੋਈ ਪੰਜਾਬ ਤੋਂ ਬਾਹਰ ਨਹੀਂ,” ਕੁਲਦੀਪ ਨੇ ਕਿਹਾ।
”ਫਿਰ ਅੰਗਰੇਜ਼ੀ ਕਿਸ ਵਾਸਤੇ ਮੇਰੇ ਤਾਂ ਸਮਝ ਨਹੀਂ ਆਉਂਦੀ। ਮੈਂ ਤਾਂ ਪੰਜਾਬੀ ਜਾਣਦਾਂ। ਫਿਰ ਥੋਡੇ ਰਿਸ਼ਤੇਦਾਰ ਜਾਣਦੇ ਹੋਣਗੇ। ਆਹ ਲੈ ਜਾ ਉਨ੍ਹਾਂ ਦੇ ਸਮਝ ਆਜੂ,” ਕੁਲਦੀਪ ਦੇ ਦੋਸਤ ਦਾ ਪਿਤਾ ਗੁੱਸੇ ‘ਚ ਬੋਲਿਆ। ”ਨਹੀਂ ਤਾਇਆ ਜੀ, ਸਾਡੇ ਤਾਂ ਘਰੇ ਨੀ ਕੋਈ ਅੰਗਰੇਜ਼ੀ ਜਾਣਦਾ। ਬੱਸ ਇਹ ਤਾਂ ਐਵੇਂ ਠੁੱਕ ਜਿਹੀ ਵਿੱਚ ਛਪਵਾ ਲਿਆ ਬਈ ਲੋਕ ਕਹਿਣਗੇ ਪੜ੍ਹਿਆ ਲਿਖਿਆ ਪਰਿਵਾਰ ਆ। ਤੁਸੀਂ ਕਾਰਡ ਰੱਖ ਲਓ।” ਕੁਲਦੀਪ ਕਾਰਡ ਜਲਦੀ ਨਾਲ ਫੜਾ ਕੇ ਨੀਵੀਂ ਪਾ ਕੇ ਦਰਵਾਜ਼ੇ ਤੋਂ ਬਾਹਰ ਹੋ ਗਿਆ।
ਸੰਪਰਕ: 97811-72781
* * *
ਡੱਬਾ ਨੰਬਰ
ਰਾਜਿੰਦਰ ਸਿੰਘ ਰਾਜਨ
ਕਰਤਾਰ ਸਿੰਘ ਸਰਕਾਰੀ ਵਿਭਾਗ ਦੇ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਸੀ। ਵੱਡਾ ਪੁੱਤਰ ਜਤਿੰਦਰ ਸਿੰਘ ਵਿਆਹਿਆ ਹੋਇਆ ਸੀ ਤੇ ਛੋਟੇ ਪੁੱਤਰ ਨਪਿੰਦਰ ਸਿੰਘ ਦਾ ਵਿਆਹ ਤੈਅ ਕਰਕੇ ਉਸ ਦੇ ਵਿਆਹ ਦੀਆਂ ਤਿਆਰੀਆਂ ਬੜੇ ਜ਼ੋਰ ਸ਼ੋਰ ਨਾਲ ਆਰੰਭੀਆਂ ਹੋਈਆਂ ਸਨ ਜਿਸ ਦੇ ਚੱਲਦੇ ਵਿਆਹ ਦੇ ਕਾਰਡ ਤੇ ਮਠਿਆਈ ਦੇ ਡੱਬੇ ਵੰਡਣ ਲਈ ਉਸ ਨੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਲੜਕੇ ਨੂੰ ਨਾਲ ਲਿਆ ਅਤੇ ਆਪਣੀ ਨਿੱਜੀ ਕਾਰ ਵਿੱਚ ਚੱਲ ਪਏ। ਸਕੇ-ਸਬੰਧੀਆਂ ਨੂੰ ਵਿਆਹ ਦੇ ਕਾਰਡ ਤੇ ਮਠਿਆਈਆਂ ਦੇ ਡੱਬੇ ਵੰਡਣ ਤੋਂ ਬਾਅਦ ਅਗਲੇ ਦਿਨ ਉਸ ਨਾਲ ਕੰਮ ਕਰਨ ਵਾਲੇ ਦਰਜਾ ਚਾਰ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਕਾਰਡ ਤੇ ਡੱਬੇ ਵੰਡਣ ਲਈ ਨਿਕਲ ਪਏ। ਕਰਤਾਰ ਸਿੰਘ ਜਿਸ ਨਜ਼ਦੀਕੀ ਰਿਸ਼ਤੇਦਾਰ ਲੜਕੇ ਨੂੰ ਨਾਲ ਲਿਜਾਂਦਾ ਸੀ ਉਹ ਕਿਸੇ ਕੰਮ ਕਾਰਨ ਨਾਲ ਨਾ ਜਾ ਸਕਿਆ, ਉਸ ਦੀ ਜਗ੍ਹਾ ਕਿਸੇ ਹੋਰ ਨਜ਼ਦੀਕੀ ਰਿਸ਼ਤੇਦਾਰ ਦੇ ਲੜਕੇ ਨੂੰ ਨਾਲ ਲੈ ਗਿਆ।
ਕਾਰਡ ਤੇ ਡੱਬੇ ਵੰਡਣ ਦੀ ਪ੍ਰਕਿਰਿਆ ਆਪਣੇ ਨਾਲ ਲੱਗੇ ਦਰਜਾ ਚਾਰ ਦੇ ਘਰ ਤੋਂ ਸ਼ੁਰੂ ਕੀਤੀ ਤਾਂ ਇਸ ਲੜਕੇ ਨੂੰ ਕਿਹਾ ਕਿ ਕਾਰ ਵਿੱਚੋਂ ਡੱਬਾ ਨੰਬਰ ਤਿੰਨ ਕੱਢ ਕੇ ਲਿਆ। ਮੈਂ ਓਨਾ ਚਿਰ ਘਰ ਦੀ ਬੈੱਲ ਖੜਕਾਉਂਦਾ ਹਾਂ। ਬੈੱਲ ਖੜਕਾਉਣ ‘ਤੇ ਉਹ ਦਰਜਾ ਚਾਰ ਮੁਲਾਜ਼ਮ ਬਾਹਰ ਆਇਆ ਤਾਂ ਆਪਣੇ ਸੇਵਾਮੁਕਤ ਅਫ਼ਸਰ ਕਰਤਾਰ ਸਿੰਘ ਨੂੰ ਦੇਖ ਬਾਗੋ-ਬਾਗ ਹੋ ਗਿਆ ਤੇ ਨਾਲ ਹੀ ਕੀੜੀ ਦੇ ਘਰ ਨਰਾਇਣ ਵਾਲੀ ਗੱਲ ਕਹਿ ਕੇ ਅੰਦਰ ਆਉਣ ਲਈ ਕਹਿਣ ਲੱਗਾ। ਇੰਨੇ ਨੂੰ ਉਸ ਲੜਕੇ ਨੇ ਵਿਆਹ ਦਾ ਕਾਰਡ ਤੇ ਡੱਬਾ ਲਿਆ ਕੇ ਕਰਤਾਰ ਸਿੰਘ ਦੇ ਹੱਥ ਫੜਾਏ। ਕਰਤਾਰ ਸਿੰਘ ਵਿਆਹ ਦਾ ਕਾਰਡ ਤੇ ਡੱਬਾ ਦੇਖ ਕੇ ਉਸ ਲੜਕੇ ਨੂੰ ਕਹਿੰਦਾ ਕਿ ਡੱਬਾ ਨੰਬਰ ਤਿੰਨ ਲਿਆ, ਤੈਨੂੰ ਕਿਹਾ। ਉਸ ਲੜਕੇ ਦੀ ਜਾਣੇ ਬਲਾ। ਉਹ ਫੇਰ ਗਿਆ ਤੇ ਕਾਰ ਦੀ ਡਿੱਗੀ ਵਿੱਚੋਂ ਕਾਰਡ ਤੇ ਡੱਬਾ ਨੰਬਰ ਦੋ ਲੈ ਆਇਆ। ਕਰਤਾਰ ਸਿੰਘ ਖਿੱਝ ਕੇ ਬੋਲਿਆ, ”ਤੂੰ ਬੋਲਾ ਤਾਂ ਨਹੀਂ? ਤੈਨੂੰ ਕਿਹਾ ਡੱਬਾ ਨੰਬਰ ਤਿੰਨ ਲਿਆ। ਖਲੋ! ਮੈਂ ਤੇਰੇ ਨਾਲ ਚਲਦਾ ਹਾਂ!” ਕਾਰ ਦੀ ਡਿੱਗੀ ਖੋਲ੍ਹਦਿਆਂ ਉਸ ਲੜਕੇ ਨੂੰ ਫਿਰ ਖਿੱਝ ਕੇ ਬੋਲਿਆ, ”ਪਤੰਦਰਾ, ਆਹ ਪਏ ਵੱਖਰੇ ਤਿੰਨ ਨੰਬਰ ਵਾਲੇ ਡੱਬੇ! ਅੱਜਕੱਲ੍ਹ ਨਿਆਣਿਆਂ ਦੇ ਦਿਮਾਗ਼ ਪਤਾ ਨਹੀਂ ਕਿੱਥੇ ਲੱਗੇ ਹੁੰਦੇ ਨੇ।” ”ਮਾਸੜ ਜੀ, ਮੈਂ ਤਾਂ ਤੁਹਾਡੇ ਨਾਲ ਅੱਜ ਪਹਿਲੇ ਦਿਨ ਹੀ ਆਇਆ ਹਾਂ। ਮੈਨੂੰ ਕੀ ਪਤਾ ਡੱਬਿਆਂ ਦੇ ਪਿੱਛੇ ਛੋਟਾ ਛੋਟਾ ਇੱਕ, ਦੋ, ਤਿੰਨ ਕੀ ਲਿਖਿਆ ਏ।” ”ਓਹੋ! ਮੇਰੇ ਨਾਲ ਤਾਂ ਛੋਟੇ ਭਾਈ ਦਾ ਮੁੰਡਾ ਰਾਜੂ ਆਉਂਦਾ ਰਿਹਾ ਡੱਬੇ ਵੰਡਣ। ਚੱਲ ਕੋਈ ਨਾ। ਆ ਫੜਾ ਆਈਏ ਡੱਬਾ ਨੰਬਰ ਤਿੰਨ,” ਕਰਤਾਰ ਸਿੰਘ ਨਾਲ ਹੁਣ ਵਿਆਹ ਦਾ ਡੱਬਾ ਫੜਾ ਕੇ ਕਾਰ ਵਿੱਚ ਰਹਿੰਦੇ ਡੱਬੇ ਦੇਣ ਲਈ ਜਾਂਦੇ ਸਮੇਂ ਉਸ ਲੜਕੇ ਦੇ ਮਨ ਵਿੱਚ ਡੱਬਾ ਨੰਬਰ ਇੱਕ, ਦੋ, ਤਿੰਨ ਵਾਲੀ ਗੱਲ ਵਾਰ-ਵਾਰ ਰੜਕ ਰਹੀ ਸੀ ਤੇ ਉਸ ਤੋਂ ਰਿਹਾ ਨਾ ਗਿਆ। ਆਖ਼ਰ ਹਾਰ ਕੇ ਉਸ ਲੜਕੇ ਨੇ ਕਰਤਾਰ ਸਿੰਘ ਨੂੰ ਪੁੱਛ ਹੀ ਲਿਆ ਕਿ ਡੱਬਿਆਂ ਉੱਤੇ ਡੱਬਾ ਨੰਬਰ ਇੱਕ, ਦੋ, ਤਿੰਨ ਕਿਉਂ ਲਿਖਿਆ ਹੋਇਆ ਹੈ। ”ਇਸ ਦਾ ਮਤਲਬ ਹਿੱਕ ਨੰਬਰ ਵਾਲਾ ਮਠਿਆਈ ਦਾ ਡੱਬਾ ਅਫ਼ਸਰ ਦੇ ਘਰਾਂ ‘ਚ, ਦੋ ਨੰਬਰ ਵਾਲਾ ਮੁਲਾਜ਼ਮ ਦੇ ਘਰ ਵਿੱਚ ਅਤੇ ਡੱਬਾ ਨੰਬਰ ਤਿੰਨ ਦਰਜਾ ਚਾਰ ਮੁਲਾਜ਼ਮ ਦੇ ਘਰ ਵਿੱਚ ਦੇਣਾ ਹੈ।” ਲੜਕਾ ਆਪਣੇ ਮਾਸੜ ਦੀ ਅਜਿਹੀ ਕਾਣੀ ਵੰਡ ਵਾਲਾ ਵਰਤਾਓ ਦੇਖ ਮਨ ਹੀ ਮਨ ਸੋਚ ਰਿਹਾ ਸੀ ਕਿ ਅਫ਼ਸਰ ਰਹਿ ਕੇ ਵੀ ਮਾਸੜ ਨੀਅਤ ਦਾ ਭੁੱਖਾ ਹੀ ਰਿਹਾ।
ਸੰਪਰਕ: 94174-27656