ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਮਾਰਚ
ਕੇਂਦਰ ਵੱਲੋਂ ਲਿਆਂਦੇ ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ ਸੰਸਦ ਤੋਂ ਸੜਕ ਤੱਕ ਸੰਘਰਸ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ ਦੇ ਨਾਲ ਸੂਬੇ ਵਿੱਚ ਭਾਜਪਾ ਆਗੂਆਂ ਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਪੱਕੇ ਧਰਨੇ ਜਾਰੀ ਹਨ। ਬੀਕੇਯੂ ਏਕਤਾ ਉਗਰਾਹਾਂ ਆਗੁ ਬਲੌਰ ਸਿੰਘ ਘਾਲੀ ਤੇ ਗੁਰਮੀਤ ਸਿੰਘ ਕਿਸ਼ਨਪੁਰਾ ਤੇ ਲਖਵੀਰ ਸਿੰਘ ਖੋਸਾ ਪਾਂਡੋ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 129ਵੇਂ ਤੇ ਅਡਾਨੀ ਅਨਾਜ ਭੰਡਾਰ ਅੱਗੇ ਪੱਕਾ ਧਰਨਾ 154ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਲਾਗੂ ਕਰਕੇ ਮੋਦੀ ਸਰਕਾਰ ਵੱਲੋਂ ਖ਼ੁਰਾਕ ਦੀ ਸੁਰੱਖਿਆ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ। ‘ਜ਼ਰੂਰੀ ਵਸਤਾਂ ਸੋਧ ਕਾਨੂੰਨ’ ਅਨੁਸਾਰ ਰੋਜ਼ਾਨਾ ਜ਼ਿਦਗੀ ’ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵੀ ਸਟੋਰ ਕਰਨ ਦੀ ਸੀਮਾ ਨੂੰ ਖਤਮ ਕਰਨਾ ਇੱਕ ਤਰ੍ਹਾਂ ਨਾਲ ਇਸ ਦੇਸ਼ ਦੀ ਆਬਾਦੀ ਨੂੰ ਭੁੱਖਮਰੀ ਦੇ ਖੂਹ ਵਿੱਚ ਸੁੱਟਣ ਦੀ ਤਿਆਰੀ ਹੈ।
ਇਸ ਮੌਕੇ ਕਿਸਾਨ ਬੀਬੀ ਮਹਿੰਦਰ ਕੌਰ ਬੁੱਟਰ ਤੇ ਮਹਿੰਦਰ ਕੌਰ ਸੱਦਾ ਸਿੰਘ ਵਾਲਾ ਨੇ ਮੋਦੀ ਸਰਕਾਰ ਨੂੰ ਲਲਕਾਰਦੇ ਆਖਿਆ ਕਿ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਕੇਂਦਰ ਸਰਕਾਰ ਨੂੰ ਆਪਣਾ ਦਮ ਦਿਖਾਉਣਗੀਆਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਆਖਰ ਕਿਸਾਨਾਂ ਅੱਗੇ ਝੁਕਣਾ ਪਵੇਗਾ ਤੇ ਕਾਲੇ
ਟੱਲੇਵਾਲ (ਲਖਵੀਰ ਸਿੰਘ ਚੀਮਾ) ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸੇ ਸੰਘਰਸ਼ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ 8 ਮਾਰਚ ਨੂੰ ਵਿਸ਼ਵ ਔਰਤ ਦਿਵਸ ਦਿੱਲੀ ਦੀਆਂ ਹੱਦਾਂ ’ਤੇ ਪੱਕੇ ਮੋਰਚੇ ਵਿੱਚ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡਾਂ ਵਿੱਚ ਔਰਤਾਂ ਦੀ ਲਾਮਬੰਦੀ ਤੇਜ਼ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਅੱਜ ਪਿੰਡ ਚੀਮਾ ਵਿੱਚ ਔਰਤਾਂ ਦੀ ਪਿੰਡ ਇਕਾਈ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਕਰਨੈਲ ਸਿੰਘ ਥਿੰਦ, ਜਗਤਾਰ ਸਿੰਘ ਅਤੇ ਇਕਾਈ ਪ੍ਰਧਾਨ ਸੁਰਜੀਤ ਕੌਰ ਅਤੇ ਮੀਤ ਪ੍ਰਧਾਨ ਚਰਨਜੀਤ ਕੌਰ ਨੇ ਦੱਸਿਆ ਕਿ 8 ਮਾਰਚ ਨੂੰ ਔਰਤ ਦਿਵਸ ਮਨਾਉਣ ਲਈ 7 ਨੂੰ ਉਨ੍ਹਾਂ ਦੇ ਕਾਫ਼ਲੇ ਦਿੱਲੀ ਨੂੰ ਰਵਾਨਾ ਹੋਣਗੇ। ਜਿਸ ਲਈ 5 ਮਾਰਚ ਨੂੰ ਪਿੰਡਾਂ ਵਿੱਚ ਔਰਤਾਂ ਵੱਲੋਂ ਟਰੈਕਟਰ ਮਾਰਚ ਕੀਤੇ ਜਾਣਗੇ। ਇਸ ਲਈ ਅੱਜ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਅੰਦੋਲਨ ਦੌਰਾਨ ਔਰਤਾਂ ਦੀ ਵੱਡੀ ਭੂਮਿਕਾ ਉਭਰ ਕੇ ਸਾਹਮਣੇ ਆਈ ਹੈ। ਜੋ ਇੱਕ ਚੰਗਾ ਪੱਖ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 8 ਮਾਰਚ ਨੂੰ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਮਨਾਏ ਜਾਣ ਵਾਲੇ ਕੌਮਾਂਤਰੀ ਮਹਿਲਾ ਦਿਵਸ ਦੀ ਤਿਆਰੀ ਵਜੋਂ ਅੱਜ ਪਿੰਡ ਚੱਕ ਰਾਮ ਸਿੰਘ ਵਾਲਾ, ਚੱਕ ਫ਼ਤਿਹ ਸਿੰਘ ਵਾਲਾ ਅਤੇ ਲਹਿਰਾ ਬੇਗਾ ਵਿੱਚ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਆਗੂ ਅਵਤਾਰ ਸਿੰਘ, ਸਿਮਰਜੀਤ ਸਿੰਘ, ਕਰਮਜੀਤ ਕੌਰ, ਹਰਨੇਕ ਸਿੰਘ ਪੱਪੀ ਅਤੇ ਗੁਰਜੰਟ ਸਿੰਘ ਨੇ ਕਿਹਾ ਕਿ 5 ਤੇ 6 ਮਾਰਚ ਨੂੰ ਬਲਾਕ ਦੇ ਪਿੰਡਾਂ ਵਿੱਚ ਸਿਰਫ ਔਰਤਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾਵੇਗਾ। ਜਿਸ ਵਿੱਚ ਚਾਲਕ ਵਜੋਂ ਇੱਕ ਕਿਸਾਨ ਹੀ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਘਰ ਘਰ ਜਾ ਕੇ ਬੀਬੀਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣਗੀਆਂ ਤਾਂ ਜੋ ਸਾਧਨਾਂ ’ਤੇ ਦਿੱਲੀ ਰਹਿਣ ਦਾ ਸਹੀ ਪ੍ਰਬੰਧ ਕੀਤਾ ਜਾ ਸਕੇ।
ਮਹਿਲ ਕਲਾਂ ਦੇ ਪੱਕੇ ਮੋਰਚੇ ਵਿੱਚ ਵਧਣ ਲੱਗਾ ਔਰਤਾਂ ਦਾ ਇਕੱਠ
ਮਹਿਲ ਕਲਾਂ (ਨਵਕਿਰਨ ਸਿੰਘ) ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਹਿਲ ਕਲਾਂ ਦੇ ਮੁਕੰਮਲ ਬੰਦ ਦੌਰਾਨ ਚੱਲ ਰਿਹਾ ਪੱਕਾ ਕਿਸਾਨ ਮੋਰਚਾ ਅੱਜ 153ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਪੱਕੇ ਕਿਸਾਨ ਮੋਰਚੇ ’ਤੇ ਹੁਣ ਔਰਤਾਂ ਦਾ ਇਕੱਠ ਪਹਿਲਾਂ ਦੇ ਮੁਕਾਵਲੇ ਵਧਣ ਲੱਗਾ ਹੈ ਤੇ 153 ਦਿਨਾਂ ਦੇ ਧਰਨੇ ਦੀ ਇਹ ਇੱਕ ਵੱਡੀ ਪ੍ਰਾਪਤੀ ਹੈ ਕਿ ਅੱਧੀ ਦਰਜਨ ਔਰਤਾਂ ਬੁਲਾਰੇ ਦੇ ਤੌਰ ’ਤੇ ਸਟੇਜ ਤੋਂ ਸੰਬੋਧਨ ਕਰਨ ਲੱਗੀਆਂ ਹਨ ਤੇ ਸਟੇਜ ਸਕੱਤਰ ਤੱਕ ਦੀ ਜ਼ਿੰਮੇਵਾਰੀ ਨਿਭਾਅ ਰਹੀਆਂ ਹਨ।ਅੱਜ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਕਿਰਨਜੀਤ ਕੌਰ, ਜਸਬੀਰ ਕੌਰ, ਮਲਕੀਤ ਮਹਿਲ ਕਲਾਂ, ਗੁਰਮੇਲ ਸਿੰਘ ਠੁੱਲੀਵਲ, ਗੋਬਿੰਦਰ ਸਿੰਘ ਮਹਿਲ ਕਲਾਂ, ਜਗਤਾਰ ਸਿੰਘ ਛੀਨੀਵਾਲ, ਸ਼ਿੰਦਰ ਕੌਰ, ਸੁਖਵਿੰਦਰ ਸਿੰਘ,ਸੁਖਦੇਵ ਸਿੰਘ ਕੁਰੜ, ਸੁਖਦੇਵ ਸਿੰਘ, ਐਡਵੋਕੇਟ ਜਸਵੀਰ ਸਿੰਘ ਆਦਿ ਨੇ ਕਿਹਾ ਕਿ 6 ਮਾਰਚ ਨੂੰ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਬਾਰਡਰ ’ਤੇ ਕੇਐੱਮਪੀ ਰੋਡ ਜਾਮ ਕੀਤਾ ਜਾਵੇਗਾ ਤਦ ਮਹਿਲ ਕਲਾਂ ਵਿੱਚ ਔਰਤਾਂ ਵੱਲੋਂ ਕਾਲੀਆਂ ਚੁੰਨੀਆਂ ਪਹਿਨ ਕੇ ਮੋਦੀ ਹਕੂਮਤ ਨੂੰ ਲਾਹਨਤਾ ਪਾਈਆਂ ਜਾਣਗੀਆ ਤੇ ਔਰਤਾਂ ਦਾ ਇੱਕ ਵਿਸ਼ਾਲ ਕਾਫਲਾ 8 ਮਾਰਚ ਨੂੰ ਔਰਤ ਦਿਵਸ ਮਨਾਉਣ ਲਈ ਦਿੱਲੀ ਨੂੰ ਰਵਾਨਾ ਹੋਵੇਗਾ।