ਟਕਸਾਲੀ ਕਾਂਗਰਸੀਆਂ ਨੂੰ ਪਾਰਟੀ ਵਿੱਚ ਬਣਦਾ ਸਤਿਕਾਰ ਦੇਵਾਂਗੇ: ਕਾਕਾ ਢਿੱਲੋਂ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 11 ਮਈ
ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਟਕਸਾਲੀ ਕਾਂਗਰਸੀ ਆਗੂਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਸੂਬੇ ਅਤੇ ਦੇਸ਼ ਦੀ ਤਰੱਕੀ ਹਮੇਸ਼ਾ ਕਾਂਗਰਸ ਦੇ ਰਾਜ ਸਮੇਂ ਹੀ ਹੋਈ ਹੈ। ਉਹ ਸਥਾਨਕ ਗੁਰਦੁਆਰਾ ਤ੍ਰਿਵੈਣੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ’ਚ ਭਾਗ ਲੈਣ ਈ ਆਏ ਸਨ।
ਉਨ੍ਹਾਂ ਕਿਹਾ ਕਿ ਹਰ ਪੰਜਾਬੀ ਅਮਨ-ਸ਼ਾਂਤੀ ਚਾਹੁੰਦਾ ਹੈ। ਦੇਸ਼ ’ਤੇ ਆਏ ਹਰੇਕ ਸੰਕਟ ’ਤੇ ਕਾਂਗਰਸ ਹੁਕਮਰਾਨ ਪਾਰਟੀ ਦੇ ਨਾਲ ਖੜ੍ਹੀ ਹੈ। ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਦੇ ਕਿਸਾਨ, ਵਪਾਰੀ ਤੇ ਮਜ਼ਦੂਰ ਨੂੰ ਹਰ ਮੋੜ ’ਤੇ ਠੱਗਿਆ ਹੈ।
ਵਿਧਾਇਕ ਕਾਕਾ ਢਿੱਲੋਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਅਤੇ ‘ਆਪ’ ਦੇ ਘੋਸ਼ਣਾ ਪੱਤਰ ’ਚ ਇਹ ਸ਼ਾਮਲ ਹੈ। ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਇਹ ਪੈਸੇ ਮਹਿਲਾਵਾਂ ਨੂੰ ਨਹੀ ਮਿਲੇ। ਇਸ ਮੌਕੇ ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਧਾਲੀਵਾਲ, ਬਲਦੇਵ ਸਿੰਘ ਭੁੱਚਰ, ਸਾਬਕਾ ਪੰਚ ਰੋਸ਼ਨ ਸ਼ਰਮਾ ਆਦਿ ਹਾਜ਼ਰ ਸਨ। ਵਿਧਾਇਕ ਨੇ ਪਿਛਲੇ ਮਹੀਨੇ ’ਚ ਅੱਗ ਲੱਗਣ ਅਤੇ ਗੜ੍ਹੇਮਾਰੀ ਕਾਰਨ ਨੁਕਸਾਨੀ ਗਈ ਫ਼ਸਲ ਦੇ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।