ਖੇਤੀ ਬਿੱਲਾਂ ਵਿਰੁੱਧ ਸੜਕਾਂ ’ਤੇ ਨਿੱਤਰੇ ਨੌਜਵਾਨ

ਖੇਤੀ ਬਿੱਲਾਂ ਵਿਰੁੱਧ ਸੜਕਾਂ ’ਤੇ ਨਿੱਤਰੇ ਨੌਜਵਾਨ

ਬਠਿੰਡਾ ’ਚ ਰੋਸ ਮਾਰਚ ਕਰਦੇ ਹੋਏ ਨੌਜਵਾਨ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 22 ਸਤੰਬਰ

ਅੱਜ ਇੱਥੇ ਨੌਜਵਾਨਾਂ ਨੇ ਸੰਕਟਗ੍ਰਸਤ ਕਿਸਾਨੀ ਦੇ ਹੱਕ ’ਚ ਨਿੱਤਰਦਿਆਂ ਸੜਕਾਂ ਉਤੇ ਰੋਸ ਮਾਰਚ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਪਤਾ ਦੀ ਘੜੀ ਵਿਚ ਕਿਸਾਨਾਂ ਦਾ ਸਾਥ ਦੇਣ। ਸੌ ਫੁੱਟੀ ਰੋਡ ’ਤੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਨ ਮਗਰੋਂ ਸ਼ਹਿਰ ’ਚ ਰੋਸ ਮਾਰਚ ਕਰਦਿਆਂ ਨੌਜਵਾਨ ਮਿਨੀ ਸਕੱਤਰੇਤ ਨੇੜੇ ਭਾਕਿਯੂ (ਸਿੱਧੂਪੁਰ) ਦੇ ਚੱਲ ਰਹੇ ਧਰਨੇ ’ਚ ਪਹੁੰਚੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਸੰਘਰਸ਼ ਵਿਚ ਸਾਥ ਦੇਣ ਦਾ ਭਰੋਸਾ ਦਿੱਤਾ।

ਮਾਰਚ ਦੀ ਅਗਵਾਈ ਕਰ ਰਹੇ ਗੁਰਲਾਲ ਸਿੰਘ ਔਲਖ ਨੇ ਦੋਸ਼ ਲਾਏ ਕਿ ਕੇਂਦਰ ਦੀ ਭਾਜਪਾ ਸਰਕਾਰ ਸਾਜ਼ਿਸ਼ ਤਹਿਤ ਪੰਜਾਬ ਦੇ ਸਾਹਿਤ, ਸੱਭਿਆਚਾਰ, ਭਾਸ਼ਾ ਅਤੇ ਬੋਲੀ ’ਤੇ ਹਮਲਾ ਕਰਨ ਪਿੱਛੋਂ ਹੁਣ ਖੇਤੀ ਅਰਥਚਾਰੇ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 70 ਫ਼ੀਸਦੀ ਕਿਸਾਨਾਂ ਕੋਲ 7 ਏਕੜ ਤੋਂ ਘੱਟ ਜ਼ਮੀਨ ਹੈ ਅਤੇ ਉਹ ਅਨਾਜ ਨੂੰ ਸਟੋਰ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਤੋਂ ਕਾਨੂੰਨ ਬਣਨ ’ਤੇ ਕੰਪਨੀਆਂ ਜ਼ਮੀਨਾਂ ’ਤੇ ਕਾਬਜ਼ ਹੋਣਗੀਆਂ ਅਤੇ ਕਿਸਾਨ ਆਪਣੇ ਹੀ ਖੇਤਾਂ ’ਚ ਮਜ਼ਦੂਰੀ ਕਰਨਗੇ। ਉਨ੍ਹਾਂ ਕਿਹਾ ਕਿ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਉਹ ਆਪਣਾ ਪੂਰਾ ਤਾਣ ਲਾ ਦੇਣਗੇ।

ਕਿਸਾਨ ਜਥੇਬੰਦੀਆਂ ਦੀ ਬਾਂਹ ਫੜਨ ਲੱਗੇ ਖੇਤਾਂ ਦੇ ਪੁੱਤ

ਚਾਉਕੇ (ਰਮਨਦੀਪ ਸਿੰਘ): ਖੇਤੀ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿਚੋਂ ਪਾਸ ਹੋਣ ਮਗਰੋਂ ਮਾਲਵੇ ਦੇ ਕਿਸਾਨ ਸਿਆਸੀ ਪਾਰਟੀ ਨਾਲੋਂ ਦੂਰ ਅਤੇ ਕਿਸਾਨ ਜਥੇਬੰਦੀਆਂ ਨਾਲ ਜੁੜਨ ਨੂੰ ਤਰਜੀਹ ਦੇਣ ਲੱਗ ਪਏ ਹਨ। ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਖੇਤੀ ਬਿੱਲ ਆਉਣ ਮਗਰੋਂ ਰਾਮਪੁਰਾ ਬਲਾਕ ਦੇ ਪਿੰਡ ਕਰਾੜਵਾਲਾ ਵਿੱਚ ਅੱਜ 60 ਕਿਸਾਨਾਂ ਦੀ ਨਵੀਂ ਕਮੇਟੀ ਦਾ ਗਠਨ ਹੋਇਆ ਹੈ। ਉਸੇ ਸਮੇਂ ਪਿੰਡ ਦੇ ਕਿਸਾਨਾਂ ਨੇ ਜਥੇਬੰਦੀ ਨੂੰ ਫੰਡ ਵੀ ਇਕੱਠਾ ਕਰ ਕੇ ਦਿੱਤਾ। ਪਿੰਡ ਮੰਡੀ ਕਲਾਂ ਵਿਚ 25 ਮੈਂਬਰਾਂ ਦੀ ਨਵੀਂ ਇਕਾਈ ਦੀ ਚੋਣ ਹੋਈ ਹੈ, ਪਿੰਡ ਕੋਠੇ ਮਹਾ ਸਿੰਘ, ਨਥਾਣਾ, ਗਿੱਦੜ, ਹਮੀਰਗੜ੍ਹ ਵਿਚ ਨਵੀਆਂ ਇਕਾਈਆਂ ਚੁਣੀਆਂ ਗਈਆਂ ਹਨ ਅਤੇ ਪਿੰਡ ਗਿੱਲ ਕਲਾਂ ਅਤੇ ਗਿੱਲ ਖੁਰਦ ਵਿਚ ਇਕਾਈ ਬਣਨ ਬਾਰੇ ਕਿਸਾਨਾਂ ਦੇ ਫੋਨ ਆ ਰਹੇ ਹਨ। ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਪਤਾ ਚੱਲ ਗਿਆ ਹੈ ਇਹ ਸਿਆਸੀ ਪਾਰਟੀਆਂ ਸਿਰਫ਼ ਵੋਟ ਬਟੋਰਨ ਲਈ ਕੰਮ ਕਰਦੀਆਂ ਹਨ। ਬੀਕੇਯੂ ਮਾਨਸਾ ਦੇ ਜਨਰਲ ਸਕੱਤਰ ਬੰਤ ਸਿੰਘ ਨੇ ਵੀ ਇਕਾਈਆਂ ਦੀ ਚੋਣ ਬਾਰੇ ਦੱਸਿਆ। ਬੀਕੇਯੂ ਉਗਰਾਹਾਂ ਦੇ ਰਾਮਪੁਰਾ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਜਵੰਧਾ ਨੇ ਦੱਸਿਆ ਕਿ ਪਿੰਡ ਚਾਉਕੇ ਵਿਚੋਂ ਅੱਜ ਪੰਜ ਬੱਸਾਂ ’ਤੇ 450 ਕਿਸਾਨ ਸੰਘਰਸ਼ ਵਿਚ ਆਏ ਹਨ। ਬੀਕੇਯੂ ਸਿੱਧੂਪੁਰ ਦੇ ਆਗੂ ਬਲਰਾਜ ਸਿੰਘ ਨੇ ਦੱਸਿਆ ਕਿ ਬਠਿੰਡਾ ਸੰਘਰਸ਼ ਲਈ ਮੰਡੀ ਕਲਾਂ ਵਿਚ 5 ਟਰੱਕਾਂ ’ਤੇ 500 ਦੇ ਕਰੀਬ ਕਿਸਾਨ ਪਹੁੰਚੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All