DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਸਕਾਰਾਂ ਦੀ ਝਲਕ

ਸਾਡਾ ਦਫ਼ਤਰੀ ਸੱਭਿਆਚਾਰ ਅਜਿਹਾ ਵਿਕਸਤ ਹੋ ਗਿਆ ਹੈ ਕਿ ਕਦੇ ਹਮਾਤੜ ਨੂੰ ਕਿਸੇ ਦਫ਼ਤਰ ਕੰਮ ਕਰਵਾਉਣ ਲਈ ਜਾਣਾ ਪਵੇ ਤਾਂ ਪਹਿਲੀ ਵਾਰ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਦਾ। ਪੁੱਛ-ਗਿੱਛ ਕਰਨ ’ਤੇ ਪਹਿਲੀ ਗੱਲ ਤਾਂ ਸਿੱਧਾ ਕੁੱਝ ਦੱਸਿਆ ਹੀ ਨਹੀਂ ਜਾਂਦਾ। ਜੇ...

  • fb
  • twitter
  • whatsapp
  • whatsapp
Advertisement

ਸਾਡਾ ਦਫ਼ਤਰੀ ਸੱਭਿਆਚਾਰ ਅਜਿਹਾ ਵਿਕਸਤ ਹੋ ਗਿਆ ਹੈ ਕਿ ਕਦੇ ਹਮਾਤੜ ਨੂੰ ਕਿਸੇ ਦਫ਼ਤਰ ਕੰਮ ਕਰਵਾਉਣ ਲਈ ਜਾਣਾ ਪਵੇ ਤਾਂ ਪਹਿਲੀ ਵਾਰ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਦਾ। ਪੁੱਛ-ਗਿੱਛ ਕਰਨ ’ਤੇ ਪਹਿਲੀ ਗੱਲ ਤਾਂ ਸਿੱਧਾ ਕੁੱਝ ਦੱਸਿਆ ਹੀ ਨਹੀਂ ਜਾਂਦਾ। ਜੇ ਦੱਸਿਆ ਵੀ ਜਾਂਦਾ ਹੈ ਤਾਂ ਇੰਨੇ ਵਲ਼-ਵਲ਼ੇਵੇਂ ਹੁੰਦੇ ਹਨ ਕਿ ਕੰਮ ਕਰਵਾਉਣ ਵਾਲਾ ਭੰਬਲਭੂਸੇ ਵਿੱਚ ਪੈ ਜਾਂਦਾ ਹੈ। ਸੋਚਦਾ ਹੈ ਕਿ ਹੁਣ ਕਿੱਧਰ ਨੂੰ ਜਾਵਾਂ, ਕਿੱਧਰ ਨੂੰ ਨਹੀਂ। ਅਸੀਂ ਸਾਰੇ ਇਸ ਸਿਸਟਮ ਦਾ ਹਿੱਸਾ ਹਾਂ। ਪਿਛਲੇ ਦਿਨੀਂ ਕੰਮ ਕਰਵਾਉਣ ਲਈ ਕਿਸੇ ਦਫ਼ਤਰ ਜਾਣਾ ਪਿਆ। ਦਫ਼ਤਰ ਵਿੱਚ ਭਾਵੇਂ ਕਈ ਵਾਕਫ਼ ਬੰਦੇ ਸਨ ਅਤੇ ਇਹ ਵੀ ਆਸ ਸੀ ਕਿ ਮੇਰਾ ਕੰਮ ਸੌਖਾ ਅਤੇ ਜਲਦੀ ਹੋ ਜਾਵੇਗਾ। ਜੇਕਰ ਸੀਟਾਂ ’ਤੇ ਬਿਰਾਜਮਾਨ ਬੰਦੇ ਕੰਮ ਸੌਖਾ ਕਰ ਦੇਣ ਤਾਂ ਉਨ੍ਹਾਂ ਦੀ ਵੁੱਕਤ ਕਿਵੇਂ ਵਧੇ? ਉਨ੍ਹਾਂ ਦੀਆਂ ਮਿੰਨਤਾਂ ਕੌਣ ਕਰੇ, ਸਿਫ਼ਾਰਿਸ਼ਾਂ ਕੌਣ ਪੁਆਵੇ? ਉਨ੍ਹਾਂ ਨੂੰ ਇਸ ਗੱਲ ਦਾ ਮਾਣ ਮਹਿਸੂਸ ਕਿਵੇਂ ਹੋਵੇ ਕਿ ਸਾਡੀ ਵੀ ਕੋਈ ਇੱਜ਼ਤ ਹੈ, ਕੋਈ ਵਜੂਦ ਹੈ। ਨੌਕਰੀ ’ਤੇ ਨਵਾਂ ਆਇਆ ਕਰਮਚਾਰੀ ਵੀ ਹੌਲ਼ੀ-ਹੌਲ਼ੀ ਭੇਤੀ ਹੋ ਜਾਂਦਾ ਹੈ ਅਤੇ ਇਸ ਵਰਤਾਰੇ ਦਾ ਹਿੱਸਾ ਬਣ ਜਾਂਦਾ ਹੈ।

ਖ਼ੈਰ, ਸਾਰੇ ਬੰਦਿਆਂ ਨੂੰ ਇੱਕ ਤੱਕੜੀ ਵਿੱਚ ਤੋਲਣਾ ਵੀ ਠੀਕ ਨਹੀਂ। ਸਿਆਣੇ ਕਹਿੰਦੇ ਹਨ ਕਿ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਜੇ ਮਾੜੇ ਲੋਕਾਂ ਨਾਲ ਵਾਹ ਪੈਂਦਾ ਹੈ ਤਾਂ ਚੰਗਿਆਈ ਵੀ ਕਿਤੇ ਨਾ ਕਿਤੇ ਮਿਲ ਜਾਂਦੀ ਹੈ। ਚੰਗਿਆਈ ਦੀ ਅਹਿਮੀਅਤ ਵੀ ਮਾੜੇ ਲੋਕਾਂ ਨਾਲ ਵਰਤ ਕੇ ਹੀ ਪਤਾ ਲਗਦੀ ਹੈ। ਮੈਂ ਆਪਣੇ ਵਾਕਫ਼ਕਾਰਾਂ ਕੋਲੋਂ ਮੁਫ਼ਤ ਦੀਆਂ ਸਲਾਹਾਂ ਲੈਂਦਾ-ਲੈਂਦਾ ਇੱਕ ਨਵੀਂ ਆਈ ਕਰਮਚਾਰੀ ਕੁੜੀ ਕੋਲ ਪਹੁੰਚਿਆ। ਮਨ ਵਿੱਚ ਛਾਪ ਉਹੀ ਸੀ ਕਿ ਘੜਿਆ-ਘੜਾਇਆ ਟਾਲਣ ਵਾਲਾ ਜਵਾਬ ਹੀ ਮਿਲੇਗਾ। ਦੁਆ-ਸਲਾਮ ਕਰਨ ਤੋਂ ਬਾਅਦ ਮੇਰੇ ਕੰਮ ਬਾਰੇ ਦੱਸਣ ਉਪਰੰਤ ਉਸ ਦੇ ਜਵਾਬ ਦੇਣ ਦੇ ਲਹਿਜੇ ਤੋਂ ਲੱਗਿਆ ਕਿ ਉਹ ਆਪਣੀ ਡਿਊਟੀ ਪ੍ਰਤੀ ਸੰਜੀਦਾ ਹੈ। ਜਿਵੇਂ ਘਰ ਦੇ ਭਾਗ ਡਿਓਢੀ ਤੋਂ ਹੀ ਪਤਾ ਲੱਗ ਜਾਂਦੇ ਹਨ, ਇਸ ਕੁੜੀ ਦੀ ਹਲੀਮੀ ਭਰੀ ਬੋਲ-ਚਾਲ ਅਤੇ ਹਾਂ-ਪੱਖੀ ਵਤੀਰੇ ਨੇ ਮੇਰੇ ਮਨ ਅੰਦਰ ਧਰਵਾਸ ਪੈਦਾ ਕਰ ਦਿੱਤਾ ਸੀ। ਉਹ ਮੇਰੇ ਵੱਲੋਂ ਦੱਸਿਆ ਕੰਮ ਕਰਨ ਵਿੱਚ ਮਸਰੂਫ਼ ਹੋ ਗਈ ਸੀ। ਸ਼ਿਸ਼ਟਾਚਾਰ ਵਜੋਂ ਮੇਰੇ ਲਈ ਚਾਹ ਮੰਗਵਾਉਣ ਦੀ ਪੇਸ਼ਕਸ਼ ਵੀ ਕੀਤੀ ਪਰ ਮੈਂ ਧੰਨਵਾਦ ਸਹਿਤ ਨਾਂਹ ਕਰ ਦਿੱਤੀ ਸੀ। ਮੇਰਾ ਕੰਮ ਉਹ ਕਰ ਹੀ ਰਹੀ ਸੀ ਕਿ ਉਸ ਕੈਬਿਨ ਵਿੱਚ ਕੰਮ ਕਰਵਾਉਣ ਲਈ ਇੱਕ ਮੁੰਡਾ ਆਇਆ। ਇਹ ਮੁੰਡਾ ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਅਗਲੇਰੀ ਪੜ੍ਹਾਈ ਲਈ ਲੋੜੀਂਦੇ ਕਾਗਜ਼ ਬਣਵਾਉਣ ਲਈ ਫਾਰਮਾਂ ਨੂੰ ਤਸਦੀਕ ਕਰਵਾਉਣ ਆਇਆ ਸੀ। ਕਰਮਚਾਰੀ ਕੁੜੀ ਨੇ ਉਸ ਨੂੰ ‘ਬੇਟਾ ਜੀ’ ਕਹਿ ਕੇ ਬੈਠਣ ਦਾ ਇਸ਼ਾਰਾ ਕਰਦਿਆਂ ਉਡੀਕ ਕਰਨ ਲਈ ਕਿਹਾ। ਇਸੇ ਦੌਰਾਨ ਹੀ ਕੰਮ ਲਈ ਆਏ ਬਜ਼ੁਰਗ ਨੂੰ ਸਤਿਕਾਰ ਨਾਲ ਬਿਠਾਇਆ ਅਤੇ ਕੁਝ ਸਮਾਂ ਉਡੀਕਣ ਬਾਰੇ ਦੱਸਿਆ। ਕੁੜੀ ਦੇ ਚਿਹਰੇ ’ਤੇ ਨਾ ਕੋਈ ਅੱਚਵੀ ਸੀ ਅਤੇ ਨਾ ਹੀ ਕੋਈ ਵੱਢੂੰ-ਖਾਊਂ ਵਰਗਾ ਵਿਹਾਰ, ਜਿਵੇਂ ਕਿ ਹੋਰ ਮੁਲਾਜ਼ਮਾਂ ਦੇ ਬਹੁਤੀ ਵਾਰ ਦੇਖਣ ਨੂੰ ਮਿਲਦਾ ਹੈ। ਕਿੰਨੇ ਹੀ ਖ਼ਿਆਲ ਮੇਰੇ ਮਨ ਵਿੱਚ ਉਸਲਵੱਟੇ ਲੈਣ ਲੱਗੇ ਸਨ। ਕਈਆਂ ਨੂੰ ਕਿਸੇ ਦੇ ਕੰਮ ਆ ਕੇ ਸਕੂਨ ਮਿਲਦਾ ਹੈ ਅਤੇ ਕਈ ਦੂਜਿਆਂ ਦੀ ਖੱਜਲ-ਖੁਆਰੀ ਕਰਨ ਵਿੱਚ ਹੀ ਆਪਣੀ ਵਡਿਆਈ ਸਮਝਦੇ ਹਨ। ਇਹੋ ਫ਼ਰਕ ਹੈ ਜੋ ਲੋਕਾਂ ਨੂੰ ਇੱਕ-ਦੂਜੇ ਤੋਂ ਵੱਖ ਕਰਦਾ ਹੈ। ਮੇਰਾ ਕੰਮ ਹੋ ਗਿਆ ਸੀ। ਮੈਂ ਦਿਲੋਂ ਧੰਨਵਾਦ ਕੀਤਾ। ਮੈਨੂੰ ਮਹਿਸੂਸ ਹੋਇਆ ਕਿ ਉਸ ਨੇ ਮੇਰੇ ਕੰਮ ਲਈ ਕੋਈ ਉਚੇਚ ਨਹੀਂ ਸੀ ਕੀਤੀ ਸਗੋਂ ਇਹ ਉਸ ਦੇ ਸੁਭਾਅ ਦਾ ਹਿੱਸਾ ਸੀ। ਸੁਭਾਅ ਵਿਕਸਤ ਹੋਣ ਪਿੱਛੇ ਵੀ ਕਾਰਨ ਹੁੰਦੇ ਹਨ। ਅਧਿਆਪਕ ਹੋਣ ਦੇ ਨਾਤੇ ਉਸ ਦੇ ਵਿਹਾਰ ਨੂੰ ਦੇਖ ਕੇ ਮੇਰੇ ਅੰਦਰ ਉਸ ਕੁੜੀ ਦੇ ਪਰਿਵਾਰ ਬਾਰੇ ਜਾਣਨ ਦੀ ਜਗਿਆਸਾ ਵਧ ਗਈ ਸੀ। ਜਦੋਂ ਕੋਈ ਬੱਚਾ ਸਮਾਜ ਵਿੱਚ ਵਧੀਆ ਕੰਮ ਕਰਦਾ ਹੈ, ਚੰਗਾ ਵਿਹਾਰ ਕਰਦਾ ਹੈ ਤਾਂ ਧਿਆਨ ਉਸ ਦੇ ਪਰਿਵਾਰ ਵੱਲ ਜ਼ਰੂਰ ਜਾਂਦਾ ਹੈ। ਬੱਚਾ ਕਿਹੋ-ਜਿਹੇ ਮਾਹੌਲ ਵਿੱਚ ਜੰਮ-ਪਲ਼ ਕੇ ਵੱਡਾ ਹੋਇਆ ਹੈ ਅਤੇ ਪਰਿਵਾਰ ਵੱਲੋਂ ਉਸ ਨੂੰ ਕਿਹੋ-ਜਿਹੇ ਸੰਸਕਾਰ ਮਿਲੇ ਹਨ, ਇਹ ਉਸਦੇ ਵਿਹਾਰ ’ਚੋਂ ਨਜ਼ਰ ਆ ਜਾਂਦੇ ਹਨ। ਪਰਿਵਾਰ ਬਾਰੇ ਜਾਣ ਕੇ ਉਸ ਦੇ ਮਾਪਿਆਂ ਨੂੰ ਮਨ ਵਿੱਚ ਨਮਸਕਾਰ ਕੀਤੀ। ਦਫ਼ਤਰ ਦੀਆਂ ਪੌੜੀਆਂ ਉਤਰਦਿਆਂ ਪ੍ਰਿੰਸੀਪਲ ਤੇਜਾ ਸਿੰਘ ਦੇ ਲੇਖ ‘ਘਰ ਦਾ ਪਿਆਰ’ ਦੀਆਂ ਸਤਰਾਂ ਆਪ ਮੁਹਾਰੇ ਚੇਤੇ ਦੀ ਚੰਗੇਰ ਵਿੱਚੋਂ ਫੁੱਟ ਪਈਆਂ ਸਨ। ਲੇਖਕ ਅਨੁਸਾਰ ‘‘ਕਈ ਵਾਰ ਜਦ ਮੈਂ ਕਿਸੇ ਸੱਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਵਾਲਾ ਦੇਖਦਾ ਹਾਂ ਤਾਂ ਮੈਂ ਦਿਲ ਵਿੱਚ ਕਹਿੰਦਾ ਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।’’ ਕਿਸੇ ਦੁਆਰਾ ਕੀਤਾ ਜਾਂਦਾ ਵਿਹਾਰ ਅਤੇ ਫ਼ਰਜ਼ਾਂ ਦੀ ਪਾਲਣਾ ਤੋਂ ਉਸ ਨੂੰ ਪਰਿਵਾਰ ਵੱਲੋਂ ਮਿਲੇ ਸੰਸਕਾਰਾਂ ਦਾ ਪਤਾ ਲੱਗ ਜਾਂਦਾ ਹੈ ਜਿਵੇਂ ਅੱਜ ਇਸ ਕੁਰਸੀ ’ਤੇ ਬੈਠੀ ਕੁੜੀ ਦੇ ਵਿਹਾਰ ਵਿੱਚੋਂ ਪ੍ਰਤੱਖ ਦਿਖਾਈ ਦੇ ਰਿਹਾ ਸੀ।

Advertisement

ਸੰਪਰਕ: 94638-51568

Advertisement

Advertisement
×