Youth Akali Dal leader: ਅਕਾਲੀ ਦਲ ਵੱਲੋਂ ਥਾਣੇ ਅੱਗੇ ਧਰਨਾ
ਪੁਲੀਸ ਨੇ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਨੂੰ ’ਚ ਜੇਲ੍ਹ ਭੇਜਿਆ
ਹੁੱਲੜਬਾਜ਼ੀ ਦੇ ਦੋਸ਼ ਹੇਠ ਕੇਸ ਦਰਜ ਹੋਣ ਮਗਰੋਂ ਜੇਲ੍ਹ ਭੇਜੇ ਗਏ ਯੂਥ ਅਕਾਲੀ ਦਲ ਦੇ ਆਗੂ ਦਾ ਮਾਮਲਾ ਪੁਲੀਸ ਲਈ ਗਲੇ ਦੀ ਹੱਡੀ ਬਣ ਗਿਆ ਹੈ। ਅਕਾਲੀ ਦਲ ਵੱਲੋਂ ਥਾਣਾ ਧਰਮਕੋਟ ਦੇ ਅੱਗੇ ਦਿੱਤੇ ਧਰਨੇ ਤੋਂ ਬਾਅਦ ਪੁਲੀਸ ਸ਼ਿਕਾਇਤਕਰਤਾ ਦੀ ਭਾਲ ਵਿੱਚ ਜੁੱਟ ਗਈ ਹੈ। ਪੁਲੀਸ ਨੇ ਜਿਸ ਇੰਦਰਗੜ੍ਹ ਵਾਸੀ ਦੀ ਸ਼ਿਕਾਇਤ ਉੱਤੇ ਕਾਰਵਾਈ ਅਮਲ ਵਿੱਚ ਲਿਆਂਦੀ ਸੀ, ਉਸ ਨੇ ਪੁਲੀਸ ਕਾਰਵਾਈ ਤੋਂ ਖ਼ੁਦ ਨੂੰ ਪਾਸੇ ਕਰ ਲਿਆ ਹੈ। ਸ਼ਿਕਾਇਤਕਰਤਾ ਮੁਤਾਬਕ ਉਹ ਲੰਬੇ ਸਮੇਂ ਤੋਂ ਬਿਮਾਰ ਹੈ ਅਤੇ ਉਸ ਦਾ ਸ਼ਿਕਾਇਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਉੱਚ ਅਧਿਕਾਰੀਆਂ ਤੋਂ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਅਕਾਲੀ ਆਗੂ ਮੁਤਾਬਕ ਡੀ ਡੀ ਆਰ ਵਿੱਚ ਦਰਜ ਖੁਸ਼ਵੰਤ ਸਿੰਘ ਨਾਮ ਦਾ ਕੋਈ ਵਿਅਕਤੀ ਪਿੰਡ ਦਾ ਵਸਨੀਕ ਨਹੀਂ ਹੈ। ਇਸ ਦੇ ਨਾਮ ਵਾਲੇ ਦੂਸਰੇ ਖੁਸ਼ਵੰਤ ਸਿੰਘ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਾਣਕਾਰੀ ਅਨੁਸਾਰ ਚੌਕੀ ਕਿਸ਼ਨਪੁਰਾ ਕਲਾਂ ਵਿੱਚ ਯੂਥ ਅਕਾਲੀ ਦਲ ਸਰਕਲ ਇੰਦਰਗੜ੍ਹ ਦੇ ਪ੍ਰਧਾਨ ਇਕਬਾਲ ਸਿੰਘ ਗਿੱਲ ਵਿਰੁੱਧ ਹੁੱਲੜਬਾਜ਼ੀ ਕਰਨ ਦੇ ਦੋਸ਼ ਤਹਿਤ ਪੁਲੀਸ ਨੇ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਪਿੰਡ ਦੇ ਹੀ ਖੁਸ਼ਵੰਤ ਸਿੰਘ ਪੁੱਤਰ ਮਹਿਲ ਸਿੰਘ ਦੀ ਸ਼ਿਕਾਇਤ ਉੱਤੇ ਧਾਰਾ 7/51 ਅਧੀਨ ਦਰਜ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪੁਲੀਸ ਯੂਥ ਅਕਾਲੀ ਆਗੂ ਨੂੰ ਐੱਸ ਡੀ ਐੱਮ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਗਈ ਸੀ ਤੇ ਜਦੋਂ ਐੱਸ ਡੀ ਐੱਮ ਅਦਾਲਤ ਵਿੱਚ ਹਾਜ਼ਰ ਨਾ ਮਿਲੇ ਤਾਂ ਆਗੂ ਨੂੰ ਮੋਗਾ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਭੜਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅਕਾਲੀ ਵਰਕਰਾਂ ਨੂੰ ਨਾਲ ਲੈ ਕੇ ਥਾਣਾ ਧਰਮਕੋਟ ਦਾ ਘਿਰਾਓ ਕਰ ਦਿੱਤਾ ਜੋ ਖ਼ਬਰ ਭੇਜੇ ਜਾਣ ਤੱਕ ਜਾਰੀ ਸੀ।
ਮਾਮਲੇ ਦੀ ਜਾਂਚ ਕਰ ਰਹੇ ਹਾਂ: ਡੀ ਐੱਸ ਪੀ
ਡੀ ਐੱਸ ਪੀ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਯੂਥ ਅਕਾਲੀ ਆਗੂ ਇਕਬਾਲ ਸਿੰਘ ਗਿੱਲ ਖ਼ਿਲਾਫ਼ ਮਿਲੀ ਸ਼ਿਕਾਇਤ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

