ਧੁੱਪ ਨਾ ਨਿਕਲਣ ਕਾਰਨ ਕਣਕ ਪੀਲੀ ਪੈਣ ਲੱਗੀ

ਅਗੇਤੀਆਂ ਲਾਈਆਂ ਸ਼ਿਮਲਾ ਮਿਰਚਾਂ, ਚੱਪਣ ਕੱਦੂ, ਆਲੂ, ਮਟਰ ਸਣੇ ਹੋਰ ਵੇਲਦਾਰ ਸਬਜ਼ੀਆਂ ਦਾ ਵੀ ਹੋ ਰਿਹੈ ਨੁਕਸਾਨ

ਧੁੱਪ ਨਾ ਨਿਕਲਣ ਕਾਰਨ ਕਣਕ ਪੀਲੀ ਪੈਣ ਲੱਗੀ

ਪਿੰਡ ਭੈਣੀਬਾਘਾ ਵਿੱਚ ਪੀਲੀ ਪੈ ਰਹੀ ਕਣਕ ਦਿਖਾਉਂਦੇ ਹੋਏ ਕਿਸਾਨ।

ਜੋਗਿੰਦਰ ਸਿੰਘ ਮਾਨ

ਮਾਨਸਾ, 21 ਜਨਵਰੀ

ਧੁੱਪ ਨਾ ਨਿਕਲਣ ਕਾਰਨ ਮਾਲਵਾ ਖੇਤਰ ਵਿੱਚ ਕਣਕ ਦੀ ਫ਼ਸਲ ਪੀਲੀ ਪੈਣ ਸਣੇ ਆਲੂ, ਮਟਰ ਤੇ ਹੋਰ ਅਗੇਤੀਆਂ ਲਾਈਆਂ ਸਬਜ਼ੀਆਂ ਦਾ ਨੁਕਸਾਨ ਹੋਣ ਲੱਗਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸੂਰਜ ਨਾ ਨਿਕਲਣ ਕਾਰਨ ਖੇਤਾਂ ’ਚੋਂ ਮੀਂਹ ਦਾ ਪਾਣੀ ਸੁੱਕ ਨਹੀਂ ਰਿਹਾ, ਜਿਸ ਕਰ ਕੇ ਆਲੂ ਤੇ ਮਟਰਾਂ ਦੀਆਂ ਫ਼ਸਲਾਂ ਬਰਾਬਦ ਹੋਣ ਲੱਗੀਆਂ ਹਨ। ਹਰ ਰੋਜ਼ ਹਲਕੀਆਂ-ਫੁਲਕੀਆਂ ਕਣੀਆਂ ਪੈਣ ਕਰ ਕੇ ਅਗੇਤੀਆਂ ਲਾਈਆਂ ਸ਼ਿਮਲਾ ਮਿਰਚਾਂ, ਚੱਪਣ ਕੱਦੂ, ਖਰਬੂਜ਼ਾ, ਤੋਰੀ, ਕਰੇਲਾ ਅਤੇ ਕੱਦੂ ਸਮੇਤ ਹੋਰ ਵੇਲਦਾਰ ਸਬਜ਼ੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਬਜ਼ੀਆਂ ਦਾ ਬੀਜ ਮਹਿੰਗਾ ਆਉਂਦਾ ਹੈ। ਇਸ ਇਲਾਕੇ ਵਿੱਚ ਥੋੜ੍ਹੀਆਂ ਜ਼ਮੀਨਾਂ ਵਾਲੇ ਬਹੁਤੇ ਲੋਕ ਸਬਜ਼ੀਆਂ ਸਹਾਰੇ ਹੀ ਪਰਿਵਾਰ ਪਾਲਦੇ ਹਨ।

ਕਿਸਾਨ ਆਗੂ ਨੇ ਕਿਹਾ ਕਿ ਮੌਸਮ ਸਿੱਲ੍ਹਾ ਹੋਣ ਕਾਰਨ ਫ਼ਸਲਾਂ ਦੀਆਂ ਜੜ੍ਹਾਂ ਗਲਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਹਾੜ੍ਹੀ ਦੀ ਫ਼ਸਲ ਨੂੰ ਧੁੱਪ ਦੀ ਲੋੜ ਹੈ ਅਤੇ ਠਰੀ ਹੋਈ ਧਰਤੀ ’ਤੇ ਯੂਰੀਆ ਖਾਦ ਖਿਲਾਰਨ ਦੀ ਜ਼ਰੂਰਤ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਅਤੇ ਪੰਜਾਬ ਸਰਕਾਰ ਨੂੰ ਯੂਰੀਆ ਖਾਦ ਦੀ ਘਾਟ ਪੂਰੀ ਕਰਨ ਦੀ ਅਪੀਲ ਕੀਤੀ ਹੈ।

ਬੀਕੇਯੂ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਲਗਾਤਾਰ ਪੈ ਰਹੀ ਕਿਣ-ਮਿਣ ਕਾਰਨ ਖੇਤਾਂ ’ਚੋਂ ਪਾਣੀ ਨਹੀਂ ਸੁੱਕ ਰਿਹਾ। ਇਸ ਕਰ ਕੇ ਫ਼ਸਲਾਂ ਦੀਆਂ ਜੜ੍ਹਾਂ ਗਲ ਰਹੀਆਂ ਹਨ। ਇਸ ਕੁਦਰਤੀ ਮਾਰ ਦਾ ਖੇਤੀ ਵਿਭਾਗ ਕੋਲ ਵੀ ਕੋਈ ਇਲਾਜ ਨਹੀਂ ਹੈ। 

ਮੀਂਹ ਅਤੇ ਗੜੇ ਪੈਣ ਦੀ ਚਿਤਾਵਨੀ

ਮਾਨਸਾ: ਮਾਲਵਾ ਖੇਤਰ ਵਿੱਚ ਇਸ ਵਾਰ ਜਨਵਰੀ ਮਹੀਨੇ ਦੇ ਮੌਸਮ ਨੇ ਠੰਢ ਵਾਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਮੌਸਮ ਮਹਿਕਮੇ ਨੇ ਦਿੱਤੇ ਚਿਤਾਵਨੀ ਮੁਤਾਬਕ ਹੁਣ ਇਸ ਖੇਤਰ ਵਿੱਚ 22 ਅਤੇ 23 ਜਨਵਰੀ ਨੂੰ ਮੁੜ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਕਈ ਥਾਵਾਂ ’ਤੇ ਗੜੇ ਪੈਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਦੱਸਿਆ ਕਿ ਗਿਆ ਹੈ ਕਿ ਮਾਨਸਾ ਤੋਂ ਇਲਾਵਾ ਬਰਨਾਲਾ, ਬਠਿੰਡਾ, ਮੋਗਾ, ਮੁਕਤਸਰ ਸਾਹਿਬ, ਫ਼ਰੀਦਕੋਟ, ਫਾਜ਼ਿਲਕਾ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਲਗਾਤਾਰ ਦੋ ਦਿਨ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਖੇਤਾਂ ਨੂੰ ਪਾਣੀ ਲਾਉਣਾ ਬਿਲਕੁਲ ਬੰਦ ਕਰਨਾ ਚਾਹੀਦਾ ਹੈ।

ਘਿਓ ਵਾਂਗ ਕੰਮ ਕਰੇਗਾ ਮੀਂਹ: ਖੇਤੀ ਵਿਗਿਆਨੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ. ਐੱਸ ਰੋਮਾਣਾ ਨੇ ਕਿਹਾ ਕਿ ਖੇਤਾਂ ਵਿੱਚ ਲਗਾਤਾਰ ਪਾਣੀ ਖੜ੍ਹਨ ਕਾਰਨ ਭਾਵੇਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਪਰ ਅੰਬਰਾਂ ਤੋਂ ਡਿੱਗੇ ਇਸ ਪਾਣੀ ਨੇ ਫ਼ਸਲਾਂ ’ਤੇ ਘਿਓ ਵਾਂਗ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਸੁੱਕ ਗਿਆ ਤਾਂ ਉਸ ਵਿੱਚ ਯੂਰੀਆ ਖਾਦ ਦੀ ਰਹਿੰਦੀ ਖੁਰਾਕ ਪੂਰੀ ਕੀਤੀ ਜਾਵੇ ਅਤੇ ਜੇ ਪਹਿਲਾਂ ਹੀ ਯੂਰੀਆ ਖਾਦ ਪੂਰੀ ਪਾ ਦਿੱਤੀ ਗਈ ਹੈ ਤਾਂ ਤਿੰਨ ਕਿਲੋ ਯੂਰੀਆ ਨੂੰ 100 ਲਿਟਰ ਪਾਣੀ ਵਿੱਚ ਧੁੱਪ ਨਿਕਲਣ ਤੋਂ ਬਾਅਦ ਛਿੜਕਾਅ ਦਿੱਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All