ਥਾਣੇ ਅਤੇ ਵਿਧਾਇਕ ਦੇ ਘਰ ਅੱਗੇ ਧਰਨਾ ਦੇਣ ਦੀ ਚਿਤਾਵਨੀ
ਲੰਘੀ ਰਾਤ ਸ਼ਹਿਰ ਦੇ ਗਊਸ਼ਾਲਾ ਰੋਡ ਅਤੇ ਥਾਣਾ ਸਿਟੀ-1 ਮਾਨਸਾ ਤੋਂ 100 ਗਜ਼ ਦੀ ਦੂਰੀ ’ਤੇ ਚੋਰਾਂ ਨੇ ਕਰਿਆਣਾ ਸਟੋਰ, ਬੂਟ ਹਾਊਸ ’ਤੇ ਚੋਰੀ ਕੀਤੀ, ਜਦੋਂ ਕਿ ਤੀਜੀ ਦੁਕਾਨ ਦਾ ਚੋਰ ਜਿੰਦਰਾ ਤੋੜ ਕੇ ਫਰਾਰ ਹੋ ਗਏ। ਇਸ ਘਟਨਾ ਨੂੰ...
ਲੰਘੀ ਰਾਤ ਸ਼ਹਿਰ ਦੇ ਗਊਸ਼ਾਲਾ ਰੋਡ ਅਤੇ ਥਾਣਾ ਸਿਟੀ-1 ਮਾਨਸਾ ਤੋਂ 100 ਗਜ਼ ਦੀ ਦੂਰੀ ’ਤੇ ਚੋਰਾਂ ਨੇ ਕਰਿਆਣਾ ਸਟੋਰ, ਬੂਟ ਹਾਊਸ ’ਤੇ ਚੋਰੀ ਕੀਤੀ, ਜਦੋਂ ਕਿ ਤੀਜੀ ਦੁਕਾਨ ਦਾ ਚੋਰ ਜਿੰਦਰਾ ਤੋੜ ਕੇ ਫਰਾਰ ਹੋ ਗਏ। ਇਸ ਘਟਨਾ ਨੂੰ ਲੈਕੇ ਵਪਾਰ ਮੰਡਲ ਮਾਨਸਾ ਨੇ ਚੋਰਾਂ ਨੂੰ ਦੋ ਦਿਨਾਂ ਵਿੱਚ ਫੜਨ ਅਤੇ ਅਜਿਹਾ ਨਾ ਹੋਣ ’ਤੇ ਮਾਨਸਾ ਸ਼ਹਿਰ ਬੰਦ ਰੱਖਣ, ਵਿਧਾਇਕ ਦੇ ਘਰ ਅਤੇ ਥਾਣੇ ਅੱਗੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਰਾਤ ਗਊਸ਼ਾਲਾ ਰੋਡ ’ਤੇ ਅਗਰਵਾਲ ਦੇਸੀ ਘਿਓ ਭੰਡਾਰ ਦੁਕਾਨ ਵਿਚੋਂ ਛੱਤ ਦੀ ਗਰਿੱਲ ਤੋੜ ਕੇ ਚੋਰ 5 ਟੀਨ ਦੇਸੀ ਘਿਓ, 45 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਇਸੇ ਤਰ੍ਹਾਂ ਨਾਲ ਵਾਲੇ ਐੱਨ ਕੇ ਬੂਟ ਹਾਊਸ ’ਤੇ ਚੋਰਾਂ ਨੇ ਛੱਤ ਰਾਹੀਂ ਦਾਖ਼ਲ ਹੋ ਕੇ 6 ਜੋੜੇ ਬੂਟ ਚੋਰੀ ਕਰ ਲਏ। ਇਸੇ ਦੌਰਾਨ ਬਾਂਸਲ ਬਿਜਲੀ ਸਟੋਰ ’ਤੇ ਚੋਰਾਂ ਨੇ ਦੁਕਾਨ ਦੇ ਜਿੰਦਰੇ ਤੋੜੇ, ਰੌਲਾ ਪੈਣ ’ਤੇ ਚੋਰ ਸਾਮਾਨ ਛੱਡ ਕੇ ਫ਼ਰਾਰ ਹੋ ਗਏ।
ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੋ ਦੁਕਾਨਾਂ ਵਿੱਚ ਚੋਰੀ ਦੀ ਇਸ ਘਟਨਾ ਨੂੰ ਲੈ ਕੇ ਵਪਾਰ ਮੰਡਲ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀ ਅਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ ਨੇ ਕਿਹਾ ਕਿ ਸ਼ਹਿਰ ਦੇ ਥਾਣੇ ਤੋਂ ਕੁੱਝ ਗਜ਼ ਦੀ ਦੂਰੀ ’ਤੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਜੇ ਦੋ ਦਿਨਾਂ ਵਿੱਚ ਚੋਰਾਂ ਦੀ ਭਾਲ ਨਾ ਕੀਤੀ ਗਈ ਤਾਂ ਉਹ ਥਾਣਾ ਸਿਟੀ-1 ਅਤੇ ਵਿਧਾਇਕ ਦੇ ਘਰ ਅੱਗੇ ਧਰਨਾ ਲਾਉਣ ਤੋਂ ਇਲਾਵਾ ਮਾਨਸਾ ਸ਼ਹਿਰ ਬੰਦ ਕਰਨਗੇ। ਇਸ ਮੌਕੇ ਸ਼ਹਿਰ ਵਾਸੀਆਂ ਨੇ ਪੁਲੀਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟਾਇਆ। ਇਸੇ ਦੌਰਾਨ ਵੱਖਰੇ ਤੌਰ ’ਤੇ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਥਰਮਲ ਬਣਾਂਵਾਲਾ ਵਿੱਚ ਸਕਰੈਪ ਚੋਰੀ ਹੋਣ ਨੂੰ ਲੈ ਕੇ ਸੁਪਰਵਾਈਜ਼ਰ ਕ੍ਰਿਸ਼ਨ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਉਨ੍ਹਾਂ ਵੱਲੋਂ ਇਸ ਚੋਰੀ ਵਿੱਚ ਕਰੀਬ 15 ਹਜ਼ਾਰ ਰੁਪਏ ਦਾ ਨੁਕਸਾਨ ਹੋਣਾ ਦੱਸਿਆ ਗਿਆ।
ਨਸ਼ੀਲੀਆਂ ਗੋਲੀਆਂ ਸਣੇ ਕਾਬੂ
ਸ਼ਹਿਣਾ (ਪੱਤਰ ਪ੍ਰੇਰਕ): ਥਾਣਾ ਸ਼ਹਿਣਾ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਵਿਅਕਤੀ ਕੋਲੋਂ 100 ਨਸ਼ੀਲੀਆਂ ਗੋਲੀਆਂ ਫੜੀਆਂ ਹਨ। ਸ਼ਹਿਣਾ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਉਰਫ਼ ਬੱਬੂ ਵਾਸੀ ਸ਼ਹਿਣਾ ਬਾਹਰੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਵੇਚਣ ਦਾ ਆਦੀ ਹੈ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਫਤੀਸ਼ ਆਰੰਭ ਦਿੱਤੀ ਹੈ।

