ਕੁਲਦੀਪ ਬਰਾੜ, ਪਰਮਜੀਤ ਸਿੰਘ
ਘੁਬਾਇਆ/ਫਾਜ਼ਿਲਕਾ, 28 ਮਈ
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਅੱਜ ਦੋ ਰੋਜ਼ਾ ‘ਬਨੇਗਾ ਵਲੰਟੀਅਰ ਪੈਦਲ ਮਾਰਚ’ ਦੀ ਸ਼ੁਰੂਆਤ ਇੱਥੇ ਫ਼ਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਮੌਜੇ ਵਾਲਾ ਪੁਲ ਤੋਂ ਵਾਲੰਟੀਅਰਾਂ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ। ਇਸ ਪੈਦਲ ਮਾਰਚ ਵਿਚ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਵਿਚੋਂ ਸੈਂਕੜੇ ਲਾਲ ਵਰਦੀ ਧਾਰੀ ਵਾਲੰਟੀਅਰਾਂ (ਸਵੈ ਇੱਛਕ, ਭਗਤ ਸਿੰਘ ਦੀ ਫੋਟੋ ਅਤੇ BNEGA ਵਾਲੀ ਟੀ ਸ਼ਰਟ) ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮਾਰਚ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਜ਼ਿਲ੍ਹਾ ਪ੍ਰਧਾਨ ਹਰਭਜਨ ਛਪੜੀ ਵਾਲਾ, ਜ਼ਿਲ੍ਹਾ ਸਕੱਤਰ ਸ਼ੁਬੇਗ ਸਿੰਘ ਝੰਗੜ ਭੈਣੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂ ਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ, ਸੰਜਨਾ ਢਾਬਾਂ, ਨਰਿੰਦਰ ਢਾਬਾਂ, ਗੁਰਦਿਆਲ ਢਾਬਾਂ ਆਦਿ ਨੇ ਕੀਤੀ।
ਇਸ ਮਾਰਚ ਵਿੱਚ ਕੇਰਲਾ ਤੋਂ ਸੀਪੀਆਈ ਦੇ ਸੰਸਦ ਮੈਂਬਰ ਤੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਪੀ. ਸੰਦੋਸ਼ ਕੁਮਾਰ, ਮੌਜੂਦਾ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਰੀ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਵਰਿੰਦਰ ਖੁਰਾਣਾ, ਗੁਰਜੀਤ ਸਰਦੂਲਗੜ੍ਹ, ਕਰਮਵੀਰ ਕੌਰ ਬਧਨੀ, ਜਸਪ੍ਰੀਤ ਬਧਨੀ ਵੀ ਸ਼ਾਮਲ ਹੋਏ। ਇਸ ਮੌਕੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੁਰਿੰਦਰ ਸਿੰਘ ਢੰਡੀਆਂ, ਬਲਾਕ ਪ੍ਰਧਾਨ ਕ੍ਰਿਸ਼ਨ ਧਰਮੂ ਵਾਲਾ, ਭਗਵਾਨ ਦਾਸ ਬਹਾਦਰ ਕੇ, ਡਾ. ਸਰਬਜੀਤ ਸਿੰਘ ਬਨਵਾਲਾ, ਜੰਮੂ ਰਾਮ ਬਨਵਾਲਾ, ਬਲਵੰਤ ਚੌਹਾਨ ਆਦਿ ਵੀ ਹਾਜ਼ਰ ਸਨ। ਪਿੰਡ ਦੇ ਲੋਕਾਂ ਤੇ ਸਮਾਜ ਸੇਵੀਆਂ ਨੇ ਵਾਲੰਟੀਅਰਾਂ ਲਈ ਚਾਹ-ਮੱਠੀਆਂ ਤੇ ਲੱਡੂਆਂ ਦਾ ਲੰਗਰ ਲਗਾਇਆ।
ਇਸ ਤਹਿਤ ਹਰ ਇੱਕ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ) ਦੇਸ਼ ਦੀ ਪਾਰਲੀਮੈਂਟ ਵਿੱਚੋਂ ਪਾਸ ਕਰਵਾਉਣ ਲਈ, ਹਰ ਵਿਦਿਆਰਥੀ ਲਈ ਮੁਫ਼ਤ ਅਤੇ ਲਾਜ਼ਮੀ ਵਿੱਦਿਆ ਦੀ ਗਾਰੰਟੀ, ਹਰ ਨਾਗਰਿਕ ਨੂੰ ਮੁਫ਼ਤ ਸਿਹਤ ਸਹੂਲਤਾਂ, ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਧੀ ਕਰਵਾਉਣ ਅਤੇ ਦੇਸ਼ ਵਿੱਚ ਬਲਾਕ ਪੱਧਰ ‘ਤੇ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਕੇਂਦਰ ਭਗਤ ਸਿੰਘ ਭਵਨ ਉਸਾਰੇ ਜਾਣ ਦੀ ਮੰਗ ਰੱਖੀ।