ਪਰਮਜੀਤ ਸਿੰਘ
ਫਾਜ਼ਿਲਕਾ, 2 ਜੁਲਾਈ
ਅਗਨੀਪਥ ਯੋਜਨਾ ਦੇ ਵਿਰੋਧ ਵਿਚ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਨੋਜਵਾਨਾਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਰੋਸ ਮਾਰਚ ਕੱਢਿਆ ਅਤੇ ਪ੍ਰਦਰਸ਼ਨ ਕੀਤਾ। ਰੋਸ ਮਾਰਚ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸ਼ੁਰੂ ਹੋਇਆ ਜੋ ਫਾਜ਼ਿਲਕਾ-ਅਬੋਹਰ ਰੋਡ, ਮਹਾਜਨ ਮਾਰਕੀਟ, ਪੁਰਾਣਾ ਕਚਹਿਰੀ ਰੋਡ, ਹੋਟਲਾਂ ਬਾਜ਼ਾਰ, ਘੰਟਾਘਰ ਚੌਕ, ਉਨ ਬਾਜ਼ਾਰ, ਮੈਹਰੀਆਂ ਬਾਜ਼ਾਰ ਤੋਂ ਹੁੰਦਾ ਹੋਇਆ ਵਾਪਸ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਕੇ ਸਮਾਪਤ ਹੋਇਆ।
ਇਸ ਮੌਕੇ ਹਾਜ਼ਰ ਨੌਜਵਾਨ ਆਗੂਆਂ ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਸਾਜਨ ਸਿੰਘ, ਰਾਹੁਲ ਵਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਅਗਨੀਪਥ ਯੋਜਨਾ ਦੇ ਵਿਰੋਧ ਵਿਚ ਉਹ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਨੇ ਪਿਛਲੇ ਦਿਨੀਂ ਦਿੱਲੀ ਵਿਚ ਵੀ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਕੇਂਦਰ ਸਰਕਾਰ ਤੋਂ ਅਗਨੀਪਥ ਯੋਜਨਾ ਰੱਦ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਵਿਚ ਨੌਜਵਾਨ ਨੂੰ 4 ਸਾਲ ਲਈ ਨੌਕਰੀ ’ਤੇ ਰੱਖਿਆ ਜਾਵੇਗਾ ਅਤੇ ਜਿੰਨੇ ਨੌਜਵਾਨ ਭਰਤੀ ਕੀਤੇ ਜਾਣਗੇ ਉਨ੍ਹਾਂ ’ਚੋਂ 75 ਪ੍ਰਤੀਸ਼ਤ ਨੌਜਵਾਨਾਂ ਨੂੰ ਚਾਰ ਸਾਲ ਮਗਰੋਂ ਘਰ ਭੇਜ ਦਿੱਤਾ ਜਾਵੇਗਾ ਅਤੇ ਸਿਰਫ਼ 25 ਪ੍ਰਤੀਸ਼ਤ ਨੌਜਵਾਨਾਂ ਨੂੰ ਹੀ ਫੌਜ ਵਿਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਦੱਸਦੀ ਹੈ ਤੇ ਦੂਜੇ ਪਾਸੇ ਨੌਜਵਾਨ ਵਿਰੋਧੀ ਫੈਸਲੇ ਲੈਂਦੀ ਹੈ।
ਨੌਜਵਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਸਥਾਨ ਪ੍ਰਸ਼ਾਸਨ ਵੱਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਥਾਂ ਥਾਂ ਵੱਡੀ ਗਿਣਤੀ ਵਿਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।