ਰਜਵਾਹੇ ਵਿੱਚ ਪਾੜ, ਝੋਨੇ ਦੀ ਫ਼ਸਲ ਵਿੱਚ ਪਾਣੀ ਭਰਿਆ

ਰਜਵਾਹੇ ਵਿੱਚ ਪਾੜ, ਝੋਨੇ ਦੀ ਫ਼ਸਲ ਵਿੱਚ ਪਾਣੀ ਭਰਿਆ

ਰਜਵਾਹੇ ਵਿੱਚ ਪਿਆ ਪਾੜ ਪੂਰ ਰਹੇ ਮਜ਼ਦੂਰ।

ਪਵਨ ਗੋਇਲ

ਭੁੱਚੋ ਮੰਡੀ, 20 ਜੂਨ

ਪਿੰਡ ਲਹਿਰਾ ਬੇਗਾ ਦੇ ਖੇਤਾਂ ਵਿੱਚੋਂ ਲੰਘਦੇ ਬੁਰਜ ਕਾਹਨ ਸਿੰਘ ਵਾਲਾ ਮਾਈਨਰ ਵਿੱਚ ਬੀਤੀ ਰਾਤ 20 ਫੁੱਟ ਦਾ ਪਾੜ ਪੈ ਗਿਆ। ਇਸ ਨਾਲ ਕਿਸਾਨ ਇਕਬਾਲ ਸਿੰਘ ਦੀ 30 ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ, ਜੋ ਕੁਝ ਦਿਨ ਪਹਿਲਾਂ ਹੀ ਲਗਾਈ ਸੀ। ਭਾਰੀ ਨੁਕਸਾਨ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹੈ। ਪਾੜ ਪੂਰਨ ਲਈ ਨਹਿਰੀ ਵਿਭਾਗ ਦੇ ਮੁਲਾਜ਼ਮ ਸਵੇਰੇ 7 ਵਜੇ ਪੁੱਜੇ। ਇਹ ਖ਼ਸਤਾ ਹਾਲ ਰਜਵਾਹਾ ਕਿਸਾਨਾਂ ਲਈ ਵੱਡੀ ਆਫ਼ਤ ਬਣਿਆ ਹੋਇਆ ਹੈ ਜਿਸ ਵਿੱਚ ਦੋ ਸਾਲਾਂ ਦੌਰਾਨ ਚਾਰ ਕਿਲੋਮੀਟਰ ਦੇ ਏਰੀਏ ਵਿੱਚ ਕਰੀਬ 10 ਵਾਰ ਪਾੜ ਪੈ ਚੁੱਕਿਆ ਹੈ।

ਫਸਲਾਂ ਦੀ ਵਾਰ-ਵਾਰ ਹੋ ਰਹੀ ਬਰਬਾਦੀ ਤੋਂ ਅੱਕੇ ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਇਸ 40 ਸਾਲ ਪੁਰਾਣੇ ਰਜਵਾਹੇ ਦੀ ਮੁੜ ਉਸਾਰੀ ਨਹੀਂ ਕਰ ਸਕਦੀ, ਤਾਂ ਇਸ ਨੂੰ ਬੰਦ ਕਰ ਦੇਵੇ।

ਕਿਸਾਨ ਸਿਕੰਦਰ ਸਿੰਘ ਅਤੇ ਗੁਰਤੇਜ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ 4 ਹਜ਼ਾਰ ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਅਤੇ ਪਨੀਰੀ ਦਾ ਵੱਡਾ ਖਰਚਾ ਪੈ ਰਿਹਾ ਹੈ ਅਤੇ ਮੁੜ ਝੋਨਾ ਲਾਉਣ ਲਈ ਪਨੀਰੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।

ਇਸ ਸਬੰਧੀ ਨਹਿਰੀ ਵਿਭਾਗ ਦੇ ਐਸਡੀਓ ਗੁਰਪਾਲ ਸਿੰਘ ਨੇ ਕਿਹਾ ਕਿ 40 ਸਾਲ ਪੁਰਾਣੇ ਇਸ ਰਜਵਾਹੇ ਦੀ ਮਿਆਦ ਪੁੱਗ ਚੁੱਕੀ ਹੈ। ਇਸ ਕਾਰਨ ਪਾੜ ਪੈ ਰਹੇ ਹਨ। ਸਰਕਾਰ ਵੱਲੋਂ ਮੁੜ ਉਸਾਰੀ ਸਬੰਧੀ ਤਜਵੀਜ਼ ਤਿਆਰ ਹੋ ਚੁੱਕੀ ਹੈ। ਇਸ ਸਾਲ ਕਣਕ ਦੀ ਬਿਜਾਈ ਤੋਂ ਪਹਿਲਾਂ ਰਜਵਾਹੇ ਦੀ ਉਸਾਰੀ ਸ਼ੁਰੂ ਹੋ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All