ਸ਼ਗਨਾਂ ਵਾਲਾ ਚੂੜਾ ਤੇ ਮੌਤ
ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਪੇਟ ਰੋਗਾਂ ਦੇ ਮਾਹਿਰ ਡਾਕਟਰ ਕੋਲ ਮੇਰੀ ਧੀ ਦਾਖ਼ਲ ਸੀ। ਉਸ ਦੇ ਬੈੱਡ ਕੋਲ ਮੈਂ ਸਟੂਲ ’ਤੇ ਬੈਠਾ ਸੀ। ਉਸ ਕਮਰੇ ਵਿੱਚ ਚਾਰ-ਪੰਜ ਹੋਰ ਮਰੀਜ਼ ਵੀ ਦਾਖ਼ਲ ਸਨ। ਪੰਜਾਹ-ਪਚਵੰਜਾ ਸਾਲ ਦਾ ਤੰਦਰੁਸਤ ਅਤੇ ਗਠੀਲੇ ਸਰੀਰ...
ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਪੇਟ ਰੋਗਾਂ ਦੇ ਮਾਹਿਰ ਡਾਕਟਰ ਕੋਲ ਮੇਰੀ ਧੀ ਦਾਖ਼ਲ ਸੀ। ਉਸ ਦੇ ਬੈੱਡ ਕੋਲ ਮੈਂ ਸਟੂਲ ’ਤੇ ਬੈਠਾ ਸੀ। ਉਸ ਕਮਰੇ ਵਿੱਚ ਚਾਰ-ਪੰਜ ਹੋਰ ਮਰੀਜ਼ ਵੀ ਦਾਖ਼ਲ ਸਨ। ਪੰਜਾਹ-ਪਚਵੰਜਾ ਸਾਲ ਦਾ ਤੰਦਰੁਸਤ ਅਤੇ ਗਠੀਲੇ ਸਰੀਰ ਦਾ ਦਿਸਦਾ ਇੱਕ ਬੰਦਾ ਬੈੱਡ ’ਤੇ ਪਿਆ ਸੀ। ਉਸ ਦੇ ਗੁਲੂਕੋਜ਼ ਦੀ ਛੋਟੀ ਬੋਤਲ ਲੱਗੀ ਹੋਈ ਸੀ। ਉਹ ਵਾਰ-ਵਾਰ ਕਦੇ ਬੋਤਲ ਤੇ ਕਦੇ ਸੂਈ ਵੱਲ ਬਾਂਹ ਚੁੱਕ-ਚੁੱਕ ਕੇ ਦੇਖਦਾ ਸੀ। ਹਸਪਤਾਲ ਵਿੱਚ ਕੰਮ ਕਰਦੀ ਨਰਸ ਉਸ ਨੂੰ ਇੰਝ ਕਰਨ ਤੋਂ ਰੋਕ ਰਹੀ ਸੀ। ਉਹ ਬੋਤਲ ਲੱਗੀ ਦੀ ਅੱਚਵੀ ਮੰਨਦਾ ਸੀ ਜਾਂ ਕੋਈ ਹੋਰ ਤਕਲੀਫ਼ ਸੀ। ਇਸ ਲਈ ਉਹ ਥੋੜ੍ਹੀ ਦੇਰ ਬਾਅਦ ਉੱਚੀ ਆਵਾਜ਼ ਵਿੱਚ ਬੋਲ ਪੈਂਦਾ, ‘‘ਓਹ ਲਾਹ ਦਿਉ...,ਓਹ ਲਾਹ ਦਿਓ...।’’ ਫੇਰ ਬਾਂਹ ਨੂੰ ਉੱਚੀ ਚੁੱਕ ਕੇ ਦੇਖਦਾ। ਹੁਣ ਉਹ ਉੱਠ ਕੇ ਬੈਠ ਗਿਆ ਤੇ ਸੂਈ ਨੂੰ ਪੁੱਟਣ ਲੱਗਾ। ਉਦੋਂ ਹੀ ਹਸਪਤਾਲ ’ਚ ਕੰਮ ਕਰਦੇ ਮੁੰਡਾ ਤੇ ਕੁੜੀ ਭੱਜ ਕੇ ਆ ਗਏ। ਉਨ੍ਹਾਂ ਨੇ ਬੋਤਲ ਉਤਾਰ ਦਿੱਤੀ ਤੇ ਦੂਸਰੇ ਕਮਰੇ ਵਿੱਚ ਲਿਜਾ ਕੇ ਲਿਟਾ ਦਿੱਤਾ। ਉੱਥੇ ਉਹ ਮੁੰਡਾ ਅਤੇ ਕੁੜੀ ਦੀ ਨਿਗਰਾਨੀ ਵਿੱਚ ਸੀ। ਮੁੰਡਾ ਅਤੇ ਕੁੜੀ ਆਪਣੇ ਕੰਮ ਵਿੱਚ ਲੱਗੇ ਹੋਏ ਸਨ। ਪਤਾ ਨਹੀਂ ਲੱਗਾ ਕਦੋਂ ਉਹ ਬੰਦਾ ਬੈੱਡ ਤੋਂ ਉੱਠ ਕੇ ਬਾਹਰ ਵਰਾਂਡੇ ਵਿੱਚ ਆ ਗਿਆ ਤੇ ਤੁਰਦਾ ਤੁਰਦਾ ਗੈਲਰੀ ਕੋਲ ਚਲਾ ਗਿਆ। ਉਹ ਬਾਹਰ ਨਿਕਲਣਾ ਚਾਹੁੰਦਾ ਸੀ ਪਰ ਗੈਲਰੀ ਕੋਲ ਜਾ ਕੇ ਪਤਾ ਲੱਗਿਆ ਕਿ ਇਹ ਦੂਜੀ ਮੰਜ਼ਿਲ ਸੀ। ਇਸ ਲਈ ਉਹ ਬਾਹਰ ਨਹੀਂ ਜਾ ਸਕਿਆ। ਮੈਂ ਸੋਚ ਰਿਹਾ ਸੀ ਕਿ ਇਹ ਚੰਗਾ ਭਲਾ ਤੁਰਿਆ ਫਿਰਦਾ ਹੈ, ਇਸ ਨੂੰ ਦਾਖ਼ਲ ਕਰਨ ਦਾ ਕੀ ਕਾਰਨ ਹੋਇਆ? ਉਦੋਂ ਹੀ ਹਸਪਤਾਲ ਦਾ ਮੁੰਡਾ ਭੱਜ ਕੇ ਉਸ ਨੂੰ ਫੜ ਲਿਆਇਆ ਤੇ ਬੈੱਡ ’ਤੇ ਲਿਟਾ ਦਿੱਤਾ। ਫਿਰ ਉਹ ‘‘ਹਾਏ ਹਾਏ’’ ਕਰਦਾ ਰੌਲ਼ਾ ਪਾਉਣ ਲੱਗ ਪਿਆ ਤੇ ਆਪਣੇ ਪੁੱਤਰ ਨੂੰ ਬੁਲਾਉਣ ਲਈ ਕਹਿਣ ਲੱਗਿਆ।
ਮੈਂ ਉਧਰੋਂ ਧਿਆਨ ਹਟਾ ਕੇ ਆਪਣੀ ਧੀ ਕੋਲ ਸਟੂਲ ’ਤੇ ਜਾ ਬੈਠਾ। ਕੁਝ ਚਿਰ ਚੁੱਪ ਵਰਤੀ ਰਹੀ। ਮੈਂ ਫੇਰ ਉਸ ਬਾਰੇ ਜਾਣਨ ਦੀ ਇੱਛਾ ਨਾਲ ਉਸ ਦੇ ਕਮਰੇ ਸਾਹਮਣੇ ਜਾ ਖੜ੍ਹਾ ਹੋਇਆ। ਉਹ ਮੁੰਡਾ ਤੇ ਕੁੜੀ ਉਸ ਮਰੀਜ਼ ਬੰਦੇ ਦੀ ਛਾਤੀ ਨੂੰ ਵਾਰ ਵਾਰ ਦਬਾ ਰਹੇ ਸਨ। ਕੁੜੀ ਦੇ ਹੱਥਾਂ ’ਤੇ ਮਹਿੰਦੀ ਲੱਗੀ ਹੋਈ ਸੀ ਤੇ ਉਸ ਦੀਆਂ ਬਾਹਾਂ ਚੂੜੇ ਨਾਲ ਭਰੀਆਂ ਹੋਈਆਂ ਸਨ। ਉਨ੍ਹਾਂ ਹੱਥਾਂ ਨਾਲ, ਮੁੰਡੇ ਦੀ ਮਦਦ ਕਰਦਿਆਂ ਉਹ ਮਰੀਜ਼ ਦੀ ਛਾਤੀ ਨੂੰ ਵਾਰ ਵਾਰ ਦਬਾ ਰਹੀ ਸੀ ਤੇ ‘ਅੰਕਲ ਅੰਕਲ’ ਕਰਕੇ ਉੱਚੀ ਆਵਾਜ਼ ਵਿੱਚ ਚੀਕਾਂ ਮਾਰਨ ਵਾਂਗ ਆਵਾਜ਼ਾਂ ਮਾਰ ਰਹੀ ਸੀ। ਨਾਲ ਦਾ ਮੁੰਡਾ ਵੀ ਉਸ ਨੂੰ ਹਿਲਾ ਰਿਹਾ ਸੀ ਪਰ ਉਹ ਅਹਿੱਲ ਪਿਆ ਸੀ। ਡਾਕਟਰ ਦੇ ਆਉਣ ਤੱਕ ਉਨ੍ਹਾਂ ਦੋਵਾਂ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹਮੇਸ਼ਾ ਲਈ ਚੁੱਪ ਹੋ ਗਿਆ ਸੀ।
ਮੈਂ ਦੇਖ ਰਿਹਾ ਸੀ ਕਿ ਚੰਗਾ ਭਲਾ ਤੁਰਿਆ ਫਿਰਦਾ ਬੰਦਾ ਖ਼ਤਮ ਹੋ ਗਿਆ। ਉਸ ਵਕਤ ਉਸ ਦੀ ਤਕਲੀਫ਼ ਦਾ ਪਤਾ ਨਹੀਂ ਸੀ ਲੱਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਕਿਸੇ ਨਸ਼ੇ ਦਾ ਆਦੀ ਸੀ ਤੇ ਉਹ ਨਸ਼ਾ ਛੁਡਾਉਣ ਲਈ ਦਾਖ਼ਲ ਕੀਤਾ ਹੋਇਆ ਸੀ। ਉਸ ਦਾ ਜਵਾਨ ਪੁੱਤਰ ਆ ਕੇ ਵਰਾਂਡੇ ਵਿੱਚ ਬੈਠਾ ਰੋਂਦਾ ਵੇਖਿਆ ਨਹੀਂ ਸੀ ਜਾਂਦਾ। ਇਹ ਦ੍ਰਿਸ਼ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ।ਮੈਂ ਹਸਪਤਾਲ ਦੀ ਉਸ ਲੜਕੀ ਬਾਰੇ ਵੀ ਸੋਚ ਰਿਹਾ ਸੀ ਕਿ ਸ਼ਗਨਾਂ ਵਾਲਾ ਚੂੜਾ ਅਤੇ ਵਿਆਹ ਵਾਲਾ ਸੂਟ ਪਾਈ ਉਹ ਮਰੀਜ਼ ਨੂੰ ਬਚਾਉਣ ਦਾ ਪੂਰਾ ਯਤਨ ਕਰ ਰਹੀ ਸੀ। ਉਸ ਦੇ ਸਾਹਮਣੇ ਉਸ ਦੀ ਮੌਤ ਵੀ ਹੋ ਗਈ। ਉਹ ਲੜਕੀ ਸਹਿਜ ਸੁਭਾਅ ਆਪਣੇ ਕੰਮ ਵਿੱਚ ਲੱਗੀ ਹੋਈ ਸੀ। ਉਸ ਦੇ ਕੰਮ ਨੂੰ ਦੇਖ ਕੇ ਬਿਲਕੁਲ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਸ਼ਗਨ ਅਪਸ਼ਗਨ ਕੀ ਹੁੰਦਾ ਹੈ। ਇਹ ਲੜਕੀ ਘਰ ਜਾ ਕੇ ਹਰ ਰੋਜ਼ ਵਾਂਗ ਆਪਣਾ ਕੰਮ ਵੀ ਕਰੇਗੀ। ਮੈਡੀਕਲ ਲਾਈਨ ਵਿੱਚ ਹੋਣ ਕਰਕੇ ਉਸ ਦੀ ਸੋਚ ਵਿਗਿਆਨਕ ਸੀ।
ਇਹ ਸਾਰੀ ਘਟਨਾ ਮੈਂ ਆਪਣੀ ਧੀ ਨੂੰ ਵੀ ਦੱਸੀ।
ਹਸਪਤਾਲ ਦੇ ਬੈੱਡਾਂ ’ਤੇ ਪਏ ਕਿੰਨੇ ਲੋਕ ਮਰ ਜਾਂਦੇ ਹਨ ਤੇ ਉਨ੍ਹਾਂ ਹੀ ਬੈੱਡਾਂ ’ਤੇ ਪਏ ਠੀਕ ਵੀ ਹੋ ਜਾਂਦੇ ਹਨ। ਕੋਈ ਚੀਜ਼ ਮਨਹੂਸ ਨਹੀਂ ਹੁੰਦੀ। ਦਰਅਸਲ, ਨੁਕਸ ਸਾਡੀ ਸੋਚ ਵਿੱਚ ਹੁੰਦਾ ਹੈ। ਇਸ ਲਈ ਸੋਚ ਵਿਗਿਆਨਕ ਹੋਣੀ ਚਾਹੀਦੀ ਹੈ।
ਸੰਪਰਕ: 95016-15511

