Ward Attendant's Arrest: ਵਾਰਡ ਮੁਲਾਜ਼ਮ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਸੇਵਾਵਾਂ ਬੰਦ
ਪੁਲੀਸ ’ਤੇ ਇੱਕਤਰਫ਼ਾ ਕਾਰਵਾਈ ਦਾ ਦੋਸ਼; ਡੀ ਅੈੱਸ ਪੀ ਦੇ ਦਖ਼ਲ ਮਗਰੋਂ ਮੁਲਾਜ਼ਮ ਨੂੰ ਛੱਡਿਆ
ਤਪਾ ਮੰਡੀ (ਰੋਹਿਤ ਗੋਇਲ/ਸੀ ਮਾਰਕੰਡਾ): ਸਬ-ਡਿਵੀਜ਼ਨਲ ਹਸਪਤਾਲ ਤਪਾ ਵਿੱਚ ਤਾਇਨਾਤ ਇੱਕ ਵਾਰਡ ਅਟੈਂਡੈਂਟ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਹਸਪਤਾਲ ਦੇ ਡਾਕਟਰਾਂ ਸਮੇਤ ਸਮੂਹ ਸਟਾਫ਼ ਵੱਲੋਂ ਰੋਸ ਪ੍ਰਗਟਾਇਆ ਗਿਆ। ਬਿਨਾਂ ਕਿਸੇ ਤਫਤੀਸ਼ ਦੇ ਇਸ ਗ੍ਰਿਫ਼ਤਾਰੀ ਨੂੰ ਇੱਕਤਰਫ਼ਾ ਕਾਰਵਾਈ ਦੱਸਦਿਆਂ ਸਮੂਹ ਸਟਾਫ਼ ਨੇ ਹਸਪਤਾਲ ਦੀਆਂ ਐਮਰਜੈਂਸੀ ਤੋਂ ਇਲਾਵਾ ਓ ਪੀ ਡੀ, ਆਈ ਪੀ ਡੀ ਸਮੇਤ ਸਾਰੀਆਂ ਸੇਵਾਵਾਂ ਨੂੰ ਮੁਕੰਮਲ ਤੌਰ ’ਤੇ ਠੱਪ ਰੱਖਿਆ। ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਹਸਪਤਾਲ ਵਿੱਚ ਆਮ, ਗੰਭੀਰ ਅਤੇ ਜ਼ਿਆਦਾ ਗੰਭੀਰ ਮਰੀਜ਼ ਆਉਂਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਤੇ ਸਟਾਫ਼ ਵੱਲੋਂ ਜ਼ਿਆਦਤਰ ਮਰੀਜ਼ਾਂ ਨੂੰ ਠੀਕ ਕਰ ਕੇ ਘਰ ਭੇਜਿਆ ਜਾਂਦਾ ਹੈ ਪਰ ਕੁਝ ਗੰਭੀਰ ਮਾਮਲਿਆਂ ਵਿੱਚ ਬਦਕਿਸਮਤੀ ਨਾਲ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਹਰ ਮੌਤ ਲਈ ਹਸਪਤਾਲ ਦੇ ਸਟਾਫ਼ ਨੂੰ ਜ਼ਿੰਮੇਵਾਰ ਸਮਝ ਕੇ ਗ੍ਰਿਫ਼ਤਾਰ ਕਰ ਲਵੇਗੀ ਤਾਂ ਅਜਿਹੇ ਅਸੁਰੱਖਿਅਤ ਮਾਹੌਲ ਵਿੱਚ ਕੰਮ ਕਰਨਾ ਬਹੁਤ ਮੁਸ਼ਕਲ ਹੈ। ਇਸ ਲਈ ਹੀ ਅੱਜ ਹਸਪਤਾਲ ਦੀਆ ਐਮਰਜੈਂਸੀ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ। ਉਨ੍ਹਾਂ ਕਿਹਾ ਕਿ ਵਾਰਡ ਅਟੈਂਡੈਂਟ ਨਾਲ ਸਬੰਧਤ ਮਾਮਲੇ ਵਿੱਚ ਪਹਿਲਾਂ ਹੀ ਜਾਂਚ ਚੱਲ ਰਹੀ ਹੈ। ਪੁਲੀਸ ਵੱਲੋਂ ਹਸਪਤਾਲ ਅਧਿਕਾਰੀਆਂ ਨੂੰ ਬਿਨਾਂ ਕਿਸੇ ਜਾਣਕਾਰੀ ਦਿੱਤੇ ਵਾਰਡ ਅਟੈਂਡੈਂਟ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ, ਜਿਸ ਕਾਰਨ ਸਮੁੱਚੇ ਸਟਾਫ਼ ਵਿੱਚ ਭਾਰੀ ਰੋਸ ਹੈ।
ਐੱਸ ਐੱਮ ਓ ਨੇ ਕਿਹਾ ਕਿ ਹਾਲਾਂਕਿ ਡੀ ਐੱਸ ਪੀ ਤਪਾ ਜਸਕਰਨ ਸਿੰਘ ਬਰਾੜ ਵੱਲੋਂ ਦਖ਼ਲ ਦੇਣ ’ਤੇ ਵਾਰਡ ਅਟੈਂਡੈਂਟ ਨੂੰ ਛੱਡ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਡੀ ਐੱਸ ਪੀ ਤਪਾ ਨੇ ਭਰੋਸਾ ਦਿੱਤਾ ਹੈ ਕਿ ਅੱਗੇ ਤੋਂ ਅਜਿਹੀ ਇਕੱਤਰਫਾ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਣ ਵਾਲੀ ਖੇਚਲ ਲਈ ਅਫ਼ਸੋਸ ਪ੍ਰਗਟਾਇਆ ਅਤੇ ਕਿਹਾ ਕਿ ਭਲਕੇ ਤੋਂ ਓ ਪੀ ਡੀ ਸੇਵਾਵਾਂ ਆਮ ਵਾਂਗ ਚਾਲੂ ਰਹਿਣਗੀਆਂ।

