ਮੋਢੇ ਉੱਤੇ ਲੱਗੇ ਸਿਤਾਰੇ
ਭਾਖੜਾ ਡੈਮ ਦੀ ਭੂਗੋਲਿਕ ਸਥਿਤੀ ਕਰਕੇ ਸਾਡੇ ਸਕੂਲ ਵਿੱਚ ਪੰਜਾਬ, ਹਿਮਾਚਲ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਦੇ ਬੱਚੇ ਪੜ੍ਹਦੇ ਸਨ। ਉਨ੍ਹਾਂ ਦਿਨਾਂ ਵਿੱਚ ਮੈਂ ਬਾਰ੍ਹਵੀਂ ਜਮਾਤ ਦਾ ਇੰਚਾਰਜ ਅਧਿਆਪਕ ਸਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਲੈ ਕੇ ਕਾਫ਼ੀ ਸਖ਼ਤ ਹੁੰਦਾ...
ਭਾਖੜਾ ਡੈਮ ਦੀ ਭੂਗੋਲਿਕ ਸਥਿਤੀ ਕਰਕੇ ਸਾਡੇ ਸਕੂਲ ਵਿੱਚ ਪੰਜਾਬ, ਹਿਮਾਚਲ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਦੇ ਬੱਚੇ ਪੜ੍ਹਦੇ ਸਨ। ਉਨ੍ਹਾਂ ਦਿਨਾਂ ਵਿੱਚ ਮੈਂ ਬਾਰ੍ਹਵੀਂ ਜਮਾਤ ਦਾ ਇੰਚਾਰਜ ਅਧਿਆਪਕ ਸਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਲੈ ਕੇ ਕਾਫ਼ੀ ਸਖ਼ਤ ਹੁੰਦਾ ਸੀ। ਜਮਾਤ ਦਾ ਨਿਯਮ ਸੀ ਕਿ ਬਿਨਾਂ ਲਿਖਤੀ ਅਰਜ਼ੀ ਤੋਂ ਛੁੱਟੀ ਨਹੀਂ ਸੀ ਮਿਲਦੀ ਕਿਉਂਕਿ ਬੱਚੇ ਅਕਸਰ ਝੂਠ-ਸੱਚ ਬੋਲ ਕੇ ਗ਼ੈਰ-ਹਾਜ਼ਰ ਹੋ ਜਾਂਦੇ ਸਨ। ਲਗਾਤਾਰ ਬਿਨਾਂ ਦੱਸੇ ਗ਼ੈਰ-ਹਾਜ਼ਰ ਰਹਿਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਮੈਂ ਸਕੂਲ ਸੱਦ ਲੈਂਦਾ ਅਤੇ ਜਦੋਂ ਤੱਕ ਉਹ ਨਾ ਆਉਂਦੇ, ਬੱਚੇ ਨੂੰ ਜਮਾਤ ਵਿੱਚ ਬੈਠਣ ਨਹੀਂ ਸੀ ਦਿੰਦਾ।
ਉਸ ਵੇਲੇ ਮੇਰੀ ਜਮਾਤ ਵਿੱਚ ਸੁਭਾਸ਼ ਨਾਂ ਦਾ ਵਿਦਿਆਰਥੀ ਵੀ ਸੀ, ਜਿਸ ਦੇ ਪਿਤਾ ਜੀ ਬੀ ਬੀ ਐੱਮ ਬੀ ਵਿੱਚ ਐੱਸ ਡੀ ਓ ਸਨ। ਘਰੋਂ ਖੁੱਲ੍ਹਾ ਖਾਣ-ਪੀਣ ਮਿਲਣ ਕਰਕੇ ਮੁੰਡੇ ਦੀ ਸਿਹਤ ਅਤੇ ਕੱਦ-ਕਾਠ ਕਾਫ਼ੀ ਚੰਗਾ ਸੀ। ਉਹ ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ ਪਰ ਮਾੜੀ ਸੰਗਤ ਵਿੱਚ ਪੈ ਕੇ ਹੌਲੀ-ਹੌਲੀ ਵਿਗੜਨ ਲੱਗ ਪਿਆ। ਉਸ ਦੀਆਂ ਗ਼ੈਰ-ਹਾਜ਼ਰੀਆਂ ਵਧ ਗਈਆਂ ਅਤੇ ਉਹ ਪੜ੍ਹਾਈ ਵਿੱਚ ਪੱਛੜਨ ਲੱਗਾ। ਬਾਰ੍ਹਵੀਂ ਦੇ ਇਮਤਿਹਾਨ ਨੇੜੇ ਸਨ, ਇਸ ਲਈ ਮੈਂ ਨਹੀਂ ਸੀ ਚਾਹੁੰਦਾ ਕਿ ਉਸ ਦੀ ਅਣਗਹਿਲੀ ਕਾਰਨ ਉਸ ਦਾ ਭਵਿੱਖ ਖ਼ਰਾਬ ਹੋਵੇ। ਮੈਂ ਉਸ ਨੂੰ ਕਈ ਵਾਰ ਸਖ਼ਤੀ ਨਾਲ ਸਮਝਾਇਆ ਪਰ ਕੋਈ ਅਸਰ ਨਾ ਹੋਇਆ।
ਇੱਕ ਦਿਨ ਮੈਂ ਗ਼ੁੱਸੇ ਵਿੱਚ ਆ ਕੇ ਉਸ ਨੂੰ ਦੋ-ਟੁੱਕ ਆਖ ਦਿੱਤਾ ਕਿ ਜਦੋਂ ਤੱਕ ਤੂੰ ਆਪਣੇ ਪਿਤਾ ਜੀ ਨੂੰ ਨਾਲ ਨਹੀਂ ਲਿਆਵੇਂਗਾ, ਤੈਨੂੰ ਜਮਾਤ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ। ਉਸ ਨੇ ਕਈ ਵਾਰ ਮਾਫ਼ੀ ਮੰਗੀ ਪਰ ਮੈਂ ਨਾ ਮੰਨਿਆ। ਅਗਲੇ ਦਿਨ ਉਹ ਬਹੁਤ ਨਿੰਮੋਝੂਣਾ ਜਿਹਾ ਹੋ ਕੇ ਕਹਿਣ ਲੱਗਾ, “ਸਰ! ਮੇਰੇ ਮੰਮੀ ਹਸਪਤਾਲ ਵਿੱਚ ਦਾਖ਼ਲ ਸਨ, ਇਸ ਲਈ ਛੁੱਟੀਆਂ ਕਰਨੀਆਂ ਪਈਆਂ।” ਮੈਨੂੰ ਪਤਾ ਸੀ ਕਿ ਉਹ ਝੂਠ ਬੋਲ ਰਿਹਾ ਹੈ ਪਰ ਮੈਂ ਉਸ ਨੂੰ ਜਮਾਤ ਵਿੱਚ ਬੈਠਣ ਦਿੱਤਾ ਅਤੇ ਸਕੂਲ ਦੇ ਸੇਵਾਦਾਰ ਹੱਥ ਸੁਨੇਹਾ ਭੇਜ ਕੇ ਉਸ ਦੇ ਪਿਤਾ ਜੀ ਨੂੰ ਬੁਲਾ ਲਿਆ।
ਜਦੋਂ ਮੈਂ ਉਸ ਦੇ ਪਿਤਾ ਨੂੰ ਸਾਰੀ ਗੱਲ ਦੱਸੀ ਤਾਂ ਪਤਨੀ ਦੀ ਬੀਮਾਰੀ ਬਾਰੇ ਪੁੱਤਰ ਦਾ ਕੋਰਾ ਝੂਠ ਸੁਣ ਕੇ ਉਹ ਬੇਹੱਦ ਦੁਖੀ ਅਤੇ ਹੈਰਾਨ ਹੋਏ। ਉਨ੍ਹਾਂ ਨੇ ਪੁੱਤਰ ਦੇ ਸਾਹਮਣੇ ਤਾਂ ਕੁਝ ਨਹੀਂ ਕਿਹਾ ਪਰ ਜਾਂਦੇ ਹੋਏ ਹੌਲੀ ਦੇਣੀ ਆਖ ਗਏ, “ਮਾਸਟਰ ਜੀ, ਸਾਡੇ ਤਿੰਨਾਂ ਭਰਾਵਾਂ ਦਾ ਇਹ ਇਕਲੌਤਾ ਪੁੱਤਰ ਹੈ, ਇਸ ਨਾਲ ਬਹੁਤੀ ਸਖ਼ਤੀ ਨਾ ਕਰਿਓ।” ਉਨ੍ਹਾਂ ਦੇ ਇਸ ਜਵਾਬ ਤੋਂ ਬਾਅਦ ਹੁਣ ਮੈਂ ਉਸ ਨੂੰ ਕੁਝ ਕਹਿਣ ਜੋਗਾ ਨਹੀਂ ਸੀ ਰਿਹਾ ਪਰ ਪਿਤਾ ਨੇ ਆਪਣੇ ਪੱਧਰ ’ਤੇ ਪੁੱਤਰ ਨੂੰ ਅਜਿਹਾ ਸਮਝਾਇਆ ਕਿ ਉਸ ਨੇ ਬੁਰੀ ਸੰਗਤ ਛੱਡ ਦਿੱਤੀ ਅਤੇ ਦਿਨ-ਰਾਤ ਮਿਹਨਤ ਵਿੱਚ ਜੁਟ ਗਿਆ। ਜਦੋਂ ਨਤੀਜਾ ਆਇਆ ਤਾਂ ਉਹ ਬਾਰ੍ਹਵੀਂ ਵਿੱਚੋਂ ਬਹੁਤ ਚੰਗੇ ਅੰਕ ਲੈ ਕੇ ਪਾਸ ਹੋਇਆ।
ਸੁਭਾਸ਼ ਦੇ ਪਾਸ ਹੋਣ ਮਗਰੋਂ ਉਸ ਦੇ ਪਿਤਾ ਜੀ ਘਰ ਬਰਫ਼ੀ ਦਾ ਡੱਬਾ ਲੈ ਕੇ ਆਏ ਅਤੇ ਭਰੇ ਮਨ ਨਾਲ ਬੋਲੇ, “ਸਰ, ਤੁਸੀਂ ਮੇਰੇ ਬੱਚੇ ਨੂੰ ਵਿਗੜਨ ਤੋਂ ਬਚਾ ਲਿਆ।” ਮੈਂ ਆਖਿਆ, “ਇੱਕ ਅਧਿਆਪਕ ਹੋਣ ਦੇ ਨਾਤੇ ਇਹ ਮੇਰਾ ਫ਼ਰਜ਼ ਸੀ।” ਸਮਾਂ ਬੀਤਣ ਨਾਲ ਮੈਂ ਇਸ ਘਟਨਾ ਅਤੇ ਸੁਭਾਸ਼ ਨੂੰ ਬਿਲਕੁਲ ਭੁੱਲ-ਭੁਲਾ ਗਿਆ। ਇੱਕ ਵਾਰ ਮੈਂ ਪਰਿਵਾਰ ਸਮੇਤ ਅੰਬਾਲੇ ਰਿਸ਼ਤੇਦਾਰਾਂ ਵੱਲ ਜਾ ਰਿਹਾ ਸਾਂ। ਸਾਡੀ ਗੱਡੀ ਸਾਡੇ ਹੀ ਸ਼ਹਿਰ ਦਾ ਇੱਕ ਨੌਜਵਾਨ ਚਲਾ ਰਿਹਾ ਸੀ, ਜੋ ਫਾਇਰ ਬ੍ਰਿਗੇਡ ਵਿੱਚ ਮੁਲਾਜ਼ਮ ਸੀ ਅਤੇ ਛੁੱਟੀ ਵਾਲੇ ਦਿਨ ਡਰਾਈਵਿੰਗ ਕਰ ਲੈਂਦਾ ਸੀ। ਅੰਬਾਲੇ ਦੇ ਨੇੜੇ ਹਰਿਆਣਾ ਟ੍ਰੈਫਿਕ ਪੁਲੀਸ ਨੇ ਤੇਜ਼ ਰਫ਼ਤਾਰ ਕਰਕੇ ਸਾਡੀ ਗੱਡੀ ਰੋਕ ਲਈ। ਡਰਾਈਵਰ ਨੇ ਖ਼ਾਕੀ ਵਰਦੀ ਪਾਈ ਹੋਈ ਸੀ, ਇਸ ਲਈ ਉਸ ਨੇ ਰੋਅਬ ਪਾਉਣ ਲਈ ਪੁਲੀਸ ਅੱਗੇ ਝੂਠ ਬੋਲ ਦਿੱਤਾ ਕਿ ਉਹ ਪੰਜਾਬ ਪੁਲੀਸ ਵਿੱਚ ਹੈ।
ਪੁਲੀਸ ਦੀ ਸਖ਼ਤੀ ਅੱਗੇ ਉਸ ਦਾ ਝੂਠ ਫੜਿਆ ਗਿਆ ਅਤੇ ਉਹ ਗੱਡੀ ਥਾਣੇ ਲੈ ਜਾਣ ਦੀ ਜ਼ਿੱਦ ਕਰਨ ਲੱਗੇ। ਬਾਹਰ ਹੁੰਦਾ ਹੰਗਾਮਾ ਸੁਣ ਕੇ ਪਤਨੀ ਨੇ ਮੈਨੂੰ ਦੇਖਣ ਲਈ ਭੇਜਿਆ। ਮੈਂ ਅਜੇ ਨਾਕੇ ਕੋਲ ਪਹੁੰਚਿਆ ਹੀ ਸਾਂ ਕਿ ਇੱਕ ਉੱਚੇ-ਲੰਬੇ ਨੌਜਵਾਨ ਨੇ ਅੱਗੇ ਵਧ ਕੇ ਬੜੇ ਸਤਿਕਾਰ ਨਾਲ ਮੇਰੇ ਪੈਰੀਂ ਹੱਥ ਲਾਇਆ ਅਤੇ ਪੁੱਛਿਆ, “ਸਰ, ਤੁਸੀਂ ਇੱਥੇ ਕਿੱਧਰ?” ਮੈਂ ਝਿਜਕਦਿਆਂ ਆਖਿਆ, “ਬੇਟਾ, ਮੈਂ ਤੈਨੂੰ ਪਛਾਣਿਆ ਨਹੀਂ।” ਉਸ ਨੇ ਬੇਹੱਦ ਹਲੀਮੀ ਨਾਲ ਜਵਾਬ ਦਿੱਤਾ, “ਸਰ, ਮੈਂ ਸੁਭਾਸ਼ ਹਾਂ। ਹਰਿਆਣਾ ਪੁਲੀਸ ਵਿੱਚ ਇੰਸਪੈਕਟਰ ਹਾਂ ਤੇ ਜਲਦੀ ਹੀ ਡੀ ਐੱਸ ਪੀ ਬਣਨ ਵਾਲਾ ਹਾਂ। ਮੇਰੇ ਮੋਢਿਆਂ ਦੇ ਇਹ ਸਟਾਰ ਤੁਹਾਡੀ ਹੀ ਸਖ਼ਤੀ ਦੀ ਬਦੌਲਤ ਨੇ। ਜੇ ਤੁਸੀਂ ਉਦੋਂ ਮੈਨੂੰ ਨਾ ਸੁਧਾਰਦੇ, ਤਾਂ ਮੈਂ ਇੱਥੇ ਨਾ ਹੁੰਦਾ।” ਉਸ ਦੇ ਮੋਢਿਆਂ ’ਤੇ ਚਮਕਦੇ ਸਿਤਾਰੇ ਮੈਨੂੰ ਆਪਣੇ ਮੋਢਿਆਂ ’ਤੇ ਸਜੇ ਪ੍ਰਤੀਤ ਹੋ ਰਹੇ ਸਨ। ਗੱਡੀ ਦਾ ਚਲਾਨ ਤਾਂ ਕੀ ਹੋਣਾ ਸੀ, ਉਸ ਨੇ ਸਾਨੂੰ ਆਦਰ ਨਾਲ ਚਾਹ-ਪਾਣੀ ਪਿਆ ਕੇ ਤੋਰਿਆ।
ਸੰਪਰਕ: 98726-27136
