Vani Grain Market (Haryana) ’ਚ ਕਣਕ ਦੀ ਆਮਦ ਸ਼ੁਰੂ; ਬਾਰਦਾਨਾ ਗਾਇਬ
ਹਰਿਆਣਾ ਸਰਕਾਰ ਕਣਕ ਦੀ ਖਰੀਦ ’ਤੇ ਲਾਈਆਂ ਸ਼ਰਤਾਂ ਵਾਪਸ ਲਵੇ: ਔਲਖ
(ਪ੍ਰਭ ਦਿਆਲ/ਜਗਤਾਰ ਸਮਾਲਸਰ): ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਆਪਣੀ ਟੀਮ ਸਹਿਤ ਵਣੀ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਕਣਕ ਵੇਚਣ ਸਮੇਂ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ 1 ਅਪਰੈਲ ਤੋਂ ਕਣਕ ਦੀ ਖਰੀਦ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਪ੍ਰਬੰਧ ਅਧੂਰੇ ਹਨ ਜਦਕਿ ਬਾਰਦਾਨਾ ਅਜੇ ਤੱਕ ਖਰੀਦ ਕੇਂਦਰਾਂ ’ਚ ਨਹੀਂ ਪਹੁੰਚਿਆ। ਵਣੀ ਅਨਾਜ ਮੰਡੀ ਵਿੱਚ ਵੇਅਰਹਾਊਸ ਦੀ ਖਰੀਦ ਹੈ। ਉਨ੍ਹਾਂ ਜਦੋਂ ਵੇਅਰਹਾਊਸ ਦੇ ਡੀ ਐੱਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਾਰਦਾਨਾ ਕੋਲਕਾਤਾ ਤੋਂ ਚੱਲਿਆ ਹੋਇਆ ਹੈ। ਸ੍ਰੀ ਔਲਖ ਨੇ ਕਿਹਾ ਕਿ ਸਿਰਸਾ ਦੀ ਰਾਜਸਥਾਨ ਬਾਰਡਰ ਨਾਲ ਲੱਗਦੀ ਅਨਾਜ ਮੰਡੀ ਬਣੀ ਵਿੱਚ ਕਣਕ ਲਿਆ ਰਹੇ ਕਿਸਾਨਾਂ ਦੇ ਟਰੈਕਟਰਾਂ ਦੀਆਂ ਫੋਟੋਆਂ ਖਿੱਚਣ ਤੋਂ ਬਾਅਦ ਗੇਟ ਪਾਸ ਤਾਂ ਜਾਰੀ ਕਰ ਦਿੱਤੇ ਗਏ ਹਨ ਪਰ ਬਾਇਓਮੈਟ੍ਰਿਕ ਸਾਈਟ ਡਾਊਨ ਹੋਣ ਕਾਰਨ ਕਿਸਾਨਾਂ ਦੇ ਅੰਗੂਠੇ ਦੇ ਨਿਸ਼ਾਨ ਨਹੀਂ ਲੱਗ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮੇਂ ਸਿਰ ਕਣਕ ਦੀ ਖਰੀਦ ’ਤੇ ਲਗਾਈਆਂ ਗਈਆਂ ਸ਼ਰਤਾਂ ਨੂੰ ਰੱਦ ਕਰਨਾ ਚਾਹੀਦਾ ਹੈ। ਇਸ ਮੌਕੇ ਅਰਵਿੰਦ ਝੋਰੜ, ਨਸੀਬ ਝੋਰੜ ਬਚੇਰ, ਸੁਖਜੀਤ ਮਾਨ, ਆਸ਼ੀਸ਼ ਝੋਰੜ, ਸੁਭਾਸ਼, ਜੈਕਰਨ ਸਮੇਤ ਹੋਰ ਕਿਸਾਨ ਮੌਜੂਦ ਸਨ।

