ਨਰਮੇ ਉਪਰ ਚਿੱਟੀ ਮੱਖੀ ਦਾ ਹਮਲਾ, ਘਬਰਾਏ ਕਿਸਾਨਾਂ ਵਲੋਂ ਸਪਰੇਅ-ਦਰ-ਸਪਰੇਅ

ਨਰਮੇ ਉਪਰ ਚਿੱਟੀ ਮੱਖੀ ਦਾ ਹਮਲਾ, ਘਬਰਾਏ ਕਿਸਾਨਾਂ ਵਲੋਂ ਸਪਰੇਅ-ਦਰ-ਸਪਰੇਅ

ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਗਸਤ

ਕਪਾਹ ਪੱਟੀ ਵਿਚ ਬੀਟੀ ਕਾਟਨ ਉਪਰ ਹਰਾ ਤੇਲਾ ਅਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ, ਜਿਸ ਤੋਂ ਘਬਰਾਕੇ ਕੁੱਝ ਕਿਸਾਨਾਂ ਨੇ ਆਪਣੀ ਫ਼ਸਲ ਦੇ ਬਚਾਅ ਲਈ ਸਪਰੇਆਂ ਕਰਨੀਆਂ ਵੀ ਆਰੰਭ ਕਰ ਦਿੱਤੀਆਂ ਹਨ। ਖੇਤੀ ਵਿਭਾਗ ਨੇ ਕਿਸਾਨਾਂ ਨੂੰ ਵੇਖਾ-ਵੇਖੀ ਸਪੇਰਆਂ ਕਰਨ ਤੋਂ ਵਰਜਿਆ ਹੈ। ਮਹਿਕਮੇ ਦੇ ਮਾਹਿਰਾਂ ਨੇ ਇਸ ਹਮਲੇ ਨੂੰ ਮਾਮੂਲੀ ਮੰਨਿਆ ਹੈ ਅਤੇ ਇਸ ਨੂੰ ਈਟੀਐੱਲ ਲੈਵਲ ਤੋਂ ਥੱਲੇ ਕਰਾਰ ਦਿੱਤਾ ਹੈ। ਬੇਸ਼ੱਕ ਕਿਸਾਨਾਂ ਵਲੋਂ ਨਰਮੇ ਦੀ ਫ਼ਸਲ ਉਤੇ ਹਰੇ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਲਈ ਅਨੇਕਾਂ ਥਾਵਾਂ 'ਤੇ ਸਪਰੇਆਂ ਛਿੜਕਣ ਦੇ ਮਾਮਲੇ ਵੀ ਸਾਹਮਣੇ ਆਏ ਹਨ ਪਰ ਵਿਭਾਗ ਵੱਲੋਂ ਕੀਤੇ ਤਾਜ਼ਾ ਸਰਵੇਖਣ ਦੌਰਾਨ ਇਸ ਹਮਲੇ ਦਾ ਮਾਮਲਾ ਖੇਤਾਂ ਵਿਚ ਕਿਧਰੇ ਵੀ ਖੁੱਲਕੇ ਸਾਹਮਣੇ ਨਹੀਂ ਆਇਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦਾਅਵਾ ਕੀਤਾ ਕਿ ਪਿੰਡ ਦਸੌਧੀਆਂ, ਭੰਮੇ ਕਲਾਂ, ਕੋਟਧਰਮੂ, ਭੰਮੇ ਖੁਰਦ, ਝੁਨੀਰ, ਝੰਡੂਕੇ, ਫੱਤਾ ਮਾਲੌਕਾ, ਚਹਿਲਾਂਵਾਲੀ ਦੇ ਖੇਤਾਂ ਵਿੱਚ ਸੈਂਕੜੇ ਏਕੜ ਫ਼ਸਲ ਚਿੱਟੀ ਮੱਖੀ ਨੇ ਚੱਟ ਦਿੱਤੀ ਹੈ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਮਨਜੀਤ ਸਿੰਘ ਤੇ ਸਹਾਇਕ ਅਫ਼ਸਰ ਡਾ. ਮਨੋਜ ਕੁਮਾਰ ਨੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਦੱਸਿਆ ਕਿ ਹਰੇ ਤੇਲੇ ਤੇ ਚਿੱਟੀ ਮੱਖੀ ਦਾ ਭਾਵੇਂ ਕਿਤੇ-ਕਿਤੇ ਹਮਲਾ ਹੋ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਦਾ ਕਹਿਣਾ ਹੈ ਕਿ ਇੱਕ-ਦੋ ਦਿਨਾਂ ਵਿੱਚ ਮੀਂਹ ਪੈਣ ਨਾਲ ਨਰਮੇ ਉਪਰ ਹਮਲਾ ਕਰਨ ਵਾਲੇ ਸਭ ਜੀਵ-ਜੰਤੂਆਂ ਦਾ ਖਾਤਮਾ ਹੋ ਜਾਣਾ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All