ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਜੂਨ
ਇਥੇ ਤਿੰਨ ਮਹੀਨੇ ਪਹਿਲਾਂ ਹੋਈ ਨਗਰ ਨਿਗਮ ਚੋਣ ’ਚ ਹਾਕਮ ਧਿਰ ਵਿਧਾਇਕ ਦੀ ਪਤਨੀ ਦੀ ਬੇਸ਼ਕ ਕੌਂਸਲਰ ਦੀ ਚੋਣ ਹਾਰ ਗਈ ਅਤੇ ਮੇਅਰ ਬਣਨ ਦਾ ਸੁਪਨਾ ਪੂਰਾ ਨਾ ਹੋਣ ਉੱਤੇ ਵੀ ਨਗਰ ਨਿਗਮ ਵਿੱਚ ਬੱਲੇ ਬੱਲੇ ਅਤੇ ਸਰਦਾਰੀ ਕਾਇਮ ਹੈ। ਵਿਧਾਇਕ ਪਤਨੀ ਦੇ ਚੋਣ ਹਾਰ ਜਾਣ ਕਾਰਨ ਹੀ ਨੀਤਿਕਾ ਭੱਲਾ ਨੂੰ ਇਹ ਵਕਾਰੀ ਅਹੁਦਾ ਨਸੀਬ ਹੋਇਆ ਹੈ। ਵਿਧਾਇਕ ਪਤਨੀ ਦੀਆਂ ਮੇਅਰ ਨਾਲ ਦਫ਼ਤਰ ’ਚ ਬਾਰਬਰ ਦੀ ਕੁਰਸੀ ’ਤੇ ਬੈਠਦੀ ਹੈ। ਨਿਗਮ ਮੇਅਰ ਨੀਤਿਕਾ ਭੱਲਾ ਨੇ ਵਿਧਾਇਕ ਪਤਨੀ ਦੇ ਨਾਲ ਬੈਠਣ ਦੀ ਪੁਸ਼ਟੀ ਕਰਦੇ ਆਖਿਆ ਕਿ ਉਹ ਉਸ ਦੀ ਮਦਦ ਕਰਦੇ ਹਨ। ਮੇਅਰ ਨੇ ਪਾਰਟੀ ਅੰਦਰਲੇ ਵਿਰੋਧੀਆਂ ਵੱਲੋਂ ਤਸਵੀਰਾਂ ਵਾਇਰਲ ਕਰਨ ਉੱਤੇ ਆਖਿਆ ਕਿ ਉਹ ਬਗੈਰ ਕਿਸੇ ਭੇਤਭਾਵ ਵਿਕਾਸ ਤੇ ਲੋਕ ਸੇਵਾ ਵਿੱਚ ਵਿਸ਼ਵਾਸ ਰਖਦੇ ਹਨ। ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਇਹ ਸਿਰਫ਼ ਪ੍ਰੋਟੋਕਾਲ ਦੀ ਉਲੰਘਣਾਂ ਹੀ ਨਹੀਂ ਸਗੋਂ ਲੋਕਤੰਤਰ ਦਾ ਮਜ਼ਾਕ ਹੈ। ਵਿਧਾਇਕ ਦੀ ਪਤਨੀ ਦਾ ਮੇਅਰ ਨਾਲ ਬੈਠਣ ਦਾ ਰਾਜ ਕਿਸੇ ਤੋਂ ਛੁਪਿਆ ਨਹੀਂ ਅਤੇ ਮਤਲਬ ਸਾਰੇ ਲੋਕ ਸਮਝਦੇ ਹਨ। ਆਮ ਆਦਮੀ ਪਾਰਟੀ ਬੁਲਾਰੇ ਅਤੇ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਕਾਂਗਰਸ ਰਾਜ ਵਿੱਚ ਇਥੇ ਮੇਅਰ ਨਾਲ ਵਿਧਾਇਕ ਦੀ ਪਤਨੀ ਦਾ ਨਾਲ ਬੈਠਣਾ ਕੋਈ ਨਵੀਂ ਗੱਲ ਨਹੀਂ ਸੂਬੇ ’ਚ ਮਹਿਲਾ ਕੈਬਨਿਟ ਵਜ਼ੀਰ ਦਾ ਪਤੀ ਪ੍ਰਸ਼ਾਸਨ ਨੂੰ ਹੁਕਮ ਚਾੜਦਾ ਹੈ। ਚੋਣਾਂ ਵਿੱਚ ਹਾਕਮ ਧਿਰ ਦੀ ਹਾਲਤ ਇੰਨੀ ਮਾੜੀ ਰਹੀ ਹੈ ਕਿ 50 ਵਿੱਚੋਂ 20 ਕੌਂਸਲਰ ਹੀ ਚੋਣ ਜਿੱਤ ਸਕੇ। ਕਾਂਗਰਸ ਦੀ ਇੰਨੀ ਮਾੜੀ ਹਾਲਤ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ।