Youth Murder Case: ਮੇਲਾ ਦੇਖਣ ਗਏ ਨੌਜਵਾਨ ਦੀ ਲਾਸ਼ ਮਿਲੀ
ਪਰਿਵਾਰ ਵੱਲੋਂ ਕਤਲ ਦਾ ਸ਼ੱਕ; ਲਾਸ਼ ਚੌਕ ਵਿੱਚ ਰੱਖ ਕੇ ਧਰਨਾ ਲਾਇਆ; ਦੋਸਤ ਖ਼ਿਲਾਫ਼ ਕੇਸ ਦਰਜ
ਨਜ਼ਦੀਕੀ ਪਿੰਡ ਸਿਲੇਵਿੰਡ ਦੇ ਘਰ ਤੋਂ ਗਾਇਬ ਹੋਏ ਨੌਜਵਾਨ ਦੀ ਲਾਸ਼ ਮਿਲ ਗਈ ਹੈ। ਲੰਘੇ ਕੱਲ੍ਹ ਲੋਹੀਆਂ ਪੁਲੀਸ ਨੇ ਉਸ ਦੀ ਲਾਸ਼ ਪਿੰਡ ਪਿਪਲੀ ਮਿਆਨੀ ਕੋਲ ਭਾਰਤਮਾਲਾ ਪ੍ਰਾਜੈਕਟ ਤਹਿਤ ਬਣ ਰਹੀ ਸੜਕ ਕੰਢੇ ਤੋਂ ਬਰਾਮਦ ਕੀਤੀ ਹੈ। ਨੌਜਵਾਨ ਬਿਕਰਮਜੀਤ ਸਿੰਘ 9 ਜੁਲਾਈ ਤੋਂ ਘਰ ਤੋਂ ਗਾਇਬ ਸੀ। ਮ੍ਰਿਤਕ ਨੂੰ ਉਸ ਦਾ ਦੋਸਤ ਸੁਖਵਿੰਦਰ ਸਿੰਘ ਉਰਫ ਸੁੱਖੀ ਘਰ ਤੋਂ ਮੇਲਾ ਦੇਖਣ ਲਈ ਲੈ ਕੇ ਗਿਆ ਸੀ। ਸੁੱਖੀ ਘਰ ਪਰਤ ਆਇਆ ਪਰ ਬਿਕਰਮਜੀਤ ਬਾਰੇ ਉਸ ਨੇ ਪਰਿਵਾਰ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ। ਮਗਰੋਂ ਕੱਲ੍ਹ ਉਸ ਦੀ ਲਾਸ ਪੁਲੀਸ ਨੇ ਬਰਾਮਦ ਕਰ ਲਈ। ਪੁਲੀਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਸੀ। ਜਦੋਂ ਪਰਿਵਾਰ ਨੇ ਲਾਸ਼ ਘਰ ਵਿੱਚ ਲਿਆਕੇ ਦੇਖੀ ਤਾਂ ਉਸ ਦੀ ਗਰਦਨ ਉੱਤੇ ਰੱਸੀ ਨਾਲ ਗਲਾ ਘੁੱਟਣ ਦੇ ਨਿਸ਼ਾਨ ਸਨ। ਪਰਿਵਾਰ ਨੇ ਨੌਜਵਾਨ ਨੂੰ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਿਆਂ ਪੁਲੀਸ ਤੋਂ ਕਾਰਵਾਈ ਦੀ ਮੰਗ ਕੀਤੀ। ਪੁਲੀਸ ਵੱਲੋਂ ਵਰਤੀ ਜਾ ਰਹੀ ਢਿੱਲਮੱਠ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲਾਸ਼ ਨੂੰ ਪਿੰਡ ਦੇ ਚੌਕ ਵਿੱਚ ਰੱਖ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਸ ਦੀ ਜਾਣਕਾਰੀ ਮਿਲਦਿਆਂ ਹੀ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਪੁੱਤਰ ਯੂਥ ਆਗੂ ਸ਼ੰਕਰ ਕਟਾਰੀਆ ਮੌਕੇ ’ਤੇ ਪੁੱਜੇ ਅਤੇ ਉੱਚ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਉਪਰੰਤ ਥਾਣਾ ਲੋਹੀਆਂ ਦੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਧਰਨੇ ਵਾਲੀ ਥਾਂ ਉੱਤੇ ਪੁੱਜੇ ਅਤੇ ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਦੇ ਬਿਆਨ ਕਲਮਬੰਦ ਕੀਤੇ। ਥਾਣੇਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੂੰ ਘਰ ਤੋਂ ਲੈ ਕੇ ਗਏ ਉਸ ਦੇ ਦੋਸਤ ਸੁਖਵਿੰਦਰ ਸਿੰਘ ਸੁੱਖੀ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੁੱਖੀ ਅਤੇ ਉਸਦਾ ਪਰਿਵਾਰ ਕੱਲ੍ਹ ਤੋਂ ਹੀ ਘਰ ਤੋਂ ਗਾਇਬ ਹੈ।

