DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੁਪਈਏ ਵਾਲਾ ਰਿਸ਼ਤਾ

ਗੱਲ ਸੰਨ 1961 ਦੀ ਮੇਰੇ ਨਾਨਕੇ ਪਿੰਡ ਮਹਿਰਾਜ ਦੀ ਐ। ਉਦੋਂ ਪਿੰਡਾਂ ਦੀ ਜ਼ਿੰਦਗੀ ਅੱਜ ਵਾਂਗ ਸੌਖੀ ਨਹੀਂ ਸੀ। ਨਾ ਹਰ ਘਰ ਵਿੱਚ ਆਉਣ-ਜਾਣ ਦੇ ਸਾਧਨ ਹੁੰਦੇ ਸਨ ਤੇ ਨਾ ਹੀ ਧੀਆਂ ਨੂੰ ਆਪਣੇ ਮਨ ਦੀ ਗੱਲ ਕਰਨ ਦਾ ਹੱਕ...

  • fb
  • twitter
  • whatsapp
  • whatsapp
Advertisement

ਗੱਲ ਸੰਨ 1961 ਦੀ ਮੇਰੇ ਨਾਨਕੇ ਪਿੰਡ ਮਹਿਰਾਜ ਦੀ ਐ। ਉਦੋਂ ਪਿੰਡਾਂ ਦੀ ਜ਼ਿੰਦਗੀ ਅੱਜ ਵਾਂਗ ਸੌਖੀ ਨਹੀਂ ਸੀ। ਨਾ ਹਰ ਘਰ ਵਿੱਚ ਆਉਣ-ਜਾਣ ਦੇ ਸਾਧਨ ਹੁੰਦੇ ਸਨ ਤੇ ਨਾ ਹੀ ਧੀਆਂ ਨੂੰ ਆਪਣੇ ਮਨ ਦੀ ਗੱਲ ਕਰਨ ਦਾ ਹੱਕ ਮਿਲਦਾ ਸੀ। ਮੇਰੀ ਮਾਤਾ ਨੇ ਉਸ ਸਾਲ ਸਰਕਾਰੀ ਸਕੂਲ ਤੋਂ (1961ਵਿੱਚ) ਅਜੇ ਦਸਵੀਂ ਪਾਸ ਕੀਤੀ ਹੀ ਸੀ ਕਿ ਉਨ੍ਹਾਂ ਦਾ ਰਿਸ਼ਤਾ ਤੈਅ ਹੋ ਗਿਆ।

ਉਹ ਪੰਜ ਭੈਣਾਂ ਵਿੱਚੋਂ ਚੌਥੇ ਨੰਬਰ ’ਤੇ ਸਨ। ਘਰ ਦੇ ਹਾਲਾਤ ਬਾਪੂ ਜੀ (ਨਾਨਾ ਜੀ) ਦੇ ਬਿਮਾਰ ਹੋਣ ਕਾਰਨ ਚਿੰਤਾਜਨਕ ਸਨ। ਉਦੋਂ ਬਾਪੂ ਜੀ ਸ਼ੂਗਰ ਦੀ ਬਿਮਾਰੀ ਕਾਰਨ ਬਹੁਤ ਬਿਮਾਰ ਸਨ। ਉਨ੍ਹਾਂ ਦੀ ਲੱਤ ਖ਼ਰਾਬ ਹੋ ਚੁੱਕੀ ਸੀ ਅਤੇ ਉਹ ਰਾਮਪੁਰੇ ਦੇ ਹਸਪਤਾਲ ਵਿੱਚ ਦਾਖ਼ਲ ਸਨ। ਘਰ ਵਿੱਚ ਹਰ ਵੇਲੇ ਚਿੰਤਾ ਦਾ ਮਾਹੌਲ ਰਹਿੰਦਾ ਸੀ। ਸਭ ਨੂੰ ਲੱਗਦਾ ਸੀ ਕਿ ਸ਼ਾਇਦ ਬਾਪੂ ਜੀ ਹੁਣ ਜ਼ਿਆਦਾ ਸਮਾਂ ਨਹੀਂ ਰਹਿਣਗੇ। ਅਕਸਰ ਵੱਡੇ ਮਾਸੀ ਵਾਰ-ਵਾਰ ਮੇਰੀ ਮਾਤਾ ਦੇ ਰਿਸ਼ਤੇ ਦੀ ਗੱਲ ਕਰਦੇ ਰਹਿੰਦੇ। ਇੱਕ ਦਿਨ ਗੁਆਂਢਣ ਨੇ ਕੋਠੇ ਉੱਤੇ ਚੜ੍ਹ ਕੇ ਆਵਾਜ਼ ਮਾਰੀ, ‘ਕੁੜੇ, ਤੁਹਾਡੇ ਵਿੱਚੋਂ ਦਸਵੀਂ ਕਿਹੜੀ ਨੇ ਕੀਤੀ ਐ?’ ਮੇਰੀ ਮਾਤਾ ਨੇ ਹੌਲੀ ਜਿਹੀ ਕਿਹਾ, ‘ਮੈਂ ਕੀਤੀ ਐ।’ ਉਹ ਔਰਤ ਤੁਰੰਤ ਬੋਲੀ, ‘ਭਾਈ, ਤੇਰਾ ਤਾਂ ਅੱਜ ਵਿਆਹ ਧਰ ’ਤਾ... ਰੁਪੱਈਆ ਫੜਾ ਦਿੱਤਾ।’ ਇਹ ਸੁਣਦੇ ਹੀ ਮੇਰੀ ਮਾਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

Advertisement

ਉਨ੍ਹਾਂ ਨੂੰ ਸਮਝ ਨਾ ਆਈ ਕਿ ਇਹ ਸਭ ਇੰਨੀ ਜਲਦੀ ਕਿਵੇਂ ਹੋ ਗਿਆ। ਉਨ੍ਹਾਂ ਦੇ ਦਿਲ ਵਿੱਚ ਇੱਕੋ ਗੱਲ ਘੁੰਮ ਰਹੀ ਸੀ- ‘ਬਾਪੂ ਜੀ ਨੇ ਇਹ ਕੀ ਕਰ ਦਿੱਤਾ?’ ਉਦੋਂ ਰਾਮਪੁਰੇ ਤੱਕ ਲੋਕ ਟਾਂਗਿਆਂ ’ਤੇ ਜਾਂਦੇ ਸਨ। ਮੇਰੀ ਮਾਤਾ ਹਸਪਤਾਲ ਜਾਣ ਲਈ ਰੋਂਦੇ ਹੋਏ ਟਾਂਗੇ ’ਤੇ ਬੈਠ ਗਈ। ਉਨ੍ਹਾਂ ਦੇ ਮਨ ’ਚ ਆਪਣੇ ਬਾਪੂ ਜੀ ਨਾਲ ਰਿਸ਼ਤੇ ਬਾਰੇ ਗੱਲ ਕਰਨ ਦੀ ਤੜਪ ਸੀ। ਹਸਪਤਾਲ ਪੁੱਜ ਕੇ ਉਹ ਰੋਂਦੇ ਹੋਏ ਬਾਪੂ ਜੀ ਦੇ ਕੋਲ ਜਾ ਖੜ੍ਹੇ ਹੋਏ। ਆਪਣੀ ਧੀ ਨੂੰ ਇਸ ਹਾਲਤ ਵਿੱਚ ਦੇਖ ਕੇ ਬਾਪੂ ਜੀ ਦੀਆਂ ਅੱਖਾਂ ਵੀ ਭਰ ਆਈਆਂ। ਉਹ ਵੀ ਆਪਣੀ ਬੇਵੱਸੀ ਕਾਰਨ ਭਾਵੁਕ ਹੋ ਗਏ। ਲੋਕਾਂ ਨੇ ਸਮਝਾਇਆ, ‘ਭਾਈ, ਤੇਰੀ ਵੱਡੀ ਭੈਣ ਨੇ ਜ਼ੋਰ ਪਾਇਆ ਸੀ, ਇਸ ਲਈ ਰੁਪੱਈਆ ਫੜਾਇਐ।’ ਫਿਰ ਬਾਪੂ ਜੀ ਨੇ ਹੌਲੀ ਜਿਹੀ ਕਿਹਾ, ‘ਭਾਈ, ਜੇ ਤੈਨੂੰ ਮਨਜ਼ੂਰ ਨਹੀਂ ਤਾਂ ਤੇਰੇ ਤੋਂ ਛੋਟੀ ਦਾ ਕਰ ਦਿੰਦੇ ਆਂ।’ ਇਹ ਸੁਣ ਕੇ ਮੇਰੀ ਮਾਤਾ ਜੀ ਚੁੱਪ ਹੋ ਗਏ। ਉਹ ਬਾਪੂ ਜੀ ਦੀਆਂ ਮਜਬੂਰੀਆਂ ਜਾਣਦੇ ਸਨ। ਬਿਮਾਰ ਪਿਤਾ, ਪੰਜ ਧੀਆਂ ਦੀ ਜ਼ਿੰਮੇਵਾਰੀ ਅਤੇ ਸਮੇਂ ਦੇ ਹਾਲਾਤ- ਇਹ ਸਭ ਉਨ੍ਹਾਂ ਦੇ ਸਾਹਮਣੇ ਖੜ੍ਹੇ ਸਨ। ਇੰਝ ਸਤਾਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਰਿਸ਼ਤਾ ਤੈਅ ਹੋ ਗਿਆ। ਅੱਜ ਜਦੋਂ ਇਹ ਗੱਲ ਸੁਣਦੇ ਹਾਂ ਤਾਂ ਲੱਗਦਾ ਹੈ ਕਿ ਪੁਰਾਣੇ ਸਮਿਆਂ ਦੀਆਂ ਧੀਆਂ ਕਿੰਨੀ ਹਿੰਮਤ ਵਾਲੀਆਂ ਹੁੰਦੀਆਂ ਸਨ। ਉਹ ਆਪਣੇ ਹੰਝੂ ਵੀ ਚੁੱਪ ਕਰ ਕੇ ਪੀ ਜਾਂਦੀਆਂ ਸਨ ਅਤੇ ਪਰਿਵਾਰ ਦੀ ਖ਼ਾਤਰ ਹਰ ਫ਼ੈਸਲਾ ਸਹਿ ਲੈਂਦੀਆਂ ਸਨ।

Advertisement

ਸੰਪਰਕ: 94657-54054

Advertisement
×