ਲੰਮੀ ਉਡਾਰੀ ਮਾਰ ਗਿਆ ‘ਪੰਛੀ’

ਲੰਮੀ ਉਡਾਰੀ ਮਾਰ ਗਿਆ ‘ਪੰਛੀ’

ਚਰਨਜੀਤ ਭੁੱਲਰ

ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਦੇ ਗੁਰਚਰਨ ਸਿੰਘ ‘ਪੰਛੀ’ ਆਖ਼ਰਕਾਰ ਵਿਛੋੜੇ ਦੇ ਗਏ। ਜ਼ਿੰਦਗੀ ਭਰ ਇਹ ‘ਪੰਛੀ’ ਹਵਾ ਦੇ ਰੁਖ਼ ਤੋਂ ਉਲਟ ਉੱਡਿਆ। ਰਾਸ਼ਟਰਪਤੀ ਭਵਨ ’ਚ ਪੰਜ ਵਰ੍ਹੇ ਠਾਹਰ ਰਹੀ। ਗਿਆਨੀ ਜ਼ੈਲ ਸਿੰਘ ਨਾਲ ਨੇੜਤਾ ਨੇ ਸਿਆਸਤ ਦੀ ਸਿਖਰ ’ਚ ਪੈਰ ਧਰਾ ਦਿੱਤਾ। ਜਦੋਂ ਗੁੱਡੀ ਚੜ੍ਹੀ ਹੋਈ ਸੀ, ‘ਪੰਛੀ’ ਨੇ ਈਮਾਨ ਦਾ ਪੱਲਾ ਨਾ ਛੱਡਿਆ। ਜ਼ਿੰਦਗੀ ਦੇ ਆਖ਼ਰੀ ਪਹਿਰ ’ਚ ਉਨ੍ਹਾਂ ਕੋਲ ਮਹਿਜ਼ ਇੱਕ ਸਾਈਕਲ ਬਚਿਆ ਸੀ ਅਤੇ ਇੱਕ ਝੋਲਾ ਜੋ ਉਨ੍ਹਾਂ ਦਾ ਅਖ਼ੀਰ ਤਕ ਸਾਥੀ ਰਿਹਾ।

ਆਖ਼ਰੀ ਸਾਹ ਤਕ ਪੰਛੀ ਨੂੰ ਆਪਣੇ ਅਤੀਤ ’ਤੇ ਤਸੱਲੀ ਅਤੇ ਮਾਣ ਰਿਹਾ। ਇੱਕੋ ਝੋਰਾ ਇਹ ਰਿਹਾ ਕਿ ਨਵੇਂ ਯੁੱਗ ’ਚ ਉਹ ਇੱਕ ਸਾਈਕਲ ਸਵਾਰ ਬਣ ਕੇ ਰਹਿ ਗਿਆ। ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੇ ਇਸ ਗਰਾਈਂ ਦਾ ਨਾਂ ਗੁਰਚਰਨ ਸਿੰਘ ਢਿੱਲੋਂ ਸੀ। ਬਹੁਤੇ ਢਿੱਲੋਂ ਦੀ ਥਾਂ ਗੁਰਚਰਨ ਸਿੰਘ ‘ਪੰਛੀ’ ਵਜੋਂ ਹੀ ਜਾਣਦੇ ਹਨ।

ਜਦੋਂ ਗਿਆਨੀ ਜ਼ੈਲ ਸਿੰਘ 1972 ’ਚ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਗੁਰਚਰਨ ਸਿੰਘ ‘ਪੰਛੀ’ ਉਨ੍ਹਾਂ ਦੇ ਸਿਆਸੀ ਸਕੱਤਰ ਬਣੇ। ਕੇਂਦਰੀ ਗ੍ਰਹਿ ਮੰਤਰੀ ਬਣੇ ਤਾਂ ਪੰਛੀ ਹੋਰੀਂ ਉਨ੍ਹਾਂ ਨਾਲ ਦਿੱਲੀ ਰਹੇ। ਵੱਡੀ ਗੱਲ ਇਹ ਹੈ ਕਿ ਸਾਲ 1982 ’ਚ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਬਣੇ ਤਾਂ ਗੁਰਚਰਨ ਸਿੰਘ ‘ਪੰਛੀ’ ਉਨ੍ਹਾਂ ਦੇ ਨਿੱਜੀ ਸਕੱਤਰ ਬਣੇ।

ਰਾਸ਼ਟਰਪਤੀ ਭਵਨ ’ਚ ਪੂਰੇ ਪੰਜ ਸਾਲ ਪੰਛੀ ਦੀ ਰਿਹਾਇਸ਼ ਰਹੀ। ਆਲੀਸ਼ਾਨ ਕੋਠੀ ਮਿਲੀ ਤੇ ਨੌਕਰ-ਚਾਕਰ। ਗਿਆਨੀ ਜ਼ੈਲ ਸਿੰਘ ਆਪਣੀ ਹਰ ਗੱਲ ਉਨ੍ਹਾਂ ਨਾਲ ਸਾਂਝੀ ਕਰਦੇ ਸਨ। ਕਈ ਸੰਕਟਾਂ ’ਚ ਪੰਛੀ ਦੀ ਵਿਸ਼ੇਸ਼ ਭੂਮਿਕਾ ਰਹੀ। ਭਵਨ ਅੰਦਰਲੇ ਕਈ ਸਰਕਾਰੀ ਸਕੱਤਰਾਂ ਨੂੰ ਗਿਆਨੀ ਹੋਰਾਂ ਦੇ ਪੰਛੀ ਨਾਲ ਵਿਸ਼ੇਸ਼ ਲਗਾਓ ਕਰਕੇ ਚਿੜ੍ਹ ਵੀ ਸੀ। ਰਾਸ਼ਟਰਪਤੀ ਨਾਲ ਮੜੰਗਾ ਮਿਲਦਾ ਹੋਣ ਕਰਕੇ ਬਹੁਤੇ ਅਧਿਕਾਰੀ ਕਈ ਮਰਤਬਾ ਪੰਛੀ ਨੂੰ ਹੀ ਗਿਆਨੀ ਜ਼ੈਲ ਸਿੰਘ ਸਮਝ ਬੈਠਦੇ ਸਨ।

ਪੰਛੀ ਪੁਸ਼ਾਕ ਅਤੇ ਖ਼ੁਰਾਕ; ਦੋਵਾਂ ’ਚ ਸਾਦੇ ਸਨ। ਚਾਹੁੰਦੇ ਤਾਂ ਉਹ ਦੌਲਤ ਨਾਲ ਮਾਲਾਮਾਲ ਹੋ ਸਕਦੇ ਸਨ। ਸਰਕਾਰੀ ਕੋਟੇ ਵਾਲੇ ਫਲੈਟ ਅਤੇ ਪਲਾਟ ਲੈ ਸਕਦੇ ਸਨ। ਮਿਸ਼ਨ ਇਹ ਨਹੀਂ ਸੀ। ਇੱਥੋਂ ਤੱਕ ਕਿ ਰਾਸ਼ਟਰਪਤੀ ਭਵਨ ਵਾਲੀ ਆਪਣੀ ਆਖ਼ਰੀ ਮਹੀਨੇ ਵਾਲੀ ਤਨਖ਼ਾਹ ਵੀ ਉਨ੍ਹਾਂ ਨੇ ਨਹੀਂ ਲਈ; ਪੈਨਸ਼ਨ ਲੈਣੀ ਤਾਂ ਦੂਰ ਦੀ ਗੱਲ! ਪਿੰਡ ਪਿੱਥੋ ਵਿਚਲਾ ਉਹੀ ਘਰ ਤੇ ਉਹੀ ਮਾਹੌਲ ਸੀ।

ਉਨ੍ਹਾਂ ਦਾ ਇਕਲੌਤਾ ਗਰੈਜੂਏਟ ਲੜਕਾ ਬੇਰੁਜ਼ਗਾਰ ਹੈ। ਚਾਰ-ਪੰਜ ਏਕੜ ਜ਼ਮੀਨ ਨਾਲ ਪੰਛੀ ਹੋਰਾਂ ਦਾ ਗੁਜ਼ਾਰਾ ਚੱਲਦਾ ਸੀ। ਉਂਜ, ਉਹ ਆਪਣੇ ਕਮਾਏ ਹੋਏ ਦੋਸਤਾਂ-ਮਿੱਤਰਾਂ ਨੂੰ ਹੀ ਆਪਣੀ ਦੌਲਤ ਮੰਨਦੇ ਰਹੇ। ਵੱਡੇ ਵੱਡੇ ਸਨਅਤੀ ਲੋਕਾਂ ਨਾਲ ਵੀ ਨੇੜਤਾ ਕਾਇਮ ਰਹੀ। ਲੁਕੇ ਰਹਿਣ ਦੀ ਇੱਛਾ ਵਾਲੀ ਗੱਲ ’ਤੇ ਪਹਿਰਾ ਦਿੰਦੇ ਰਹੇ।

ਪੰਛੀ ਹੋਰੀਂ ਹਮੇਸ਼ਾ ਮਾਇਆ ਤੇ ਬੇਈਮਾਨੀ ਹੱਥੋਂ ਹਾਰਦੇ ਰਹੇ। ਉਨ੍ਹਾਂ ਨੇ ਕਦੇ ਅਹੁਦੇ ਦੀ ਲਾਲਸਾ ਨਹੀਂ ਕੀਤੀ ਸਗੋਂ ਨਿਸ਼ਕਾਮ ਸੇਵਕ ਵਜੋਂ ਵਿਚਰੇ। ਕੁਝ ਵਰ੍ਹਿਆਂ ਤੋਂ ਉਨ੍ਹਾਂ ਨੇ ਆਪਣੇ ਸਾਥੀ ਸਾਈਕਲ ਨੂੰ ਅਲਵਿਦਾ ਆਖ ਦਿੱਤਾ ਸੀ। ਦਰਅਸਲ, ਸਿਹਤ ਸਾਥ ਛੱਡਣ ਲੱਗੀ ਸੀ। ਆਖ਼ਰੀ ਸਮੇਂ ਤਕ ਸਿਆਸੀ ਅਨੁਮਾਨ ਐਨ ਟਿਕਾਣੇ ’ਤੇ ਲਾਉਂਦੇ ਸਨ ਜਿਸ ’ਚੋਂ ਉਨ੍ਹਾਂ ਦੀ ਦੂਰਅੰਦੇਸ਼ੀ ਸਾਫ਼ ਝਲਕਦੀ ਸੀ।

ਨਿੱਜੀ ਜੀਵਨ ਦੇਖੀਏ ਤਾਂ ਗੁਰਚਰਨ ਸਿੰਘ ਪੰਛੀ ਉੱਘੇ ਨਾਮਧਾਰੀ ਕਿਸਾਨ ਪਰਿਵਾਰ ਸੂਬਾ ਸ਼ੇਰ ਸਿੰਘ ਦੇ ਖ਼ਾਨਦਾਨ ਨਾਲ ਸਬੰਧ ਰੱਖਦੇ ਸਨ ਜੋ ਇਲਾਕੇ ’ਚ ਸੇਵਾ ਤੇ ਸਿਮਰਨ ਵਾਲੇ ਘਰਾਣੇ ਵਜੋਂ ਜਾਣਿਆ ਜਾਂਦਾ ਸੀ। 15 ਜੂਨ 1938 ’ਚ ਜਨਮੇ ਗੁਰਚਰਨ ਸਿੰਘ ‘ਪੰਛੀ’ ਰਾਮਪੁਰਾ ਦੀ ਸਾਹਿਤ ਸਭਾ ਨਾਲ ਜੁੜੇ ਰਹੇ। ਪਿੱਥੋ ਵਾਲੇ ਗੁਰਬਚਨ ਸਿੰਘ ਭੁੱਲਰ ਤੇ ਹੋਰਨਾਂ ਤੋਂ ਸਾਹਿਤਕ ਗੁਰ ਸਿੱਖੇ। ਪੰਛੀ ਦੀਆਂ ਅਨੇਕਾਂ ਕਵਿਤਾਵਾਂ ਤੇ ਰੁਬਾਈਆਂ ਰਸਾਲਿਆਂ ’ਚ ਛਪੀਆਂ।

ਇਸੇ ਸਦਕਾ ਉਨ੍ਹਾਂ ਦੀ ਸਾਹਿਤਕ ਹਲਕਿਆਂ ਤੇ ਲੇਖਕਾਂ ਨਾਲ ਗੂੜ੍ਹੀ ਸਾਂਝ ਰਹੀ ਜਿਨ੍ਹਾਂ ਵਿਚ ਉੱਘੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਵੀ ਸ਼ਾਮਲ ਸੀ। ਉਨ੍ਹਾਂ ਨੇ ਕੌਮੀ ਨੌਜਵਾਨ ਸਭਾ ’ਚ ਵੀ ਕੰਮ ਕੀਤਾ। ਰਾਮਪੁਰਾ ਫੂਲ ਵਿਖੇ ਪ੍ਰੋ. ਗੁਰਬਚਨ ਸਿੰਘ ਤਾਂਘੀ ਤੋਂ ਗਿਆਨੀ ਦੀ ਤਾਲੀਮ ਹਾਸਲ ਕਰ ਕੇ ‘ਪੰਛੀ’ ਜ਼ਿਲ੍ਹਾ ਸੰਗਰੂਰ ’ਚ ਅਧਿਆਪਕ ਲੱਗੇ ਤੇ ਫਿਰ ਪਟਿਆਲਾ ਦੇ ਖ਼ਾਲਸਾ ਕਾਲਜ ’ਚ ਸਹਾਇਕ ਲਾਇਬ੍ਰੇਰੀਅਨ।

ਆਖ਼ਰ ਉਨ੍ਹਾਂ ਨੇ ਪਟਿਆਲਾ ’ਚ ‘ਸੇਵਕ ਵਿਦਿਆਲਾ’ ਸਥਾਪਤ ਕੀਤਾ ਜਿੱਥੇ ਲੇਖਕਾਂ, ਵਿਦਵਾਨਾਂ ਤੇ ਚਿੰਤਕਾਂ ਦਾ ਆਉਣ-ਜਾਣ ਸੀ। ਗਿਆਨੀ ਜ਼ੈਲ ਸਿੰਘ ਵੀ ਸੇਵਕ ਵਿਦਿਆਲਾ ’ਚ ਆਉਂਦੇ ਸਨ। ਉਨ੍ਹਾਂ ਦਾ ਹਫ਼ਤਾਵਾਰੀ ਪੱਤਰ ‘ਵਿਸ਼ਵਨੂਰ’ ਕੌਮੀ ਅਤੇ ਪ੍ਰਗਤੀਵਾਦੀ ਹਲਕਿਆਂ ਦਾ ਜਾਣਿਆ-ਪਛਾਣਿਆ ਤੇ ਉੱਘਾ ਪੱਤਰ ਸੀ। ਉਨ੍ਹਾਂ ਦਾ ਧਾਰਮਿਕ ਅਧਿਐਨ ਵੀ ਕਾਫ਼ੀ ਸੀ। ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਸ ਵੇਲੇ ਪੰਛੀ ਦੀ ਉਨ੍ਹਾਂ ਦੇ ਭਤੀਜੇ ਬਸੰਤ ਸਿੰਘ ਨਾਲ ਨੇੜਤਾ ਹੋ ਗਈ। ਮੁਲਾਕਾਤਾਂ ਹੋਈਆਂ। ਪੰਛੀ ਦੇ ਕਈ ਸਿਆਸੀ ਅਨੁਮਾਨ ਜਦੋਂ ਸੌ ਫ਼ੀਸਦ ਸੱਚ ਨਿਕਲੇ ਤਾਂ ਗਿਆਨੀ ਜ਼ੈਲ ਸਿੰਘ ਨੂੰ ‘ਪੰਛੀ’ ਕੋਈ ਸਾਧਾਰਨ ਬੰਦਾ ਨਾ ਜਾਪਿਆ। ਬਸ ਫਿਰ ਅਜਿਹੀ ਸਾਂਝ ਬਣੀ ਜੋ ਅੰਤਿਮ ਸਾਹਾਂ ਤਕ ਨਿਭੀ।

ਚੰਡੀਗੜ੍ਹ ਤੇ ਦਿੱਲੀ ਦੇ ਸਫ਼ਰ ’ਚ ਕਈ ਅਜਿਹੇ ਮੌਕੇ ਆਏ ਜਦੋਂ ਇਸ਼ਾਰਾ ਮਿਲਣ ’ਤੇ ਪੰਛੀ ਜੀ ਪਿੱਥੋ ਦੀ ਥਾਂ ਮਹਾਂਨਗਰ ’ਚ ਹੁੰਦੇ। ਸਾਈਕਲ ਦੀ ਥਾਂ ਕੋਠੀਆਂ-ਕਾਰਾਂ ਹੁੰਦੀਆਂ। ਪੰਛੀ ਜੀ ਉਚੇਚੇ ਤੌਰ ’ਤੇ ਦੱਸਦੇ ਹੁੰਦੇ ਸਨ ਕਿ ਉਦੋਂ ਬਹੁਤ ਖ਼ੁਸ਼ੀ ਤੇ ਸਕੂਨ ਮਿਲਿਆ ਜਦੋਂ ਉਨ੍ਹਾਂ ਨੇ ਰਾਸ਼ਟਰਪਤੀ ਭਵਨ ’ਚ ਆਪਣੇ ਪਿੰਡ ਪਿੱਥੋ ਦੇ ਘਰ ਵਾਲੇ ਪੁਰਾਣੇ ਸੀਰੀ ਬੰਤਾ ਸਿੰਘ ਨੂੰ ਗਿਆਨੀ ਜ਼ੈਲ ਸਿੰਘ ਨਾਲ ਮਿਲਾਇਆ ਸੀ। ਨਾਲ ਹੀ ਆਪਣੇ ਸਾਹਿਤਕ ਸਾਥੀ ਨਸੀਬ ਚੰਦ ਨਸੀਬ ਦੀ ਗਿਆਨੀ ਜੀ ਨੂੰ ਕਵਿਤਾ ਸੁਣਾਉਣ ਦੀ ਰੀਝ ਵੀ ਪੂਰੀ ਕਰ ਦਿੱਤੀ। ਪੁਰਾਣੇ ਵੱਡੇ ਲੀਡਰਾਂ ਅਤੇ ਅਫ਼ਸਰਾਂ ’ਚ ਉਨ੍ਹਾਂ ਦਾ ਸਤਿਕਾਰ ਆਖ਼ਰ ਤਕ ਬਣਿਆ ਰਿਹਾ; ਭਾਵੇਂ ਨਵੀਂ ਪੀੜ੍ਹੀ ਲਈ ਉਹ ਕੇਵਲ ‘ਝੋਲੇ ਵਾਲਾ ਬਾਬਾ’ ਹੀ ਹੈ।

ਗੁਰਬਚਨ ਸਿੰਘ ਭੁੱਲਰ ਦੱਸਦੇ ਹਨ ਕਿ ‘ਪੰਛੀ’ ਨੇ ਤਾਉਮਰ ਸ਼ਰਾਫ਼ਤ ਦਾ ਪੱਲਾ ਨਹੀਂ ਛੱਡਿਆ। ਪੰਛੀ ਦੇ ਬਚਪਨ ’ਚ ਹੀ ਉਨ੍ਹਾਂ ਦੇ ਮਾਤਾ ਜੀ ਗੁਜ਼ਰ ਗਏ ਸਨ। ਉਨ੍ਹਾਂ ਦੇ ਪਿਤਾ ਵੀ ਬਹੁਤ ਨੇਕ-ਦਿਲ ਇਨਸਾਨ ਸਨ ਜਿਨ੍ਹਾਂ ਨੂੰ ਉਦੋਂ ਦੇ ਬਦਮਾਸ਼ਾਂ ਨੇ ਜਿਉਂਦੇ ਹੀ ਸਾੜ ਦਿੱਤਾ ਸੀ। ਉਨ੍ਹਾਂ ਦੇ ਕਤਲ ਦਾ ਰਹੱਸ ਅੱਜ ਤਕ ਬਣਿਆ ਹੋਇਆ। ਪੰਛੀ ਨੇ ਆਪਣੇ ਅੰਤਿਮ ਦਿਨ ਬਿਪਤਾ ਭਰੇ ਦੇਖੇ। ਤਿੰਨ ਕੁ ਮਹੀਨੇ ਪਹਿਲਾਂ ਅਧਰੰਗ ਦੀ ਮਾਰ ਹੇਠ ਆ ਗਏ। ਹੁਣ ਦੁਨੀਆਂ ਤੋਂ ਰੁਖ਼ਸਤ ਹੋਏ ਤਾਂ ਜ਼ਮੀਰ ’ਤੇ ਮਾਸਾ ਭਾਰ ਨਹੀਂ ਸੀ। ਉਹ 82 ਵਰ੍ਹਿਆਂ ਦੀ ਜ਼ਿੰਦਗੀ ਭੋਗ ਗਏ। ਅੱਜ ਉਨ੍ਹਾਂ ਦੇ ਮਿੱਤਰ-ਸਨੇਹੀ ਸ਼ਰਧਾਂਜਲੀ ਭੇਟ ਕਰ ਰਹੇ ਹਨ।

ਸੰਪਰਕ: 94170-11171

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All