ਕੁੱਬੇ ਦੇ ਵੱਜੀ ਲੱਤ..!
ਮੇਰਾ ਅਧਿਆਪਨ ਸਫ਼ਰ ਤਿੰਨ ਮੁੱਖ ਪੜਾਵਾਂ ਵਿੱਚੋਂ ਦੀ ਹੋ ਕੇ ਗੁਜ਼ਰਿਆ ਹੈ। ਪਹਿਲਾ ਪੜਾਅ ਮੈਨੂੰ ਇਸ ਲਈ ਵਧੇਰੇ ਪਸੰਦ ਹੈ ਕਿਉਂਕਿ ਇਸ ਨੇ ਮੇਰੇ ਸਮਾਜਿਕ ਅਤੇ ਆਰਥਿਕ ਜੀਵਨ ਦਾ ਪੱਧਰ ਤੈਅ ਕੀਤਾ। ਦਸਵੀਂ ਪਾਸ ਕਰਨ ਤੋਂ ਬਾਅਦ ਗਿਆਨੀ ਅਤੇ ਓ...
ਮੇਰਾ ਅਧਿਆਪਨ ਸਫ਼ਰ ਤਿੰਨ ਮੁੱਖ ਪੜਾਵਾਂ ਵਿੱਚੋਂ ਦੀ ਹੋ ਕੇ ਗੁਜ਼ਰਿਆ ਹੈ। ਪਹਿਲਾ ਪੜਾਅ ਮੈਨੂੰ ਇਸ ਲਈ ਵਧੇਰੇ ਪਸੰਦ ਹੈ ਕਿਉਂਕਿ ਇਸ ਨੇ ਮੇਰੇ ਸਮਾਜਿਕ ਅਤੇ ਆਰਥਿਕ ਜੀਵਨ ਦਾ ਪੱਧਰ ਤੈਅ ਕੀਤਾ। ਦਸਵੀਂ ਪਾਸ ਕਰਨ ਤੋਂ ਬਾਅਦ ਗਿਆਨੀ ਅਤੇ ਓ ਟੀ ਕਰਕੇ ਮੈਂ ਅੱਲੜ੍ਹ ਉਮਰੇ ਹੀ ਪੰਜਾਬੀ ਅਧਿਆਪਕ ਵਜੋਂ ਸੇਵਾ ਸ਼ੁਰੂ ਕਰ ਦਿੱਤੀ। ਭਾਵੇਂ ਇਸ ਦੌਰਾਨ ਮੇਰੀ ਜ਼ਿੰਦਗੀ ਵਿੱਚ ਕਾਫ਼ੀ ਉਥਲ-ਪੁਥਲ ਹੋਈ ਪਰ ਉਸ ਦਾ ਸਬੰਧ ਮੇਰੀ ਨਿੱਜੀ ਜ਼ਿੰਦਗੀ ਨਾਲ ਹੋਣ ਕਰਕੇ ਇੱਥੇ ਉਸ ਦਾ ਜ਼ਿਕਰ ਕਰਨਾ ਮੈਂ ਬਹੁਤਾ ਮੁਨਾਸਿਬ ਨਹੀਂ ਸਮਝਦਾ। ਨਿੱਜੀ ਜੀਵਨ ਦੇ ਵੱਡੇ ਫੇਰ-ਬਦਲਾਂ ਦੇ ਬਾਵਜੂਦ ਮੇਰੀ ਨੌਕਰੀ ਦਾ ਇਹ ਸ਼ੁਰੂਆਤੀ ਸਫ਼ਰ ਕਾਫ਼ੀ ਸਹਿਜ ਰਿਹਾ। ਆਪਣੇ ਅਧਿਆਪਨ ਸਫ਼ਰ ਦੇ ਦੂਜੇ ਪੜਾਅ ਨੂੰ ਮੈਂ ‘ਸੁਨਹਿਰੀ ਕਾਲ’ ਦੀ ਸੰਗਿਆ ਦੇ ਸਕਦਾ ਹਾਂ। ਵਿਭਾਗ ਵੱਲੋਂ ਕੀਤੀ ਸਿੱਧੀ ਭਰਤੀ ਰਾਹੀਂ ਮੈਂ ਸਕੂਲ ਲੈਕਚਰਾਰ ਨਿਯੁਕਤ ਹੋਇਆ। ਦੋ ਸਕੂਲਾਂ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਮੈਨੂੰ ਸਰਕਾਰੀ ਇਨ-ਸਰਵਿਸ ਟ੍ਰੇਨਿੰਗ ਸੈਂਟਰ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਮੈਂ ‘ਅਧਿਆਪਕਾਂ ਦਾ ਅਧਿਆਪਕ’ ਬਣਿਆ। ਬਤੌਰ ਲੈਕਚਰਾਰ ਜਿੱਥੇ ਮੈਂ ਆਪਣੇ ਸਹਿਕਰਮੀਆਂ ਤੋਂ ਜੀਵਨ-ਜਾਚ ਦੇ ਕਈ ਮਹੱਤਵਪੂਰਨ ਗੁਣ ਸਿੱਖੇ, ਉੱਥੇ ਹੀ ਇਸ ਦੌਰਾਨ ਕੀਤੇ ਨਿਰੰਤਰ ਅਧਿਐਨ ਨੂੰ ਮੈਂ ਆਪਣੀ ਵਿਸ਼ੇਸ਼ ਉਪਲਬਧੀ ਮੰਨਦਾ ਹਾਂ। ਇਸੇ ਸਮੇਂ ਦੇ ਅਧਿਐਨ ਅਤੇ ਤਜਰਬਿਆਂ ਤੋਂ ਮਿਲੀ ਸੇਧ ਨੇ ਮੈਨੂੰ ਅਗਲੇਰੇ ਸਫ਼ਰ ਦੇ ਸੁਫ਼ਨੇ ਬੁਣਨ ਦੇ ਯੋਗ ਬਣਾਇਆ।
ਮੇਰੇ ਸਫ਼ਰ ਦਾ ਤੀਜਾ ਪੜਾਅ ਬਹੁਤ ਮਹੱਤਵਪੂਰਨ ਪਰ ਚੁਣੌਤੀਆਂ ਭਰਪੂਰ ਹੋਣ ਕਰਕੇ ਹਮੇਸ਼ਾ ਲਈ ਯਾਦਗਾਰ ਬਣ ਗਿਆ। ਵਿਭਾਗੀ ਤਰੱਕੀ ਸਦਕਾ ਮੈਂ ਪ੍ਰਿੰਸੀਪਲ ਬਣ ਗਿਆ ਅਤੇ ਆਪਣੇ ਅਧਿਐਨ ਮੁਤਾਬਕ ਸਕੂਲਾਂ ਵਿੱਚ ਇੱਕ ਬਿਹਤਰ ਵਿਦਿਅਕ ਮਾਹੌਲ ਸਿਰਜਣ ਦੇ ਸੁਫ਼ਨੇ ਪੂਰੇ ਕਰਨ ਵਿੱਚ ਜੁਟ ਗਿਆ। ਅਜੇ ਇਹ ਸ਼ੁਰੂਆਤ ਹੀ ਸੀ ਕਿ ਵਿਭਾਗ ਦੀ ਇੱਕ ਗ਼ਲਤੀ ਕਾਰਨ ਮੈਨੂੰ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ। ਬਹਾਲੀ ਤੋਂ ਬਾਅਦ ਮੇਰੀ ਨਿਯੁਕਤੀ ਜ਼ਿਲ੍ਹਾ ਹੈੱਡ-ਕੁਆਰਟਰ ਦੇ ਇੱਕ ਸਕੂਲ ਵਿੱਚ ਹੋਈ। ਇੱਥੇ ਆ ਕੇ ਮੇਰਾ ਪਹਿਲੀ ਵਾਰ ਸ਼ਿਕਾਇਤਾਂ, ਦੋਸ਼-ਸੂਚੀ (ਚਾਰਜਸ਼ੀਟ) ਅਤੇ ਪੜਤਾਲਾਂ ਵਰਗੇ ਸ਼ਬਦਾਂ ਨਾਲ ਵਾਹ ਪਿਆ। ਪਰ ਇਸੇ ਔਖੇ ਸਫ਼ਰ ਨੇ ਮੈਨੂੰ ‘ਕੁੱਬੇ ਨੂੰ ਲੱਤ ਵੱਜਣ ਨਾਲ ਉਸ ਦਾ ਕੁੱਬ ਸਿੱਧਾ ਹੋਣ” ਵਾਲੀ ਅਖੌਤ ਦੀ ਸੱਚਾਈ ਦਾ ਅਸਲ ਅਹਿਸਾਸ ਕਰਵਾਇਆ।
ਹੋਇਆ ਇੰਝ ਕਿ ਬਤੌਰ ਪ੍ਰਿੰਸੀਪਲ ਮੇਰੇ ਪਹਿਲੇ ਦੋ ਸਾਲ ਤਾਂ ਠੀਕ-ਠਾਕ ਲੰਘ ਗਏ ਅਤੇ ਸਕੂਲ ਵਿੱਚ ਇੱਕ ਵਧੀਆ ਵਿਦਿਅਕ ਮਾਹੌਲ ਵੀ ਸਿਰਜਿਆ ਜਾਣ ਲੱਗਾ ਪਰ ਤੀਜੇ ਸਾਲ ਮੇਰੇ ਵਿਰੁੱਧ ਸ਼ਿਕਾਇਤਾਂ ਦਾ ਇੱਕ ਅਮੁੱਕ ਸਿਲਸਿਲਾ ਸ਼ੁਰੂ ਹੋ ਗਿਆ। ਸ਼ੁਰੂ-ਸ਼ੁਰੂ ਵਿੱਚ ਇਹ ਸ਼ਿਕਾਇਤਾਂ ਬੇਨਾਮੀ ਸਨ ਪਰ ਜਲਦੀ ਹੀ ‘ਨੱਚਣ ਲੱਗੀ ਤਾਂ ਘੁੰਡ ਕਾਹਦਾ’ ਵਾਲੀ ਗੱਲ ਹੋ ਗਈ ਅਤੇ ਸ਼ਿਕਾਇਤਕਰਤਾ ਖੁੱਲ੍ਹ ਕੇ ਸਾਹਮਣੇ ਆ ਗਏ। ਹੌਲੀ-ਹੌਲੀ ਉਨ੍ਹਾਂ ਨੇ ਆਪਣਾ ਕਾਫ਼ਲਾ ਵੀ ਵਧਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਪ੍ਰਸ਼ਾਸਨਿਕ ਸ਼ਿਕਾਇਤਾਂ ਦਾਖ਼ਲ-ਦਫ਼ਤਰ ਹੋ ਗਈਆਂ, ਤਾਂ ਉਨ੍ਹਾਂ ਨੇ ਮੇਰੇ ਵਿਰੁੱਧ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ ਜਦੋਂ ਮੇਰਾ ਵਾਹ ਵਕੀਲਾਂ ਅਤੇ ਕਾਨੂੰਨੀ ਪ੍ਰਕਿਰਿਆਵਾਂ ਨਾਲ ਪਿਆ। ਜਦੋਂ ਵੀ ਮੈਂ ਕਿਸੇ ਜਾਣਕਾਰ ਨਾਲ ਇਸ ਕੇਸ ਬਾਰੇ ਚਰਚਾ ਕਰਦਾ ਤਾਂ ਹਰ ਕੋਈ ਇਹੀ ਕਹਿੰਦਾ ਕਿ ਕਾਨੂੰਨਨ ਇਹ ਮਾਣਹਾਨੀ ਦਾ ਕੇਸ ਬਣਦਾ ਹੀ ਨਹੀਂ। ਪਰ ਮੇਰੇ ਮਨ ਵਿੱਚ ਇਹ ਸਵਾਲ ਹਮੇਸ਼ਾ ਉੱਠਦਾ ਕਿ ‘ਜੇ ਕੇਸ ਬਣਦਾ ਹੀ ਨਹੀਂ, ਤਾਂ ਅਦਾਲਤ ਨੇ ਇਸ ਨੂੰ ਪ੍ਰਵਾਨ ਹੀ ਕਿਉਂ ਕੀਤਾ?’ ਇਸ ਸਵਾਲ ਦਾ ਜਵਾਬ ਤਾਂ ਮੈਨੂੰ ਕਦੇ ਨਾ ਮਿਲਿਆ ਪਰ ਹਰ ਤਾਰੀਖ਼ ਤੋਂ ਪਹਿਲਾਂ ਵਕੀਲ ਦੇ ਚੈਂਬਰ ਦੇ ਗੇੜੇ ਜ਼ਰੂਰ ਲਾਉਣੇ ਪੈਂਦੇ। ਕਾਗਜ਼ੀ ਕਾਰਵਾਈ ਅਤੇ ਮੁਣਸ਼ੀ ਦੇ ਖ਼ਰਚਿਆਂ ਦੇ ਨਾਂ ’ਤੇ ਕੋਈ ਨਾ ਕੋਈ ਚੜ੍ਹਾਵਾ ਚੜ੍ਹਾਉਣਾ ਹੀ ਪੈਂਦਾ। ਅਦਾਲਤ ਵਿੱਚ ਲਗਾਤਾਰ ਪੈਂਦੀਆਂ ਤਾਰੀਖ਼ਾਂ ਮੇਰੀ ਪ੍ਰੇਸ਼ਾਨੀ ਵਧਾ ਰਹੀਆਂ ਸਨ। ਪਰ ਫ਼ਿਲਮੀ ਡਾਇਲਾਗ ‘ਤਾਰੀਖ਼ ਪੇ ਤਾਰੀਖ਼’ ਦੇ ਉਲਟ ਮੈਨੂੰ ਅਖ਼ੀਰ ਇਨਸਾਫ਼ ਮਿਲਿਆ ਅਤੇ ਮਾਣਹਾਨੀ ਦਾ ਉਹ ਕੇਸ ਮੈਂ ਜਿੱਤ ਗਿਆ। ਵਕੀਲ ਦੀ ਸਲਾਹ ’ਤੇ ਮੈਂ ਮੁਣਸ਼ੀ ਰਾਹੀਂ ਕੁਝ ਫ਼ੀਸ ਦੇ ਕੇ ਉਸ ਫ਼ੈਸਲੇ ਦੀ ਪ੍ਰਮਾਣਿਤ ਕਾਪੀ ਹਾਸਲ ਕਰ ਲਈ।
ਇਸੇ ਦੌਰਾਨ ਵਿਰੋਧੀਆਂ ਨੇ ਮੇਰੀ ਇੱਕ ਹੋਰ ਸ਼ਿਕਾਇਤ ਚੰਡੀਗੜ੍ਹ ਵਿਖੇ ਵਿਭਾਗੀ ਪੜਤਾਲ ਲਈ ਭੇਜੀ ਹੋਈ ਸੀ। ਇਸ ਕੇਸ ਦੀ ਜਾਂਚ ਸਰਕਾਰ ਵੱਲੋਂ ਨਿਯੁਕਤ ਕੀਤੇ ਇੱਕ ਵਿਸ਼ੇਸ਼ ਪੜਤਾਲੀਆ ਅਫ਼ਸਰ ਕਰ ਰਹੇ ਸਨ। ਮੈਂ ਆਪਣੇ ਪੱਖ ਵਿੱਚ ਸਾਰੇ ਜ਼ਰੂਰੀ ਦਸਤਾਵੇਜ਼ ਪੇਸ਼ ਕੀਤੇ ਅਤੇ ਲਿਖਤੀ ਰੂਪ ਵਿੱਚ ਇਹ ਵੀ ਦੱਸਿਆ ਕਿ ਮੇਰੇ ਵਿਰੋਧੀਆਂ ਨੇ ਮੇਰੇ ਖ਼ਿਲਾਫ਼ ਫ਼ਰੀਦਕੋਟ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਵੀ ਕੀਤਾ ਸੀ ਜਿਸ ਵਿੱਚ ਮੈਂ ਬਰੀ ਹੋ ਚੁੱਕਾ ਹਾਂ। ‘ਨਿਆਂਇਕ ਅਦਾਲਤ’ ਸ਼ਬਦ ਪੜ੍ਹਦਿਆਂ ਹੀ ਪੜਤਾਲੀਆ ਅਫ਼ਸਰ ਦੇ ਕੰਨ ਖੜ੍ਹੇ ਹੋ ਗਏ ਕਿਉਂਕਿ ਉਹ ਖ਼ੁਦ ਇੱਕ ਸੇਵਾਮੁਕਤ ਜੱਜ ਸਨ। ਉਨ੍ਹਾਂ ਨੇ ਬੇਹੱਦ ਸੁਚੇਤ ਹੁੰਦਿਆਂ ਮੇਰੇ ਕੋਲੋਂ ਉਸ ਦਾ ਸਬੂਤ ਮੰਗਿਆ। ਮੈਂ ਤੁਰੰਤ ਅਦਾਲਤੀ ਫ਼ੈਸਲੇ ਦੀ ਉਹ ਕਾਪੀ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਅਫ਼ਸਰ ਸਾਬ੍ਹ ਨੇ ਫ਼ੈਸਲਾ ਪੜਿ੍ਹਆ, ਸਾਰੇ ਕਾਗਜ਼ਾਤ ਫ਼ਾਈਲ ਕੀਤੇ ਅਤੇ ਸਾਨੂੰ ਦੋਵਾਂ ਧਿਰਾਂ ਨੂੰ ਮੁਕਤ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅੰਤਿਮ ਪੜਤਾਲ ਰਿਪੋਰਟ ਵਿੱਚ ਉਸ ਅਦਾਲਤੀ ਫ਼ੈਸਲੇ ਨੂੰ ਮੁੱਖ ਆਧਾਰ ਬਣਾਉਂਦਿਆਂ ਸ਼ਿਕਾਇਤ ਖ਼ਾਰਜ ਕਰ ਦਿੱਤੀ ਅਤੇ ਫ਼ੈਸਲਾ ਮੇਰੇ ਹੱਕ ਵਿੱਚ ਦੇ ਦਿੱਤਾ। (ਇੱਕ ਤਰ੍ਹਾਂ ਨਾਲ ਸ਼ਿਕਾਇਤਕਰਤਾਵਾਂ ਦੀ ਆਪਣੀ ਹੀ ਚਾਲ ਉਨ੍ਹਾਂ ’ਤੇ ਪੁੱਠੀ ਪੈ ਗਈ ਸੀ।) ਜਿਸ ਮੁਕੱਦਮੇ ਨੇ ਮੈਨੂੰ ਲੰਮਾ ਸਮਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰੱਖਿਆ ਅਤੇ ਮੇਰਾ ਆਰਥਿਕ ਨੁਕਸਾਨ ਕੀਤਾ, ਉਹੀ ਮੁਕੱਦਮਾ ਬਾਅਦ ਵਿੱਚ ਮੇਰੇ ਲਈ ਢਾਲ ਬਣ ਗਿਆ ਅਤੇ ਮੈਨੂੰ ਇੱਕ ਵੱਡੀ ਮੁਸੀਬਤ ਵਿੱਚੋਂ ਬੇਦਾਗ਼ ਕੱਢ ਲਿਆਇਆ। ਉਦੋਂ ਮੈਨੂੰ ਸੱਚਮੁੱਚ ਇਸ ਅਖੌਤ ਦੀ ਗਹਿਰਾਈ ਸਮਝ ਆਈ ਕਿ ‘ਕੁੱਬੇ ਦੇ ਲੱਤ ਵੱਜੀ, ਉਹਦਾ ਕੁੱਬ ਨਿਕਲ ਗਿਆ’।
ਸੰਪਰਕ: 95010-20731
