ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 24 ਜੁਲਾਈ
ਪਿੰਡ ਸੰਧਵਾਂ ਵਿੱਚ ਔਰਤ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਔਰਤ ਦੀ ਪਛਾਣ ਭਾਗਿਆ ਸ਼੍ਰੀ ਵਾਸੀ ਬੀਕਾਨੇਰ ਰਾਜਸਥਾਨ ਵਜੋਂ ਹੋਈ ਹੈ। ਉਹ ਆਪਣੇ ਪਤੀ ਨਾਲ ਸੰਧਵਾਂ ਵਿੱਚ ਰਹਿ ਰਹੀ ਸੀ। ਦੁਪਹਿਰੇ ਥਾਣਾ ਸਦਰ ’ਚ ਸੂਚਨਾ ਮਿਲੀ ਕਿ ਪਿੰਡ ਸੰਧਵਾਂ ’ਚ ਰੇਲਵੇ ਦੇ ਇਕ ਕੁਆਰਟਰ ਵਿੱਚ ਪੱਖੇ ਨਾਲ ਔਰਤ ਦੀ ਲਾਸ਼ ਲਟਕ ਰਹੀ ਹੈ।
ਥਾਣਾ ਸਦਰ ਦੇ ਸਹਾਇਕ ਥਾਣੇਦਾਰ ਰਾਜ ਸਿੰਘ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਲਾਸ਼ ਨੂੰ ਥੱਲੇ ਲਾਹਿਆ ਤੇ ਇਸ ਦੀ ਜਾਣਕਾਰੀ ਭਾਗਿਆ ਸ਼੍ਰੀ ਦੇ ਪਰਿਵਾਰਕ ਮੈਂਬਰ ਨੂੰ ਬੀਨਾਕੇਰ ਫ਼ੋਨ ਕਰ ਕੇ ਦਿੱਤੀ। ਥਾਣਾ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਦੱਸਦੇ ਹਨ ਕਿ ਜਦ ਪੁਲੀਸ ਮੌਕੇ ’ਤੇ ਪਹੁੰਚੀ, ਇਸ ਤੋਂ ਪਹਿਲਾਂ ਔਰਤ ਨੇ ਦਮ ਤੋੜ ਦਿੱਤਾ ਸੀ।
ਭਾਗਿਆ ਸ਼੍ਰੀ ਦੇ ਪਿਤਾ ਪਵਨ ਕੁਮਾਰ ਨੇ ਥਾਣਾ ਸਦਰ ਵਿੱਚ ਪਹੁੰਚ ਕੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੀ ਲੜਕੀ ਦੀ ਸ਼ਾਦੀ 25 ਅਕਤੂਬਰ 2020 ਵਿੱਚ ਸੁਨੀਲ ਨਾਲ ਕੀਤੀ ਸੀ। ਵਿਆਹ ਉੱਤੇ 20 ਲੱਖ ਰੁਪਏ ਖਰਚ ਕੀਤੇ ਸਨ ਪਰ ਸੁਨੀਲ ਨੇ ਦਾਜ ਦੀ ਹੋਰ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਤੰਗ ਆ ਕੇ ਉਨ੍ਹਾਂ ਦੀ ਲੜਕੀ ਨੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ ’ਤੇ ਸੁਨੀਲ ਵਿਰੁੱਧ ਭਾਰਤੀ ਦੰਡ ਦੀ ਧਾਰਾ 304-ਬੀ ਤਹਿਤ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਸੁਨੀਲ ਇਸ ਘਟਨਾ ਤੋਂ ਬਾਅਦ ਰੂਪੋਸ਼ ਹੋ ਗਿਆ ਹੈ ਜਿਸ ਦੀ ਪੁਲੀਸ ਭਾਲ ਕਰ ਰਹੀ ਹੈ।