ਤਿਆਗ ਦੀਆਂ ਤੂਈਆਂ…

ਤਿਆਗ ਦੀਆਂ ਤੂਈਆਂ…

ਪ੍ਰਿੰਸੀਪਲ ਵਿਜੈ ਕੁਮਾਰ

ਅਖ਼ਬਾਰ ’ਚ ਲੇਖ ਪੜ੍ਹ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਸੂਬੇਦਾਰ ਬੇਅੰਤ ਸਿੰਘ ਦਾ ਫੋਨ ਆ ਗਿਆ। ਉਨ੍ਹਾਂ ਦੀ ਉਮਰ 90 ਸਾਲ ਹੈ। ਲੇਖ ਦਾ ਕੇਂਦਰ ਬਿੰਦੂ ਅਧਿਆਪਕ ਅਤੇ ਬੱਚਿਆਂ ਦੀ ਪੜ੍ਹਾਈ ਸੀ, ਲੇਖ ਪੜ੍ਹ ਕੇ ਉਨ੍ਹਾਂ ਦੇ ਦਿਲ ਵਿਚ ਆਪਣੇ ਸੁਘੜ ਅਧਿਆਪਕ ਨਜ਼ੀਰ ਹੁਸੈਨ ਦੀ ਚੰਗਿਆਈ ਦੀਆਂ ਯਾਦਾਂ ਉਮੜ ਆਈਆਂ ਸਨ।…

ਉਦੋਂ ਉਹ ਐਂਗਲੋ ਸੰਸਕ੍ਰਿਤ ਹਾਈ ਸਕੂਲ ਵਿਚ ਪੜ੍ਹਦੇ ਸਨ। ਬੱਚਿਆਂ ਨੂੰ ਛੋਟ ਸੀ ਕਿ ਉਹ ਸੰਸਕ੍ਰਿਤ ਤੇ ਅਰਬੀ ਵਿਚੋਂ ਕੋਈ ਇੱਕ ਵਿਸ਼ਾ ਪੜ੍ਹ ਸਕਦੇ ਸਨ। ਉਸ ਨੇ ਵੀ ਹੋਰ ਬੱਚਿਆਂ ਦੀ ਦੇਖਾ-ਦੇਖੀ ਸੰਸਕ੍ਰਿਤ ਵਿਸ਼ਾ ਚੁਣ ਲਿਆ ਪਰ ਮਗਰੋਂ ਕੁਝ ਪੱਲੇ ਨਾ ਪੈਣ ਕਾਰਨ ਅਰਬੀ ਆਰੰਭ ਕਰ ਦਿੱਤੀ। ਅਰਬੀ ਉਨ੍ਹਾਂ ਨੂੰ ਨਜ਼ੀਰ ਹੁਸੈਨ ਪੜ੍ਹਾਉਂਦੇ ਹੁੰਦੇ ਸਨ। ਉਹ ਆਲਮ ਫਾਜ਼ਲ ਸਨ।

ਅਧਿਆਪਕ ਨਜ਼ੀਰ ਹੁਸੈਨ ਦੀ ਚੰਗਿਆਈਆਂ ਦੀਆਂ ਬਹੁਤ ਸਾਰੀਆਂ ਗੱਲਾਂ ਹੈ ਹੀ ਸਨ ਪਰ ਇਕ ਗੱਲ ਹੋਰ ਵੀ ਸੀ। ਅੱਧੀ ਛੁੱਟੀ ਵੇਲੇ ਉਹ ਦੂਰ ਖੇਤਾਂ ਵੱਲ ਨਿੱਕਲ ਜਾਂਦੇ। ਸਕੂਲ ਦੇ ਬੱਚੇ ਬੜੇ ਹੈਰਾਨ ਹੁੰਦੇ ਕਿ ਉਹ ਦੂਰ ਖੇਤਾਂ ਵਿਚ ਕੀ ਕਰਨ ਜਾਂਦੇ ਹਨ ! ਇੱਕ ਦਿਨ ਉਹ (ਬੇਅੰਤ ਸਿੰਘ) ਉਨ੍ਹਾਂ ਨੂੰ ਦੇਖਣ ਲਈ ਕੁਝ ਹੋਰ ਮੁੰਡਿਆਂ ਨੂੰ ਲੈ ਕੇ ਖੇਤਾਂ ਵੱਲ ਚਲੇ ਗਏ ਅਤੇ ਅਧਿਆਪਕ ਦੇ ਪਹੁੰਚਣ ਤੋਂ ਪਹਿਲਾਂ ਕਮਾਦ ਵਿਚ ਲੰਮੇ ਪੈ ਗਏ। ਥੋੜ੍ਹੇ ਸਮੇਂ ਬਾਅਦ ਨਜ਼ੀਰ ਹੁਸੈਨ ਆਏ ਅਤੇ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਨ੍ਹਾਂ ਸਿਗਰਟ ਸੁਲਗਾ ਲਈ। ਅਧਿਆਪਕ ਨੇ ਸਿਗਰਟ ਤੋਂ ਬਾਅਦ ਖੂਹ ਤੋਂ ਪਾਣੀ ਕੱਢਿਆ ਅਤੇ ਘੱਟੋ-ਘੱਟ ਪੰਜਾਹ ਵਾਰ ਕੁਰਲੀ ਕੀਤੀ ਹੋਵੇਗੀ।

ਉਹ ਅਜੇ ਸਕੂਲ ਵੱਲ ਮੁੜਨ ਹੀ ਲੱਗੇ ਸਨ ਕਿ ਮੁੰਡਿਆਂ ਵਿਚੋਂ ਇੱਕ ਜਣਾ ਹਿੱਲ ਪਿਆ। ਬਿੜਕ ਸੁਣ ਕੇ ਅਧਿਆਪਕ ਖੇਤ ਵਿਚ ਆਣ ਵੜੇ ਅਤੇ ਸਾਰਿਆਂ ਨੂੰ ਖੇਤ ਵਿਚੋਂ ਬਾਹਰ ਆਉਣ ਲਈ ਕਿਹਾ। ਉਸ ਤੋਂ ਬਾਅਦ ਜੋ ਕੁਝ ਹੋਇਆ, ਉਸ ਦਾ ਸਭ ਨੂੰ ਬਹੁਤ ਪਛਤਾਵਾ ਹੋਇਆ। ਅਧਿਆਪਕ ਨੇ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਪਰ ਉਨ੍ਹਾਂ ਦੇ ਮੂੰਹੋਂ ਨਿਕਲੇ ਚੰਦ ਕੁ ਸ਼ਬਦਾਂ ਨੇ ਬਹੁਤ ਕੁਝ ਕਹਿ ਦਿੱਤਾ, “ਰੋਟੀ ਖਾਣ ਤੋਂ ਬਾਅਦ ਮੇਰਾ ਪੇਟ ਫੁੱਲ ਜਾਂਦਾ।” ਫਿਰ ਉਨ੍ਹਾਂ ਦੀ ਸੁਰ ਉਦਾਸ ਹੋ ਗਈ, “ਮੈਂ ਕਿਸੇ ਦੇ ਵੀ ਸਾਹਮਣੇ, ਖਾਸ ਕਰਕੇ ਆਪਣੇ ਵਿਦਿਆਰਥੀਆਂ ਅੱਗੇ ਸਿਗਰਟ ਉੱਕਾ ਹੀ ਨਹੀਂ ਪੀਂਦਾ ਤਾਂ ਕਿ ਉਨ੍ਹਾਂ ਦੀ ਸ਼ਖ਼ਸੀਅਤ ਉੱਤੇ ਇਸ ਦਾ ਬੁਰਾ ਪ੍ਰਭਾਵ ਨਾ ਪਵੇ ਪਰ ਅੱਜ ਤੁਸੀਂ ਮੇਰਾ ਭੇਤ ਜੱਗ ਜ਼ਾਹਰ ਕਰ ਦਿੱਤਾ। ਹੁਣ ਤੁਹਾਨੂੰ ਇੱਕੋ ਹੀ ਨਸੀਹਤ ਹੈ ਕਿ ਤੁਸੀਂ ਜ਼ਿੰਦਗੀ ਵਿਚ ਇਸ ਦੀ ਕਦੇ ਵਰਤੋਂ ਨਾ ਕਰਿਓ।” ਇੰਨਾ ਕਹਿ ਕੇ ਉਹ ਸਕੂਲ ਨੂੰ ਚਲੇ ਗਏ ਪਰ ਉਸ ਦਿਨ ਤੋਂ ਬਾਅਦ ਉਹ ਮੁੜ ਸਕੂਲ ਨਹੀਂ ਦਿਸੇ। ਉਨ੍ਹਾਂ ਮੁੰਡਿਆਂ ਵਿਚੋਂ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਉਹ ਆਪਣੇ ਅਸੂਲਾਂ ਦੇ ਇੰਨੇ ਪੱਕੇ ਸਨ ਅਤੇ ਅਜਿਹਾ ਕੋਈ ਕਦਮ ਉਠਾਉਣਗੇ।

ਸੂਬੇਦਾਰ ਬੇਅੰਤ ਸਿੰਘ ਦੀਆਂ ਗੱਲਾਂ ਨੇ ਮੇਰਾ ਆਪਣਾ ਵਿਦਿਆਰਥੀ ਜੀਵਨ ਅਤੇ ਬਚਪਨ ਸਾਹਮਣੇ ਲਿਆ ਦਿੱਤਾ। ਮੇਰੇ ਵਿਦਿਆਰਥੀ ਜੀਵਨ ਵਿਚ ਪ੍ਰਾਇਮਰੀ ਅਧਿਆਪਕ ਦਸੌਂਧੀ ਰਾਮ ਜੀ ਵੀ ਆਏ ਜਿਹੜੇ ਦੂਰ ਖੇਤਾਂ ਵਿਚ ਜਾ ਕੇ ਸਾਡੇ ਕੋਲੋਂ ਲੁਕ ਕੇ ਸਿਗਰਟ ਪੀਂਦੇ ਸਨ। ਸਾਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਅਸੀਂ ਦਸਵੀਂ ਜਮਾਤ ਪਾਸ ਕਰ ਗਏ। ਉਂਜ ਮੈਂ ਉਨ੍ਹਾਂ ਅਧਿਆਪਕਾਂ ਨੂੰ ਵੀ ਜਾਣਦਾ ਹਾਂ ਜੋ ਆਪਣੇ ਵਿਦਿਆਰਥੀਆਂ ਤੋਂ ਸ਼ਰਾਬ ਤੱਕ ਮੰਗਵਾਉਂਦੇ ਰਹੇ। ਉਨ੍ਹਾਂ ਬੱਚਿਆਂ ਵਿਚੋਂ ਕਈ ਬੱਚੇ ਅੱਜ ਨਸ਼ੇ ਦੀ ਦਲਦਲ ਵਿਚ ਹਨ।

ਹੁਣ ਮਾਂ ਦੀ ਇੱਕ ਗੱਲ। ਉਹ ਕੋਰੀ ਅਨਪੜ੍ਹ ਸੀ। ਪਿਤਾ ਜੀ ਹੁੱਕਾ ਤੇ ਸਿਗਰਟ ਪੀਣ ਦੇ ਆਦੀ ਹੀ ਨਹੀਂ ਸਨ ਸਗੋਂ ਦੁਕਾਨ ’ਤੇ ਸਿਗਰਟਾਂ ਵੇਚਦੇ ਵੀ ਸਨ। ਅਸੀਂ ਵੱਡੇ ਹੋਏ ਤਾਂ ਮਾਂ ਨੇ ਪਿਤਾ ਜੀ ਨੂੰ ਕਿਹਾ, “ਜੇ ਅਸੀਂ ਚਾਹੁੰਦੇ ਆਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤਾਂ ਹੁੱਕੇ ਤੇ ਸਿਗਰਟ ਤੋਂ ਹਟਣਾ ਪਵੇਗਾ।” ਪਿਤਾ ਜੀ ਨੇ ਵੀ ਮਾਂ ਦੇ ਕਹਿਣੇ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਅਤੇ ਉਸੇ ਦਿਨ ਹੁੱਕਾ ਤੋੜ ਦਿੱਤਾ। ਸਿਗਰਟ ਪੀਣੀ ਛੱਡੀ ਹੀ ਨਹੀਂ, ਦੁਕਾਨ ਤੇ ਵੇਚਣੀਆਂ ਵੀ ਛੱਡ ਦਿੱਤੀਆਂ। ਚਾਹੁੰਦਾ ਹਾਂ, ਹਰ ਪਾਸੇ ਤਿਆਗ ਦੀ ਤੂਈਆਂ ਫੁੱਟਦੀਆਂ ਰਹਿਣ ਅਤੇ ਸੰਘਣੇ ਦਰੱਖਤ ਬਣ ਕੇ ਛਾਵਾਂ ਵੰਡੀਦੀਆਂ ਰਹਿਣ।

ਸੰਪਰਕ: 98726-27136

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All