Winning Councilors Visit Takht Sri Damdama Sahib: ਜੇਤੂ ਕੌਂਸਲਰ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ
ਚੋਣਾਂ ’ਚ ਜਿੱਤ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ
ਨਗਰ ਕੌਂਸਲ ਰਾਮਾਂ ਮੰਡੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ 15 ਵਿੱਚੋਂ 13 ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕਰਨ ਮਗਰੋਂ ਪਾਰਟੀ ਦੇ ਜੇਤੂ ਕੌਂਸਲਰਾਂ ਨੇ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਗਿਆ। ਵਿਧਾਇਕਾ ਬਲਜਿੰਦਰ ਕੌਰ ਨਾਲ ਜੇਤੂ ਕੌਂਸਲਰ ਅਸ਼ੋਕ ਕੁਮਾਰ ਗੋਇਲ, ਸੁਖਵੰਤ ਸਿੰਘ ਕਾਲਾ ਰਾਮਾਂ, ਵਿਜੈਪਾਲ, ਸ਼ਿਵਾਨੀ ਗੋਇਲ, ਰੁਚਿਕਾ ਗੋਇਲ, ਰਾਜੂ, ਬੀਨਾ ਰਾਣੀ, ਪਰਮਪ੍ਰੀਤ ਕੌਰ, ਪੂਜਾ ਰਾਣੀ, ਰਾਕੇਸ਼ ਕੰਬੋਜ, ਨੀਰੂ ਬਾਂਸਲ ਅਤੇ ਬਿਨਾਂ ਮੁਕਾਬਲਾ ਜੇਤੂ ਰਹੇ ਕਰਮਜੀਤ ਕੌਰ ਅਤੇ ਬਲਵਿੰਦਰ ਸਿੰਘ ਮੌਜੂਦ ਸਨ। ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਕੀਰਤਨ ਸਰਵਣ ਕੀਤਾ ਅਤੇ ਜਿੱਤ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੋਕ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ’ਤੇ ਭਰੋਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਚੋਣ ਨਤੀਜੇ ਇਹ ਸੰਕੇਤ ਵੀ ਦਿੰਦੇ ਹਨ ਕਿ ਲੋਕ ਸੂਬੇ ਵਿੱਚ ਵਿਕਾਸ ਅਤੇ ਬਦਲਾਅ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ। ਵਿਧਾਇਕਾ ਨੇ ਚੋਣਾਂ ਦੌਰਾਨ ਸਹਿਯੋਗ ਦੇਣ ਲਈ ਵੋਟਰਾਂ, ਵਰਕਰਾਂ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਮਹਿਲਾ ਕਮਿਸ਼ਨ ਦੀ ਮੈਂਬਰ ਜਸਵਿੰਦਰ ਕੌਰ, ਸਰਪੰਚ ਗੁਰਤੇਜ ਸਿੰਘ ਜੋਗੇਵਾਲਾ ਅਤੇ ਅਲਬੇਲ ਸਿੰਘ ਰਾਮਾਂ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

