ਤਰਸੇਮ ਬਾਹੀਆ ਨੂੰ ਯਾਦ ਕਰਦਿਆਂ

ਦਲੇਰੀ ਤੇ ਦ੍ਰਿੜ੍ਹਤਾ ਦਾ ਮੁਜੱਸਮਾ

ਦਲੇਰੀ ਤੇ ਦ੍ਰਿੜ੍ਹਤਾ ਦਾ ਮੁਜੱਸਮਾ

ਅਵਤਾਰ ਸਿੰਘ

ਅਵਤਾਰ ਸਿੰਘ

ਸਿੱਖ ਨੈਸ਼ਨਲ ਕਾਲਜ, ਬੰਗੇ ਪੜ੍ਹਦਿਆਂ ਮੇਰੇ ਅੰਗਰੇਜ਼ੀ ਦੇ ਅਧਿਆਪਕ ਪ੍ਰੋ. ਐੱਚਕੇ ਸ਼ਰਮਾ ਆਪਣੇ ਵਖਿਆਨ ਵਿੱਚ ਦੋ ਜਾਣਿਆਂ ਦਾ ਅਕਸਰ ਜ਼ਿਕਰ ਕਰਦੇ। ਇਕ ਉਨ੍ਹਾਂ ਦਾ ਹਮਜਮਾਤੀ ਪ੍ਰੋ. ਦਰਸ਼ਣ ਸਿੰਘ ਤੇ ਦੂਜਾ ਪ੍ਰੋ. ਤਰਸੇਮ ਬਾਹੀਆ। ਇਹ ਦੋਵੇਂ ਏਐੱਸ ਕਾਲਜ, ਖੰਨੇ ਵਿੱਚ ਅੰਗਰੇਜ਼ੀ ਦੇ ਅਧਿਆਪਕ ਸਨ ਤੇ ਪ੍ਰੋ. ਐੱਚਕੇ ਸ਼ਰਮਾ ਵੀ ਉਸੇ ਕਾਲਜ ਵਿੱਚ ਪੜ੍ਹੇ ਹੋਏ ਸਨ। ਤਰਸੇਮ ਬਾਹੀਆ ਬਾਬਤ ਸੁਣੀਆਂ ਹੋਈਆਂ ਗੱਲਾਂ ਦੀ ਮੇਰੇ ਮਨ ਵਿੱਚ ਧੁੰਦਲੀ ਜਹੀ ਯਾਦ ਸੀ।

ਮੈਂ 1992 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਿੱਧਾ ਰਾਮਗੜ੍ਹੀਏ ਕਾਲਜ, ਫਗਵਾੜੇ ਆਣ ਲੱਗਾ। ਰੈਗੂਲਰ ਸਟਾਫ ਵਿੱਚ ਮੈਂ ਸਭ ਤੋਂ ਛੋਟਾ ਸੀ ਤੇ ਮੈਨੂੰ ਪਤਾ ਸੀ ਕਿ ਵੱਡਿਆਂ ਦੀ ਇੱਜ਼ਤ ਕਰਕੇ ਮੁਹੱਬਤ ਮਿਲ਼ਦੀ ਹੈ। ਮੇਰੇ ਐਕਟਿਵਿਜ਼ਮ ਕਰਕੇ ਤੇ ਹਮੇਸ਼ਾ ਕੁਝ ਨਾ ਕੁਝ ਪੜ੍ਹਦੇ, ਲਿਖਦੇ ਤੇ ਸੋਚਦੇ ਰਹਿਣ ਕਰਕੇ ਮੈਨੂੰ ਉਨ੍ਹਾਂ ਨੇ ਪ੍ਰੋਬੇਸ਼ਨ ਵਿਚ ਹੀ ਯੂਨੀਅਨ ਦਾ ਮੈਂਬਰ ਬਣਾ ਲਿਆ। ਉਨ੍ਹਾਂ ਦਿਨਾਂ ਵਿੱਚ ਆਪਣੀ ਯੂਨੀਅਨ ਦੇ ਪ੍ਰਧਾਨ ਤਰਸੇਮ ਬਾਹੀਆ ਸਨ। ਮੈਂ ਉਨ੍ਹਾਂ ਦੀਆਂ ਤਕਰੀਰਾਂ ਦੇ ਪ੍ਰਭਾਵ ਵਿੱਚ ਆ ਕੇ ਸੋਚਣ ਲੱਗਾ ਕਿ ਉਨ੍ਹਾਂ ਨੂੰ ਆਪਣੇ ਕਾਲਜ ਬੁਲਾਇਆ ਜਾਵੇ। ਉਹ ਆਏ ਤੇ ਸਾਡੇ ਕਾਲਜ ਦੇ ਸਟਾਫ਼-ਰੂਮ ਵਿੱਚ ਬੜੀ ਦਲੇਰੀ ਨਾਲ਼ ਸੁਲ਼ਝਿਆ ਹੋਇਆ ਅਤੇ ਵਿਦਵਤਾ ਭਰਪੂਰ ਭਾਸ਼ਣ ਕੀਤਾ। ਉਨ੍ਹਾਂ ਦੀ ਅੰਗਰੇਜ਼ੀ ਤੇ ਪੰਜਾਬੀ ਡਿਕਸ਼ਨ ਇੱਕੋ ਜਹੀ ਕਮਾਲ ਵਾਲ਼ੀ ਸੀ। ਦਲੇਰੀ ਤੇ ਦ੍ਰਿੜ੍ਹਤਾ ਦੇ ਤਾਂ ਕਿਆ ਹੀ ਕਹਿਣੇ।

ਉਨ੍ਹਾਂ ਬੜੇ ਨਾਟਕੀ ਅੰਦਾਜ਼ ਵਿੱਚ ਦੱਸਿਆ ਕਿ ਸਰਕਾਰ ਸਿਰਫ ਹਰਲ ਹਰਲ ਕਰਦੀਆਂ ਗੱਡੀਆਂ ਦੇ ਹੂਟਰ ਵਜਾਉਣ ਲਈ ਨਹੀਂ ਹੁੰਦੀ, ਬਲਕਿ ਸਰਕਾਰ ਦੀ ਕੋਈ ਜ਼ਿੰਮੇਵਾਰੀ ਹੁੰਦੀ ਹੈ, ਜਿਹੜੀ ਉਹਨੇ ਨਿਭਾਉਣੀ ਹੁੰਦੀ ਹੈ। ਉਨ੍ਹਾਂ ਕਾਲਜ ਕਮੇਟੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ “ਆਏ ਸਾਲ ਅਡਹੌਕ ਸਟਾਫ ਨੂੰ ਅਟੈਚੀਆਂ ਚੁਕਾਉਣ ਵਾਲ਼ੇ ਹੁਣ ਆਪਣੇ ਅਟੈਚੀ ਤਿਆਰ ਰੱਖਣ”। ਮੈਨੂੰ ਯਾਦ ਹੈ ਕਿ ਉਨ੍ਹਾਂ ਨੂੰ ਸੁਣਕੇ ਸਾਡੇ ਸਟਾਫ ਦੀ ਯੂਨੀਅਨ ਪੱਖੋਂ “ਉਇ ਚਲੋ ... ਉਇ ਆਹੋ” ਵਾਲ਼ੀ ਢਿਲਮ ਢਿਲਮ ਨੀਤੀ “ਕੁਝ ਕਰੋ” ਵਿੱਚ ਤਬਦੀਲ ਹੋ ਗਈ ਸੀ। ਫਿਰ ਰਿਟਾਇਰਮੈਂਟ ਦੇ ਨੇੜੇ ਢੁੱਕੇ ਮੈਂਬਰ ਵੀ ਹੁੰਮਹੁਮਾ ਕੇ ਧਰਨਿਆਂ ‘ਤੇ ਜਾਣ ਲੱਗ ਪਏ ਸਨ। ਮੈਂ ਫਿਰ ਯੂਨੀਅਨ ਦੇ ਸੱਦਿਆਂ ’ਤੇ ਹਮੇਸ਼ਾ ਜਾਣਾ ਤੇ ਹਰ ਵਾਰ ਬਾਹੀਆ ਨੂੰ ਸਪੈਸ਼ਲ ਮਿਲਕੇ ਆਉਣਾ। ਯੂਨੀਅਨ ਦੇ ਮੋਹਰੀ ਅਹੁਦੇਦਾਰ ਵੀਕੇ ਤਿਵਾੜੀ ਨਾਲ਼ ਵੀ ਮੇਰਾ ਕਰੀਬੀ ਰਿਸ਼ਤਾ ਬਣ ਗਿਆ।

ਫਿਰ ਯੂਨੀਅਨ ਦੇ ਲੀਡਰ ਬਦਲ ਗਏ ਤੇ ਯੂਨੀਅਨ ਦੀ ਤੋਰ, ਤੌਰ ਅਤੇ ਤੇਵਰ ਵੀ ਬਦਲ ਗਏ। ਸਾਡੇ ਸਟਾਫ ਦੇ ਪੁਰਾਣੇ ਬੰਦੇ ਇਕ ਇਕ ਕਰਕੇ ਕਿਰ ਗਏ ਤੇ ਨਾਲ਼ ਹੀ ਯੂਨੀਅਨ ਦੀਆਂ ਉਹ ਗੱਲਾਂ ਖਤਮ ਹੋ ਗਈਆਂ, ਜਿਨ੍ਹਾਂ ਦੇ ਚਰਚੇ ਕਦੇ ਪੰਜਾਬ ਦੇ ਵੱਡੇ ਵੱਡੇ ਕਾਲਜਾਂ ਵਿੱਚ ਹੁੰਦੇ ਸਨ। ਨਵਿਆਂ ਵਿੱਚ ਯੂਨੀਅਨਿਜ਼ਮ ਦੇ ‘ਜਰਾਸੀਮ’ ਨਾਂ-ਮਾਤਰ ਹੀ ਸਨ, ਜਿਸ ਕਰਕੇ ਮੈਂ ਵੀ ਯੂਨੀਅਨ ਦੇ ਐਕਟਿਵਿਜ਼ਮ ਵਿੱਚੋਂ ਖ਼ੁਦ ਨੂੰ ਮਨਫੀ ਕਰ ਲਿਆ ਤੇ ਆਪਣੀ ਪੜ੍ਹਾਈ ਲਿਖਾਈ ‘ਤੇ ਜ਼ੋਰ ਦੇ ਦਿੱਤਾ।

ਸ਼ਹਿਰ ਦੇ ਮਿੱਤਰ ਸੱਜਣ ਗੁਰਬਚਨ ਸਿੰਘ ਸਾਗਰੀ ਨੇ ਮੈਨੂੰ ਪ੍ਰੀਤਲੜੀ ਰਸਾਲੇ ਦੀਆਂ ਪੁਰਾਣੀਆਂ ਜਿਲਦਾਂ ਦੇ ਦਿੱਤੀਆਂ। ਮੈਂ ਦੇਖਿਆ ਉਨ੍ਹਾਂ ਵਿਚ ਕਿਤੇ ਕਿਤੇ ਤਰਸੇਮ ਬਾਹੀਆ ਦੇ ਲੇਖ ਛਪੇ ਹੋਏ ਸਨ। ਮੈਂ ਉਹ ਪੜ੍ਹੇ ਤੇ ਬਾਹੀਆ ਨੂੰ ਫ਼ੋਨ ਕਰਕੇ ਦੱਸਿਆ। ਉਹ ਬੜੇ ਖੁਸ਼ ਹੋਏ ਤੇ ਉਨ੍ਹਾਂ ਦੀ ਫੋਟੋਸਟੈਟ ਭੇਜਣ ਲਈ ਕਹਿਣ ਲੱਗੇ। ਉਹ ਫੇਸਬੁੱਕ ‘ਤੇ ਮੇਰੀਆਂ ਲਿਖਤਾਂ ਪੜ੍ਹਦੇ ਤੇ ਕਦੇ ਕਦੇ ਕੁਮੈਂਟ ਕਰਦੇ। ਇਕ ਦਿਨ ਉਨ੍ਹਾਂ ਮੈਨੂੰ ਯੂਨੀਅਨਿਜ਼ਮ ਤੋਂ ਦੂਰ ਰਹਿਣ ਦੀ ਨਸੀਹਤ ਦੇ ਦਿੱਤੀ। ਕਹਿਣ ਲੱਗੇ “ਯੂਨੀਅਨ ਦਾ ਝੰਡਾ ਤਾਂ ਜਿਹਨੂੰ ਮਰਜ਼ੀ ਚੁਕਾ ਦਿਓ, ਪਰ ਪੜ੍ਹਨ ਲਿਖਣ ਦਾ ਕੰਮ ਹਰ ਕੋਈ ਨਹੀਂ ਕਰ ਸਕਦਾ।’’ ਮੈਨੂੰ ਚੇਤਾ ਆਇਆ ਕਿ ਸਾਡੇ ਸਟਾਫ਼-ਰੂਮ ਵਿੱਚ ਵੀ ਉਨ੍ਹਾਂ ਨੇ ਇਹ ਗੱਲ ਕਹੀ ਸੀ ਕਿ “ਆਪਣੇ ਦਰ ‘ਤੇ ਆਉਣ ਵਾਲ਼ੀ ਡਾਕ ਤੋਂ ਅੰਦਾਜ਼ਾ ਲਇਆ ਕਰੋ ਕਿ ਤੁਹਾਡੇ ਰੁਝਾਨ ਕਿਹੋ ਜਿਹੇ ਹਨ”। ਉਨ੍ਹਾਂ ਕਿਹਾ ਸੀ, “ਅੱਜਕਲ੍ਹ ਟੀਚਰਾਂ ਨੂੰ ਸਿਰਫ ਡੀਮੈਟ ਅਕਾਊਂਟ ਖੋਲ੍ਹਣ ਦੀਆਂ ਚਿੱਠੀਆਂ ਹੀ ਆਉਂਦੀਆਂ ਹਨ”।

ਪਿਛਲੇ ਵਰ੍ਹੇ ਕੋਰੋਨਾ ਕਾਲ ਤੇ ਭਰ ਗਰਮੀ ਦੌਰਾਨ ਉਨ੍ਹਾਂ ਦਾ ਫ਼ੋਨ ਆਇਆ ਕਿ ਉਹ ਮੇਰੇ ਕੋਲ਼ ਆ ਰਹੇ ਹਨ ਤੇ ਉਨ੍ਹਾਂ ਨੇ ਮੈਨੂੰ ਘਰ ਦੇ ਬਾਹਰ ਮਿਲਣ ਦੀ ਕੋਈ ਠੀਹ ਪੁੱਛੀ। ਉਹ ਪਲਾਂ ਵਿਚ ਹੀ ਆ ਗਏ ਤੇ ਕਾਰ ਵਿੱਚੋਂ ਬਾਹਰ ਆ ਕੇ ਦੂਰੋਂ ਹੀ ਮਿਲ਼ੇ ਤੇ ਮੈਨੂੰ ਆਪਣੀ ਸ੍ਵੈ-ਜੀਵਨੀ ਦੇ ਕੇ ਕਹਿਣ ਲੱਗੇ ਕਿ “ਪੜ੍ਹਨਾ ’ਤੇ ਜੇ ਹੋ ਸਕੇ ਤਾਂ ਇਸ ਬਾਰੇ ਕੁਝ ਲਿਖਣਾ”। ‘ਸੀਨੇ ਖਿੱਚ੍ਹ ਜਿਨ੍ਹਾਂ ਨੇ ਖਾਧੀ’ ਟਾਈਟਲ ਦੇਖ ਕੇ ਮੈਂ ਕੁਝ ਹੈਰਾਨ ਹੋਇਆ ਤੇ ਉਨ੍ਹਾਂ ਨੂੰ ਖੁਸ਼ੀ ਜ਼ਾਹਿਰ ਕੀਤੀ। ਮੈਂ ਕਿਤਾਬ ਘਰੇ ਲੈ ਆਇਆ ਤੇ ਉਸ ਵੇਲੇ ਦੇ ਹਾਲਾਤ ਮੁਤਾਬਕ ਵਿਹੜੇ ਵਿੱਚ ਪਏ ਮੇਜ਼ ‘ਤੇ ਰੱਖ ਦਿੱਤੀ ਕਿ ਕੋਰੋਨਾ ਦੀ ਦਹਿਸ਼ਤ ਕਾਰਨ ਦੋ ਤਿੰਨ ਦਿਨ ਬਾਦ ਅੰਦਰ ਰੱਖਾਂਗਾ। ਉਸ ਰਾਤ ਅਚਾਨਕ ਭਾਰਾ ਮੀਂਹ ਪਿਆ। ਸਵੇਰੇ ਕਿਤਾਬ ਬੁਰੀ ਤਰਾਂ ਗਲ਼ ਗਈ ਸੀ। ਮੈਂ ਕਿਤਾਬ ਕਈ ਦਿਨ ਧੁੱਪੇ ਸੁੱਕਣੀ ਪਾਉਂਦਾ ਰਿਹਾ ਤੇ ਅਚਾਨਕ ਪਤਾ ਹੀ ਨਾ ਲੱਗਾ ਕਿਤਾਬ ਕਿੱਥੇ ਗਈ। ਕੋਰੋਨਾ ਦੇ ਰੌਲ਼ੇ ਗੌਲ਼ੇ ਵਿੱਚ ਮੈਨੂੰ ਉਸ ਕਿਤਾਬ ਦਾ ਕਦੀ ਚੇਤਾ ਹੀ ਨਾ ਆਇਆ। ਨਾ ਮੈਂ ਕਿਤਾਬ ਪੜ੍ਹ ਸਕਿਆ ਤੇ ਨਾ ਕੁਝ ਲਿਖ ਸਕਿਆ। ਫਿਰ ਉਨ੍ਹਾਂ ਦਾ ਕਦੇ ਫ਼ੋਨ ਨਾ ਆਇਆ ਤੇ ਮੈਂ ਵੀ ਫ਼ੋਨ ਨਾ ਕੀਤਾ। ਹੋ ਸਕਦਾ ਉਹ ਉਡੀਕਦੇ ਹੋਣਗੇ ਕਿ ਮੈਂ ਕਿਤਾਬ ਬਾਬਤ ਕੁਝ ਲਿਖਾਂਗਾ। ਅਖੀਰ ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਆਈ ਤਾਂ ਮਨ ਉਦਾਸ ਹੋ ਗਿਆ।

ਸੰਪਰਕ: 94175-18384

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਸਰਗਰਮ ਕੇਸਾਂ ਦੀ ਗਿਣਤੀ 12 ਲੱਖ ਨੂੰ ਟੱਪੀ

ਮਮਤਾ ਦੇ ਚੋਣ ਪ੍ਰਚਾਰ ’ਤੇ 24 ਘੰਟੇ ਲਈ ਰੋਕ

ਮਮਤਾ ਦੇ ਚੋਣ ਪ੍ਰਚਾਰ ’ਤੇ 24 ਘੰਟੇ ਲਈ ਰੋਕ

ਕੂਚ ਬਿਹਾਰ ਵਰਗੀਆਂ ਹੋਰ ਹੱਤਿਆਵਾਂ ਦੀ ਧਮਕੀ ਦੇਣ ਵਾਲਿਆਂ ’ਤੇ ਰੋਕ ਲੱਗ...

ਸ਼ਹਿਰ

View All