ਕਮਲਜੀਤ ਸਿੰਘ ਬਨਵੈਤ
ਨੌਕਰੀ ਉਹਨੇ ਸਕੂਲ ਮਾਸਟਰ ਤੋਂ ਸ਼ੁਰੂ ਕੀਤੀ ਸੀ ਪਰ ਕੁਝ ਵਰ੍ਹਿਆਂ ਵਿੱਚ ਹੀ ਸਿੱਖਿਆ ਵਿਭਾਗ ਵਿੱਚ ਗਜ਼ਟਿਡ ਅਫ਼ਸਰ ਦੇ ਅਹੁਦੇ ਉੱਤੇ ਜਾ ਪੁੱਜਿਆ। ਸ਼ੁਰੂ ਤੋਂ ਹੀ ਸੁਭਾਅ ਵਿੱਚ ਚੜ੍ਹਦੀ ਕਲਾ, ਬੁੱਲ੍ਹਾਂ ਉੱਤੇ ਬੱਲੇ-ਬੱਲੇ। ਮੱਧ ਵਰਗੀ ਕਿਸਾਨ ਪਰਿਵਾਰ ਵਿੱਚੋਂ ਸੀ ਉਹ ਪਰ ਚੰਡੀਗੜ੍ਹ ਵਿੱਚ ਰਹਿਣ ਕਰਕੇ ਸ਼ੌਕ ਥੋੜ੍ਹੇ ਸ਼ਾਹੀ ਹੋ ਗਏ ਸਨ। ਸ਼ੁਰੂ ਵਿੱਚ ਰਹਿੰਦਾ ਚਾਹੇ ਕਿਰਾਏ ਦੇ ਮਕਾਨ ਵਿੱਚ ਸੀ ਪਰ ਰਹਿਣ ਸਹਿਣ ਦਾ ਸਟੈਂਡਰਡ ਪੂਰੇ ਮੁਹੱਲੇ ਤੋਂ ਹਟਵਾਂ। ਚੰਡੀਗੜ੍ਹ ਵਿੱਚ ਆਪਣਾ ਘਰ ਬਣਾਉਣ ਦੀ ਰੀਝ ਸ਼ੁਰੂ ਤੋਂ ਹੀ ਪਾਲ ਰੱਖੀ ਸੀ। ਨੌਕਰੀ ਵਿੱਚ ਪੈਰ ਲੱਗ ਗਏ ਤਾਂ ਨਿੱਕਾ ਮੋਟਾ ਬਿਜ਼ਨੈਸ ਨਾਲ ਨਾਲ ਛੇੜ ਲਿਆ। ਘਰਵਾਲੀ ਵੀ ਸਿੱਖਿਆ ਵਿਭਾਗ ਵਿੱਚ ਸੁਪਰਡੈਂਟ ਸੀ। ਰੀਝ ਤਾਂ ਉਹਦੀ ਵੀ ਸੀ ਕਿ ਸਾਰੀ ਉਮਰ ਕਿਰਾਇਆ ਭਰਨ ਨਾਲੋਂ ਆਪਣਾ ਘਰ ਹੋਵੇ, ਚਾਹੇ ਛੋਟਾ ਹੀ। ਪਰ ਉਹ ਵੱਡਾ ਕਦਮ ਚੁੱਕਣ ਤੋਂ ਡਰ ਜਾਂਦੀ।
ਬੇਟੇ ਅਤੇ ਬੇਟੀ ਦੀ ਆਮਦ ਨਾਲ ਪਰਿਵਾਰ ਪੂਰਾ ਹੋਇਆ ਤਾਂ ਪੜ੍ਹਾਈ ਦੇ ਮਹਿੰਗੇ ਖਰਚੇ ਸ਼ੁਰੂ ਹੋ ਗਏ। ਫੇਰ ਵੀ ਦੋਵਾਂ ਨੇ ਮੁਹਾਲੀ ਵਿੱਚ ਆਪਣਾ ਘਰ ਬਣਾਉਣ ਦਾ ਯੋਜਨਾ ਬਣਾ ਲਈ। ਉਹਦਾ ਆਪਣਾ ਦਿਲ ਸੀ ਕਿ ਕਰਜ਼ਾ ਚਾਹੇ ਵੱਧ ਲੈਣਾ ਪੈ ਜਾਵੇ ਪਰ ਘਰ ਪੂਰਾ ਸ਼ਾਨਦਾਰ ਹੋਣਾ ਚਾਹੀਦਾ ਹੈ। ਮੁਹਾਲੀ ਦੇ ਨਵੇਂ ਬਣੇ ਇੱਕ ਸੈਕਟਰ ਵਿੱਚ ਉਨ੍ਹਾਂ ਨੂੰ ਅਤਿ ਆਧੁਨਿਕ ਘਰ ਪਸੰਦ ਆ ਗਿਆ ਪਰ ਕੀਮਤ ਸੁਣ ਕੇ ਪਤਨੀ ਡਰ ਗਈ। ਉਸ ਨੇ ਛੋਟੇ ਘਰ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਪਰ ਉਹਦੀ ਦਲੇਰੀ ਸੀ ਕਿ ਪਤਨੀ ਦੀ ਰਜ਼ਾਮੰਦੀ ਨਾ ਹੋਣ ਦੇ ਬਾਵਜੂਦ ਉਸ ਨੇ 12 ਮਰਲੇ ਘਰ ਦਾ ਬਿਆਨਾ ਫੜਾ ਦਿੱਤਾ ਤਾਂ ਪਤਨੀ ਦੀਆਂ ਅੱਖਾਂ ਵਿੱਚ ਅੱਥਰੂ ਛਲਕ ਆਏ। ਕੁਦਰਤੀ ਹੈ ਕਿ ਪਰਿਵਾਰ ਦੇ ਮੋਢਿਆਂ ਉੱਤੇ ਬੱਚਿਆਂ ਦੀ ਪੜ੍ਹਾਈ, ਫੇਰ ਉੱਚ ਪੜ੍ਹਾਈ ਅਤੇ ਵਿਆਹ ਸ਼ਾਦੀ ਦਾ ਭਾਰ ਵੱਖਰਾ ਪਿਆ ਹੋਣੈ।
ਘਰ ਦੀ ਰਜਿਸਟਰੀ ਲਈ ਤਾਂ ਸ੍ਰੀਮਤੀ ਨੂੰ ਕਈ ਚੀਜ਼ਾਂ ਦੀ ਘਾਟ ਮਹਿਸੂਸ ਹੋਣ ਲੱਗੀ। ਉਹ ਕਿਹਾ ਕਰੇ, ‘ਘਰ ਵਿੱਚ ਸਟੋਰ ਰੂਮ ਜ਼ਰੂਰ ਹੋਣਾ ਚਾਹੀਦਾ ਹੈ। ਨਾ ਸਟੱਡੀ ਰੂਮ, ਨਾ ਹੀ ਪੂਜਾ ਰੂਮ ਅਤੇ ਨਾ ਹੀ ਵਾਸ਼ਿੰਗ ਲਈ ਢੁਕਵੀਂ ਥਾਂ।’ ਸਾਲ ਦੋ ਸਾਲ ਬਾਅਦ ਉਨ੍ਹਾਂ ਨੂੰ ਪੰਜਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਮਿਲਿਆ ਤਾਂ ਉਨ੍ਹਾਂ ਨੇ ਘਰ ਦੇ ਪਿਛਲੇ ਵਿਹੜੇ ਵਿੱਚ ਇੱਕ ਪਾਸੇ ਸਟੋਰ ਅਤੇ ਦੂਜੇ ਪਾਸੇ ਅਟੈਚ ਬਾਥਰੂਮ ਵਾਲਾ ਕਮਰਾ ਵੀ ਬਣਾ ਲਿਆ। ਮਾਸਟਰ ਜੀ ਦਾ ਮੰਨਣਾ ਸੀ ਕਿ ਬੱਚੇ ਬਾਹਰਲੇ ਕਮਰੇ ਵਿੱਚ ਇਕਾਗਰਤਾ ਨਾਲ ਪੜ੍ਹ ਲਿਆ ਕਰਨਗੇ। ਉਨ੍ਹਾਂ ਨੇ ਬੱਚਿਆਂ ਨੂੰ ਵਿੱਤੋਂ ਬਾਹਰ ਜਾ ਕੇ ਪੜ੍ਹਾਇਆ।
ਵਕਤ ਕਿਵੇਂ ਛੜੱਪੇ ਮਾਰ ਕੇ ਅੱਗੇ ਨਿਕਲ ਗਿਆ, ਕਿਸੇ ਨੂੰ ਪਤਾ ਹੀ ਨਾ ਲੱਗਿਆ। ਕੁੜੀ ਆਪਣੇ ਘਰ ਵੱਲ ਤੋਰ ਦਿੱਤੀ, ਮੁੰਡੇ ਨੂੰ ਵਿਆਹ ਕੇ ਬਹੂ ਰਾਣੀ ਆਪਣੇ ਘਰ ਲੈ ਆਂਦੀ। ਘਰ ਵਿੱਚ ਬਹਾਰਾਂ। ਪੂਰਾ ਰੌਣਕ ਮੇਲਾ। ਦੋਵੇਂ ਜਣੇ ਪੋਤਰਿਆਂ ਨਾਲ ਖੇਡਦੇ ਹਫਿਆ ਨਾ ਕਰਨ। ਹੱਸਦੇ ਵੱਸਦੇ ਪਰਿਵਾਰ ਨੂੰ ਜਿਵੇਂ ਨਜ਼ਰ ਲੱਗ ਗਈ। ਇੱਕ ਦਿਨ ਸ੍ਰੀਮਤੀ ਸਚਦੇਵਾ ਜਦੋਂ ਅਗਲੀ ਸਵੇਰ ਸੁੱਤੀ ਪਈ ਨਾ ਉੱਠੀ ਤਾਂ ਉਹਦੇ ਲਈ ਜਿਵੇਂ ਪਰਲੋ ਆ ਗਈ ਹੋਵੇ।
ਸ੍ਰੀਮਤੀ ਸਚਦੇਵਾ ਦਾ ਤੇਰ੍ਹਵਾਂ ਹੋਇਆ ਤਾਂ ਬਹੂ-ਮੁੰਡੇ ਨੇ ਬਾਪ ਦਾ ਮੰਜਾ ਪਿਛਲੇ ਵਿਹੜੇ ਵਿੱਚ ਬਣੇ ਕਮਰੇ ਵਿੱਚ ਲਾ ਦਿੱਤਾ। ਬਹੂ-ਮੁੰਡਾ ਨੌਕਰੀ ਚਲੇ ਜਾਇਆ ਕਰਨ ਅਤੇ ਪੋਤਰੇ ਪੜ੍ਹਨ। ਉਹ ਕਮਰੇ ਵਿੱਚ ਪਿਆ ਪੂਰੀ ਦਿਹਾੜੀ ਬਾਹਰਲੇ ਦਰਵਾਜ਼ੇ ਵੱਲੋਂ ਅੱਖਾਂ ਅੱਡੀਂ ਚੌਹਾਂ ਨੂੰ ਉਡੀਕਦਾ ਰਹਿੰਦਾ। ਸ਼ਾਮ ਵੇਲੇ ਜਦੋਂ ਦਰਵਾਜ਼ਾ ਖੁੱਲ੍ਹਣ ਦੀ ਬਿੜਕ ਆਉਂਦੀ ਤਾਂ ਪਤਾ ਲੱਗਦਾ ਕਿ ਬੱਚੇ ਨੌਕਰੀ ਜਾਂ ਸਕੂਲਾਂ ਤੋਂ ਪਰਤ ਆਏ ਹਨ। ਹੁਣ ਕਈ ਕਈ ਦਿਨ ਨਿਕਲ ਜਾਂਦੇ, ਮੁੰਡਾ ਜਾਂ ਨੂੰਹ ਸਵੇਰੇ ਜਾਂ ਸ਼ਾਮ ਦੁਆ ਸਲਾਮ ਕਰਨ ਵੀ ਨਾ ਆਉਂਦੇ। ਘਰ ਦੀ ਮੇਡ ਜਾਂ ਬੱਚੇ ਤਿੰਨ ਟਾਈਮ ਦੀ ਰੋਟੀ ਅਤੇ ਦੋ ਟਾਈਮ ਦੀ ਚਾਹ ਮੰਜੇ ਦੀ ਪੈਂਦ ਵੱਲ ਰੱਖ ਕੇ ਚਲੇ ਜਾਂਦੇ। ਉਹ ਸੁੱਕ ਕੇ ਤੀਲਾ ਹੋ ਗਿਆ। ਪਾਠ ਪੂਜਾ ਵਿੱਚ ਵੀ ਉਹਦਾ ਦਿਲ ਨਾ ਲੱਗਿਆ ਕਰੇ।
ਉਹਦੇ ਕਮਰੇ ਵਿੱਚ ਸਿਰਫ਼ ਇੱਕ ਰੌਸ਼ਨ ਦਾਨ ਸੀ ਜਾਂ ਫਿਰ ਇੱਕ ਵੱਡੀ ਤਾਕੀ। ਰੌਸ਼ਨ ਦਾਨ ਵਿੱਚ ਕਬੂਤਰਾਂ ਨੇ ਆਲ੍ਹਣਾ ਪਾ ਰੱਖਿਆ ਹੈ। ਦੋਵਾਂ ਦੀ ਗੁਟਰ ਗੁਟਰ ਕਰਨ ਤੋਂ ਉਹਨੂੰ ਸਮਝ ਪੈ ਗਈ ਸੀ ਕਿ ਇੱਕ ਕਬੂਤਰ ਅਤੇ ਦੂਜੀ ਕਬੂਤਰੀ ਹੋਣੀ ਹੈ। ਉਹ ਸ੍ਰੀਮਤੀ ਸਚਦੇਵਾ ਨੂੰ ਹੋਰ ਬੁਰੀ ਤਰ੍ਹਾਂ ਯਾਦ ਹੀ ਨਹੀਂ ਕਰਨ ਲੱਗਾ, ਸਗੋਂ ਇੱਕ ਤਰ੍ਹਾਂ ਨਾਲ ਝੂਰਨ ਵੀ ਲੱਗ ਪਿਆ। ਉਹਦੀ ਪੂਰੀ ਦਿਹਾੜੀ ਕਬੂਤਰਾਂ ਦੀ ਗੁਟਰ ਗੂੰ ਗੁਟਰ ਗੂੰ ਸੁਣਦਿਆਂ ਲੰਘ ਜਾਂਦੀ।
ਇੱਕ ਦਿਨ ਰੌਸ਼ਨਦਾਨ ਰਾਹੀਂ ਉਹਦੇ ਕਮਰੇ ਅੰਦਰ ਚਿੜੀਆਂ ਦਾ ਜੋੜਾ ਉੱਡਦਾ ਉੱਡਦਾ ਮੰਜੇ ਨਾਲ ਪਏ ਸਾਈਡ ਟੇਬਲ ਉੱਤੇ ਆ ਬੈਠਿਆ। ਉਹ ਖੁਸ਼ ਸੀ ਕਿ ਪੰਛੀ ਉਸ ਤੋਂ ਡਰੇ ਕਿਉਂ ਨਹੀਂ, ਇੰਝ ਜਿਵੇਂ ਪੁਰਾਣੀ ਜਾਣ-ਪਛਾਣ ਹੋਵੇ। ਘਰਾਂ ਵਿੱਚ ਚਿਰਾਂ ਤੋਂ ਜਿਵੇਂ ਪਾਲਤੂ ਪੰਛੀਆਂ ਦੀ ਤਰ੍ਹਾਂ ਪਾਲੇ ਹੋਣ। ਉਹ ਇਸ ਗੱਲੋਂ ਵੀ ਖੁਸ਼ ਸੀ ਕਿ ਜੇ ਢਿੱਡੋਂ ਜੰਮੇ ਬੱਚਿਆਂ ਨਾਲ ਨਹੀਂ ਤਾਂ ਪੰਛੀਆਂ ਨਾਲ ਜੀ ਲੱਗਿਆ ਰਹਿੰਦਾ ਹੈ। ਕਬੂਤਰੀ ਵਿੱਚੋਂ ਉਹ ਸ੍ਰੀਮਤੀ ਸਚਦੇਵਾ ਦਾ ਅਕਸ ਨਿਹਾਰਦਾ ਰਹਿੰਦਾ।
ਅਗਲੇ ਦਿਨ ਉਹਦੀ ਜਾਗ ਕਬੂਤਰ ਕਬੂਤਰੀ ਦੇ ਫੜਫੜਾਉਂਦੇ ਖੰਭਾਂ ਦੇ ਖੜਾਕ ਨਾਲ ਖੁੱਲ੍ਹੀ। ਦੋਵੇਂ ਗੁਟਰ ਗੂੰ ਗੁਟਰ ਗੂੰ ਕਰਦਿਆਂ ਇੱਕ ਦੂਜੇ ਦੇ ਗਲੇ ਉੱਤੇ ਚੁੰਝਾਂ ਮਾਰ ਰਹੇ ਹਨ। ਉਹਨੇ ਆਲ੍ਹਣੇ ਵੱਲ ਦੇਖਿਆ ਤਾਂ ਕਬੂਤਰਾਂ ਦੇ ਨਿੱਕੇ ਨਿੱਕ ਬੱਚੇ ਗਰਦਨਾਂ ਉੱਪਰ ਚੁੱਕਣ ਲਈ ਜ਼ੋਰ ਲਾ ਰਹੇ ਸਨ।
ਉਹਦੇ ਬੁੱਲ੍ਹਾਂ ਉੱਤੇ ਮੁਸਕੁਰਾਹਟ ਅਤੇ ਅੱਖਾਂ ਵਿੱਚ ਅੱਥਰੂ ਸਨ। ਉਹਦੀਆਂ ਅੱਖਾਂ ਮੂਹਰੇ ਉਹੀ ਪਲ ਫਿਲਮ ਦੀ ਰੀਲ੍ਹ ਦੀ ਤਰ੍ਹਾਂ ਲੰਘ ਗਏ ਜਦੋਂ ਉਹਨੇ ਆਪਣੇ ਬੱਚਿਆਂ ਨੂੰ ਪਹਿਲੀ ਵਾਰ ਗੋਦੀ ਵਿੱਚ ਲਿਆ ਸੀ ਅਤੇ ਨਾਲ ਹੀ ਸ੍ਰੀਮਤੀ ਸਚਦੇਵਾ ਨੇ ਉਹਦੇ ਮੱਥੇ ਨੂੰ ਚੁੰਮ ਲਿਆ ਸੀ।
ਸੰਪਰਕ: 98147 34035