ਦੇਸ਼ ਭਰ ਵਿੱਚ ਜਿੱਥੇ ਅੱਜ ਵੱਖ-ਵੱਖ ਥਾਵਾਂ ’ਤੇ ਕੌਮਾਂਤਰੀ ਮਈ ਦਿਹਾੜਾ ਮਨਾਉਂਦਿਆਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕੀਤੀ ਗਈ, ਉੱਥੇ ਹੀ ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀਬਾਘਾ ਵਿੱਚ ਸਥਿਤੀ ਬਿਲਕੁਲ ਉਲਟ ਨਜ਼ਰ ਆਈ। ਮਜ਼ਦੂਰ ਦਿਵਸ ਅਤੇ ਇਸ ਦੀ ਅਹਿਮੀਅਤ ਤੋਂ ਪੂਰੀ ਤਰ੍ਹਾਂ ਬੇਖ਼ਬਰ ਮਜ਼ਦੂਰ ਔਰਤਾਂ ਆਪਣੀ ਦਿਹਾੜੀ ਦੀ ਖ਼ਾਤਰ ਸਾਰਾ ਦਿਨ ਖੇਤਾਂ ਵਿੱਚ ਮੁੜਕੋ-ਮੁੜਕੀ ਹੁੰਦੀਆਂ ਰਹੀਆਂ। ਰੋਟੀ ਕਮਾਉਣ ਦੀ ਜੱਦੋ-ਜਹਿਦ ਵਿੱਚ ਰੁੱਝੀਆਂ ਇਹ ਔਰਤਾਂ ਸਵੇਰ ਤੋਂ ਸ਼ਾਮ ਤੱਕ ਖ਼ਰਬੂਜ਼ੇ ਤੋੜਨ ਅਤੇ ਹੋਰ ਖੇਤੀ ਕਾਰਜਾਂ ਵਿੱਚ ਰੁੱਝੀਆਂ ਰਹੀਆਂ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਿਰਤੀਆਂ ਲਈ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ। ਇਸੇ ਕਾਰਨ ਉਨ੍ਹਾਂ ਨੂੰ ਹੋਰਨਾਂ ਦਿਨਾਂ ਵਾਂਗ ਅੱਜ ਵੀ ਮਜਬੂਰਨ ਛੱਤੋ-ਪਹਿਰ ਕੰਮ ਕਰਨਾ ਪਿਆ। ਸਿਰਫ਼ ਔਰਤਾਂ ਹੀ ਨਹੀਂ, ਸਗੋਂ ਮਰਦ ਕਾਮੇ ਵੀ ਸਾਰਾ ਦਿਨ ਖੇਤਾਂ ਵਿੱਚ ਤੂੜੀ ਬਣਾਉਣ, ਉਸ ਨੂੰ ਸਾਂਭਣ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਤਿਆਰੀਆਂ ਕਰਨ ਵਿੱਚ ਜੁਟੇ ਰਹੇ। ਖੇਤਾਂ ਵਿੱਚ ਕਿਸਾਨ ਤੇ ਮਜ਼ਦੂਰ ਇੱਕੋ ਜਿਹੀ ਮੁਸ਼ੱਕਤ ਕਰਦੇ ਦੇਖੇ ਗਏ।
ਖੇਤਾਂ ਤੋਂ ਇਲਾਵਾ ਖ਼ਰੀਦ ਕੇਂਦਰਾਂ ਵਿੱਚ ਵੀ ਮਈ ਦਿਹਾੜੇ ਦੀ ਕੋਈ ਛੁੱਟੀ ਜਾਂ ਅਸਰ ਨਜ਼ਰ ਨਹੀਂ ਆਇਆ। ਮੰਡੀਆਂ ਵਿੱਚ ਮਜ਼ਦੂਰ ਸਾਰਾ ਦਿਨ ਕਣਕ ਦੀ ਝਰਾਈ, ਭਰਾਈ, ਤੁਲਾਈ ਅਤੇ ਸਿਲਾਈ ਵਿੱਚ ਮਸਰੂਫ਼ ਰਹੇ। ਇਸ ਦੇ ਨਾਲ ਹੀ ਬੋਰੀਆਂ ਦੀ ਚੁਕਾਈ ਅਤੇ ਲਦਾਈ ਦਾ ਕੰਮ ਵੀ ਆਮ ਵਾਂਗ ਚੱਲਦਾ ਰਿਹਾ।

