A New Life: ਪਹਿਲਾ ਜਨਮ ਦਿਨ
ਆਪਣੀ ਕਰਮਭੂਮੀ ਵਿੱਚ ਬੈਠਾ ਸੀ। ਇੱਕ ਨੌਜਵਾਨ ਨੇ ਬਹੁਤ ਹੀ ਆਦਰ ਨਾਲ ਕਿਹਾ, “ਸਰ, ਪਛਾਣਿਆ ਮੈਨੂੰ?” ਉਹਦੇ ਬੋਲਣ ਦੇ ਲਹਿਜੇ ਵਿੱਚ ਅਪਣੱਤ ਅਤੇ ਠਹਿਰਾਓ ਸੀ। ਆਵਾਜ਼ ਜਾਣੀ-ਪਛਾਣੀ ਲੱਗੀ। ਮੈਂ ਹਾਲੇ ਕੁਝ ਕਹਿਣ ਹੀ ਲੱਗਿਆ ਸੀ ਕਿ ਉਸ ਨੇ ਆਪ ਹੀ...
ਆਪਣੀ ਕਰਮਭੂਮੀ ਵਿੱਚ ਬੈਠਾ ਸੀ। ਇੱਕ ਨੌਜਵਾਨ ਨੇ ਬਹੁਤ ਹੀ ਆਦਰ ਨਾਲ ਕਿਹਾ, “ਸਰ, ਪਛਾਣਿਆ ਮੈਨੂੰ?” ਉਹਦੇ ਬੋਲਣ ਦੇ ਲਹਿਜੇ ਵਿੱਚ ਅਪਣੱਤ ਅਤੇ ਠਹਿਰਾਓ ਸੀ। ਆਵਾਜ਼ ਜਾਣੀ-ਪਛਾਣੀ ਲੱਗੀ। ਮੈਂ ਹਾਲੇ ਕੁਝ ਕਹਿਣ ਹੀ ਲੱਗਿਆ ਸੀ ਕਿ ਉਸ ਨੇ ਆਪ ਹੀ ਜ਼ਿਕਰ ਛਹਿਆ, “ਮੈਂ ਕਰਮਾ ਹਾਂ ਜੀ। ਪਿਛਲੇ ਸਾਲ ਥੋਡੇ ਕੋਲ ਦਾਖ਼ਲ ਹੋ ਕੇ ਨਸ਼ਾ ਛੱਡ ਕੇ ਗਿਆ ਸੀ। ਨਵਾਂ ਜੀਵਨ ਮਿਲਿਆ ਹੈ ਮੈਨੂੰ।” ਮੇਰੇ ਚੇਤਿਆਂ ਦੇ ਪੰਨਿਆਂ ’ਤੇ ਉਹ ਦਿਨ ਸਾਹਮਣੇ ਆ ਗਿਆ ਜਦੋਂ ਕਰਮੇ ਦਾ ਬਾਪ ਦਫ਼ਤਰ ਵਿੱਚ ਖੜ੍ਹਾ ਹਟਕੋਰੇ ਭਰਦਿਆਂ ਕਹਿ ਰਿਹਾ ਸੀ, “ਮੇਰੇ ਇਕਲੌਤੇ ਪੁੱਤ ਨੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਘਰ ਵਿੱਚ ਕੁਝ ਨਹੀਂ ਛੱਡਿਆ। ਰਸੋਈ ਦਾ ਸਾਮਾਨ, ਮਾਂ ਦੀ ਪੇਟੀ ਦਾ ਸਾਮਾਨ। ਇੱਥੋਂ ਤੱਕ ਕਿ ਘਰ ਦੀਆਂ ਜੋੜੀਆਂ ਵੀ ਲਾਹ ਕੇ ਵੇਚ ਆਇਐ। ਤਿੰਨ ਕੁ ਕਿੱਲੇ ਜ਼ਮੀਨ ਐ। ਹੁਣ ਰੋਜ਼ ਮੇਰੇ ਗਲ ’ਗੂਠਾ ਦੇ ਕੇ ਕਹਿੰਦੈ, ਬਈ ਜ਼ਮੀਨ ਵੇਚ ਕੇ ਪੈਸੇ ਦੇ। ਕਿੰਨੀ ਵਾਰ ਸਾਡੇ ’ਤੇ ਹੱਥ ਵੀ ਚੁੱਕਿਐ। ਹੁਣ ਤਾਂ ਇਉਂ ਡਰ ਰਹਿੰਦੈ ਬਈ ਸੁੱਤਿਆਂ ਪਿਆਂ ਨੂੰ ਨਾ ਮਾਰ ਮੁਕਾਏ।’’ ਬਾਪ ਦਾ ਰੋਣਾ ਝੱਲਿਆ ਨਹੀਂ ਸੀ ਜਾਂਦਾ। ਮਾਂ ਬਾਹਰ ਵਰਾਂਡੇ ਵਿੱਚ ਬੈਠੀ ਪੱਲੇ ਨਾਲ ਅੱਖਾਂ ਪੂੰਝ ਰਹੀ ਸੀ।
ਮੈਂ ਹੱਡੀਆਂ ਦੀ ਮੁੱਠ ਬਣੇ ਕਰਮੇ ਨੂੰ ਅੰਦਰ ਬੁਲਾ ਲਿਆ। ਉਹਦੀ ਜ਼ਿੰਦਗੀ ’ਤੇ ਨਸ਼ਾ ਭਾਰੂ ਹੋਣ ਕਾਰਨ ਉਹ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ। ਨਸ਼ੇ ਕਾਰਨ ਉਹਦੀ ਜ਼ੁਬਾਨ ਵੀ ਥਿੜਕ ਰਹੀ ਸੀ। ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਸੀ ਕਿ ਜੇਕਰ ਉਸ ਨੂੰ ਤੁਰੰਤ ਨਾ ਸੰਭਾਲਿਆ ਜਾਂਦਾ ਤਾਂ ਕਰਮੇ ਦੀ ਮੌਤ ਦੇ ਨਾਲ ਨਾਲ ਘਰ ਵਿੱਚ ਕਿਸੇ ਹੋਰ ਦਾ ਕਤਲ ਵੀ ਹੋ ਸਕਦਾ ਸੀ। ਅਜਿਹੀ ਸਥਿਤੀ ਵਿੱਚ ਕਰਮੇ ਨੂੰ ਇਲਾਜ ਲਈ ਦਾਖ਼ਲ ਕਰਨਾ ਜ਼ਰੂਰੀ ਸੀ। ਨਸ਼ਿਆਂ ਦਾ ਪੀੜਤ ਕੋਈ ਵੀ ਵਿਅਕਤੀ ਅਕਸਰ ਕਹਿ ਦਿੰਦੈ ਕਿ ਕੱਲ੍ਹ ਤੋਂ ਨਸ਼ਾ ਨਹੀਂ ਕਰਾਂਂਗਾ। ਇਸ ਸਬੰਧ ਵਿੱਚ ਉਹ ਨੇਮ-ਧਰਮ ਅਤੇ ਸਹੁੰਆਂ ਦਾ ਸਹਾਰਾ ਵੀ ਲੈਂਦਾ ਹੈ। ਪਰ ਕੱਲ੍ਹ ਵੀ ਕਦੇ ਕਿਸੇ ਦੀ ਆਈ ਹੈ ਭਲਾਂਂ। ਪਹਿਲਾਂ ਕਰਮਾ ਹੋਰਨਾਂ ਪੀੜਤਾਂ ਵਾਂਗ ਦਾਖ਼ਲ ਹੋਣ ਤੋਂ ਜਵਾਬ ਦਿੰਦਾ ਰਿਹਾ। ਫਿਰ ਉਹ ਇਸ ਸ਼ਰਤ ’ਤੇ ਦਾਖ਼ਲ ਹੋਣ ਲਈ ਰਾਜ਼ੀ ਹੋ ਗਿਆ ਕਿ ਉਹ ਦੋ ਦਿਨ ਇੱਥੇ ਰਹਿ ਕੇ ਇਲਾਜ ਕਰਾ ਲਵੇਗਾ ਤੇ ਤੀਜੇ ਦਿਨ ਉਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਕਰਮੇ ਨੂੰ ਦਾਖ਼ਲ ਕਰਨ ਮਗਰੋਂ ਉਸ ਦੇ ਮਾਂ ਬਾਪ ਨੂੰ ਹੌਸਲਾ ਦਿੰਦਿਆਂ ਇਹ ਕਹਿ ਕੇ ਭੇਜ ਦਿੱਤਾ ਕਿ ਤੁਸੀਂ ਇੱਥੇ ਵਾਰ ਵਾਰ ਗੇੜੇ ਨਹੀਂ ਮਾਰਨੇ, ਜਦੋਂ ਅਸੀਂ ਤੁਹਾਨੂੰ ਬੁਲਾਵਾਂਗੇ, ਉਸ ਦਿਨ ਹੀ ਇੱਥੇ ਆਉਣਾ ਹੈ।
ਦੋ ਕੁ ਦਿਨਾਂ ਬਾਅਦ ਉਸ ਦੀ ਤੋੜ ਤਾਂ ਘਟ ਗਈ, ਪਰ ਜਾਣ ਵਾਲੀ ਗੱਲ ’ਤੇ ਉਹ ਹਾਲੇ ਵੀ ਅੜਿਆ ਹੋਇਆ ਸੀ। ਹੋਰਨਾਂ ਮਰੀਜ਼ਾਂ ਅਤੇ ਸਟਾਫ਼ ਨੇ ਵੀ ਉਸ ਨੂੰ ਪੂਰੀ ਤਰ੍ਹਾਂ ਇਲਾਜ ਕਰਵਾਉਣ ਦੀ ਪ੍ਰੇਰਿਆ। ਹਰ ਸ਼ਾਮ ਦਾਖ਼ਲ ਮਰੀਜ਼ਾਂ ਨੂੰ ਯੋਗਾ, ਮੈਡੀਟੇਸ਼ਨ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਦੀ ਕਾਊਂਸਲਿੰਗ ਕਰਨੀ ਮੇਰਾ ਨਿੱਤ ਦਾ ਕਾਰਜ ਸੀ। ਦੋ ਦਿਨ ਬਾਅਦ ਯੋਗ ਕਰਵਾਉਣ ਮਗਰੋਂ ਮੈਂ ਕਰਮੇ ਨੂੰ ਖੜ੍ਹਾ ਕਰ ਲਿਆ। ਉਸ ਦੇ ਮੋਢੇ ’ਤੇ ਹੱਕ ਧਰਦਿਆਂ ਮੈਂ ਉਸ ਨੂੰ ਪੁੱਛਿਆ, ‘‘ਸੱਚ ਦੱਸੀਂ ਕਰਮਿਆਂ, ਕੀ ਤੂੰ ਆਪਣੇ ਮਾਂ ਬਾਪ ਦਾ ਚੰਗਾ ਪੁੱਤਰ ਬਣਿਆ ਏਂ?” ਉਸ ਨੇ ਨਿਰਾਸ਼ਾ ਵਿੱਚ ਸਿਰ ਹਿਲਾ ਦਿੱਤਾ। “ਤੇਰੀ ਇੱਕ ਭੈਣ ਹੈ, ਕੀ ਉਸ ਦਾ ਚੰਗਾ ਭਰਾ ਬਣਿਆ ਏਂ?’’ ਉਸ ਨੇ ਫਿਰ ਨੀਵੀਂ ਪਾ ਕੇ ਨਾਂਹ ਵਿੱਚ ਜਵਾਬ ਦੇ ਦਿੱਤਾ। “ਕੀ ਆਂਢ-ਗੁਆਂਢ ਦੇ ਲੋਕ, ਤੇਰੇ ਰਿਸ਼ਤੇਦਾਰ ਤੈਨੂੰ ਚੰਗਾ ਸਮਝਦੇ ਨੇ?” ਹੁਣ ਉਹਦੀਆਂ ਅੱਖਾਂ ਵਿੱਚ ਅੱਥਰੂ ਸਨ। ਉਸ ਉਦਾਸ ਲਹਿਜੇ ਵਿੱਚ ਆਖਿਆ, ‘‘ਮੈਨੂੰ ਕੋਈ ਰਿਸ਼ਤੇਦਾਰ ਮੂੰਹ ਨਹੀਂ ਲਾਉਂਦਾ। ਆਂਢ-ਗੁਆਂਢ ਵਾਲੇ ਵੀ ਮੈਨੂੰ ਚੰਗਾ ਨਹੀਂ ਸਮਝਦੇ।” ਦਰਅਸਲ ਨਸ਼ੇੜੀ ਵਿਅਕਤੀ ਜ਼ਿੰਦਗੀ ਦਾ ਖਲਨਾਇਕ ਨਹੀਂ, ਸਗੋਂ ਪੀੜਤ ਹੁੰਦਾ ਹੈ। ਮੈਂ ਕਰਮੇ ਨੂੰ ਆਖਿਆ, “ ਜਦੋਂ ਤੂੰ ਛੋਟਾ ਹੁੰਦਾ ਸੀ ਤਾਂ ਆਪਣੇ ਮਾਂ ਬਾਪ ਦਾ ਬਿਸਤਰਾ ਗਿੱਲਾ ਕਰਦਾ ਸੀ। ਹੁਣ ਤੂੰ ਵੱਡਾ ਹੋ ਗਿਆ, ਕੋਈ ਅਜਿਹਾ ਕਰਮ ਨਾ ਕਰ, ਜਿਸ ਨਾਲ ਮਾਂ ਬਾਪ ਦੀਆਂ ਅੱਖਾਂ ਗਿੱਲੀਆਂ ਹੋ ਜਾਣ’।” ਇਹ ਸੁਣਦਿਆਂ ਕਰਮਾ ਭੁੱਬੀਂ ਰੋ ਪਿਆ। ਉਸ ਨੇ ਆਪਣੇ ਅੱਥਰੂ ਪੂੰਝਦਿਆਂ ਕਿਹਾ, “ਮੈਨੂੰ ਬਚਾ ਲਓ। ਮੈਂ ਮਾਂ-ਬਾਪ ਨੂੰ ਰੁਲਣ ਨਹੀਂ ਦੇਵਾਂਗਾ।”
ਕਰਮਾ ਪੂਰੀ ਸ਼ਿੱਦਤ ਨਾਲ ਠੀਕ ਹੋਣ ਲਈ ਮਿਹਨਤ ਕਰਨ ਲੱਗਿਆ। ਦਿਨ, ਹਫ਼ਤੇ ਤੇ ਮਹੀਨੇ ਲੰਘੇ...ਹੁਣ ਉਸ ਨੂੰ ਨਸ਼ਿਆਂ ਬਿਨਾਂ ਜਿਊਣ ਦੀ ਜਾਚ ਆ ਗਈ ਸੀ। ਠੀਕ ਹੋਣ ਉਪਰੰਤ ਉਸ ਨੂੰ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ। ਅੱਜ ਉਹੀ ਕਰਮਾ ਮੇਰੇ ਸਾਹਮਣੇ ਖੜ੍ਹਾ ਸੀ। ਹੱਡੀਆਂ ਦੀ ਮੁੱਠ ਨਹੀਂ ਸਗੋਂ ਇੱਕ ਸਿਹਤਮੰਦ ਨੌਜਵਾਨ। ਹਸੂੰ ਹਸੂੰ ਕਰਦਾ ਚਿਹਰਾ। ਉਸ ਨੇ ਬਹੁਤ ਹੀ ਨਿਮਰਤਾ ਨਾਲ ਮੇਰੇ ਵੱਲ ਮਠਿਆਈ ਦਾ ਡੱਬਾ ਵਧਾਉਂਦਿਆਂ ਕਿਹਾ, “ਸਰ, ਨਵੇਂ ਜਨਮ ਤੋਂ ਬਾਅਦ ਅੱਜ ਮੇਰਾ ਪਹਿਲਾ ਜਨਮ ਦਿਨ ਹੈ ਅਤੇ ਮੈਂ ਇਹ ਜਨਮ ਦਿਨ ਤੁਹਾਡੇ ਨਾਲ ਮਨਾਉਣ ਆਇਆ ਹਾਂ।” ਮੈਨੂੰ ਉਸ ’ਤੇ ਡਾਢਾ ਮੋਹ ਆਇਆ। ਉਸ ਨੂੰ ਗਲਵਕੜੀ ਵਿੱਚ ਲੈਂਦਿਆਂ ਮੈਂ ਕਿਹਾ, ‘‘ਆਜਾ, ਤੇਰਾ ਜਨਮ ਦਿਨ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਨਾਲ ਰਲ ਕੇ ਮਨਾਉਂਦੇ ਹਾਂ। ਸਟਾਫ ਮੈਂਬਰ ਵੀ ਸ਼ਾਮਲ ਹੋਣਗੇ।” ਉਸ ਦੇ ਮਾਂ ਬਾਪ ਬਾਹਰ ਬੈਠੇ ਸਨ। ਉਨ੍ਹਾਂ ਨੂੰ ਵੀ ਅੰਦਰ ਲਿਆਂਦਾ ਗਿਆ। ਹੁਣ ਉਨ੍ਹਾਂ ਦੇ ਚਿਹਰਿਆਂ ’ਤੇ ਵੀ ਮੁਸਕਾਨ ਸੀ। ਉਨ੍ਹਾਂ ਬੜੇ ਮਾਨ ਨਾਲ ਕਰਮੇ ਵੱਲੋਂ ਸੰਭਾਲੀਆਂ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਰੇ ਦੱਸਿਆ। ਉਤਸ਼ਾਹ ਭਰਪੂਰ ਕਦਮਾਂ ਨਾਲ ਵਾਪਸ ਜਾਂਦਿਆਂ ਮੈਂ ਉਨ੍ਹਾਂ ਨੂੰ ਨੀਝ ਲਾ ਕੇ ਵੇਂਹਦਾ ਰਿਹਾ। ਆਤਮਿਕ ਸਕੂਨ ਦੇ ਉਹ ਪਲ ਮੇਰੇ ਲਈ ਅਨਮੋਲ ਸਰਮਾਇਆ ਹਨ।
ਸੰਪਰਕ: 94171-48866

