ਕਿਰਤ ਕਾਨੂੰਨਾਂ ’ਚ ਸੋਧਾਂ ਖ਼ਿਲਾਫ਼ ਮਜ਼ਦੂਰ ਇਕਜੁੱਟ
ਮਾਲਵਾ ਖੇਤਰ ਵਿੱਚ ਕੌਮਾਂਤਰੀ ਮਈ ਦਿਹਾੜਾ ਮਨਾਇਆ; ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਨ ਦੀ ਮੰਗ
ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮੂਹ ਟਰੇਡ ਯੂਨੀਅਨਾਂ, ਕਿਸਾਨ-ਮਜ਼ਦੂਰ, ਮੁਲਾਜ਼ਮ ਅਤੇ ਦੁਕਾਨਦਾਰ ਜਥੇਬੰਦੀਆਂ ਵੱਲੋਂ ਕੌਮਾਂਤਰੀ ਮਈ ਦਿਹਾੜਾ ਮਨਾਇਆ ਗਿਆ। ਮਾਨਸਾ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਮਿੱਡ-ਡੇਅ ਮੀਲ ਵਰਕਰ ਯੂਨੀਅਨ ਨੇ ਮਜ਼ਦੂਰ ਅਧਿਕਾਰ ਰੈਲੀ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਨੂੰ ਮਜ਼ਦੂਰ ਵਿਰੋਧੀ ਗਰਦਾਨਦਿਆਂ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੀ ਦਿਹਾੜੀ ਘੱਟੋ-ਘੱਟ 700 ਰੁਪਏ ਕੀਤੀ ਜਾਵੇ ਅਤੇ ਕੰਮ ਦੇ ਘੰਟੇ 8 ਤੋਂ ਘਟਾ ਕੇ 6 ਕੀਤੇ ਜਾਣ। ਏਟਕ, ਸੀ ਟੀ ਯੂ ਅਤੇ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਕਰਵਾਈ ਕਨਵੈਨਸ਼ਨ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਹਕੂਮਤ ਨੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਚਾਰ ਲੇਬਰ ਕੋਡ ਬਿੱਲ ਪਾਸ ਕਰਕੇ ਕਿਰਤੀਆਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ।
ਕਨਵੈਨਸ਼ਨ ਨੂੰ ਕ੍ਰਿਸ਼ਨ ਚੌਹਾਨ, ਐਡਵੋਕੇਟ ਕੁਲਵਿੰਦਰ ਉੱਡਤ, ਧੰਨਾ ਮੱਲ ਗੋਇਲ ਅਤੇ ਅਮਰੀਕ ਫਫੜੇ ਸਮੇਤ ਕਈ ਆਗੂਆਂ ਨੇ ਸੰਬੋਧਨ ਕਰਦਿਆਂ ਕਿਰਤ ਬਚਾਓ ਲਈ ਜਨ ਅੰਦੋਲਨ ਦਾ ਸੱਦਾ ਦਿੱਤਾ। ਦੂਜੇ ਪਾਸੇ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਲਖਨ ਲਾਲ ਦੀ ਪ੍ਰਧਾਨਗੀ ਹੇਠ ਬਿਜਲੀ ਦਫ਼ਤਰ ਵਿੱਚ 1886 ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਜਥੇਬੰਦੀਆਂ ਨੇ ਇੱਕਸੁਰ ਵਿੱਚ ਕਿਹਾ ਕਿ ਮਜ਼ਦੂਰ ਜਮਾਤ ਦੀਆਂ ਪ੍ਰਾਪਤੀਆਂ ਨੂੰ ਮਲੀਆਮੇਟ ਕਰਨ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਬਠਿੰਡਾ (ਸ਼ਗਨ ਕਟਾਰੀਆ): ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਅੱਜ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਰਤੀ ਹੱਕਾਂ ਦੀ ਰਾਖੀ ਲਈ ਸੰਘਰਸ਼ ਤੇਜ਼ ਕਰਨ ਦਾ ਅਹਿਦ ਲਿਆ। ਮੁਲਾਜ਼ਮ-ਪੈਨਸ਼ਨਰ ਫਰੰਟ ਅਤੇ ਜੇ ਪੀ ਐਮ ਓ ਵੱਲੋਂ ਚਿਲਡਰਨਜ਼ ਪਾਰਕ ਵਿੱਚ ਕਰਵਾਏ ਸਮਾਗਮ ਦੌਰਾਨ ਇਸ ਦਿਹਾੜੇ ਨੂੰ ‘ਜੰਗ ਵਿਰੋਧੀ ਦਿਵਸ’ ਵਜੋਂ ਮਨਾਇਆ ਗਿਆ।
ਬੁਲਾਰਿਆਂ ਨੇ ਅਮਰੀਕਾ-ਇਜ਼ਰਾਈਲ ਦੀ ਜੰਗੀ ਨੀਤੀ ਅਤੇ ਸਾਮਰਾਜੀ ਲੁੱਟ ਦੀ ਨਿਖੇਧੀ ਕਰਦਿਆਂ ਮਾਨਵਤਾ ਦੀ ਮੁਕਤੀ ਲਈ ਆਸਮੀ ਪੱਧਰ ’ਤੇ ਲਾਮਬੰਦੀ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਕਿਰਤੀਆਂ ਦਾ ਭਵਿੱਖ ਸਵਾਰਨ ਲਈ ਨਵ-ਉਦਾਰਵਾਦੀ ਨੀਤੀਆਂ ਅਤੇ ਫ਼ਿਰਕੂ-ਫਾਸ਼ੀ ਸਾਜ਼ਿਸ਼ਾਂ ਨੂੰ ਭਾਂਜ ਦੇਣੀ ਲਾਜ਼ਮੀ ਹੈ। ਸਮਾਪਤੀ ’ਤੇ ਅੰਬੇਡਕਰ ਚਕ ਤੱਕ ‘ਯੁੱਧ ਵਿਰੋਧੀ ਮਾਰਚ’ ਵੀ ਕੱਢਿਆ ਗਿਆ। ਦੂਜੇ ਪਾਸੇ, ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਡਿਪੂ ਗੇਟ ’ਤੇ ਰੈਲੀ ਕੀਤੀ। ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਲੇਬਰ ਕੋਡ ਵਿੱਚ ਸੋਧਾਂ ਰਾਹੀਂ ਮਜ਼ਦੂਰਾਂ ਦੇ ਹੱਕ ਖੋਹ ਰਹੀ ਹੈ। ਰੋਸ ਵਜੋਂ ਕਾਮਿਆਂ ਨੇ 10 ਮਈ ਨੂੰ ਰੋਸ ਰੈਲੀ, 18 ਮਈ ਨੂੰ ਇੱਕ ਰੋਜ਼ਾ ਹੜਤਾਲ ਅਤੇ 25 ਤੋਂ 27 ਮਈ ਤੱਕ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਮਈ ਦਿਵਸ ਮਜ਼ਦੂਰਾਂ ਦੀ ਏਕਤਾ ਅਤੇ ਕੁਰਬਾਨੀ ਦਾ ਪ੍ਰਤੀਕ: ਦਰਸ਼ਨਪਾਲ
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਭਾਈ ਲਾਲੋ ਪੰਜਾਬੀ ਮੰਚ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਅਤੇ ਲਾਲ ਝੰਡਾ ਮਨਰੇਗਾ ਯੂਨੀਅਨ ਸਮੇਤ ਕਈ ਜਨਤਕ ਜਥੇਬੰਦੀਆਂ ਵੱਲੋਂ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਜ਼ਦੂਰ ਏਕਤਾ ਦੇ ਨਾਅਰਿਆਂ ਲਾਏ ਗਏ ਅਤੇ ਕਿਰਤੀਆਂ ਨੇ ਆਪਣੇ ਹੱਕਾਂ ਲਈ ਆਰ-ਪਾਰ ਦੀ ਲੜਾਈ ਲੜਨ ਦਾ ਅਹਿਦ ਲਿਆ। ਐੱਸ ਕੇ ਐੱਮ ਦੇ ਸੀਨੀਅਰ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਮਈ ਦਿਵਸ ਮਜ਼ਦੂਰਾਂ ਦੀ ਏਕਤਾ ਅਤੇ ਕੁਰਬਾਨੀ ਦਾ ਪ੍ਰਤੀਕ ਹੈ। ਮਜ਼ਦੂਰ ਆਗੂ ਹਰਜੀਤ ਸਿੰਘ ਖ਼ਿਆਲੀ, ਡਾ. ਜਗਰਾਜ ਸਿੰਘ ਟੱਲੇਵਾਲ ਅਤੇ ਬੀਬੀ ਪਰਮਜੀਤ ਕੌਰ ਗੁੰਮਟੀ ਨੇ ਵੀ ਸਰਕਾਰਾਂ ਨੂੰ ਲੰਮੇ ਹੱਥੀਂ ਲਿਆ।
ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਬਰਨਾਲਾ (ਪਰਸ਼ੋਤਮ ਬੱਲੀ): ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਅੱਜ ਬਰਨਾਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੱਖ-ਵੱਖ ਮਜ਼ਦੂਰ, ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫ਼ਰੰਟ ਵੱਲੋਂ ਸੀਵਰੇਜ ਬੋਰਡ ਕੰਪਲੈਕਸ ਵਿੱਚ ਮਾਸਟਰ ਮਨੋਹਰ ਲਾਲ, ਸ਼ਿੰਦਰ ਧੌਲਾ, ਦਰਸ਼ਨ ਚੀਮਾ, ਰਮੇਸ਼ ਹਮਦਰਦ, ਗੁਲਸ਼ਨ ਕੁਮਾਰ ਅਤੇ ਸੁਖਜੰਟ ਸਿੰਘ, ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਸਮਾਗਮ ਦੌਰਾਨ ਆਗੂਆਂ ਨੇ ਕੇਂਦਰ ਤੇ ਰਾਜ ਸਰਕਾਰ ਦੀਆਂ ਕਿਰਤੀ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ। ਦੂਜੇ ਪਾਸੇ, ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਬਰਨਾਲਾ ਅਤੇ ਮਾਲੇਰਕੋਟਲਾ ਮੰਡਲ ਦੇ ਬਿਜਲੀ ਦਫ਼ਤਰਾਂ ਤੇ ਗਰਿੱਡਾਂ ਸਾਹਮਣੇ ਜਥੇਬੰਦੀ ਦੇ ਝੰਡੇ ਲਹਿਰਾਏ ਗਏ। ਮਹਿਲਕਲਾਂ, ਭਦੌੜ, ਤਪਾ ਅਤੇ ਧਨੌਲਾ ਸਮੇਤ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਲਈ ਵਿਸ਼ਾਲ ਏਕੇ ਦਾ ਸੱਦਾ ਦਿੱਤਾ।

