ਖੇਤੀ ਆਰਡੀਨੈਂਸਾਂ ਦਾ ਵਿਰੋਧ

ਕਿਸਾਨਾਂ ਨੇ ਮਨਪ੍ਰੀਤ ਤੇ ਰੂਬੀ ਦੇ ਟਿਕਾਣਿਆਂ ’ਤੇ ਸੌਂਪੇ ਚਿਤਾਵਨੀ ਪੱਤਰ

ਕਿਸਾਨਾਂ ਨੇ ਮਨਪ੍ਰੀਤ ਤੇ ਰੂਬੀ ਦੇ ਟਿਕਾਣਿਆਂ ’ਤੇ ਸੌਂਪੇ ਚਿਤਾਵਨੀ ਪੱਤਰ

ਫ਼ਿਰੋਜ਼ਪੁਰ ਵਿੱਚ ਖੇਤੀ ਆਰਡੀਨੈਂਸਾਂ ਖ਼ਿਲਾਫ਼ ਰੋਸ ਮਾਰਚ ਕੱਢਦੇ ਹੋਏ ਕਿਸਾਨ।

ਸ਼ਗਨ ਕਟਾਰੀਆ
ਬਠਿੰਡਾ, 10 ਅਗਸਤ

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਚਾਰ ਕਿਸਾਨ ਜਥੇਬੰਦੀਆਂ ਨੇ ਅੱਜ ਕਾਂਂਗਰਸੀ ਆਗੂਆਂ ਨੂੰ ਚਿਤਾਵਨੀ-ਪੱਤਰ ਦਿੱਤੇ। ਬਠਿੰਡਾ ਸ਼ਹਿਰੀ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਇੰਚਾਰਜ ਨੇ ਪੱਤਰ ਲਿਆ ਜਦ ਕਿ ਬਠਿੰਡਾ ਦਿਹਾਤੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਘਰ ਨਾ ਹੋਣ ਕਰਕੇ ਪੱਤਰ ਰਿਹਾਇਸ਼ਗਾਹ ਅੱਗੇ ਰੱਖ ਦਿੱਤਾ ਗਿਆ। ਪੱਤਰ ’ਚ ਸੰਸਦ ਅਤੇ ਅਸੈਂਬਲੀ ਦੇ ਅੰਦਰ ਤੇ ਬਾਹਰ ਕਿਸਾਨੀ ਮੰਗਾਂ ਲਈ ਆਵਾਜ਼ ਬਣਨ ਦੀ ਤਾਕੀਦ ਕੀਤੀ ਅਤੇ ਅਜਿਹਾ ਨਾ ਕਰਨ ’ਤੇ ਭਵਿੱਖੀ ਚੋਣਾਂ ’ਚ ਲੋਕ ਵਿਰੋਧ ਦੇ ਸਾਹਮਣੇ ਲਈ ਤਿਆਰ ਰਹਿਣ ਲਈ ਆਖਿਆ ਗਿਆ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਆਗੂ ਬੂਟਾ ਸਿੰਘ ਬੁਰਜਗਿੱਲ ਤੇ ਬਲਦੇਵ ਸਿੰਘ ਭਾਈਰੂਪਾ, ਜਮਹੂਰੀ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋਮਿੱਠੀ ਤੇ ਸੁਖਦੇਵ ਸਿੰਘ ਨਥਾਣਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਤੇ ਸੁਖਦੀਪ ਸਿੰਘ ਬਾਠ ਨਥਾਣਾ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਬਲਕਰਨ ਸਿੰਘ ਬਰਾੜ ਤੇ ਹਰਨੇਕ ਸਿੰਘ ਆਲੀ ਕੇ ਦੀ ਅਗਵਾਈ ’ਚ ਕਿਸਾਨ ਬੀਬੀ ਵਾਲਾ ਚੌਕ ’ਚ ਇਕੱਠੇ ਹੋਏ। ਉੱਥੋਂ ਉਹ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਘਰ ਪਹੁੰਚੇ ਅਤੇ ਉਸ ਮਗਰੋਂ ਕਾਫ਼ਲਾ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਵੱਲ ਗਿਆ।

ਇਹ ਵੀ ਮੰਗ ਕੀਤੀ ਗਈ ਕਿ ਦੁੱਧ 10 ਰੁਪਏ ਪ੍ਰਤੀ ਯੂਨਿਟ ਫੈਟ ਖਰੀਦਣ ਦੀ ਸਰਕਾਰ ਗਾਰੰਟੀ ਕਰੇ ਅਤੇ ਗੰਨਾ ਉਤਪਾਦਕਾਂ ਦਾ ਸਾਰਾ ਬਕਾਇਆ ਵਿਆਜ ਸਮੇਤ ਅਦਾ ਕੀਤਾ ਜਾਵੇ। ਕਥਿਤ ਕਿਸਾਨ ਵਿਰੋਧੀ ਕੇਂਦਰੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ ਆਖਿਆ ਕਿ ਇਹ ਕਿਸਾਨਾਂ ਨੂੰ ਆਪਣੇ ਖੇਤਾਂ ਤੋਂ ਵਿਰਵੇ ਕਰ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਤੋਂ ਤਾਂ ਕੋਈ ਉਮੀਦ ਨਹੀਂ ਪਰ ਕੇਂਦਰੀ ਗੱਠਜੋੜ ਦੇ ਵਿਰੋਧੀ ਰਾਜਨੀਤਕ ਦਲਾਂ ਨੂੰ ਕਿਸਾਨੀ ਦੇ ਹੱਕ ’ਚ ਸਟੈਂਡ ਲੈਣਾ ਚਾਹੀਦਾ ਹੈ।

ਫ਼ਰੀਦਕੋਟ (ਜਸਵੰਤ ਜੱਸ): “ਕਾਰਪੋਰੇਟ ਖੇਤੀ ਖੇਤਰ ਛੱਡੋ” ਨਾਅਰੇ ਹੇਠ ਮੋਟਰਸਾਈਕਲ ਮਾਰਚ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਸਾਦਿਕ ਬਲਾਕ ਪ੍ਰਧਾਨ ਗੁਰਜੋਤ ਡੋਡ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨੀ ਆਰ-ਪਾਰ ਦੀ ਲੜਾਈ ਲੜ ਰਹੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਹਲਕਾ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੁੂੰ ਮੰਗ-ਪੱਤਰ ਸੌਂਪ ਕੇ ਕਿਹਾ ਕਿ ਕੈਪਟਨ ਸਰਕਾਰ ਨੂੰ ਆਰਡੀਨੈਂਸਾਂ ਤੇ ਬਿਜਲੀ ਬਿੱਲ 2020 ਖਿਲਾਫ ਵਿਧਾਨ ਸਭਾ ‘ਚ ਮਤਾ ਪਾਉਣਾ ਚਾਹੀਦਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਕਰਨ ਸੰਗਰਾਹੂਰ, ਜਗੀਰ ਸਿੰਘ ਖਾਲਸਾ ਅਤੇ ਗੁਰਮੀਤ ਸੰਗਰਾਹੂਰ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਅੱਜ ਗਹਿਰ ਗੰਭੀਰ ਸੰਕਟ ਵਿੱਚ ਹੈ।

ਮਾਨਸਾ (ਜੋਗਿੰਦਰ ਸਿੰਘ ਮਾਨ): ਤਿੰਨ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਤੇ ਕਾਲੇ ਕਾਨੂੰਨਾਂ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਮੋਟਰਸਾਈਕਲ ਮਾਰਚ ਕਰਦਿਆਂ ਹਲਕਾ ਵਿਧਾਇਕ ਨੂੰ ਚਿਤਾਵਨੀ ਪੱਤਰ ਦਿੱਤਾ ਗਿਆ। ਕੁੱਲ ਹਿੰਦ ਕਿਸਾਨ ਦੇ ਨਿਹਾਲ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਮਹਿੰਦਰ ਸਿੰਘ ਭੈਣੀਬਾਘਾ, ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਅਤਲਾ, ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਸਮਾਓ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ ਦੇ ਪ੍ਰਧਾਨਗੀ ਮੰਡਲ ਹੇਠ ਦਾਣਾ ਮੰਡੀ ਵਿੱਚ ਰੈਲੀ ਦੌਰਾਨ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮੌਕੇ ਆਗੂਆਂ ਦਲਜੀਤ ਸਿੰਘ ਮਾਨਸ਼ਾਹੀਆ, ਗੋਰਾ ਸਿੰਘ ਭੈਣੀ ਬਾਘਾ, ਛੱਜੂ ਰਾਮ ਰਾਸ਼ੀ ਅਤੇ ਕੇਵਲ ਸਿੰਘ ਅਕਲੀਆ ਨੇ ਸੰਬੋਧਨ ਕੀਤਾ।

ਕਿਸਾਨ ਜਥੇਬੰਦੀਆਂ ਨੇ ਕਾਂਗਰਸੀ ਆਗੂਆਂ ਨੂੰ ਸੌਂਪੇ ਚਿਤਾਵਨੀ ਪੱਤਰ

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਲਈ ਸੋਮਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਾਂਗਰਸੀ ਲੀਡਰਾਂ ਨੂੰ ਚਿਤਾਵਨੀ ਪੱਤਰ ਸੌਂਪੇ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਦਿੱਤੇ ਗਏ ਨਾਅਰੇ ‘ਕਾਰਪੋਰੇਟੋ ਭਾਰਤ ਦਾ ਖੇਤੀ ਖੇਤਰ ਛੱਡੋ’ ਦੇ ਅਧੀਨ ਅੱਜ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਅਤੇ ਦਫ਼ਤਰਾਂ ਵਿਚ ਜਾ ਕੇ ਇਹ ਪੱਤਰ ਦਿੱਤੇ ਗਏ। ਫ਼ਿਰੋਜ਼ਪੁਰ ਦੇ ਕਿਸਾਨਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਅਤੇ ਜ਼ਿਲ੍ਹਾ ਪਰੀਸ਼ਦ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ,ਹਲਕਾ ਫ਼ਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਅੰਮ੍ਰਿਤਪਾਲ ਸਿੰਘ ਨੂੰ ਚਿਤਾਵਨੀ ਪੱਤਰ ਦਿੱਤੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All