ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਪਰੈਲ
ਜ਼ਿਲ੍ਹੇ ਦੇ ਦੋ ਦਰਜਨਾਂ ਤੋਂ ਵੱਧ ਖਰੀਦ ਕੇਂਦਰਾਂ ਤੋਂ ਪਤਾ ਲੱਗਿਆ ਹੈ ਕਿ ਉਥੇ ਇੱਕ ਵੀ ਦਾਣਾ ਅੱਜ ਵਿਕਣ ਲਈ ਨਹੀਂ ਗਿਆ ਹੈ ਅਤੇ ਨਾ ਹੀ ਸਰਕਾਰੀ ਤੌਰ ’ਤੇ ਕੋਈ ਬੰਦੋਬਸਤ ਕੀਤੇ ਗਏ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਭੈਣੀਬਾਘਾ, ਰੱਲਾ, ਭਾਈਦੇਸਾ, ਬੁਰਜ ਢਿੱਲਵਾਂ, ਉਭਾ, ਤਾਮਕੋਟ, ਖਿਆਲਾ ਦੀ ਦਾਣਾ ਮੰਡੀ ਵਿੱਚ ਕੋਈ ਆੜ੍ਹਤੀਆ, ਨਾ ਕੋਈ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਹਾਜ਼ਰੀ ਲੁਆਈ। ਉਨ੍ਹਾਂ ਕਿਹਾ ਕਿ ਅੱਕੇ ਹੋਏ ਕਿਸਾਨ ਖੇਤਾਂ ਵਿੱਚ ਕਣਕ ਦੀ ਫਸਲ ਨੂੰ ਲਾਹ ਰਹੇ ਹਨ ਜਾਂ ਘਰਾਂ ਵਿੱਚ ਰੱਖਣ ਲਈ ਮਜ਼ਬੂਰ ਹਨ। ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਕਿਹਾ ਕਿ ਖਰੀਦ ਕੇਂਦਰਾਂ ਦੇ ਸੁਚੱਜੇ ਪ੍ਰਬੰਧਾਂ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਵਿਸ਼ੇਸ ਡਿਊਟੀ ਲਗਾਈ ਗਈ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਸੂਬੇ ’ਚ ਅੱਜ ਕਣਕ ਦੀ ਸਰਕਾਰੀ ਖਰੀਦ ਦੇ ਪਹਿਲੇ ਦਿਨ ਹੀ ਕਈ ਮੰਡੀਆਂ ਵਿੱਚ ਸਰਕਾਰੀ ਖਰੀਦ ਨਾ ਹੋ ਕਾਰਨ ਅੰਨਦਾਤਾ ਪੱਲੇ ਨਿਰਾਸ਼ਾ ਪਈ ਹੈ। ਇਥੇ ਅੱਜ ਸਥਾਨਕ ਮੰਡੀ ਵਿੱਚ 1500 ਕੁਇੰਟਲ ਤੇ ਨਿਹਾਲ ਸਿੰਘ ਵਾਲਾ ਮੰਡੀ ਵਿੱਚ 500 ਕੁਇੰਟਲ ਕਣਕ ਪੁੱਜੀ ਹੈ ਪਰ ਖਰੀਦ ਏਜੰਸੀਆਂ ਨਹੀਂ ਬਹੁੜੀਆਂ।
ਭੁੱਚੋ ਮੰਡੀ (ਪਵਨ ਗੋਇਲ): ਆੜ੍ਹਤੀਆਂ ਦੀ ਹੜਤਾਲ ਖ਼ਤਮ ਹੋਣ ਦੇ ਬਾਵਜੂਦ ਅੱਜ ਕਣਕ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ। ਇਸ ਕਾਰਨ 8 ਅਪਰੈਲ ਤੋਂ ਅਨਾਜ ਮੰਡੀਆਂ ਵਿੱਚ ਕਣਕ ਸੁੱਟੀ ਬੈਠੇ ਕਿਸਾਨ ਪ੍ਰੇਸ਼ਾਨ ਹਨ। ਸਥਾਨਕ ਮਾਰਕੀਟ ਕਮੇਟੀ ਦੇ ਕੁੱਲ 12 ਖਰੀਦ ਕੇਂਦਰਾਂ ’ਤੇ ਹੁਣ ਤੱਕ 690 ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਜਿਸ ਵਿੱਚੋਂ ਸਭ ਤੋਂ ਵੱਧ ਚੱਕ ਫ਼ਤਿਹ ਸਿੰਘ ਵਾਲਾ ਦੇ ਖਰੀਦ ਕੇਂਦਰ ’ਤੇ 400 ਟਨ, ਭੁੱਚੋ ਮੰਡੀ ’ਚ 70 ਟਨ, ਚੱਕ ਬਖਤੂ ’ਚ 60 ਟਨ, ਲਹਿਰਾ ਮੁਹੱਬਤ ਵਿੱਚ 50 ਟਨ ਅਤੇ ਬਾਕੀ 8 ਖਰੀਦ ਕੇਂਦਰਾਂ ’ਤੇ 110 ਟਨ ਕਣਕ ਪਹੁੰਚ ਚੁੱਕੀ ਹੈ।ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੱਲ ਤੱਕ ਬੋਲੀ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਗਰਗ ਨੇ ਕਿਹਾ ਕਿ ਹਾਲੇ ਦੋ ਤਿੰਨ ਦਿਨ ਹੋਰ ਬੋਲੀ ਹੋਣ ਦੀ ਸੰਭਾਵਨਾ ਨਹੀਂ ਹੈ।
ਨਥਾਣਾ (ਭਗਵਾਨ ਦਾਸ ਗਰਗ): ਅੱਜ ਨਥਾਣਾ ਅਤੇ ਆਸ ਪਾਸ ਦੇ ਖਰੀਦ ਕੇਦਰਾਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ। ਸਥਾਨਕ ਖਰੀਦ ਕੇਂਦਰ ਵਿੱਚ ਦੋ ਦਰਜਨ ਦੇ ਕਰੀਬ ਕਿਸਾਨਾਂ ਨੇ ਆਪਣੀ ਫ਼ਸਲ ਢੇਰੀ ਕੀਤੀ ਹੋਈ ਹੈ। ਕਿਸੇ ਵੀ ਖਰੀਦ ਕੇਂਦਰ ਵਿੱਚ ਕਿਸੇ ਵੀ ਏਜੰਸੀ ਦਾ ਕੋਈ ਅਧਿਕਾਰੀ ਨਹੀਂ ਆਇਆ। ਇਸ ਇਲਾਕੇ ਦੇ ਕਿਸੇ ਵੀ ਖਰੀਦ ਕੇਦਰ ਵਿੱਚ ਬਾਰਦਾਨਾ ਨਹੀਂ ਪੁੱਜਿਆ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕਿਹਾ ਕਿ ਪਿਛਲੇ ਸਾਲਾਂ ਦੌਰਾਨ 14 ਫ਼ੀਸਦੀ ਨਮੀ ਵਾਲੀ ਕਣਕ ਵਿਕਦੀ ਆ ਰਹੀ ਹੈ ਪਰ ਇਸ ਵਾਰ ਇਹ 12 ਫ਼ੀਸਦੀ ਕਰਨਾ ਕਿਸਾਨਾਂ ਨੂੰ ਖੱਜਲ ਕਰਨ ਬਰਾਬਰ ਹੈ। ਕਿਸਾਨ ਆਗੂ ਨੇ ਆੜ੍ਹਤੀਆਂ ਨੂੰ ਵੀ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।
ਕਿਸਾਨਾਂ ਨੇ ਰੋਸ ’ਚ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਟੱਲੇਵਾਲ (ਲਖਵੀਰ ਸਿੰਘ ਚੀਮਾ): ਹਾੜ੍ਹੀ ਦੇ ਸੀਜ਼ਨ ਦੇ ਮੱਦੇਨਜ਼ਰ ਸਰਕਾਰੀ ਐਲਾਨ ਤਹਿਤ 10 ਅਪਰੈਲ ਤੋਂ ਕਣਕ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਸੀ ਪਰ ਪਹਿਲੇ ਦਿਨ ਆੜ੍ਹਤੀਆਂ ਦੀ ਹੜਤਾਲ ਦੇ ਚੱਲਦਿਆਂ ਕੋਈ ਖ਼ਰੀਦ ਨਾ ਹੋਣ ਕਰਕੇ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਨਿਰਾਸ਼ਾ ਪਾਈ ਗਈ। ਇਸ ਮੌਕੇ ਮੰਡੀ ’ਚ ਫ਼ਸਲ ਲਈ ਬੈਠੇ ਕਿਸਾਨਾਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਚੀਮਾ ਦੀ ਦਾਣਾ ਮੰਡੀ ਵਿੱਚ ਫ਼ਸਲ ਲਈ ਬੈਠੇ ਕਿਸਾਨ ਸਾਧੂ ਸਿੰਘ ਅਤੇ ਕਾਲਾ ਸਿੰਘ ਨੇ ਦੱਸਿਆ ਕਿ ਭਾਵੇਂ ਮੰਡੀ ਵਿੱਚ ਖ਼ਰੀਦ ਦੇ ਪਹਿਲੇ ਦਿਨ ਪਾਣੀ, ਲੇਬਰ, ਪੱਖਿਆਂ ਤੋਂ ਇਲਾਵਾ ਹੋਰ ਪ੍ਰਬੰਧ ਪੂਰੇ ਕਰ ਹਨ, ਪਰ ਖ਼ਰੀਦ ਕਰਨ ਲਈ ਕੋਈ ਨਹੀਂ ਪਹੁੰਚਿਆ। ਫ਼ਸਲ ਦੀ ਸਿੱਧੀ ਅਦਾਇਗੀ ਦੇ ਚੱਕਰ ਵਿੱਚ ਅੱਜ ਆੜ੍ਹਤੀਆਂ ਵਲੋਂ ਵੀ ਹੜਤਾਲ ਕੀਤੀ ਗਈ ਹੈ।
ਮੰਡੀਆਂ ਵਿੱਚ ਪਰਵਾਸੀ ਮਜ਼ਦੂਰਾਂ ਦੀ ਆਮਦ ਸ਼ੁਰੂ
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਦੀ ਦਾਣਾ ਮੰਡੀ ਵਿਚ ਪਰਵਾਸੀ ਮਜ਼ਦੂਰ ਪੁੱਜ ਗਏ ਹਨ। ਗੋਨਿਆਣਾ ਦੀ ਨਜ਼ਦੀਕ ਦਾਣਾ ਮੰਡੀ ਵਿਚ ਕੁੱਝ ਦਿਨ ਪਹਿਲਾ ਪੁੱਜੇ ਰਾਮੂ ਕਾਕਾ, ਰਾਮ ਦੀਨ, ਸਰੇਸ਼, ਕਮਲ ਯਾਦਵ ਨੇ ਕਿਹਾ ਕਿ ਉਹ ਪੰਜਾਬ ਆ ਕੇ ਬਹੁਤ ਖ਼ੁਸ਼ ਹਨ। ਉਨ੍ਹਾਂ ਮੋਦੀ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਹਮਾਰੇ ਰਾਜ ਮੇਂ ਤੋਂ ਪਹਿਲਾਂ ਹੀ ਫ਼ਸਲੋਂ ਕਾ ਬੁਰਾ ਹਾਲ ਹੈ, ਪਰ ਪੰਜਾਬ ਕੇ ਬਾਰੇ ਮੇਂ ਸੋਚਤੇ ਹੈ ਤਾਂ ਫ਼ਿਕਰ ਤੋ ਹੋਤਾ ਹੈ। ਉਨ੍ਹਾਂ ਪੰਜਾਬੀ ਲੋਕਾਂ ਨੂੰ ਆਪਣਾ ਭਾਈ ਦੱਸਿਆ।