ਜਲ ਸਪਲਾਈ ਮੋਟਰਾਂ ਖਰਾਬ; ਦੋ ਪਿੰਡਾਂ ’ਚ ਪਾਣੀ ਦੀ ਕਿੱਲਤ
ਲੋਕਾਂ ਨੇ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ
Advertisement
ਪਿੰਡ ਢੁੱਡੀਆਵਾਲੀ ਅਤੇ ਪਤੀਰਾਠਾਵਾਸ ਦੇ ਲੋਕਾਂ ਨੇ ਪਿਛਲੇ 10 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਅੱਜ ਜਲ ਘਰ ਵਿੱਚ ਵਿਰੋਧ ਪ੍ਰਦਰਸ਼ਨ ਕਰਦਿਆਂ ਜਨ ਸਿਹਤ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀ ਲਖਵਿੰਦਰ ਸਿੰਘ, ਓਮ ਪ੍ਰਕਾਸ਼,ਰਾਜ ਕੁਮਾਰ, ਸੁਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਤੀਰਾਠਾਵਾਸ ਅਤੇ ਢੁੱਡੀਆਂਵਾਲੀ ਪਿੰਡਾਂ ਦਾ ਸਾਂਝਾ ਜਲ ਘਰ ਹੈ। ਪਾਣੀ ਦੀ ਸਪਲਾਈ ਲਈ ਜਲ ਘਰ ਵਿੱਚ ਦੋ ਮੋਟਰਾਂ ਲਾਈਆਂ ਗਈਆਂ ਪਰ ਇਹ ਦੋਨੇਂ ਮੋਟਰਾਂ ਖਰਾਬ ਹੋਣ ਕਾਰਨ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਨਹੀ ਹੋ ਰਹੀ ਜਦੋਂਕਿ ਜਲ ਘਰ ਦੀਆਂ ਡਿੱਗੀਆਂ ਪਾਣੀ ਨਾਲ ਭਰੀਆਂ ਹੋਈਆਂ ਹਨ। ਲੋਕਾਂ ਨੇ ਦੱਸਿਆ ਕਿ ਇੱਕ ਮੋਟਰ ਪਿਛਲੇ ਸੱਤ ਮਹੀਨਿਆਂ ਤੋਂ ਖਰਾਬ ਹੈ, ਅਤੇ ਦੂਜੀ 10 ਦਿਨ ਪਹਿਲਾਂ ਖਰਾਬ ਹੋ ਗਈ ਹੈ। ਘਰਾਂ ਵਿੱਚ ਪਾਣੀ ਦੀ ਕਿੱਲਤ ਕਾਰਨ ਉਨ੍ਹਾਂ ਨੂੰ ਜਲ ਘਰ ਤੋਂ ਟੈਂਕਰਾਂ, ਢੋਲਾਂ ਅਤੇ ਘੜਿਆਂ ਨਾਲ ਪਾਣੀ ਲਿਆਉਣਾ ਪੈਂਦਾ ਹੈ। ਪਿੰਡ ਵਾਸੀਆਂ ਨੇ ਇਸ ਸਮੱਸਿਆ ਬਾਰੇ ਐੱਸ ਡੀ ਓ, ਜੇ ਈ ਅਤੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਵਾਰ ਗੱਲ ਕੀਤੀ ਹੈ ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ।
ਸਪਲਾਈ ਬਹਾਲ ਹੋ ਜਾਵੇਗੀ: ਐੱਸ ਡੀ ਓ
ਜਨ ਸਿਹਤ ਵਿਭਾਗ ਦੇ ਐੱਸ ਡੀ ਓ ਸੁਰਿੰਦਰ ਭਾਟੀਆ ਨੇ ਕਿਹਾ ਕਿ ਢੁੱਡੀਆਂਵਾਲੀ ਜਲ ਘਰ ਦੀਆਂ ਦੋਵੇਂ ਮੋਟਰਾਂ ਖਰਾਬ ਹੋਣ ਕਾਰਨ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਨਹੀਂ ਹੋ ਰਹੀ। ਅੱਜ ਮਕੈਨਿਕ ਨੂੰ ਮੋਟਰਾਂ ਠੀਕ ਕਰਨ ਲਈ ਕਹਿ ਦਿੱਤਾ ਗਿਆ ਹੈ ਤੇ ਜਲਦੀ ਹੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।
Advertisement
Advertisement
