‘ਆਪ’ ਉਮੀਦਵਾਰਾਂ ਨੂੰ ਸਵਾਲ ਕਰਨ ਮਜ਼ਦੂਰ: ਸਮਾਓਂ
ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਨੇ ਸਰਕਾਰ ਵੱਲੋਂ ਕੇਂਦਰ ਵੱਲੋਂ ਭੇਜੇ 850 ਕਰੋੜ ਮਗਨਰੇਗਾ ਫੰਡ ਦਾ ਹਿਸਾਬ ਨਾ ਦੇਣ ਕਾਰਨ ਮਜ਼ਦੂਰਾਂ ਦਾ ਕੰਮ ਬੰਦ ਹੋਣ ਕਾਰਨ ਹਕੂਮਤ ਖਿਲਾਫ਼ ‘ਮਜ਼ਦੂਰ ਹੱਲਾ ਬੋਲ’ ਰੈਲੀ ਕੀਤੀ ਗਈ। ਆਗੂਆਂ ਨੇ ਮੰਚ ਤੋਂ ਐਲਾਨ ਕੀਤਾ ਕੇ ਜੇ ਸਰਕਾਰ ਨੇ ਵਾਅਦੇ ਮੁਤਾਬਕ ਬੰਦ ਕੰਮਾਂ ਨੂੰ ਬਹਾਲ ਨਾ ਕੀਤਾ ਤਾਂ ਮਜ਼ਦੂਰ ਅੰਦੋਲਨ ਆਰੰਭ ਕੀਤਾ ਜਾਵੇਗਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ 27 ਨਵੰਬਰ ਨੂੰ ਜਲੰਧਰ ਵਿੱਚ ਕੇਂਦਰੀ ਪੰਚਾਇਤ ਭਲਾਈ ਮੰਤਰੀ ਸ਼ਿਵਰਾਜ ਚੌਹਾਨ ਨੇ ਮਜ਼ਦੂਰ ਆਗੂਆਂ ਨਾਲ ਕੀਤੀ ਮੀਟਿੰਗ ਵਿੱਚ ਬੰਦ ਕੰਮਾਂ ਨੂੰ ਜਲਦੀ ਚਲਾਉਣ, ਮਨਰੇਗਾ ਮੇਟਾਂ ਨੂੰ ਹੁਨਰਮੰਦ ਮਜ਼ਦੂਰਾਂ ਦਾ ਦਰਜਾ ਦੇਣ, ਮਨਰੇਗਾ ’ਚ ਕਰੋੜਾਂ ਦਾ ਘਪਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ। ਸ੍ਰੀ ਸਮਾਓਂ ਨੇ ਕਿਹਾ ਕਿ ਚੋਣਾਂ ਵਿੱਚ ਦਲਿਤਾਂ ਨੂੰ ਨੇੜੇ ਲਾਉਣ ਵਾਲੇ ਲੀਡਰ ਬਾਅਦ ਵਿੱਚ ਪੈਰਾਂ ਥੱਲੇ ਲਿਤਾੜਦੇ ਹਨ। ਉਨ੍ਹਾਂ ਕਿਹਾ ਕਿ 78 ਸਾਲ ਪਹਿਲਾਂ ਦਲਿਤਾਂ ਨੂੰ ਮਿਲੇ ਸੰਵਿਧਾਨ ਹੱਕਾਂ ਨੂੰ ਸੱਤਾਧਾਰੀ ਹਾਕਮਾਂ ਨੇ ਆਪਣੀ ਮੁੱਠੀ ਵਿੱਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲਈ ਗ਼ਰੀਬਾਂ ਦੀ ਰੋਜ਼ੀ-ਰੋਟੀ ਦੀ ਥਾਂ ਆਪਣੀਆਂ ਮਸ਼ਹੂਰੀਆਂ ’ਤੇ ਕਰੋੜਾਂ ਖ਼ਰਚਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਮਜ਼ਦੂਰ ‘ਆਪ’ ਲੀਡਰਾਂ ਤੋਂ ਚਾਰ ਸਾਲਾਂ ਤੋਂ ਬੰਦ ਪਈ ਦੋ ਰੁਪਏ ਵਾਲੀ ਕਣਕ, ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੇ ਵਾਅਦੇ ਤੇ ਮਨਰੇਗਾ ਦੇ ਬੰਦ ਕੀਤੇ ਕੰਮਾਂ ਬਾਰੇ ਸਵਾਲ ਕਰਨ। ਇਸ ਮੌਕੇ ਸੂਬਾ ਸਕੱਤਰ ਹਰਵਿੰਦਰ ਸੇਮਾ, ਮੱਖਣ ਸਿੰਘ ਰਾਮਗੜ੍ਹ, ਨਿੱਕਾ ਸਿੰਘ ਬਹਾਦਰਪੁਰ, ਮਨਜੀਤ ਕੌਰ ਜੋਗਾ, ਸੁਖਵਿੰਦਰ ਬੋਹਾ, ਜਰਨੈਲ ਸਿੰਘ ਮਾਨਸਾ, ਭੋਲਾ ਝੱਬਰ, ਸੱਤਪਾਲ ਬਹਿਣੀਵਾਲ, ਪ੍ਰਦੀਪ ਗੁਰੂ, ਗੁਲਾਬ ਖੀਵਾ, ਬੱਲਮ ਢੈਪਈ, ਸੁਖਵੀਰ ਖਾਰਾ, ਸੁਖਮਿੰਦਰ ਸਿੰਘ ਗੱਜਣਮਾਜਰਾ ਨੇ ਵੀ ਸੰਬੋਧਨ ਕੀਤਾ।
