DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Waterlogging: ਭਾਰੀ ਮੀਂਹ ਕਾਰਨ ਮਾਨਸਾ, ਮੋਗਾ ਅਤੇ ਮੁਕਤਸਰ ਸਮੇਤ ਕਈ ਸ਼ਹਿਰ ਜਲ-ਥਲ

ਨੀਵੇਂ ਇਲਾਕਿਆਂ ਵਿੱਚ ਪਾਣੀ ਭਰਿਆ; ਸੀਵਰੇਜ ਅਤੇ ਨਗਰ ਕੌਂਸਲ ਦੇ ਦਾਅਵੇ ਖੋਖਲੇ ਸਾਬਤ ਹੋਏ

  • fb
  • twitter
  • whatsapp
  • whatsapp
featured-img featured-img
ਮਾਨਸਾ ਦੇ ਮੁੱਖ ਬਾਜ਼ਾਰ ਵਿੱਚ ਭਰੇ ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਲੋਕ। -ਫੋਟੋ: ਸੁਰੇਸ਼
Advertisement

ਇੱਥੇ ਬੀਤੀ ਦੇਰ ਰਾਤ ਤੋਂ ਪੈਣ ਲੱਗੇ ਭਾਰੀ ਮੀਂਹ ਨੇ ਸ਼ਹਿਰ ਜਲ-ਥਲ ਕਰ ਦਿੱਤਾ। ਅੱਧੀ ਰਾਤ ਤੋਂ ਰੁਕ-ਰੁਕ ਕੇ ਪਏ ਮੀਂਹ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਸ਼ਹਿਰ ਵਿੱਚ ਪਾਣੀ ਭਰਨ ਕਾਰਨ ਬੱਚੇ ਸਕੂਲ ਨਹੀਂ ਜਾ ਸਕੇ ਅਤੇ ਬਹੁਤੇ ਸਰਕਾਰੀ ਮੁਲਾਜ਼ਮ ਵੀ ਘਰਾਂ ਵਿੱਚ ਫਸ ਕੇ ਰਹਿ ਗਏ। ਮੁੱਖ ਬਜ਼ਾਰਾਂ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਦੁਕਾਨਾਂ ਵੀ ਦੇਰੀ ਨਾਲ ਖੁੱਲ੍ਹੀਆਂ।

ਮੀਂਹ ਨਾਲ ਮਾਨਸਾ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਭਰਨ ਮਗਰੋਂ ਕਈ ਮੁਹੱਲਿਆਂ ਵਿੱਚ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖ਼ਲ ਹੋ ਗਿਆ। ਲੋਕ ਬਾਲਟੀਆਂ ਨਾਲ ਘਰਾਂ ਵਿੱਚੋਂ ਪਾਣੀ ਕੱਢਣ ਦਾ ਬੰਦੋਬਸਤ ਕਰਦੇ ਹੋਏ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ। ਸ਼ਹਿਰ ਵਾਸੀਆਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੌਰਾਨ ਹਰ ਵਾਰ ਸ਼ਹਿਰ ਦਾ ਬੁਰਾ ਹਾਲ ਹੁੰਦਾ ਹੈ, ਪਰ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ।

Advertisement

ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਨੂੰ ਮਾਨਸੂਨ ਦੌਰਾਨ ਨਿਕਾਸੀ ਦੇ ਪ੍ਰਬੰਧ ਕਰਨ ਦੇ ਦਿੱਤੇ ਆਦੇਸ਼ਾਂ ਦੀ ਅੱਜ ਦੇ ਮੀਂਹ ਨੇ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਬਹੁਤੇ ਹਿੱਸਿਆਂ ਵਿੱਚ ਪਾਣੀ ਖੜ੍ਹਨ ਕਾਰਨ ਦੋ-ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਅਤੇ ਬਜ਼ਾਰਾਂ ਵਿੱਚੋਂ ਲੰਘਣਾ ਔਖਾ ਹੋ ਗਿਆ।

Advertisement

ਨਗਰ ਕੌਂਸਲ ਅਤੇ ਸੀਵਰੇਜ ਬੋਰਡ ਨੇ ਕੁਝ ਦਿਨ ਪਹਿਲਾਂ ਹੀ ਪਾਣੀ ਦੀ ਨਿਕਾਸੀ ਦੇ ਬੰਦੋਬਸਤ ਮੁਕੰਮਲ ਹੋਣ ਦਾ ਦਾਅਵਾ ਕੀਤਾ ਸੀ। ਇਸ ਦੇ ਬਾਵਜੂਦ ਸੀਵਰੇਜ ਰਾਹੀਂ ਪਾਣੀ ਦੀ ਨਿਕਾਸੀ ਤੇਜ਼ੀ ਨਾਲ ਨਾ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਸ਼ਹਿਰ ਵਾਸੀਆਂ ਦੀ ਪ੍ਰੇਸ਼ਾਨੀ ਦੇ ਬਾਵਜੂਦ ਦੇਰ ਸ਼ਾਮ ਤੱਕ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਕਿਤੇ ਵੀ ਨਜ਼ਰ ਨਹੀਂ ਆਏ।

ਤਪਾ ਮੰਡੀ (ਸੀ ਮਾਰਕੰਡਾ): ਸਥਾਨਕ ਇਲਾਕੇ ਵਿੱਚ ਬੀਤੇ ਦਿਨ ਮੌਸਮ ਨੇ ਕਰਵਟ ਲਈ। ਸਵੇਰੇ ਤਪਸ਼, ਗਰਮ ਹਵਾਵਾਂ ਅਤੇ ਹੁੰਮਸ ਭਰੇ ਮਾਹੌਲ ਕਾਰਨ ਲੋਕ ਗਰਮੀ ਨਾਲ ਬੇਹਾਲ ਰਹੇ। ਦੁਪਹਿਰ ਤੱਕ ਗਰਮੀ ਦਾ ਕਹਿਰ ਜਾਰੀ ਰਿਹਾ, ਪਰ ਸ਼ਾਮ ਨੂੰ ਅਸਮਾਨ ਵਿੱਚ ਕਾਲੇ ਬੱਦਲ ਛਾ ਗਏ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਕਈ ਥਾਵਾਂ ਉੱਤੇ ਝੜੀ ਲੱਗ ਗਈ। ਤੇਜ਼ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਪਰ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ। ਸੜਕਾਂ ਉੱਤੇ ਪਾਣੀ ਖੜ੍ਹਨ ਕਾਰਨ ਦੁਕਾਨਦਾਰਾਂ, ਰਾਹਗੀਰਾਂ ਅਤੇ ਦੋ-ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਿਕਾਸੀ ਹੌਲੀ ਹੋਣ ਕਾਰਨ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜ੍ਹੇ ਹੋਏ। ਅਨਾਜ ਮੰਡੀ ਵਿਚਕਾਰ ਬਣੀ ਉੱਚੀ ਸੜਕ ਕਾਰਨ ਮੰਡੀ ਨੇ ਛੱਪੜ ਦਾ ਰੂਪ ਧਾਰ ਲਿਆ, ਜਿਸ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਹੋਈ। ਦੂਜੇ ਪਾਸੇ ਮੀਂਹ ਦੀ ਉਡੀਕ ਕਰ ਰਹੇ ਕਿਸਾਨਾਂ ਦੇ ਚਿਹਰਿਆਂ ਉੱਤੇ ਖੁਸ਼ੀ ਦੇਖਣ ਨੂੰ ਮਿਲੀ। ਕਿਸਾਨਾਂ ਨੇ ਇਸ ਮੀਂਹ ਨੂੰ ਫ਼ਸਲਾਂ ਲਈ ਲਾਹੇਵੰਦ ਦੱਸਿਆ।

ਮੀਂਹ ਕਾਰਨ ਮੋਗਾ ਦਾ ਨੀਵਾਂ ਪੁਲ ਝੀਲ ਬਣਿਆ

ਧਰਮਕੋਟ (ਹਰਦੀਪ ਸਿੰਘ): ਇੱਥੇ ਤੜਕਸਾਰ ਪਏ ਸਾਉਣ ਦੇ ਪਹਿਲੇ ਭਰਵੇਂ ਮੀਂਹ ਕਾਰਨ ਮੋਗਾ ਦਾ ਰੇਲਵੇ ਰੋਡ ਵਾਲਾ ਨੀਵਾਂ ਪੁਲ ਝੀਲ ਬਣ ਗਿਆ।

ਮੋਗਾ ਦੇ ਨੀਵੇਂ ਪੁਲ ਹੇਠ ਭਰਿਆ ਬਰਸਾਤੀ ਪਾਣੀ।
ਮੋਗੇ ਦੇ ਨੀਵੇਂ ਪੁਲ ਹੇਠ ਭਰਿਆ ਬਰਸਾਤੀ ਪਾਣੀ।

ਪੁਲ ਹੇਠਾਂ ਤਕਰੀਬਨ ਛੇ ਫੁੱਟ ਬਰਸਾਤੀ ਪਾਣੀ ਭਰਨ ਨਾਲ ਆਵਾਜਾਈ ਕਈ ਘੰਟੇ ਰੁਕੀ ਰਹੀ। ਪਾਣੀ ਵਿੱਚ ਪਲਾਸਟਿਕ ਦੇ ਲਿਫ਼ਾਫ਼ੇ ਫਸਣ ਕਾਰਨ ਨਿਕਾਸੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਨਗਰ ਨਿਗਮ ਵੱਲੋਂ ਲਾਈ ਗਈ ਮੋਟਰ ਵੀ ਇਨ੍ਹਾਂ ਲਿਫ਼ਾਫ਼ਿਆਂ ਅੱਗੇ ਨਾਕਾਮ ਸਾਬਤ ਹੋਈ। ਜ਼ਿਕਰਯੋਗ ਹੈ ਕਿ ਪੁਲ ਦੇ ਸੁੰਦਰੀਕਰਨ ਅਤੇ ਕੰਧ-ਚਿੱਤਰਾਂ ਉੱਤੇ ਨਿਗਮ ਵੱਲੋਂ ਹਜ਼ਾਰਾਂ ਰੁਪਏ ਖਰਚ ਕੀਤੇ ਗਏ ਸਨ। ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਅਕਾਲੀ ਆਗੂ ਸੰਜੀਤ ਸਿੰਘ ਸੰਨ੍ਹੀ ਗਿੱਲ ਅਤੇ ਕਾਂਗਰਸ ਆਗੂ ਮਾਲਵਿਕਾ ਸੂਦ ਨੇ ਨਿਗਮ ਦੇ ਪ੍ਰਬੰਧਾਂ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਠੋਸ ਨਿਕਾਸੀ ਯੋਜਨਾ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

ਚਿੱਕੜ ਵਿੱਚ ਗੱਡੀਆਂ ਫਸੀਆਂ

ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਮੌਨਸੂਨ ਦੇ ਮੀਂਹ ਨਾਲ ਕਸਬਾ ਸ਼ਹਿਣਾ ਵਿੱਚ ਮੁੱਖ ਸੜਕ ਦੀ ਦੁਰਦਸ਼ਾ ਹੋ ਗਈ ਹੈ। ਪੰਜਾਬ ਮਲਟੀਪਰਪਜ਼ ਕਾਲਜ ਨੇੜੇ ਸੜਕ ਉੱਤੇ ਪਾਈ ਮਿੱਟੀ ਮੀਂਹ ਕਾਰਨ ਚਿੱਕੜ ਬਣ ਗਈ। ਇਸ ਵਿੱਚ ਦਰਜਨਾਂ ਗੱਡੀਆਂ ਅਤੇ ਦੋ ਟਰੱਕ ਫਸ ਗਏ, ਜਿਨ੍ਹਾਂ ਨੂੰ ਹੈਡਰਾ ਮਸ਼ੀਨ ਰਾਹੀਂ ਬਾਹਰ ਕੱਢਿਆ ਗਿਆ। ਸੜਕ ਦੇ ਇੱਕ ਪਾਸੇ ਫੁੱਟ-ਫੁੱਟ ਪਾਣੀ ਅਤੇ ਦੂਜੇ ਪਾਸੇ ਚਿੱਕੜ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨਵੀਆਂ ਸੜਕਾਂ ਬਣਾਉਣ ਦੇ ਦਾਅਵੇ ਕਰ ਰਹੀ ਹੈ, ਪਰ ਇਹ ਸੜਕ ਪਿਛਲੇ ਦੋ ਸਾਲਾਂ ਤੋਂ ਨਰਕ ਬਣੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਕਦੇ ਇਸ ਪਾਸੇ ਧਿਆਨ ਨਹੀਂ ਦਿੱਤਾ। ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਹੀ ਸੜਕ ਦਾ ਬੁਰਾ ਹਾਲ ਕਰ ਦਿੱਤਾ ਹੈ, ਜਿਸ ਕਾਰਨ ਦੂਰ-ਦੁਰਾਡੇ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।

ਸੀਵਰੇਜ ਦਾ ਪਾਣੀ ਘਰਾਂ ਵਿੱਚ ਵੜਿਆ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਲੰਬੀ ਔੜ ਤੋਂ ਬਾਅਦ ਪਈ ਪਹਿਲੀ ਬਾਰਿਸ਼ ਨੇ ਹੀ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਮੀਂਹ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਝੀਲ ਬਣ ਗਿਆ ਹੈ ਅਤੇ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਨਹਿਰਾਂ ਦਾ ਰੂਪ ਧਾਰ ਗਈਆਂ ਹਨ। ਨਿਕਾਸੀ ਪ੍ਰਬੰਧ ਠੱਪ ਹੋਣ ਕਾਰਨ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਪਾਰਕ ਵਿੱਚ ਮੀਂਹ ਦੇ ਪਾਣੀ ਨਾਲ ਭਾਰੀ ਮਾਤਰਾ ਵਿੱਚ ਕੂੜਾ ਵੀ ਆ ਗਿਆ ਹੈ, ਜਿਸ ਕਾਰਨ ਗੰਦਾ ਪਾਣੀ ਅਤੇ ਬਦਬੂ ਫੈਲ ਗਈ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਪਾਰਕ ਵਿੱਚੋਂ ਪਾਣੀ ਕੱਢਣ ਦਾ ਸਥਾਈ ਪ੍ਰਬੰਧ ਕਰੇ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਹ ਪਾਣੀ ਕਈ ਦਿਨਾਂ ਤੱਕ ਖੜ੍ਹਾ ਰਹਿੰਦਾ ਹੈ। ਇਸ ਕਾਰਨ ਪਾਰਕ ਵਿੱਚ ਸੈਰ ਕਰਨਾ ਤਾਂ ਦੂਰ, ਮੱਖੀਆਂ ਅਤੇ ਮੱਛਰਾਂ ਕਾਰਨ ਇੱਥੇ ਬੈਠਣਾ ਵੀ ਔਖਾ ਹੋ ਜਾਂਦਾ ਹੈ।

Advertisement
×