whitefly infestation: ਚਿੱਟੀ ਮੱਖੀ: ਖੇਤੀ ਵਿਭਾਗ ਨੇ ਜਾਗਰੂਕਤਾ ਕੈਂਪ ਸ਼ੁਰੂ ਕੀਤੇ
ਚਿੱਟੀ ਮੱਖੀ ਤੋਂ ਘਬਰਾਏ ਮਾਲਵੇ ਦੇ ਕਿਸਾਨਾਂ ਦੇ ਹੌਸਲੇ ਬੁਲੰਦ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਜ਼ਿਲ੍ਹਾ ਪੱਧਰੀ ਕੈਂਪ ਲਾਉਣੇ ਆਰੰਭ ਕਰ ਦਿੱਤੇ ਗਏ ਹਨ। ਅਜਿਹਾ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਮਾਨਸਾ ਵਿੱਚ ਆਤਮਾ ਸਕੀਮ ਅਧੀਨ...
ਚਿੱਟੀ ਮੱਖੀ ਤੋਂ ਘਬਰਾਏ ਮਾਲਵੇ ਦੇ ਕਿਸਾਨਾਂ ਦੇ ਹੌਸਲੇ ਬੁਲੰਦ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਜ਼ਿਲ੍ਹਾ ਪੱਧਰੀ ਕੈਂਪ ਲਾਉਣੇ ਆਰੰਭ ਕਰ ਦਿੱਤੇ ਗਏ ਹਨ। ਅਜਿਹਾ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਮਾਨਸਾ ਵਿੱਚ ਆਤਮਾ ਸਕੀਮ ਅਧੀਨ ਲਾਇਆ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਨਰਮੇ ਦੀ ਫ਼ਸਲ ਦੀ ਸਮੇਂ ਸਿਰ ਸਿੰਜਾਈ ਯਕੀਨੀ ਬਣਾਈ ਜਾਵੇ। ਫ਼ਸਲ ਵਿੱਚ ਲੋੜ ਅਨੁਸਾਰ ਨਮੀ ਬਣੀ ਰਹਿਣ ਨਾਲ ਪੌਦੇ ਤੰਦਰੁਸਤ ਰਹਿੰਦੇ ਹਨ ਅਤੇ ਕੀੜੇਮਾਰ ਦਵਾਈਆਂ ਦਾ ਪ੍ਰਭਾਵ ਵੀ ਵਧੀਆ ਢੰਗ ਨਾਲ ਹੁੰਦਾ ਹੈ। ਇਸ ਸਿਖਲਾਈ ਦਾ ਮੁੱਖ ਉਦੇਸ਼ ਕਿਸਾਨਾਂ ਦੇ ਪਹਿਲਾਂ ਤੋਂ ਮੌਜੂਦ ਗਿਆਨ ਅਤੇ ਤਜਰਬੇ ਦਾ ਮੁਲਾਂਕਣ ਕਰ ਕੇ ਉਨ੍ਹਾਂ ਨੂੰ ਨਵੀਨਤਮ ਵਿਗਿਆਨਕ ਖੇਤੀ ਤਕਨੀਕਾਂ ਬਾਰੇ ਉੱਨਤ ਸਿਖਲਾਈ ਪ੍ਰਦਾਨ ਕਰਨਾ ਹੈ।
ਸਿਖਲਾਈ ਕੈਂਪ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਮਾਹਿਰਾਂ ਵੱਲੋਂ ਨਰਮੇ ਦੀ ਫ਼ਸਲ ਉਪਰ ਚਿੱਟੀ ਮੱਖੀ ਦੇ ਹਮਲੇ ਲਈ ਮੌਨਸੂਨ ਦੇ ਲੇਟ ਹੋਣ ਨੂੰ ਵੀ ਦੱਸਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਫ਼ਸਲ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ, ਜਿਸ ਕਰ ਕੇ ਇਸ ਰਸ ਚੂਸਕ ਮੱਖੀ ਦਾ ਹਮਲਾ ਹੋ ਗਿਆ ਹੈ। ਇਸ ਮੌਕੇ ਅਜੀਤ ਪਾਲ ਸਿੰਘ, ਰਣਵੀਰ ਸਿੰਘ, ਤੇਜਪਾਲ ਸਿੰਘ ਸਰਾਂ, ਡਾ. ਗੁਰਪ੍ਰੀਤ ਸਿੰਘ, ਗੁਰਵੀਰ ਸਿੰਘ, ਅਮਨਦੀਪ ਸਿੰਘ ਤੇ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਦੇ ਕੁਝ ਪਿੰਡਾਂ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਸਾਹਮਣੇ ਆਏ ਹਨ। ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ। ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ, ਸੱਤ ਬਲਾਕ ਅਤੇ 44 ਸਰਕਲ ਪੱਧਰੀ ਟੀਮਾਂ ਹਫ਼ਤੇ ਵਿੱਚ ਦੋ ਵਾਰ ਖੇਤਾਂ ਦੀ ਜਾਂਚ ਕਰ ਰਹੀਆਂ ਹਨ। ਟੀਮਾਂ ਹਰ ਹਫ਼ਤੇ ਖੇਤਾਂ ਦਾ ਦੋ ਵਾਰ ਦੌਰਾ ਕਰ ਰਹੀਆਂ ਹਨ। ਪੀ ਏ ਯੂ ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਫੁੱਲ ਅਤੇ ਟੀਂਡੇ ਬਣਨ ਦੇ ਪੜਾਅ ਦੌਰਾਨ ਖੇਤਾਂ ਦੀ ਨਿਗਰਾਨੀ ਲਾਜ਼ਮੀ ਹੈ। ਗੁਲਾਬੀ ਸੁੰਡੀ ਟੀਂਡੇ ਦੇ ਅੰਦਰ ਦਾਖ਼ਲ ਹੋਣ ਤੋਂ ਬਾਅਦ ਇਸ ਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਹੈ। ਉਨ੍ਹਾਂ ਖੇਤਾਂ ਨੇੜੇ ਪਈਆਂ ਛਿਟੀਆਂ ਦੀ ਰਹਿੰਦ-ਖੂੰਹਦ ਖ਼ਤਮ ਕਰਨ ਦੀ ਅਪੀਲ ਕੀਤੀ।

