ਕਰਮਜੀਤ ਕੌਰ ਮੁਕਤਸਰ
ਕੁਝ ਚਿਰ ਪਹਿਲਾਂ ਦੀ ਗੱਲ ਹੈ। ਦੁਪਹਿਰ ਦੇ ਸਮੇਂ ਆਪਣੇ ਕਮਰੇ ਵਿਚ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਪਿਆਸ ਲੱਗੀ ਤਾਂ ਮੈਂ ਅੱਖਾਂ ਮਲਦੀ ਬੈੱਡ ਤੋਂ ਉੱਠੀ। ਪਾਣੀ ਪੀਣ ਲਈ ਰਸੋਈ ਦਾ ਦਰਵਾਜ਼ਾ ਖੋਲ੍ਹਿਆ। ਪਾਣੀ ਦਾ ਗਲਾਸ ਭਰਿਆ ਤਾਂ ਸਾਹਮਣੇ, ਰਸੋਈ ਦੀ ਖਿੜਕੀ ਵਿਚੋਂ ਦੋ ਔਰਤਾਂ ਨਜ਼ਰ ਆਈਆਂ ਜਿਨ੍ਹਾਂ ਦੇ ਤਨ ਉੱਪਰ ਫਟੇ-ਪੁਰਾਣੇ ਅਤੇ ਮਿੱਟੀ ਨਾਲ ਭਰੇ ਹੋਏ ਕੱਪੜੇ ਸੀ। ਦੇਖ ਕੇ ਮਨ ਵਿਚ ਸਵਾਲ ਉੱਠਿਆ, “ਇਹ ਕੌਣ ਹੋਈਆਂ!” ਪਾਣੀ ਦਾ ਭਰਿਆ ਗਲਾਸ ਇਕ ਪਾਸੇ ਰੱਖ ਦਿੱਤਾ ਤੇ ਮੈਂ ਉਨ੍ਹਾਂ ਨੂੰ ਖਿੜਕੀ ਵਿਚੋਂ ਹੀ ਗੌਰ ਨਾਲ ਤੱਕਣ ਲੱਗੀ। ਉਹ ਔਰਤਾਂ ਵੀ ਖਿੜਕੀ ਕੋਲ ਆਣ ਕੇ ਰੁਕ ਗਈਆਂ ਤੇ ਆਪਣੇ ਦੋਵੇਂ ਹੱਥ ਜੋੜ ਉਨ੍ਹਾਂ ਵਿਚੋਂ ਇਕ ਔਰਤ ਬੋਲੀ, “ਭੈਣ ਜੀ ਚਾਹ ਪੀਣੀ ਸੀ।”
“ਕਿਥੋਂ ਆਏ ਹੋ ਤੁਸੀਂ?” ਮੈਂ ਥੋੜ੍ਹਾ ਜਾਨਣ ਦੇ ਲਹਿਜੇ ਨਾਲ ਪੁੱਛਿਆ।
“ਭੈਣ ਜੀ ਬਾਹਰ ਸੜਕ ਬਣਦੀ ਆ ਨਾ, ਦੁਪਹਿਰ ਵੇਲੇ ਥੋੜ੍ਹਾ ਟਾਈਮ ਕਿਤੇ ਦੋ ਘੜੀ ਆਰਾਮ ਕਰਨ ਲਈ ਬੈਠ ਜਾਈਦਾ। ਹੁਣ ਗੁਰਦੁਆਰੇ ਦੇ ਬਾਹਰ ਬਰਾਂਡੇ ਵਿਚ ਬੈਠੀਆਂ।” ਉਸ ਨੇ ਹੱਥ ਦਾ ਇਸ਼ਾਰਾ ਵੀ ਕੀਤਾ।
“ਹਾਂਜੀ ਠੀਕ ਹੈ, ਤੁਸੀਂ ਸੇਵਾਦਾਰ ਨੂੰ ਕਹੋ, ਚਾਹ ਬਣਾ ਦੇਵੇ।” ਮੈਂ ਸਹਿਜ ਨਾਲ ਉੱਤਰ ਦਿੱਤਾ।
“ਕਿਹਾ ਸੀ ਭੈਣ ਜੀ ਪਰ ਉਹ ਕਹਿੰਦੇ, ਦੁੱਧ ਖਤਮ ਹੋ ਗਿਆ, ਨਹੀਂ ਤਾਂ ਜ਼ਰੂਰ ਬਣਾ ਦਿੰਦੇ। ਉਨ੍ਹਾਂ ਨੇ ਹੀ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਕਿ ਬੀਬਾ ਜੀ ਨੂੰ ਪੁੱਛ ਲਵੋ…?” ਇਕ ਔਰਤ ਮਾਯੂਸੀ ਵਿਚ ਬੋਲੀ ਸੀ।
“ਅੱਛਾ ਠੀਕ ਐ। ਕਰ ਲਵੋ ਆਰਾਮ। ਮੈਂ ਬਣਾ ਦਿੰਨੀ ਆਂ ਚਾਹ। ਤੁਸੀਂ ਕਿੰਨੇ ਜਣੇ ਹੋ?” ਮੈਂ ਮੁਸਕਰਾਉਂਦਿਆਂ ਪੁੱਛਿਆ।
“ਜੀ ਛੇ ਜਣੀਆਂ ਹਾਂ ਅਸੀਂ।” ਇੰਨਾ ਕਹਿ ਕੇ ਉਹ ਚਲੀਆਂ ਗਈਆਂ। ਮੈਂ ਪਾਣੀ ਪੀਤਾ ਅਤੇ ਉਨ੍ਹਾਂ ਲਈ ਚਾਹ ਬਣਾਉਣ ਲੱਗ ਪਈ। ਉਨ੍ਹਾਂ ਦੇ ਪਸੰਦ ਦੀ ਚਾਹ ਬਣਾ ਵੱਡੇ ਜੱਗ ਵਿਚ ਪੁਣੀ ਅਤੇ ਨਾਲ ਸਟੀਲ ਦੇ ਵੱਡੇ ਗਲਾਸ ਚੁੱਕ ਲਏ ਤਾਂ ਜੋ ਵਾਹਵਾ ਚਾਹ ਨਾਲ ਉਨ੍ਹਾਂ ਦੀ ਥਕਾਵਟ ਦੂਰ ਹੋ ਜਾਵੇ। ਉਨ੍ਹਾਂ ਕੋਲ ਪੁੱਜੀ ਤਾਂ ਦੇਖਿਆ, ਉਹ ਗੁਰਦੁਆਰੇ ਦੇ ਬਰਾਂਡੇ ਵਿਚ ਦਰੀ ਵਿਛਾ ਕੇ ਬੈਠੀਆਂ ਸਨ। ਕਿਸੇ ਨੇ ਕੱਪੜੇ ਨਾਲ ਸਿਰ ਬੰਨ੍ਹਿਆ ਹੋਇਆ ਸੀ, ਕਿਸੇ ਨੇ ਲੱਕ (ਕਮਰ), ਤੇ ਕੋਈ ਆਪਣੇ ਹੱਥਾਂ ਨਾਲ ਆਪਣੀਆਂ ਹੀ ਲੱਤਾਂ ਘੁੱਟ ਰਹੀ ਸੀ। ਦੋ ਤਿੰਨ ਔਰਤਾਂ ਲੇਟੀਆਂ ਹੋਈਆਂ ਸਨ। ਜਾਪਦਾ ਸੀ, ਬਹੁਤ ਥੱਕੀਆਂ ਹੋਈਆਂ ਹਨ।
ਖ਼ੈਰ! ਮੈਂ ਉਨ੍ਹਾਂ ਅੱਗੇ ਗਲਾਸ ਰੱਖੇ ਤੇ ਚਾਹ ਪਾਉਣ ਲਗ ਪਈ। ਨਾਲ ਹੀ ਉਨ੍ਹਾਂ ਨਾਲ ਗੱਲੀਂ ਜੁਟ ਗਈ। “ਸਵੇਰੇ ਹੀ ਆ ਜਾਂਦੇ ਹੋਵੋਗੇ ਕੰਮ ਤੇ?”
“ਹਾਂਜੀ, ਪਹਿਲਾਂ ਘਰਦਾ ਕੰਮ ਕਰਕੇ ਆਈਦਾ, ਫਿਰ ਜਾ ਕੇ ਕਰੀਦਾ। ਬਸ ਜੋ ਦਿਹਾੜੀ ਮਿਲਦੀ ਆ, ਉਸ ਦੀ ਜਾਣ ਲੱਗਿਆ ਸਬਜ਼ੀ-ਭਾਜੀ ਤੇ ਰਾਸ਼ਨ-ਰੂਸ਼ਨ ਲੈ ਜਾਈਦਾ।” ਇਕ ਔਰਤ ਆਪਣੇ ਹੱਥਾਂ ਨਾਲ ਆਪਣਾ ਸਿਰ ਦਬਾਉਂਦੀ ਬੋਲੀ। ਉਸ ਦੀ ਗੱਲ ਸੁਣ ਕੇ ਲੱਗਿਆ, ਜਿਵੇਂ ਉਹਨੇ ਆਪਣੇ ਜੀਵਨ ਦੀ ਪੂਰੀ ਕਹਾਣੀ ਬਿਆਨ ਕਰ ਦਿੱਤੀ ਹੋਵੇ। ਮੈਂ ਸਾਰੇ ਗਲਾਸਾਂ ਵਿਚ ਚਾਹ ਪਾ ਦਿੱਤੀ ਪਰ ਅਖ਼ੀਰਲਾ ਗਲਾਸ ਥੋੜ੍ਹਾ ਊਣਾ ਰਹਿ ਗਿਆ। ਉਸ ਗਲਾਸ ਨੂੰ ਦੇਖਦਿਆਂ ਝੱਟ ਹੀ ਇਕ ਔਰਤ ਨੇ ਮੁਸਕਰਾਉਂਦਿਆਂ ਆਪਣੇ ਗਲਾਸ ਵਿਚੋਂ ਚਾਹ ਦੀ ਇੱਕ ਘੁੱਟ ਊਣੇ ਗਲਾਸ ਵਿਚ ਉਲੱਦ ਕੇ ਗਲਾਸ ਬਰਾਬਰ ਕਰ ਦਿੱਤਾ, ਤੇ ਆਪਣੇ ਨਾਲ ਲੇਟੀ ਔਰਤ ਨੂੰ ਆਵਾਜ਼ ਦਿੱਤੀ, “ਲੈ ਭੈਣ, ਉੱਠ, ਚਾਹ ਪੀ ਲੈ।” ਮੇਰੇ ਮਨ ਅੰਦਰੋਂ ਬੱਸ ‘ਵਾਹ’ ਨਿੱਕਲੀ। ਬੇਅੰਤ ਖੁਸ਼ੀ ਹੋਈ ਤੇ ਹੈਰਾਨੀ ਵੀ।
ਮੈਂ ਉਨ੍ਹਾਂ ਦੇ ਨਾਲ ਦਰੀ ਉੱਪਰ ਹੀ ਬੈਠੀ ਸਾਂ; ਸੋਚ ਰਹੀ ਸੀ, ਕਿਵੇਂ ਮਨੁੱਖ ਥੁੜ੍ਹਾਂ ਮਾਰੀ ਜਿ਼ੰਦਗੀ ਵਿਚ ਮੁੱਠੀ ਭਰ ਸਹੂਲਤਾਂ ਸਹਾਰੇ ਆਹਰੇ ਲੱਗਿਆ ਰਹਿੰਦਾ ਹੈ। ਆਪਣੀ ਰੋਜ਼ਮੱਰਾ ਜਿ਼ੰਦਗੀ ਵਿਚ ਹੱਡ-ਤੋੜਵੀਂ ਮਿਹਨਤ ਕਰਕੇ ਵੀ ਇਨ੍ਹਾਂ ਦੇ ਜੀਵਨ ਵਿਚ ਸਬਰ ਤੇ ਸੰਤੋਖ ਹੈ। ਸੱਚਮੁੱਚ ਇਨ੍ਹਾਂ ਔਰਤਾਂ ਨੇ ਗੁਰੂ ਨਾਨਕ ਦੇ ਮਹਾਂਵਾਕ ਨੂੰ ਸੱਚ ਕਰ ਦਿਖਾਇਆ: ਨਾਮ ਜਪੋ, ਕਿਰਤ ਕਰੋ, ਵੰਡ ਛਕੋ। … ਦੂਜੇ ਪਾਸੇ ਮਹਿਲ-ਮਾੜੀਆਂ, ਧਨ-ਦੌਲਤਾਂ ਨਾਲ ਭਰੇ ਘਰਾਂ ਵਾਲੇ ਲੋਕ ਬੇਚੈਨ ਜਿ਼ੰਦਗੀ ਜਿਊਂਦੇ ਹਨ; ਸਭ ਕੁਝ ਹੋਣ ਦੇ ਬਾਵਜੂਦ ਭਟਕਦੇ ਫਿਰਦੇ ਹਨ।
ਚਾਹ ਪੀ ਕੇ ਉਹ ਗਲਾਸ ਸਾਫ਼ ਕਰਨ ਲਈ ਖੜ੍ਹੀਆਂ ਹੋ ਗਈਆਂ ਪਰ ਮੈਂ ਕਾਹਲੀ ਨਾਲ ਉਨ੍ਹਾਂ ਤੋਂ ਗਲਾਸ ਆਪ ਫੜ ਲਏ। ਹੱਥ ਧੋ ਉਨ੍ਹਾਂ ਗੁਰੂ ਨੂੰ ਨਮਸਕਾਰ ਕੀਤੀ ਅਤੇ ਜਾਂਦੀਆਂ ਹੋਈਆਂ ‘ਧੰਨਵਾਦ’ ਦਾ ਟੋਕਰਾ ਭਰ ਕੇ ਮੈਨੂੰ ਦੇ ਗਈਆਂ। ਮੇਰੇ ਦੇਖਦਿਆਂ ਦੇਖਦਿਆਂ ਉਹ ਗੇਟ ਤੋਂ ਬਾਹਰ ਚਲੀਆਂ ਗਈਆਂ ਤੇ ਮੈਂ ਗਲਾਸ ਸਾਫ਼ ਕਰਨ ਲੱਗ ਪਈ। ਸੱਚਮੁੱਚ ਚਾਹ ਦੀ ਘੁੱਟ ਬਹੁਤ ਕੁਝ ਬਿਆਨ ਕਰ ਗਈ ਸੀ।
ਸੰਪਰਕ: 89685-94379